ਜੂਨ 1984 ਦੇ ਦੁਖਾਂਤ ਦਾ ਸੰਦੇਸ਼ : ਜ਼ਖਮਾਂ ਨੂੰ ਰੌਸ਼ਨੀ ਵਿਚ ਵਿੱਚ ਬਦਲ ਕੇ ਅੱਗੇ ਵਧੀਏ

ਜੂਨ 1984 ਦੇ ਦੁਖਾਂਤ ਦਾ ਸੰਦੇਸ਼ : ਜ਼ਖਮਾਂ ਨੂੰ ਰੌਸ਼ਨੀ ਵਿਚ ਵਿੱਚ ਬਦਲ ਕੇ ਅੱਗੇ ਵਧੀਏ

ਅਵਤਾਰ ਸਿੰਘ
ਸੀਨੀਅਰ ਪੱਤਰਕਾਰ ਯੂ.ਕੇ.

20ਵੀਂ ਸਦੀ ਦੇ ਜ਼ਖਮਾਂ ਦੀ ਇਬਾਰਤ ਪਾਉਂਦਾ ਇਕ ਹੋਰ ਵਰ੍ਹਾ ਬੀਤ ਰਿਹਾ ਹੈ। ੩੩ ਸਾਲ ਪਹਿਲਾਂ ਸਿੱਖ ਮਾਨਸਿਕਤਾ ‘ਤੇ ਲੱਗੇ ਜ਼ਖਮਾਂ ਨੇ ਵਰ੍ਹਿਆਂ ਦੀ ਇਸ ਇਬਾਰਤ ਵਿਚ ਇਕ ਹੋਰ ਪੰਨਾ ਜੋੜ ਦਿੱਤਾ ਹੈ। ਜ਼ਖਮ ਜੋ ਡੂੰਘੇ ਵੀ ਹਨ, ਦੁਖਦਾਈ ਵੀ ਅਤੇ ਰਾਹ ਦਰਸਾਵੇ ਵੀ। ਜ਼ਖਮ ਜੋ ਪੀੜ ਵੀ ਦਿੰਦੇ ਹਨ ਅਤੇ ਰਾਹ ਵੀ ਰੁਸ਼ਨਾਉਂਦੇ ਹਨ। ਜ਼ਖਮ ਜੋ ਅਤੀਤ ਵੱਲ ਵੀ ਜਾਂਦੇ ਹਨ ਅਤੇ ਜੋ ਭਵਿੱਖ ਘੜਨ ਦੀ ਸਮਰੱਥਾ ਵੀ ਰੱਖਦੇ ਹਨ।
ਇਤਿਹਾਸ ਵਿਚ ਅਜਿਹੇ ਜ਼ਖਮ ਬਹੁਤ ਥੋੜ੍ਹੇ ਹੁੰਦੇ ਹਨ, ਜੋ ਕੌਮਾਂ ਦਾ ਜੀਵਨ ਪਲਟ ਦਿੰਦੇ ਹਨ। ਫੈਸਲਾਕੁੰਨ ਜ਼ਖਮ, ਜੋ ਦੁਖਦਾਈ ਹੁੰਦੇ ਹੋਏ ਵੀ ਰੌਸ਼ਨੀ ਦੀ ਮਸ਼ਾਲ ਬਣਕੇ ਆਉਂਦੇ ਹਨ। ਜੋ ਅਤੀਤ ਨਾਲ ਵੀ ਜਾ ਜੁੜਦੇ ਹਨ, ਵਰਤਮਾਨ ਨਾਲ ਲਗਾਤਾਰ ਖਹਿੰਦੇ ਰਹਿੰਦੇ ਹਨ ਅਤੇ ਭਵਿੱਖ ਲਈ ਰੌਸ਼ਨੀ ਕਰਦੇ ਨਜ਼ਰ ਆਉਂਦੇ ਹਨ। ਜੂਨ 1984 ਦੇ ਜ਼ਖਮ ਸਿੱਖ ਕੌਮ ਲਈ ਦੁਖਦਾਈ ਹੋਣ ਦੇ ਨਾਲ ਨਾਲ ਫੈਸਲਾਕੁੰਨ ਵੀ ਬਣ ਗਏ ਹਨ। ਜੂਨ 1984 ਸਿੱਖਾਂ ਲਈ ‘ਜ਼ੀਰੋ ਆਵਰ’ ਬਣ ਗਿਆ ਹੈ। ਉਸੇ ਦਿਨ ਤੋਂ ਸਿੱਖਾਂ ਨੇ ਆਪਣੇ ਅਤੀਤ, ਵਰਤਮਾਨ ਅਤੇ ਭਵਿੱਖ ਬਾਰੇ ਮੁੜ ਤੋਂ ਸੋਚਣਾ ਅਰੰਭ ਕਰ ਦਿੱਤਾ ਸੀ।
ਪਿਛਲੇ ੩੩ ਸਾਲਾਂ ਤੋਂ ਕੌਮ ਇਕ ਦਰਦਮਈ ਪੀੜ ਆਪਣੇ ਵਜੂਦ ਨਾਲ ਲਈ ਫਿਰ ਰਹੀ ਹੈ। ਉਹ ਪੀੜ ਜਿਸ ਨੂੰ ਘਟਾਉਣ ਲਈ ਕਿਸੇ ਪਾਸਿਓਂ ਵੀ ਕੋਈ ਯਤਨ ਨਹੀਂ ਹੋ ਰਿਹਾ। ਬਲਕਿ ਵਾਰ ਵਾਰ ਸਿੱਖਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ‘ਅਜਿਹਾ ਫਿਰ ਵੀ ਵਾਪਰ ਸਕਦਾ ਹੈ।’ ਅਜਿਹੇ ਜ਼ਖਮ ਜੋ ਹਰ ਨਵੀਂ ਸਵੇਰ ਤੁਹਾਡੇ ਸਾਹਮਣੇ ਆ ਖਲੋਣ ਅਤੇ ਤੁਸੀਂ ਚਾਹੁੰਦੇ ਹੋਏ ਵੀ ਉਨ੍ਹਾਂ ਤੋਂ ਪਾਸਾ ਨਾ ਵੱਟ ਸਕੋਂ ਅਜਿਹੇ ਜ਼ਖਮ ਸੱਚਮੁਚ ਸਾਂਭਣਯੋਗ ਹੁੰਦੇ ਹਨ। ਸਿਰਫ ਸਾਂਭਣਯੋਗ ਹੀ ਨਹੀਂ ਬਲਕਿ ਅਜਿਹੇ ਜ਼ਖਮ ਨੂੰ ਰੌਸ਼ਨੀ ਵਿਚ ਬਦਲਣ ਦੀ ਲੋੜ ਹੁੰਦੀ ਹੈ।
ਇੰਗਲੈਂਡ ਦੇ 180 ਸਕੂਲੀ ਵਿਦਿਆਰਥੀਆਂ ਦਾ ਇਕ ਗਰੁੱਪ ਮਈ 2012 ਦੇ ਮਹੀਨੇ ਪੋਲੈਂਡ ਦੀ ਉਸ ਇਤਿਹਾਸਕ ਧਰਤੀ (ਔਸ਼ਵਿਟਜ਼) ਦਾ ਸਰਕਾਰੀ ਸਹਾਇਤਾ ਨਾਲ ਦੌਰਾ ਕਰਕੇ ਆਇਆ ਜਿਥੇ 70 ਸਾਲ ਪਹਿਲਾ ਨਾਜ਼ੀਆਂ ਨੇ 15 ਲੱਖ ਲੋਕਾਂ ਨੂੰ ਕਤਲ ਕਰ ਦਿੱਤਾ ਸੀ। ਨੌਜਵਾਨਾਂ ਦੇ ਇਸ ਗਰੁੱਪ ਦੀ ਅਗਵਾਈ ਕਰਨ ਵਾਲੇ ਅਧਿਆਪਕਾਂ ਨੇ ਹਫਤਾਵਰੀ ਅਖਬਾਰ ‘ਵਾਲਸਾਲ ਐਡਵਰਟਾਈਜ਼ਰ’ ਦੇ ਰਿਪੋਰਟਰ ਨੂੰ ਦੱਸਿਆ ਇਸ ਦੌਰੇ ਦਾ ਮੰਤਵ ਸੀ ਕਿ ”ਇਸ ਧਰਤੀ ‘ਤੇ ਜਾਨਾਂ ਵਾਰ ਗਏ ਲੱਖਾਂ ਲੋਕ ਕਿਤੇ ਇਹ ਨਾ ਸਮਝਣ ਕਿ ਲੋਕ ਸਾਨੂੰ ਭੁੱਲ ਗਏ ਹਨ।” ਉਨ੍ਹਾਂ ਇਹ ਵੀ ਦੱਸਿਆ ਕਿ ”ਅਸੀਂ ਭਵਿੱਖ ਦੇ ਅਧਿਆਪਕਾਂ, ਰਾਜਨੀਤੀਵਾਨਾਂ,  ਵਪਾਰੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਲੈਸ ਕਰਨਾ ਚਾਹੁੰਦੇ ਹਾਂ।”
