ਪੰਜਾਬ ਪੁਲਿਸ ਦੀ ਥਾਣੇਦਾਰਨੀ ਹੈਰੋਈਨ ਸਮੇਤ ਫੜ੍ਹੀ ਗਈ

ਪੰਜਾਬ ਪੁਲਿਸ ਦੀ ਥਾਣੇਦਾਰਨੀ ਹੈਰੋਈਨ ਸਮੇਤ ਫੜ੍ਹੀ ਗਈ
ਰੇਨੂ ਬਾਲਾ

ਪਟਿਆਲਾ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਪੰਜਾਬ ਪੁਲਿਸ ਦੀ ਇੱਕ ਔਰਤ ਏਐਸਆਈ ਰੇਨੂ ਬਾਲਾ ਨੂੰ ਹੈਰੋਈਨ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਪੁਲਿਸ ਅਫਸਰ ਦੇ ਕੁੱਝ ਨਾਮੀਂ ਗੈਂਗਸਟਰਾਂ ਨਾਲ ਵੀ ਸਬੰਧ ਦੱਸੇ ਜਾ ਰਹੇ ਹਨ। 

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਔਰਤ ਏਐਸਆਈ ਦੇ ਕਈ ਰਿਸ਼ਤੇਦਾਰ ਪੁਲਿਸ ਵਿੱਚ ਉੱਚ ਅਫਸਰ ਹਨ। ਗ੍ਰਿਫਤਾਰ ਕੀਤੀ ਗਈ ਰੇਨੂ ਬਾਲਾ ਅਰਬਨ ਇਸਟੇਟ ਪੁਲਿਸ ਥਾਣੇ ਵਿੱਚ ਤੈਨਾਤ ਸੀ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਸ ਨੇ ਜਮੀਨ ਜਾਇਦਾਦ ਵਿੱਚ ਕਈ ਕਰੋੜਾਂ ਰੁਪਏ ਨਿਵੇਸ਼ ਕੀਤੇ ਹਨ। 

ਪੁਲਿਸ ਸੂਤਰਾਂ ਦੇ ਹਵਾਲੇ ਨਾਲ ਜਨਤਕ ਹੋਈ ਜਾਣਕਾਰੀ ਮੁਤਾਬਿਕ ਰੇਨੂ ਬਾਲਾ ਗੈਂਗਸਟਰਾਂ ਰਾਹੀਂ ਨਸ਼ਾ ਲੈਂਦੀ ਸੀ ਅਤੇ ਉਸ ਨੂੰ ਅੱਗੇ ਵੇਚਦੀ ਸੀ। 

ਇਹ ਗ੍ਰਿਫਤਾਰੀ ਨਾਰਕੋਟਿਕ ਸੈੱਲ ਤਰਨਤਾਰਨ ਅਤੇ ਪੱਟੀ ਦੀ ਪੁਲਿਸ ਵੱਲੋਂ ਕੀਤੀ ਗਈ ਹੈ। ਰੇਨੂ ਬਾਲਾ ਦੇ ਨਾਲ ਇੱਕ ਹੋਰ ਵਿਅਕਤੀ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ ਪੁਲਿਸ ਨੇ 50 ਗ੍ਰਾਮ ਹੈਰੋਈਨ ਦੀ ਬਰਾਮਦਗੀ ਦਿਖਾਈ ਹੈ।

ਪੁਲਿਸ ਸੂਤਰਾਂ ਮੁਤਾਬਿਕ ਉਹ ਫੇਸਬੁੱਕ ਰਾਹੀਂ ਨਿਸ਼ਾਨ ਸਿੰਘ ਦੇ ਸੰਪਰਕ 'ਚ ਆਈ ਸੀ। ਉਹ ਉਸ ਨੂੰ ਮਿਲਣ ਲਈ ਕੱਲ੍ਹ ਤਰਨਤਾਰਨ ਗਈ ਸੀ, ਜਿੱਥੇ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉੱਥੇ ਹੀ ਪਟਿਆਲਾ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਅਰਬਨ ਅਸਟੇਟ ਥਾਣੇ ਦੇ ਮੁਖੀ ਹੈਰੀ ਬੋਪਾਰਾਏ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਮਨਦੀਪ ਸਿੰਘ ਸਿੱਧੂ ਨੇ ਹੈਰੀ ਬੋਪਾਰਾਏ ਵਿਰੁੱਧ ਸਟਾਫ਼ 'ਤੇ ਨਿਗਰਾਨੀ ਦੀ ਘਾਟ ਦਾ ਦੋਸ਼ ਲਾਉਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।