ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਸਤਰਧਾਰੀ ਹੋਣ ਅਤੇ ਸਿਖਲਾਈ ਦੇਣ ਦੇ ਫੈਸਲੇ ਦੀ ਪੁਰਜ਼ੋਰ ਹਮਾਇਤ: ਜਥੇ. ਪੰਜੋਲੀ

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਸਤਰਧਾਰੀ ਹੋਣ ਅਤੇ ਸਿਖਲਾਈ ਦੇਣ ਦੇ ਫੈਸਲੇ ਦੀ ਪੁਰਜ਼ੋਰ ਹਮਾਇਤ: ਜਥੇ. ਪੰਜੋਲੀ

ਕਾਂਗਰਸੀ ਆਗੂ ਰਾਜਾ ਵੜਿੰਗ ਅਤੇ ਰੰਧਾਵਾ ਇਤਿਹਾਸ ਤੇ ਗਿਆਨ ਤੋਂ ਊਣੇ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 7 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨ. ਸਕੱਤਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼ਸਤਰਧਾਰੀ ਹੋਣ ਦੇ ਫੈਸਲੇ ਦੀ ਪੁਰਜ਼ੋਰ ਹਮਾਇਤ ਕੀਤੀ ਹੈ। ਜਥੇ. ਪੰਜੋਲੀ ਨੇ ਕਾਂਗਰਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸੀਆਂ ਨੂੰ ਆਪਣੀ ਅਕਲ ਆਪਣੇ ਕੋਲ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਦੋਵਾਂ ਕਾਂਗਰਸੀ ਆਗੂਆਂ ਨੂੰ ਮੀਰੀ ਪੀਰੀ ਦੇ ਸਿਧਾਂਤ ਅਤੇ ਸਿੱਖ ਇਤਿਹਾਸ ਬਾਰੇ ਉਕਾ ਹੀ ਗਿਆਨ ਨਹੀਂ ਹੈ।  

ਜਥੇਦਾਰ ਪੰਜੋਲੀ ਨੇ ਕਾਂਗਰਸੀ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੋਵਾਂ ਆਗੂਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੋਈ ਗੁਰਦੁਆਰਾ ਨਹੀਂ ਹੈ ਬਲਕਿ ਸਿੱਖ ਕੌਮ ਦੀ ਪ੍ਰਭੂਸਤਾ ਦਾ ਚਿੰਨ ਅਤੇ ਰਾਜਸੀ ਤਾਕਤ ਦਾ ਕੇਂਦਰ ਹੈ, ਜਿਸ ਦਾ ਸਰੋਕਾਰ ਸਿਰਫ਼ ਤੇ ਸਿਰਫ਼ ਸਿੱਖ ਜਗਤ ਨਾਲ ਹੈ। ਉਹਨਾਂ ਕਿਹਾ ਕਿ ਇਸੇ ਕਰ ਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ  ਜਾਰੀ ਹੁੰਦੇ ਹੁਕਮਨਾਮੇ ਸਿਰਫ਼ ਸਿੱਖਾਂ ਉਤੇ ਹੀ ਲਾਗੂ ਹੁੰਦੇ ਹਨ ਅਤੇ ਉਥੇ ਸਿਰਫ਼ ਸਿੱਖਾਂ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ। ਜਥੇ. ਪੰਜੋਲੀ ਨੇ ਕਿਹਾ ਕਿ ਦੋਵਾਂ ਕਾਂਗਰਸੀ ਆਗੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਪਹਿਲਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਵਿਚ ਸ੍ਰੀ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਚੰਗੇ ਸਸ਼ਤਰ ਅਤੇ ਚੰਗੇ ਘੋੜੇ ਲਿਆਉਣ ਲਈ ਕਿਹਾ ਸੀ। ਉਹਨਾਂ ਕਿਹਾ ਕਿ ਸ੍ਰੀ ਹਰਗੋਬਿੰਦ ਸਾਹਿਬ ਖ਼ੁਦ ਆਪਣੀ ਨਿਗਰਾਨੀ ਹੇਠ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਿੱਖਾਂ ਨੂੰ ਸਸ਼ਤਰ ਵਿਦਿਆ ਸਿਖਾਉਂਦੇ ਸਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਰ ਰੋਜ਼ ਸਸ਼ਤਰਾਂ ਦੇ ਦਰਸ਼ਨ ਕਰਵੇ ਜਾਂਦੇ ਹਨ ਅਤੇ ਨਿਤਨੇਮ ਕਰਨ ਅਤੇ ਅਰਦਾਸ ਕਰਨ ਵਾਲੇ ਸਿੰਘ ਦੇ ਹੱਥ ਵਿਚ ਸ੍ਰੀ ਸਾਹਿਬ ਹੁੰਦੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਜਥੇਦਾਰ ਸਾਹਿਬ ਵਲੋਂ ਸਸ਼ਤਰਾਂ ਨੂੰ ਵਡਿਆਉਣ ਉਤੇ ਇਤਰਾਜ਼ ਪ੍ਰਗਟਾ ਕੇ ਆਪਣੀ ਨਾਸਮਝੀ ਦਾ ਹੀ ਸਬੂਤ ਦਿਤਾ ਹੈ ਕਿਉਂਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਇਹ ਫੁਰਮਾਨ ਹੈ ਕਿ ਸਸ਼ਤਰ ਸਾਡੇ ਲਈ ਪੂਜਣਯੋਗ ਹਨ। ਉਹਨਾਂ ਕਿਹਾ ਕਿ ਦਸਮ ਪਾਤਸ਼ਾਹ ਦਾ ਹੁਕਮ ਹੈ, “ਅਸਿ ਕਿ੍ਰਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਬੀ ਯਹੈ ਹਮਾਰੈ ਪੀਰ॥” ਉਹਨਾਂ ਕਿਹਾ ਕਿ ਦਸਮ ਪਾਤਸ਼ਾਹ ਨੇ ਤਾਂ ਇਥੋਂ ਤੱਕ ਵੀ ਕਿਹਾ ਹੈ ਕਿ ਮੈਂ ਕੇਸਾਂ ਅਤੇ ਸਸ਼ਤਰਾਂ ਤੋਂ ਵਿਹੂਣੇ ਕਿਸੇ ਸਿੱਖ ਨੂੰ ਦਰਸ਼ਨ ਨਹੀਂ ਦੇਵਾਂਗਾ, ਫੁਰਮਾਨ ਹੈ, “ਬਿਨ ਕੇਸੰ ਸਸ਼ਤਰੰ ਦੇਹੁੰ ਨਾ ਦੀਦਾਰੇ॥”

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਸਿੱਖ ਸਿਧਾਂਤ ਅਤੇ ਸਿੱਖ ਇਤਿਹਾਸ ਤਾਂ ਜਥੇਦਾਰ ਵਲੋਂ ਸਿੱਖਾਂ ਨੂੰ ਸਸ਼ਤਰਧਾਰੀ ਹੋਣ ਦੇ ਸੱਦੇ ਦੇ ਦਰੁੱਸਤ ਹੋਣ ਦੀ ਸ਼ਾਅਦੀ ਭਰਦਾ ਹੀ ਹੈ ਅਜੋਕਾ ਇਤਿਹਾਸ ਅਤੇ ਤਜ਼ਰਬਾ ਵੀ ਇਹੀ ਦਸਦਾ ਹੈ। ਉਹਨਾਂ ਕਿਹਾ ਕਿ ਸਸ਼ਤਰਧਾਰੀ ਹੋਣ ਦੇ ਸੱਦੇ ਦਾ ਵਿਰੋਧ ਕਰਨ ਵਾਲੇ ਇਹ ਕਾਂਗਰਸੀ ਆਗੂ ਇਸ ਤੱਥ ਤੋਂ ਮੁਨਕਰ ਹੋ ਸਕਦੇ ਹਨ ਕਿ ਨਵੰਬਰ 1984 ਵਿਚ ਦਿੱਲੀ ਅਤੇ ਮੁਲਕ ਦੇ ਕਈ ਹੋਰ ਸ਼ਹਿਰਾਂ ਵਿਚ ਕਰਵਾਏ ਗਏ ਸਿੱਖ ਕਤਲੇਆਮ ਸਮੇਂ ਜਿਸ ਸਿੱਖ ਪਰਿਵਾਰ ਕੋਲ ਕੋਈ ਹਥਿਆਰ ਸੀ ਉਹਨਾਂ ਨੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਰੱਖਿਆ ਕਰ ਲਈ ਸੀ ਅਤੇ ਬਿਨਾਂ ਹਥਿਆਰਾਂ ਵਾਲੇ  ਮਾਰੇ ਗਏ ਸਨ।