ਸੱਚਮੁਚ ਇਤਿਹਾਸ ਦੇ ਵੱਡੇ ਫੈਸਲਾਕੁਨ ਜ਼ਖਮ ਇਸੇ ਲਈ ਸਾਂਭਣਯੋਗ ਹੁੰਦੇ ਹਨ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਸ ਦੌਰ ਦੀ ਪੀੜ ਅਤੇ ਪੀੜ ਦੇ ਸਬਕਾਂ ਨਾਲ ਲੈਸ ਕੀਤਾ ਜਾ ਸਕੇ। ਇੰਗਲੈਂਡ ਦੇ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਨੇ ਅਖ਼ਬਾਰ ਦੇ ਨੁਮਾਇੰਦੇ ਬੌਬੀ ਬਰਿੱਜ ਨਾਲ ਗੱਲਬਾਤ ਕਰਦਿਆਂ ਆਖਿਆ, ”ਇਸ ਇਤਿਹਾਸਕ ਦੌਰੇ ਨੇ ਸਾਨੂੰ ਨਾਜ਼ੀਆਂ ਦੀ ਫਿਤਰਤ ਅਤੇ ਮਾਨਸਿਕਤਾ ਨੂੰ ਸਮਝਣ ਦੇ ਯੋਗ ਬਣਾਇਆ ਹੈ।”
ਅਸੀਂ ਸਮਝਦੇ ਹਾਂ ਕਿ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਮਹਾਂਨਾਸ਼ ਵਾਲੀ ਥਾਂ ਦਾ ਦੌਰਾ ਕਰਕੇ ਆਏ ਵਿਦਿਆਰਥੀਆਂ ਦਾ ਬਿਆਨ ਆਪਣੇ ਆਪ ਵਿਚ ਇਤਿਹਾਸਕ ਹੈ ਕਿਉਂਕਿ ਕਿਸੇ ਵੀ ਸਰਬਨਾਸ਼, ਘੱਲੂਘਾਰੇ ਜਾਂ ਜ਼ਖਮ ਨੂੰ ਰੌਸ਼ਨੀ ਵਿਚ ਬਦਲਣ ਲਈ ਅਜਿਹਾ ਕਾਰਾ ਕਰਨ ਵਾਲੇ ਹਾਕਮਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੀ ਢੋਈ ਬਣ ਰਹੇ ਸਮਾਜੀ ਅਧਾਰ ਦੀ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
ਸਿਆਣੀਆਂ ਕੌਮਾਂ ਉਹ ਹੁੰਦੀਆਂ ਹਨ ਜੋ ਜ਼ਖਮਾਂ ਦੀ ਪੀੜ ਦੇ ਦਰਦ ਹੇਠ ਨਾ ਦਬਣ ਅਤੇ ਨਾ ਹੀ ਜ਼ਖਮਾਂ ਨੂੰ ਵਿਕਾਊ ਮਾਲ ਵਾਂਗ ਵੇਚਣ ਦੇ ਰਾਹ ਪੈ ਜਾਣ। ਇਸ ਦਿਸ਼ਾ ਵਿਚ ਯਹੂਦੀ ਕੌਮ ਨੇ ਕਾਫੀ ਗੰਭੀਰ ਖੋਜ ਕੀਤੀ ਹੈ। ਉਨ੍ਹਾਂ ਨੇ ਆਪਣੇ ਸਾਰੇ ਸਾਧਨ ਝੋਕ ਕੇ ਨਾਜ਼ੀਆਂ ਦੇ ਕਾਰੇ ਦਾ ਇਤਿਹਾਸ ਦੀ ਨਜ਼ਰ ਤੋਂ, ਸਮਾਜਿਕ ਵਿਗਿਆਨ ਦੀ ਨਜ਼ਰ ਤੋਂ, ਮਾਨਸਿਕ ਵਿਗਿਆਨ ਦੀ ਨਜ਼ਰ ਤੋਂ, ਆਰਥਿਕ ਨਜ਼ਰ ਤੋਂ, ਭੂਗੋਲਿਕ ਨਜ਼ਰ ਤੋਂ ਬਹੁਤ ਹੀ ਗੰਭੀਰ ਅਧਿਐਨ ਕੀਤਾ ਅਤੇ ਅਜਿਹੇ ਕਾਰੇ ਭਵਿੱਖ ਵਿਚ ਨਾ ਵਾਪਰਨ ਇਸ ਦਾ ਬਾਖੂਬ ਪ੍ਰਬੰਧ ਕੀਤਾ। ਥੋੜ੍ਹੇ ਜਿਹੇ ਸਮੇਂ ਵਿਚ ਹੀ ਯਹੂਦੀ ਕੌਮ ਅੱਜ ਸੰਸਾਰ ਭਰ ਦੀ ਰਾਜਨੀਤੀ, ਇਤਿਹਾਸ ਅਤੇ ਆਰਥਿਕਤਾ ਨੂੰ ਚਲਾਉਣ ਦੇ ਕਾਬਲ ਹੋ ਗਈ ਹੈ।

ਜੂਨ 1984 ਦੇ ਜ਼ਖਮਾਂ ਨੇ ਵੀ ਸਿੱਖਾਂ ਲਈ ਕੁਝ ਅਜਿਹੇ ਹੀ ਸੰਦੇਸ਼ ਦਿੱਤੇ ਸਨ। ਜਿਸ ਤਰ੍ਹਾਂ ਯਹੂਦੀਆਂ ਨੇ ਆਪਣੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਿਆ ਹੈ ਸਿੱਖਾਂ ਲਈ ਵੀ 1984 ਦੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਦਾ ਮੌਕਾ ਸੀ ਅਤੇ ਹੈ। ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਲਈ ਕਿਸੇ ਵੀ ਕੌਮ ਨੂੰ ਅਧਿਆਤਮਵਾਦ ਅਤੇ ਰੂਹਾਨੀਅਤ ਦੇ ਨਾਲ ਨਾਲ ਫਲਸਫੇ ਅਤੇ ਇਤਿਹਾਸ ਦੇ ਡੂੰਘੇ ਪਾਣੀਆਂ ਵਿਚ ਉਤਰਨਾ ਪੈਂਦਾ ਹੈ। ਅਧਿਆਤਮਵਾਦ ਅਤੇ ਰੂਹਾਨੀਅਤ ਕੌਮ ਦੇ ਉੱਚੇ ਇਖਲਾਕ ਦਾ ਜ਼ਾਮਨ ਬਣਦਾ ਹੈ ਅਤੇ ਫਲਸਫੇ ਦਾ ਡੂੰਘਾ ਅਧਿਐਨ ਭਵਿੱਖ ਦਾ ਰਾਹ ਰੁਸ਼ਨਾਉਂਦਾ ਹੈ।
ਪਰ ਅੱਜ ੩੩ ਸਾਲਾਂ ਬਾਅਦ ਕਹਿਣਾ ਪੈ ਰਿਹਾ ਹੈ ਕਿ ਏਨੇ ਵੱਡੇ ਜ਼ਖਮ ਜੋ ਹਰ ਰੰਗ ਦੇ ਸਿੱਖਾਂ ਦੇ ਜੀਵਨ ਵਿਚ ਹਰ ਰੋਜ਼ ਵਾਰ ਵਾਰ ਦਸਤਕ ਦਿੰਦੇ ਹਨ ਹਾਲੇ ਵੀ ਰੌਸ਼ਨੀ ਦੀ ਮਿਸ਼ਾਲ ਨਹੀਂ ਬਣ ਸਕੇ।

1984 ਦੇ ਜ਼ਖਮਾਂ ਦਾ ਕੇਂਦਰੀ ਸੱਚ ਕੀ ਸੀ?
