ਤੀਜੇ ਘੱਲੂਘਾਰੇ ਦੇ ਸ਼ਹੀਦੀ ਸਮਾਗਮ ਵਿੱਚ ਪੁਲਸ ਦਾ ਵਧਦਾ ਦਖਲ

ਤੀਜੇ ਘੱਲੂਘਾਰੇ ਦੇ ਸ਼ਹੀਦੀ ਸਮਾਗਮ ਵਿੱਚ ਪੁਲਸ ਦਾ ਵਧਦਾ ਦਖਲ

ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਦਿੱਲੀ ਤਖ਼ਤ ’ਤੇ ਕਾਬਜ਼ ਬਿਪਰ ਵਲੋਂ ਜੂਨ 1984 ਵਿਚ ਹਮਲਾ ਕੀਤਾ ਗਿਆ।

ਦਿੱਲੀ ਤਖ਼ਤ ਵਲੋਂ ਸਿੱਖਾਂ ਨੂੰ ਸਦਾ ਲਈ ਦਬਾਉਣ ਦੇ ਲਈ ਦੂਸਰੇ ਤਖਤ ਦੀ ਹੈਸੀਅਤ ਵਜੋਂ, ਸਾਲ ਭਰ ਦੀਆਂ ਭਾਰੀ ਤਿਆਰੀਆ ਬਾਅਦ ਅਤੇ ਲੱਖਾਂ ਦੀ ਫੌਜੀ ਤਾਕਤ ਵਿੱਚ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਦਿੱਲੀ ਤਖਤ ਦੇ ਬਿਪਰ ਨੇ ਆਪਣੇ ਜਿਹੀ ਤਸੀਰ ਦੇ ਹੋਰ ਵੀ ਤਖਤਾਂ ਨੂੰ ਸ਼ਾਮਲ ਕੀਤਾ ਸੀ। ਸੰਤ ਜਰਨੈਲ ਸਿੰਘ ਜੀ ਨੂੰ ਖ਼ਤਮ ਕਰਨ ਦੇ ਬਹਾਨੇ ਵਜੋਂ ਸ਼ੁਰੂ ਕੀਤੇ ਹਮਲੇ ਦਾ ਪਸਾਰ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਮਹਿਦੂਦ ਨਹੀਂ ਸੀ, ਬਲਕਿ ਇਹ ਹਮਲਾ ਪੰਜਾਬ ਭਰ ਵਿੱਚ 70 ਤੋਂ ਵੱਧ ਇਤਿਹਾਸਿਕ ਗੁਰਦੁਆਰਿਆਂ ਵਿਚ ਕੀਤਾ ਗਿਆ ਸੀ। ਇਸ ਤਰ੍ਹਾਂ ਇਸ ਹਮਲੇ ਹੇਠ ਸਾਰੇ ਸਿੱਖ ਸਨ, ਦੂਸਰੇ ਮੁਲਕ ਅਤੇ ਉਥੋਂ ਦੀ ਮਹਿਕੂਕ ਉਤੇ ਹਮਲੇ ਵਾਂਙ ਸਿੱਖਾਂ ਨੂੰ ਖਤਮ ਕਰਨ ਅਤੇ ਜ਼ਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ। ਅਜਿਹਾ ਕਰਨ ਦਾ ਕਾਰਨ ਸੀ ਕਿ ਸਿੱਖ ਆਪਣੇ ਤਖਤ ਨਾਲ ਅਤੇ ਉਥੇ ਦੀਆਂ ਰਵਾਇਤਾਂ ਨਾਲ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਜੁੜਨ ਲੱਗੇ ਸਨ। ਉਹਨਾਂ ਦਾ ਮਨ ਦਿੱਲੀ ਤਖ਼ਤ ਦੀ ਗੁਲਾਮੀ ਤੋਂ ਅਜ਼ਾਦ ਹੋ ਕੇ ਸੋਚਣ ਲੱਗਾ ਸੀ। ਇਸੇ ਨੂੰ ਆਪਣੀ ਹੋਂਦ ਲਈ ਖ਼ਤਰਾ ਭਾਂਪਦੇ ਹੋਏ ਦਿੱਲੀ ਤਖ਼ਤ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਸਿੱਖਾਂ ਨੇ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਵਿਚ ਆਪਣੇ ਆਪ ਨੂੰ ਸੁਤੰਤਰ ਫੌਜ ਬਣਾ ਲਿਆ ਸੀ। ਭਾਵੇਂ ਉਹਨਾਂ ਕੋਲ ਦਿੱਲੀ ਤਖ਼ਤ ਦੀ ਫੌਜ ਦੀ ਤਰ੍ਹਾਂ ਫੌਜੀ ਤਾਕਤ ਦੇ ਅਥਾਹ ਸਾਧਨ ਮੌਜੂਦ ਨਹੀਂ ਸਨ, ਤਾਂ ਵੀ ਸਿੱਖਾਂ ਨੇ ਦਿੱਲੀ ਤਖ਼ਤ ਦੀਆਂ ਫੌਜਾਂ ਨੂੰ ਅਵਲ ਦਰਜੇ ਦੀ ਟੱਕਰ ਦਿੱਤੀ। ਸਸ਼ਤਰ ਅਤੇ ਜੰਗ ਨਾਲ ਸਿੱਖਾਂ ਦਾ ਰੂਹ ਦਾ ਰਿਸ਼ਤਾ ਹੈ। ਜੰਗ ਦੀ, ਸਸ਼ਤਰ ਦੀ, ਇੱਕ ਮਰਿਯਾਦਾ ਹੈ, ਜੂਨ 1984 ਵਿੱਚ ਜੰਗ ਅਤੇ ਸਸ਼ਤਰਾਂ ਦੀ ਮਰਿਯਾਦਾ ਨੂੰ ਕਾਇਮ ਰੱਖਦਿਆਂ ਦਸਮ ਪਾਤਿਸਾਹ ਦੀਆਂ ਫੌਜਾਂ ਨੇ ਲਾਸਾਨੀ ਜੰਗ ਲੜੀ। ਸਿੱਖਾਂ ਦੀ ਟੱਕਰ ਦੇਣ ਦੀ ਸਮਰੱਥਾ ਪਰਖਣ ਵਿਚ ਦਿੱਲੀ ਤਖ਼ਤ ਨੇ ਕੋਈ ਵੱਡਾ ਭੁਲੇਖਾ ਨਹੀਂ ਖਾਧਾ, ਤਾਹੀਂ ਏਨੀ ਵੱਡੀ ਪੱਧਰ ’ਤੇ ਹਮਲਾ ਕੀਤਾ ਗਿਆ। ਜੇਕਰ ਸਰਕਾਰ ਸਿੱਖਾਂ ਨੂੰ ਛੋਟੀ ਚੁਣੌਤੀ ਮੰਨਦੀ ਤਾਂ ਹਮਲਾ ਵੀ ਛੋਟੀ ਪੱਧਰ ਦਾ ਹੀ ਹੁੰਦਾ। ਅਜਿਹੇ ਵਿਚ ਸਿੱਖਾਂ ਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੀ ਹੈਸੀਅਤ ਅਤੇ ਧਾਂਕ ਦਿੱਲੀ ਦੇ ਦਿਲ ਵਿਚ ਛੋਟੀ ਨਹੀਂ ਹੈ।  

ਇੱਕ ਤਖਤ ਦਾ ਦੂਸਰੇ ਤਖਤ ਨਾਲ ਟਕਰਾਉਣਾ ਤਹਿ ਹੈ, ਜੇਕਰ ਉਹਨਾਂ ਦੇ ਮੁਫ਼ਾਦ ਆਪਸ ਵਿੱਚ ਇੱਕ ਦੂਜੇ ਦੀ ਹੋਂਦ ਉਤੇ ਨਾ ਟਿਕੇ ਹੋਣ। ਸਿੱਖਾਂ ਨੇ ਸੰਨ 1947 ਵਿਚ ਅੰਗਰੇਜ਼ਾਂ ਦੇ ਜਾਣ ਵੇਲੇ ਦਿੱਲੀ ਤਖ਼ਤ ਉੱਤੇ ਕਾਬਜ਼ ਬਿਪਰ ਧਿਰਾਂ ਨਾਲ ਸਹਿਯੋਗ ਵਿਚ ਰਹਿਣ ਦਾ ਫ਼ੈਸਲਾ ਕੀਤਾ ਸੀ। ਜੂਨ 1984 ਤੱਕ ਆਉਂਦਿਆ ਹਲਾਤ ਇਹ ਬਣ ਗਏ ਕਿ ਸ੍ਰੋਮਣੀ ਅਕਾਲੀ ਦਲ, ਦਿੱਲੀ ਤਖ਼ਤ ਦੀ ਛਾਇਆ ਹੇਠ ਰਹਿਣ ਲੱਗ ਪਿਆ ਅਤੇ ਸਿੱਖੀ ਕਿਰਦਾਰ ਤੋਂ ਬੜਾ ਦੂਰ ਚਲਾ ਗਿਆ। ਸੰਤ ਜਰਨੈਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਦੂਰੀ ਸਿੱਖ ਸਿਧਾਂਤਾਂ ਦੇ ਸਵਾਲ ਉਤੇ ਸੀ। ਸੰਤ ਜਰਨੈਲ ਸਿੰਘ ਗੁਰੂ ਖਾਲਸਾ ਪੰਥ ਦੀ ਲੜਾਈ ਨੂੰ ਨਿਸ਼ਕਾਮ ਹੋਕੇ ਲੜ ਰਹੇ ਸਨ। ਗੁਰੂ ਦੀ ਹਜ਼ੂਰੀ ਵਿੱਚ ਰਹਿੰਦਿਆ ਉਹਨਾਂ ਨੇ ਦੁਨੀਆਵੀ ਪਦਾਰਥਾਂ ਦੀ ਹਿਰਸ ਤੋਂ ਮਨ ਮੋੜ ਲਿਆ ਸੀ। ਉਹ ਅਸਲ ਅਕਾਲੀ ਹੋ ਨਿਬੜੇ ਅਤੇ ਖੁਦ ਨੂੰ ਅਕਾਲੀ ਕਹਾਉਣ ਵਾਲਿਆਂ ਦੀ ਕਾਲਖ ਦੁਨੀਆਂ ਸਾਹਮਣੇ ਉਜਾਗਰ ਕਰ ਦਿੱਤੀ। 

ਹੁਣ ਹਰ ਸਾਲ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਜੁੜਦੀ ਹੈ ਅਤੇ ਸ਼ਹੀਦ ਸਿੰਘਾਂ ਨੂੰ ਯਾਦ ਕਰਦੀ ਹੈ। ਯਾਦ ਰੱਖਣ ਵਿੱਚ ਜੋ ਤਾਕਤ ਹੈ ਉਹ ਤਾਕਤ ਭਵਿੱਖ ਨੂੰ ਇਤਿਹਾਸ ਦੇ ਹਾਣਦਾ ਕਰਨ ਦੇ ਸਮਰੱਥ ਹੁੰਦੀ ਹੈ ਜਿਸ ਕਰਕੇ ਹੁਕਮਰਾਨ ਜਾਂ ਇਤਿਹਾਸ ਦਾ ਗੁਨਾਹਗਾਰ ਇਹ ਕਦੀ ਨਹੀਂ ਚਾਹੁੰਦਾ ਕਿ ਇਹ ਯਾਦ ਬਣੀ ਰਹੇ। ਉਹ ਯਤਨ ਕਰਦਾ ਹੈ ਕਿ ਬੀਤੇ ਨੂੰ ਭੁਲਾ ਦਿੱਤਾ ਜਾਵੇ ਜਾਂ ਯਾਦ ਕਰਨ ਦੀ ਸਕਾਰਾਤਮਿਕਤਾ ਨੂੰ ਖਤਮ ਕਰ ਦਿੱਤਾ ਜਾਵੇ। ਇਸ ਵਕਤ ਤਖਤ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਪੰਥਕ ਰਵਾਇਤ ਅਨੁਸਾਰ ਨਾ ਹੋਣ ਕਰਕੇ ਹਰ ਸਾਲ ਬਹੁਤ ਕੁਝ ਅਜਿਹਾ ਵਾਪਰ ਜਾਂਦਾ ਹੈ ਜੋ ਅਗਲੀ ਵਾਰ ਲਈ ਹਵਾਲਾ ਬਣ ਕੇ ਅਗਲੇ ਕਿਸੇ ਵੱਡੇ ਗੁਨਾਹ ਨੂੰ ਸੱਦਾ ਦੇ ਜਾਂਦਾ ਹੈ। ਪਿਛਲੇ ਸਾਲਾਂ ਵਿੱਚ ਵਾਪਰੀਆਂ ਘਟਨਾਵਾਂ ਦੀਆਂ ਬਹੁਤ ਮਿਸਾਲਾਂ ਹਨ। ਪਿਛਲੇ ਸਾਲਾਂ ਵਿੱਚ ਨਾਹਰੇ ਜਥੇਦਾਰ ਦੇ ਬੋਲਣ ਵਕਤ ਲੱਗਦੇ ਸਨ, ਉਦੋਂ ਹੀ ਕੋਈ ਨਾ ਕੋਈ ਘਟਨਾ ਵਾਪਰਦੀ ਸੀ। ਐਤਕੀਂ ਦੀ ਕਾਹਲ ਨੇ ਤਾਂ ਉਸ ਵੇਲੇ ਦੀ ਉਡੀਕ ਵੀ ਨਹੀਂ ਕੀਤੀ ਸਗੋਂ ਹੁਕਮਨਾਮਾ ਵੀ ਸੁਣਨਾ ਜਰੂਰੀ ਨਹੀਂ ਸਮਝਿਆ, ਪਹਿਲਾਂ ਹੀ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਅਗਲੀ ਗੱਲ ਪੁਲਸ ਦੇ ਅਮਲ ਦੀ ਹੈ, ਅਸੀਂ ਦੋ ਸਾਲ ਪਹਿਲਾਂ ਵੀ ਲਿਖਿਆ ਸੀ ਕਿ ਪੁਲਸ ਦਾ ਨੰਗੇ ਚਿੱਟੇ ਰੂਪ ਵਿੱਚ ਦਖਲ ਬਹੁਤ ਖਤਰਨਾਕ ਹੈ। ਇਸ ਵਾਰ ਗੱਲ ਹੋਰ ਅਗਾਂਹ ਚਲੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੁਲਾਜਮਾਂ ਨੂੰ ਚਿੱਟੇ ਕੱਪੜੇ ਅਤੇ ਕਾਲੀ ਪੱਗ ਜਾਂ ਦੁਪੱਟਾ ਪਹਿਨਣ ਲਈ ਕਿਹਾ ਗਿਆ ਸੀ। ਸਾਰੇ ਮੁਲਾਜਮ ਸਵੇਰੇ ਹੀ ਅਕਾਲ ਤਖਤ ਸਾਹਿਬ ਜਾਣ ਲੱਗ ਪਏ ਸਨ, ਸੰਗਤ ਦੇ ਬੈਠਣ ਦੀ ਸਾਰੀ ਥਾਂ ਹੁਣ ਹਰ ਸਾਲ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਮੁਲਾਜਮ ਰੋਕ ਲੈਂਦੇ ਹਨ। ਗੁਰੂ ਦੀ ਹਜੂਰੀ ਵਿੱਚ ਵੀ ਮਨੁੱਖੀ ਮਨ ਆਪਣੀ ਚਤੁਰਾਈ ਕਰਦਾ ਹੈ। ਇਸ ਵਾਰ ਪੁਲਸ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਙ ਚਿੱਟੇ ਕੱਪੜੇ ਅਤੇ ਕਾਲੀਆਂ ਪੱਗਾਂ ਬੰਨੀਆਂ। ਪੁਲਸ ਹੀ ਸਾਰਾ ਪ੍ਰਬੰਧ ਵੇਖ ਰਹੀ ਸੀ, ਕੌਣ ਉੱਪਰ (ਤਖ਼ਤ ਸਾਹਿਬ) ਜਾਏਗਾ ਕੌਣ ਨਹੀਂ ਇਹ ਵੀ ਪੁਲਸ ਤੈਅ ਕਰਨ ਲੱਗ ਪਈ ਹੈ। ਉਹ ਪੁਲਸ ਜਿਹੜੀ ਕਹਿਣ ਨੂੰ ਹੀ ਪੰਜਾਬ ਦੀ ਹੈ ਪਰ ਹੈ ਅਸਲ ਵਿੱਚ ਇੰਡੀਆ ਦੀ। ਜਿਸ ਮੁਲਕ ਨੇ ਸਾਡੇ ਤਖ਼ਤ ਭੰਨੇ, ਸਾਡੇ ਗੁਰਦੁਆਰਿਆਂ ’ਤੇ ਹਮਲੇ ਕੀਤੇ ਉਹ ਹੀ ਅੱਜ ਸਾਡੇ ਸਮਾਗਮਾਂ ਦਾ ਪ੍ਰਬੰਧ ਵੇਖ ਰਹੇ ਹਨ। ਇਹ ਕਿੰਨੀ ਖਤਰਨਾਕ ਗੱਲ ਹੈ, ਇਸ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਮਲ ਵੀ ਹੁਣ ਬਣ ਰਹੇ ਇਤਿਹਾਸ ਵਿੱਚ ਦਰਜ ਹੋ ਰਿਹਾ ਹੈ ਕਿ ਇਹਨਾਂ ਸਮਿਆਂ ਵਿੱਚ ਪੰਥ ਦੀ ਮਰਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਵੱਖਰੀ ਹੈ ਜਿਸ ਕਰਕੇ ਸੰਗਤ ਦੀ ਥਾਂ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਡੀਆ ਦੀ ਪੁਲਸ ਦੇ ਮੁਲਾਜਮ ਬਿਠਾ ਦਿੱਤੇ ਜਾਂਦੇ ਹਨ। ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗੁਰਦੁਆਰਿਆਂ ਵਿੱਚ ਪੁਲਸ ਦਾ ਸ਼ੁਰੂ ਕਰਵਾਇਆ ਅਮਲ ਅੱਜ ਇਸ ਪੜਾਅ ’ਤੇ ਪੁੱਜ ਗਿਆ ਹੈ, ਅੰਦਾਜਾ ਲਾਈਏ ਕਿ ਭਵਿੱਖ ਕਿੰਨਾ ਖਰਨਾਕ ਹੋਵੇਗਾ? ਸ਼ਹੀਦਾਂ ਨੂੰ ਯਾਦ ਕਰਦਿਆਂ ਇਹ ਸੋਚਣਾ ਅਤੇ ਇਸ ’ਤੇ ਕੰਮ ਕਰਨਾ ਸਾਡਾ ਫਰਜ ਬਣਦਾ ਹੈ। ਗੁਰੂ ਮਿਹਰ ਕਰੇ।           

 

ਸੰਪਾਦਕ