ਜੂਨ 1984 ਦੇ ਜ਼ਖਮ ਭਾਰਤ ਨੂੰ ਇਕੋ ਸਾਂਝੀ ਕੌਮੀਅਤ ਦੇ ਰੂਪ ਵਿਚ ਉਸਾਰ ਕੇ ਵੱਖ ਵੱਖ ਧਾਰਮਿਕ ਅਤੇ ਸੱਭਿਆਚਾਰਕ ਭਾਈਚਾਰਿਆਂ ਦੀ ਇਤਿਹਾਸਕ ਹੋਂਦ ਅਤੇ ਹਸਤੀ ਨੂੰ ਮਿਟਾ ਦੇਣ ਦਾ ਪਹਿਲਾ ਸੰਗਠਿਤ ਯਤਨ ਸੀ। ਬੇਸ਼ੱਕ ਇਸ ਦਿਸ਼ਾ ਵਿਚ ਗੈਰ ਫੌਜੀ ਕੋਸ਼ਿਸ਼ਾਂ ਤਾਂ 1947 ਵੇਲੇ ਤੋਂ ਹੀ ਅਰੰਭ ਹੋ ਗਈਆਂ ਸਨ ਪਰ ਸੰਨ 1947 ਤੋਂ ਬਾਅਦ ਭਾਰਤ ਦੀ ਸੱਤਾ ‘ਤੇ ਕਾਬਜ਼ ਹੋਏ ਲੋਕਾਂ ਦੀਆਂ ਗਿਣਤੀਆਂ ਮਿਣਤੀਆਂ ਜਦੋਂ ਮੂੰਹਜ਼ੋਰ ਧਾਰਮਿਕ ਅਤੇ ਸਭਿਆਚਾਰਕ ਵਿਭਿੰਨਤਾ ਦੇ ਸੱਚ ਅੱਗੇ ਢਹਿਢੇਰੀ ਹੋ ਗਈਆਂ ਤਾਂ ਇਕੋ ਭਾਰਤੀ ਕੌਮ ਦੇ ਅਧਾਰ ‘ਤੇ ‘ਨੇਸ਼ਨ ਸਟੇਟ’ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਅਤੇ ਵੱਖ ਵੱਖ ਕੌਮੀਅਤਾਂ ਦੇ ਗੁਲਦਸਤੇ ਨੂੰ ਖਿੰਡਾ ਦੇਣ ਲਈ ਸ੍ਰੀ ਹਰਿਮੰਦਰ ਸਾਹਿਬ ‘ਤੇ ਹੱਲਾ ਬੋਲਣ ਦਾ ਫੈਸਲਾ ਕੀਤਾ ਗਿਆ।
ਇਸ ਸਥਿਤੀ ਦੇ ਸੰਦਰਭ ਵਿਚ ਸਿੱਖ ਵਿਦਵਾਨਾਂ ਲਈ ਸਭ ਤੋਂ ਮਹੱਤਵਪੂਰਨ ਕੰਮ ਸਿੱਖ ਕੌਮ ‘ਤੇ ਹਮਲਾ ਕਰਨ ਵਾਲੇ ਸਮੂਹ ਦੇ ‘ਵਿਸ਼ਵਾਸ਼ਾਂ ਅਤੇ ਮਾਨਸਿਕਤਾ’ ਦਾ ਅਧਿਐਨ ਕਰਨ ਦਾ ਸੀ। ਇਸ ਅਧਿਐਨ ਦੇ ਸਿੱਟਿਆਂ ਦੇ ਅਧਾਰ ‘ਤੇ ਹੀ ਕੌਮ ਨੂੰ ਨਰੋਈ ਭਵਿੱਖੀ ਦਿਸ਼ਾ ਵੱਲ ਤੋਰਿਆ ਜਾ ਸਕਦਾ ਸੀ। 1984 ਨੇ ਅਧਿਐਨ ਦੇ ਖੇਤਰ ਵਿਚ ਕੰਮ ਕਰਨ ਵਾਲੇ ਸਿੱਖਾਂ ਲਈ ਬਹੁਤ ਹੀ ਵੱਡੇ ਮੌਕੇ ਪ੍ਰਦਾਨ ਕੀਤੇ ਸਨ। ਪਰ ਹਾਲੇ ਤਕ ਵੀ ਕੌਮ 1984 ਦੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਦੇ ਰਾਹ ਪਈ ਨਜ਼ਰ ਨਹੀਂ ਆ ਰਹੀ।
ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ 1984 ਦੇ ਦੁਖਾਂਤ ਤੋਂ ਬਾਅਦ ਸਿੱਖ ਕੌਮ ਪੂਰੀ ਤਰ੍ਹਾਂ ਰਾਜਨੀਤਕ ਹੋ ਕੇ ਰਹਿ ਗਈ ਹੈ। ਕੌਮ ਦੇ ਸੁਭਾਅ ਅਤੇ ਚਰਿੱਤਰ ਵਿਚ ਜੋ ਵੱਡੀ ਤਬਦੀਲੀ ਆਈ ਹੈ ਉਹ ਆਸ਼ਾਜਨਕ ਨਹੀਂ ਹੈ। ਰਾਜਨੀਤੀ ਕੌਮ ਦੇ ਸੁਭਾਅ ਅਤੇ ਮਾਨਸਿਕਤਾ ਦਾ ਏਨਾ ਵੱਡਾ ਅੰਗ ਬਣ ਗਈ ਹੈ ਕਿ ਇਹ ਇਕ ਤਰ੍ਹਾਂ ਨਾਲ ਕੌਮ ਦੇ ਵਜੂਦ ਦੁਆਲੇ ਚਿੰਬੜ ਹੀ ਗਈ ਹੈ। ਅੱਜ ਪੂਰੀ ਕੌਮ ਪ੍ਰਤੀਕਿਰਿਆਵਾਦੀ ਰਾਜਨੀਤਕ ਬਣ ਕੇ ਹੀ ਰਹਿ ਗਈ ਹੈ। ਪਿਛਲੇ ੩੩ ਸਾਲਾਂ ਦੀ ਕੌਮ ਦੀ ਰਾਜਨੀਤੀ ਸਿਰਫ ਪ੍ਰਤੀਕਰਮਾਂ ਦੀ ਰਾਜਨੀਤੀ ਹੀ ਰਹੀ ਹੈ। ਜਿਸ ਵਿਚ ਨਾ ਕੋਈ ਗੰਭੀਰਤਾ ਹੈ ਨਾ ਉੱਚੀ ਉਡਾਰੀ ਅਤੇ ਨਾ ਹੀ ਦੂਰ ਤਕ ਦੇਖ ਸਕਣ ਵਾਲੀ ਨਜ਼ਰ। ਕੌਮ ਵਿਚ ਕੁਝ ਉਸਾਰ ਸਕਣ ਦੀ ਸਮਰਥਾ ਕਿਤੇ ਵੀ ਨਜ਼ਰ ਨਹੀਂ ਆ ਰਹੀ। ਬੇਸ਼ੱਕ 1984 ਦੇ ਜ਼ਖਮਾਂ ਨੇ ਕੌਮ ਨੂੰ ਖੰਡਰਾਤਾਂ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ ਪਰ ਸਮਰੱਥ ਕੌਮਾਂ ਖੰਡਰਾਤਾਂ ਉਤੇ ਵੀ ਕਿਣਕਾ ਕਿਣਕਾ ਜੋੜ ਕੇ ਕੁਝ ਉਸਾਰ ਲਿਆ ਕਰਦੀਆਂ ਹਨ। ਸਿੱਖ ਕੌਮ ਅੱਜ ਏਨੀ ਰਾਜਨੀਤਕ ਹੋ ਗਈ ਹੈ ਕਿ ਇਸਦੇ ਧਰਮ ਦੀ ਵਿਆਖਿਆ ਵੀ ਹੁਣ ਰਾਜਨੀਤੀ ਦੇ ਗਲਿਆਰਿਆਂ ਵਿਚੋਂ ਹੋਣ ਲੱਗ ਪਈ ਹੈ। ਪ੍ਰਤੀਕਿਰਿਆ ਦੀ ਇਸ ਰਾਜਨੀਤੀ ਨੇ ਧਰਮ-ਰਾਜਨੀਤੀ ਦੇ ਪਵਿੱਤਰ ਰਿਸ਼ਤੇ ਨੂੰ ਰਾਜਨੀਤੀ-ਧਰਮ ਦੇ ਰਿਸ਼ਤੇ ਵਿਚ ਤਬਦੀਲ ਕਰਕੇ ਰੱਖ ਦਿੱਤਾ ਹੈ। ਕੌਮ ਦੇ ਵੱਡੇ ਹਿੱਸੇ ਦਾ ਦਿਨ ਰੂਹਾਨੀਅਤ ਨਾਲ ਭਰਪੂਰ ਗੁਰਾਂ ਦੀ ਬਾਣੀ ਨਾਲ ਅਰੰਭ ਨਹੀਂ ਹੁੰਦਾ ਬਲਕਿ ਅਖਬਾਰਾਂ ਦੀਆਂ ਸੁਰਖੀਆਂ ਨਾਲ ਅਰੰਭ ਹੁੰਦਾ ਹੈ ਅਤੇ ਟੈਲੀਵਿਜ਼ਨ ਦੀਆਂ ਖਬਰਾਂ ਨਾਲ ਸਮਾਪਤ ਹੋ ਜਾਂਦਾ ਹੈ। ਗੁਰਬਾਣੀ ਦਾ ਫਲਸਫਾ ਹੁਣ ਸਾਡੀ ਅਗਵਾਈ ਕਰਦਾ ਪ੍ਰਤੀਤ ਨਹੀਂ ਹੁੰਦਾ ਬਲਕਿ ਨੀਵੇਂ ਦਰਜੇ ਦੇ ਰਾਜਨੀਤੀਵਾਨਾਂ ਦੇ ਡੰਗਟਪਾਊ ਭਾਸ਼ਨ ਸਾਡੀ ਅਗਵਾਈ ਕਰਦੇ ਹਨ।
ਜੂਨ 1984 ਦੇ ਦੁਖਾਂਤ ਨੇ ਸਾਨੂੰ ਜਿਨ੍ਹਾਂ ਸੁਆਲਾਂ ਦੇ ਸਾਹਮਣੇ ਖੜ੍ਹਾ ਕੀਤਾ ਸੀ ਅਤੇ ਜਿਨ੍ਹਾਂ ਦੇ ਜੁਆਬ ਲੱਭਣੇ ਸਾਡੀ ਜ਼ਿੰਮੇਵਾਰੀ ਸੀ ਉਨ੍ਹਾਂ ਸੁਆਲਾਂ ਤੋਂ ਜਾਂ ਤਾਂ ਅਸੀਂ ਪਾਸਾ ਵੱਟ ਰਹੇ ਹਾਂ ਜਾਂ ਉਨ੍ਹਾਂ ਦਾ ਸਾਹਮਣਾ ਕਰਨ ਤੋਂ ਅਸਮਰਥ ਹਾਂ ।

ਸਿੱਖ ਕੌਮ ਦੇ ਸਾਹਮਣੇ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਸੀਨੀਅਰ ਪੱਤਰਕਾਰ ਐਮ.ਜੇ. ਅਕਬਰ ਨੇ ਬੁੱਝ ਲਿਆ ਸੀ ਉਨ੍ਹਾਂ ਸਿੱਖਾਂ ਨੂੰ ਦਰਪੇਸ਼ ਚੁਣੌਤੀ ਦੀ ਵਿਆਖਿਆ ਕਰਦਿਆਂ ਆਖਿਆ ਸੀ-
”ਸਿੱਖ ਮੁਸਲਮਾਨਾਂ ਦੇ ਹਥਿਆਰਾਂ ਵਿਰੁੱਧ ਕਹਿਰਾਂ ਦੀ ਜੰਗ ਵਿਚੋਂ ਤਾਂ ਸਬੂਤੇ ਬਚ ਨਿਕਲੇ ਸਨ ਪਰ ਹਿੰਦੂ ਦੀ ਬੁੱਧੀ ਨਾਲ ਸੰਗਰਾਮ ਵਿਚੋਂ ਵੀ ਕੀ ਉਹ ਬਚ ਪਾਉਣਗੇ?”
ਨਿਰਸੰਦੇਹ 1984 ਕੋਈ ‘ਕੱਲੀ ਕਹਿਰੀ ਘਟਨਾ ਨਹੀਂ ਸੀ ਇਹ ਇਕ ਵਰਤਾਰਾ ਸੀ ਜੋ ਅੱਜ ਵੀ ਚੱਲ ਰਿਹਾ ਹੈ। ਜੂਨ 1984 ਵਿਚ ਜੋ ਵਰਤਾਰਾ ਫੌਜੀ ਹਥਿਆਰਾਂ ਨਾਲ ਵਰਤਾਇਆ ਜਾ ਰਿਹਾ ਸੀ ਉਹ ਹੁਣ ਬੁੱਧੀ ਦੇ ਹਥਿਆਰ ਨਾਲ ਵਰਤਾਇਆ ਜਾ ਰਿਹਾ ਹੈ। ਬੇਸ਼ੱਕ ਜੂਨ 1984 ਵਿਚ ਵੀ ਵੱਡੀ ਲੋੜ ਬੁੱਧੀ ਦੇ ਮੋਰਚੇ ਨੂੰ ਇਕਦਮ ਮੱਲ ਲੈਣ ਦੀ ਸੀ ਪਰ ਉਸ ਦੁਖਾਂਤ ਦਾ ਦਰਦ ਹੀ ਐਨਾ ਗੰਭੀਰ ਸੀ ਕਿ ਕੌਮ ਦੇ ਇਕ ਵੱਡੇ ਹਿੱਸੇ ਨੇ ਹਥਿਆਰਾਂ ਦਾ ਰਾਹ ਫੜ ਲਿਆ। ਦੁੱਖ ਦੀ ਗੱਲ ਇਹ ਹੈ ਕਿ ਬੁੱਧੀ ਦੀ ਜੰਗ ਲੜਣ ਲਈ ਕੋਈ ਵੱਡਾ ਜਰਨੈਲ ਮੈਦਾਨ ਵਿਚ ਨਹੀਂ ਆ ਰਿਹਾ। ਜੇ ਕੌਮ ‘ਤੇ ਹਮਲਾ ਕਰਨ ਵਾਲਿਆਂ ਦੀ ‘ਫਿਤਰਤ ਅਤੇ ਮਾਨਸਿਕਤਾ’ ਨੂੰ ਸਮਝਣਾਂ ਹੈ ਅਤੇ ਜੇ ”ਭਵਿੱਖ ਦੇ ਅਧਿਆਪਕਾਂ, ਰਾਜਨੀਤੀਵਾਨਾਂ, ਵਪਾਰੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਲੈਸ ਕਰਨਾ ਚਾਹੁੰਦੇ ਹਾਂ” ਤਾਂ ਬੁੱਧੀ ਦੇ ਮੈਦਾਨ ਵਿਚ ਵੱਡੀ ਜੰਗ ਲੜਨ ਲਈ ਯਤਨ ਕਰਨੇ ਪੈਣਗੇ। 1984 ਕੋਈ ਇਕਹਿਰੀ ਘਟਨਾ ਨਹੀਂ ਹੈ ਇਹ ਇਕ ਸਮੁੱਚਾ ਵਰਤਾਰਾ ਹੈ ਜੋ ਅੱਜ ਵੀ ਵਰਤ ਰਿਹਾ ਹੈ। 1984 ਦੇ ਵਰਤਾਰੇ ਦਾ ਕੇਂਦਰੀ ਸੋਚ ‘ਨਸਲਕੁਸ਼ੀ ਵਾਲੀ ਪਹੁੰਚ’ ਹੈ ਅਤੇ ਉਹ ਪਹੁੰਚ ਅਤੇ ਉਹੋ ਹੀ ਵਤੀਰਾ ਅੱਜ ਵੀ ਸਾਡੇ ਨਾਲ ਵਾਪਰ ਰਿਹਾ ਹੈ।
ਵਰਤਮਾਨ ਹਮਲਾ ਅਕਾਦਮਿਕ ਖੇਤਰ ਵਿਚ ਹੋ ਰਿਹਾ ਹੈ ਅਤੇ ਬਹੁਤ ਹੀ ਵਸੀਹ ਪੈਮਾਨੇ ‘ਤੇ ਹੋ ਰਿਹਾ ਹੈ। ਬੋਲੀ ਦਾ ਹਿੰਦੀਕਰਨ, ਸਭਿਆਚਾਰ ਦਾ ਹਿੰਦੀਕਰਨ, ਧਰਮ ਦੀ ਵਿਗੜੀ ਵਿਆਖਿਆ, ਸਿੱਖ ਵਿਦਵਾਨਾਂ ਲਈ ਵਿਕਾਸ ਦੇ ਸਾਰੇ ਰਾਹ ਬੰਦ ਕਰਨੇ, ਕੌਮ ਨੂੰ ਸਮੁੱਚੇ ਤੌਰ ‘ਤੇ ਰਾਜਨੀਤਕ ਵਿਸ਼ ਨਾਲ ਲਬਰੇਜ਼ ਕਰ ਦੇਣਾ, ਆਰਥਿਕ ਤਬਾਹੀ ਦੇ ਸੂਖਮ ਯਤਨ, ਮੀਡੀਆ ‘ਤੇ ਕੰਟਰੋਲ ਅਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਦੀ ਮੀਡੀਆ ਵਿਚੋਂ ਨਿਕਾਸੀ ਜਾਂ ਦਾਖਲਾ ਬੰਦ, ਗੁਰਬਾਣੀ ਦੀ ਭਾਰਤੀ ਨੇਸ਼ਨ ਸਟੇਟ ਦੇ ਸੂਤ ਬਹਿੰਦੀ ਵਿਆਖਿਆ ਅਤੇ ਇਸਦੇ ਨਾਲ ਹੀ ਹੋਰ ਬਹੁਤ ਸਾਰੇ ਮੋਰਚੇ ਹਨ ਜਿਨ੍ਹਾਂ ‘ਤੇ ਲਗਾਤਾਰ ਕੰਮ ਹੋ ਰਿਹਾ ਹੈ। ਇਨ੍ਹਾਂ ਸਾਰੇ ਯਤਨਾਂ ਦਾ ਮਕਸਦ ਉਹ ਹੀ ਹੈ ਜੋ ਜੂਨ 1984 ਵਿਚ ਸੀ ਸਮੁੱਚੇ ਦੇਸ਼ ਨੂੰ ਇਕੋ ਸਰਬਸਾਂਝੀ ਭਾਰਤੀ ਕੌਮ ਵਿਚ ਤਬਦੀਲ ਕਰਨਾ ਅਤੇ ਕੌਮੀ ਨਿਆਰੇਪਣ ਨੂੰ ਮਲੀਆਮੇਟ ਕਰਨਾ। ਸਾਮਰਾਜੀ ਤਾਕਤਾਂ ਕੌਮਾਂਤਰੀ ਪੱਧਰ ‘ਤੇ ਦੁਨੀਆਂ ਦੇ ‘ਮੈਕਡੌਲਡੀਕਰਨ’ ਦੀ ਜੋ ਮੁਹਿੰਮ ਚਲਾ ਰਹੀਆਂ ਹਨ, ਭਾਰਤੀ ਸਟੇਟ ਉਸ ਨੂੰ ‘ਹਿੰਦੀਕਰਨ’ ਦੇ ਮਾਡਲ ‘ਤੇ ਉਸਾਰ ਰਹੀ ਹੈ।

1984 ਦੇ ਵਰਤਾਰੇ ਨੇ ਸਿੱਖਾਂ ਲਈ ਸਭ ਤੋਂ ਵੱਡੀ ਚੁਣੌਤੀ ਬੌਧਿਕ ਖੇਤਰ ਵਿਚ ਪੈਦਾ ਕੀਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਿੱਖ ਇਸ ਚੁਣੌਤੀ ਦਾ ਸਾਹਮਣਾ ਕਰਨ ਦੀ ਆਪਣੀ ਸਮਰੱਥਾ ਦਾ ਹਾਲੇ ਤਕ ਮੁਜ਼ਾਹਰਾ ਨਹੀਂ ਕਰ ਸਕੇ। ਪ੍ਰਤੀਕਿਰਿਆਵਾਦੀ ਰਾਜਨੀਤੀ ਨੇ ਕੌਮ ਦੇ ਕਥਿਤ ਰਾਜਨੀਤੀਵਾਨਾਂ ਨੂੰ ਤਾਂ ਲਬੇੜਿਆ ਹੀ ਸੀ ਇਸਨੇ ਸਾਡੇ ਧਾਰਮਿਕ ਰਹਿਬਰਾਂ ਦੇ ਨਾਲ ਨਾਲ ਸਾਡੇ ਵਿਦਵਾਨਾਂ ਨੂੰ ਵੀ ਆਪਣੇ ਘਿਨਾਉਣੀ ਲਪੇਟ ਵਿਚ ਲੈ ਲਿਆ ਹੈ। ਜਿਨ੍ਹਾਂ ਵਿਦਵਾਨਾਂ ਦੀ ਜ਼ਿੰਮੇਵਾਰੀ ਬੌਧਿਕਤਾ ਦੇ ਖੇਤਰ ਵਿਚ ਆਪਣੀ ਨਿੱਜੀ ਪਹਿਚਾਣ ਦੀ ਫਿਕਰ ਛੱਡ ਕੇ ਪੁਰਜਾ ਪੁਰਜਾ ਕਟ ਮਰਨ ਦੀ ਸੀ ਉਹ ਵੀ ਟਕੇ ਟਕੇ ਦੀ ਰਾਜਨੀਤੀ ਵਿਚ ਉਲਝੇ ਹੋਏ ਹਨ।
ਇਸ ਸਮੇ ਸਿੱਖ ਕੌਮ ਸਾਹਮਣੇ ਫੌਰੀਂ ਕਾਰਜ ਬੁੱਧੀ ਦੇ ਖੇਤਰ ਵਿਚ ਜੰਗ ਲੜਣ ਦੇ ਹਨ ਜਿਵੇਂ ਐਮ.ਜੇ. ਅਕਬਰ ਨੇ ਆਖਿਆ ਹੈ। ਜੂਨ 1984 ਵਿਚ ਵੀ ਇਹ ਕਾਰਜ ਪਹਿਲੀ ਤਰਜੀਹ ਸਨ ਅਤੇ ਅੱਜ ਵੀ। ਸਭ ਤੋਂ ਪਹਿਲੀ ਲੋੜ ਹਮਲਾਵਰ ਹੋਈ ਧਿਰ ਦੀ ਫਿਤਰਤ, ਵਿਸ਼ਵਾਸ਼ਾਂ ਅਤੇ ਮਾਨਸਿਕਤਾ ਨੂੰ ਸਮਝਣ ਦੀ ਸੀ। ਬੇਸ਼ੱਕ 1984 ਤਕ, ਕੌਮ ਏਨੀ ਸੁਚੇਤ ਨਹੀਂ ਸੀ ਹੋਈ ਕਿ ਵਿਰੋਧੀ ਦੀ ਫਿਤਰਤ ਬਾਰੇ ਕੋਈ ਬੱਝਵਾਂ ਅਧਿਐਨ ਕਰ ਸਕਦੀ ਹੋਏ ਪਰ ਫਿਰ ਵੀ ਇਸ ਦਿਸ਼ਾ ਵਿਚ ਕੁਝ ਬੌਧਿਕ ਕਾਰਜ ਸਾਡੇ ਲਈ ਰਾਹ ਦਰਸਾਵੇ ਬਣ ਸਕਦੇ ਸਨ (ਅਤੇ ਹਨ)। ਸ. ਜਗਜੀਤ ਸਿੰਘ ਦੀ ਪ੍ਰਸਿੱਧ ਕਿਤਾਬ ‘ਸਿੱਖ ਇਨਕਲਾਬ’ ਇਸ ਦਿਸ਼ਾ ਵਿਚ ਸਿੱਖਾਂ ਲਈ ਦਾਰਸ਼ਨਿਕ ਮਾਰਗਦਰਸ਼ਕ ਹੋ ਸਕਦੀ ਹੈ। ਇਸ ਦੇ ਨਾਲ ਹੀ ਡਾਕਟਰ ਸਾਧੂ ਸਿੰਘ ‘ਹਮਦਰਦ’ ਦੀ ਪ੍ਰਸਿੱਧ ਕਿਤਾਬ ‘ਯਾਦ ਬਣੀ ਇਤਿਹਾਸ’ ਇਸ ਮਾਮਲੇ ਵਿਚ ਸਿੱਖ ਵਿਦਵਾਨਾਂ ਨੂੰ ਵਿਰੋਧੀ ਦੀ ਫਿਤਰਤ ਸਮਝਾਉਣ ਲਈ ਕਾਫੀ ਲਾਹੇਵੰਦੀ ਹੋ ਸਕਦੀ ਹੈ। ਇਸਦੇ ਨਾਲ ਹੀ ਸ. ਅਜੀਤ ਸਿੰਘ ਸਰਹੱਦੀ ਦੀ ਕਿਤਾਬ, ‘ਪੰਜਾਬੀ ਸੂਬੇ ਦਾ ਇਤਿਹਾਸ’ ਵੀ ਕਾਫੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
1984 ਦੇ ਘੱਲੂਘਾਰੇ ਨੇ ਭਾਰਤ ਵਿਚ ਕੌਮਵਾਦ ਦੇ ਸੰਕਲਪ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਸੀ। ਕੌਮਾਂ ਦੇ ਨਿਆਰੇਪਣ ਅਤੇ ਪਵਿੱਤਰ ਰਹੁਰੀਤਾਂ ‘ਤੇ ਇਹ ਇਕ ਬੱਝਵਾਂ ਹਮਲਾ ਸੀ ਅਤੇ ਫੌਰੀਂ ਤੌਰ ‘ਤੇ ਕੌਮਵਾਦ ਦੇ ਸੰਕਲਪ ਬਾਰੇ ਫੌਰੀਂ ਖੋਜ ਅਰੰਭ ਹੋਣੀ ਚਾਹੀਦੀ ਸੀ। ਬੇਸ਼ੱਕ ਪਿਛਲੇ 20-25 ਸਾਲਾਂ ਤੋਂ ਭਿਆਨਕ ਦੌਰ ਨੇ ਕੌਮ ਨੂੰ ਫੌਜੀ ਟੱਕਰ ਵਿਚ ਉਲਝਾਈ ਰੱਖਿਆ ਪਰ ਹੁਣ ਵੀ ਇਸ ਦਿਸ਼ਾ ਵਿਚ ਕੋਈ ਵੱਡਾ ਬੌਧਿਕ ਕਾਰਜ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਧਾਰਮਿਕ ਖੇਤਰ ਵਿਚ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਅਤੇ ਰਾਜਸੀ ਸਮਾਜਕ ਖੇਤਰ ਵਿਚ ਸ. ਅਜਮੇਰ ਸਿੰਘ ਨੇ ਇਸ ਮਸਲੇ ਬਾਰੇ ਕੁਝ ਯਤਨ ਕੀਤੇ ਪਰ ਜਿੰਨਾ ਵੱਡਾ ਮਸਲਾ ਅਤੇ ਖਤਰਾ ਦਰਪੇਸ਼ ਹੈ ਇਹ ਯਤਨ ਉਸਦੇ ਸਾਹਮਣੇ ਬਹੁਤ ਨਿਗੂਣੇ ਹਨ। ਹੁਣ ਤਕ ਚਾਹੀਦਾ ਤਾਂ ਇਹ ਸੀ ਕਿ ਕੌਮਵਾਦ ਦੇ ਸੰਕਲਪ ਬਾਰੇ ਸੈਂਕੜੇ ਕਿਤਾਬਾਂ ਅਤੇ ਖੋਜ ਕਾਰਜ ਸਾਡੇ ਸਾਹਮਣੇ ਪਏ ਹੁੰਦੇ। ਸਿਰਫ ਕੌਮਵਾਦ ਬਾਰੇ ਹੀ ਨਹੀਂ ਬਲਕਿ ਨਸਲਕੁਸ਼ੀ ਬਾਰੇ, ਇਸ ਦੀਆਂ ਵੱਖ ਵੱਖ ਕਿਸਮਾਂ ਬਾਰੇ, ਬੌਧਿਕ, ਸਮਾਜਿਕ, ਧਾਰਮਿਕ, ਸਭਿਆਚਾਰਕ, ਰੂਹਾਨੀ ਅਤੇ ਆਰਥਿਕ, ਸਮਾਜਿਕ ਨਸਲਕੁਸ਼ੀ ਬਾਰੇ ਬਹੁਤ ਦਿਸ਼ਾਵਾਂ ਤੋਂ ਬੌਧਿਕ ਕਾਰਜ ਕੀਤੇ ਜਾ ਸਕਦੇ ਹਨ ਅਤੇ ਸਿੱਖ ਕੌਮ ਦੀ ਸਥਿਤੀ ਦੇ ਸਨਮੁਖ ਉਸ ਸਬੰਧੀ ਅਕਾਦਮਿਕ ਬਹਿਸ ਤੋਰੀ ਜਾ ਸਕਦੀ ਹੈ।
ਪਰ ਹਾਲੇ ਤਕ ਕੌਮ ਦੀ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਵਿਦਵਾਨਾਂ ਵਲੋਂ ਅਜਿਹਾ ਕੋਈ ਵੱਡਾ ਬੌਧਿਕ ਕਾਰਜ ਹੋਇਆ ਨਜ਼ਰ ਨਹੀਂ ਆ ਰਿਹਾ। ਇਸ ਸਬੰਧੀ ਦੱਖਣੀ ਭਾਰਤ ਦੇ ਵਿਦਵਾਨਾਂ ਵਲੋਂ ਕਾਫੀ ਉੱਚ ਪੱਧਰ ਦਾ ਕਾਰਜ ਕੀਤਾ ਜਾ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਸਮਾਜ ਸ਼ਾਸਤਰੀ ਜੀ ਔਲੀਏਸ਼ ਦੀ ਕਿਤਾਬ ”Nationalism without a Nation in 9ndia” ਇਸਦੀ ਉਤਮ ਮਿਸਾਲ ਹੈ। ਬੌਧਿਕਤਾ ਦੇ ਖੇਤਰ ਵਿਚ ਜੀ ਔਲੀਏਸ਼ ਨੇ ਸਰਬਸਾਂਝੀ ਭਾਰਤੀ ਕੌਮ ਦੇ ਸੰਕਲਪ ਦਾ ਜਿੰਨੀ ਡੂੰਘਾਈ ਨਾਲ ਅਧਿਐਨ ਕੀਤਾ ਹੈ ਅਤੇ ਜਿੰਨੀ ਦ੍ਰਿੜ੍ਹਤਾ ਨਾਲ ਬ੍ਰਾਹਮਣੀ ਨੇਸ਼ਨ ਸਟੇਟ ਦੇ ਸੰਕਲਪ ਦੇ ਕਿੰਗਰੇ ਢਾਹੇ ਹਨ ਉਹ ਇਕ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ। ਸਿੱਖ ਵਿਦਵਾਨਾਂ ਲਈ ਉਹ ਕਿਤਾਬ ਰਾਹ ਦਰਸਾਵਾ ਹੋ ਸਕਦੀ ਹੈ ਅਤੇ ਉਸ ਪੱਧਰ ‘ਤੇ ਵੱਡੇ ਬੌਧਿਕ ਕਾਰਜ ਕੀਤੇ ਜਾ ਸਕਦੇ ਹਨ। ਇਸਦੇ ਨਾਲ ਹੀ ਘੱਟਗਿਣਤੀ ਕੌਮਾਂ ਦੇ ਇਤਿਹਾਸ ਨਾਲ ਛੇੜਛਾੜ ਕਰਕੇ ਉਸਨੂੰ ਸਰਬਸਾਂਝੀ ਭਾਰਤੀ ਕੌਮ ਦੇ ਸਾਂਚੇ ਵਿਚ ਫਿੱਟ ਕਰਨ ਦੇ ਯਤਨਾਂ ‘ਇਤਿਹਾਸਕ ਨਸਲਕੁਸ਼ੀ’ ਦੇ ਵਰਤਾਰੇ ਦਾ ਪ੍ਰਸਿੱਧ ਪੱਤਰਕਾਰ ਬਰਿੱਜ ਰੰਜਨ ਮਨੀ ਦੀ ਕਿਤਾਬ ”4ebrahmanising 8istory (4ominance and Resistance in 9ndian Society)” ਬਹੁਤ ਹੀ ਸੰਵੇਦਨਸ਼ੀਲ ਅਧਿਐਨ ਕਰਦੀ ਹੈ। ਇਸ ਕਿਤਾਬ ਵਿਚ ਵਿਦਵਾਨ ਲੇਖਕ ਨੇ ਬ੍ਰਾਹਮਣਵਾਦੀ ਗਲਬੇ ਦੀਆਂ ਇਤਿਹਾਸਕ ਜੜ੍ਹਾਂ ਤੋਂ ਲੈ ਕੇ ਮੁਕਤੀ ਲਹਿਰਾਂ ਅਤੇ ਬਸਤੀਵਾਦੀ ਭਾਰਤ ਵਿਚ ਪੈਦਾ ਹੋਏ ਬ੍ਰਾਹਮਣੀ ਰਾਸ਼ਟਰਵਾਦ ਦੇ ਉਭਾਰ ਦੇ ਨਾਲ ਨਾਲ ਸੱਤਾ ਦੀ ਰਾਜਨੀਤੀ ਦੇ ਬ੍ਰਾਹਮਣੀ ਤੱਤ ਦਾ ਗੰਭੀਰ ਅਧਿਐਨ ਕਰਕੇ ਸਪਸ਼ਟ ਖੁਲਾਸੇ ਕੀਤੇ ਹਨ।
ਹਾਲਾਂਕਿ ਇਸ ਕਿਸਮ ਦੇ ਕਾਰਜ ਸਿੱਖਾਂ ਵਲੋਂ ਹੋਣੇ ਚਾਹੀਦੇ ਸਨ ਕਿਉਂਕਿ ਭਾਰਤੀ ਸਟੇਟ ਦੇ ਨਸਲਕੁਸ਼ੀ ਵਾਲੇ ਨਿਜ਼ਾਮ ਦੇ ਅਸਲੀ ਸ਼ਿਕਾਰ ਤਾਂ ਸਿੱਖ ਹੀ ਹੋਏ ਸਨ ਤੇ ਹੋ ਰਹੇ ਹਨ।ਹੁਣ ਜਦੋਂ 1984 ਦੇ ਨਸਲਕੁਸ਼ੀ ਵਾਲੇ ਵਰਤਾਰੇ ਦਾ ਨਵਾਂ ਰੂਪ ਆਪਣਾ ਫਨ ਖਿਲਾਰ ਕੇ ਖੜ੍ਹਾ ਹੈ ਅਤੇ ਜਦੋਂ ਸਿੱਖ ਕੌਮ ਹਥਿਆਰਾਂ ਦੀ ਲੜਾਈ ਤੋਂ ਅੱਗੇ ਲੰਘ ਆਈ ਹੈ ਇਸ ਵੇਲੇ ਆਪਣੇ ਵਿਰੋਧੀ ਦੀ ਨੀਅਤ ਅਤੇ ਫਿਤਰਤ ਨੂੰ ਸਮਝਣ ਲਈ ਅਜਿਹੇ ਖੋਜ ਕਾਰਜ ਸਿੱਖਾਂ ਦੇ ਸੰਦਰਭ ਵਿਚ ਕੀਤੇ ਜਾਣੇ ਚਾਹੀਦੇ ਹਨ। ਸੰਸਾਰ ਪੱਧਰ ‘ਤੇ ਨਸਲਕੁਸ਼ੀ ਦੇ ਨਵੇਂ ਰੂਪਾਂ ਬਾਰੇ ਵੱਡੀ ਪੱਧਰ ‘ਤੇ ਖੋਜ ਅਤੇ ਅਧਿਐਨ ਕਾਰਜ ਹੋ ਰਹੇ ਹਨ ਇਸ ਦਿਸ਼ਾ ਵਿਚ ਬਹੁਤ ਹੀ ਬਹੁਮੁੱਲੀਆਂ ਕਿਤਾਬਾਂ ਅਤੇ ਦਸਤਾਵੇਜ ਸਾਡੇ ਸਾਹਮਣੇ ਆ ਰਹੇ ਹਨ।
ਇਸ ਸਬੰਧ ਵਿਚ ਪ੍ਰਸਿੱਧ ਇਤਿਹਾਸਕਾਰ ਇਲਾਨ ਪਾਪੇ ਦੀ ਰਚਨਾ ”he 5thinic 3leanising of Palestine” ਦਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਜਾ ਸਕਦਾ ਹੈ। ਕਰੜੀ ਮਿਹਨਤ ਨਾਲ ਲਿਖੀ ਗਈ ਇਸ ਬਹੁਮੁੱਲੀ ਕਿਤਾਬ ਵਿਚ ਵਿਦਵਾਨ ਲੇਖਕ ਨੇ ਨਸਲਕੁਸ਼ੀ ਦੀਆਂ ਕਿਸਮਾਂ, ਆਧੁਨਿਕ ਯੁੱਗ ਵਿਚ ਨਸਲਕੁਸ਼ੀ ਦੇ ਢੰਗਾਂ ਦੇ ਨਾਲ ਨਾਲ ਹਮਲਾਵਰ ਫੌਜਾਂ ਦੀ ਬਿਰਤੀ ਤੇ ਫਿਤਰਤ ਦਾ ਗੰਭੀਰ ਮੁਤਾਲਿਆ ਕੀਤਾ ਹੈ। ਫੌਜੀ ਕਤਲੋਗਾਰਤ ਦੇ ਨਾਲ ਨਾਲ ਬਹੁਤ ਹੀ ਮਹੀਨ ਕਨੂੰਨੀ ਢੰਗਾਂ ਨਾਲ ਕਿਸੇ ਦੇਸ਼ ਦੇ ਇਕ ਹਿੱਸੇ ਨੂੰ ਇਕ ਖਾਸ ਕੌਮ ਲਈ ਵਿਰਵਾ ਕਰ ਦੇਣ ਦੇ ਵਰਤਾਰੇ ਦਾ ਇਲਾਨ ਪਾਪੇ ਨੇ ਪਾਜ ਉਘੇੜਿਆ ਹੈ। ਸਿੱਖ ਨਸਲਕੁਸ਼ੀ ਸਬੰਧੀ ਖੋਜ ਕਰ ਰਹੇ ਵਿਦਿਆਰਥੀਆਂ ਲਈ ਇਹ ਕਿਤਾਬ ਬਹੁਮੁੱਲੀ ਹੋ ਸਕਦੀ ਹੈ।
ਇਸਦੇ ਨਾਲ ਹੀ ਜੇਮਜ਼ ਸੀ ਸਕਾਟ ਦੀ ਕਿਤਾਬ ”4omination and the 1rts of Resistance” ਦਾਬੇ ਅਤੇ ਅਰਧ ਗ਼ੁਲਾਮੀ ਦੀ ਜੂਨ ਹੰਢਾ ਰਹੀਆਂ ਕੌਮਾਂ ਦੇ ਮਨੋਭਾਵਾਂ ਅਤੇ ਰਾਜਸੀ ਇਛਾਵਾਂ ਦੀ ਥਾਹ ਪਾਉਂਦੀ ਹੈ। ਉਸਦੀ ਦੂਜੀ ਕਿਤਾਬ ”he 1rt of not being 7overned” ਵੀ ਦਾਬੇ ਅਤੇ ਰਾਜਸੀ ਗ਼ੁਲਾਮੀ ਦਾ ਜੂਲਾ ਆਪਣੇ ਗਲ ਪਵਾਉਣ ਤੋਂ ਆਕੀ ਕੌਮਾਂ ਦੀ ਦਿਲ ਟੁੰਬਵੀਂ ਦਾਸਤਾਨ ਹੈ। ਜੇਮਜ਼ ਸੀ ਸਕਾਟ ਅਮਰੀਕਾ ਦੀ ਯੇਲ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਹਨ ਅਤੇ ਗ਼ੁਲਾਮ ਕੌਮਾਂ ਦੀਆਂ ਭਾਵਨਾਵਾਂ ਬਾਰੇ ਲਗਾਤਾਰ ਖੋਜ ਕਰ ਰਹੇ ਹਨ।
ਸਭਿਆਚਾਰਕ ਦਾਬੇ ਅਤੇ ਸਾਮਰਾਜੀ ਤਾਕਤਾਂ ਦੇ ਵਿਚਾਰਧਾਰਕ ਹਮਲੇ ਦੀਆਂ ਜੜ੍ਹਾਂ ਐਡਵਰਡ ਐਚ ਸਈਅਦ ਨੇ ਫੜੀਆਂ ਹਨ ਉਹ ਸਾਮਰਾਜੀ ਤਾਕਤਾਂ ਵਲੋਂ ਸਮੁੱਚੀ ਦੁਨੀਆਂ ਦੇ ਸਭਿਆਚਾਰਾਂ ਨੂੰ ਮਲੀਆਮੇਟ ਕਰਕੇ ਇਕੋ ਰੰਗ ਦੇ ਸਭਿਆਚਾਰ ਦਾ ਛੱਟਾ ਦੇਣ ਦੀਆਂ ਰਾਜਸੀ, ਫੌਜੀ ਅਤੇ ਵਿਚਾਰਧਾਰਕ ਕਾਰਵਾਈਆਂ ਦਾ ਪਾਜ ਆਪਣੀ ਪੁਸਤਕ ”3ulture and 9mperialism” ਵਿਚ ਉਘੇੜਦਾ ਹੈ। ਭਾਰਤ ਨੂੰ ਇਕੋ ਸਰਬਸਾਂਝੀ ਕੌਮ ਦੇ ਤੌਰ ‘ਤੇ ਸਿਰਜਣ ਦੀਆਂ ਚਾਹਵਾਨ ਤਾਕਤਾਂ ਵੀ ਉਸੇ ਢੰਗ ਨਾਲ ਘੱਟ ਗਿਣਤੀ ਕੌਮਾਂ ‘ਤੇ ਆਪਣਾ ਤਾਜ਼ਾ ਹਮਲਾ ਕਰ ਰਹੀਆਂ ਹਨ।ਇਸਦੀ ਮਿਸਾਲ ਕੈਨੇਡਾ ਦੀ ਇਕ ਯੂਨੀਵਰਸਿਟੀ ਵਿਚ ਇਕ ਸਿੱਖ ਚੇਅਰ ਦੀ ਸਥਾਪਤੀ ਹੈ ਦੀ ਹੈ। ਕੈਨੇਡੀਅਨ ਯੂਨੀਵਰਸਿਟੀ ਵਿਚ ਸਥਾਪਤ ਹੋਈ ਸਿੱਖ ਚੇਅਰ ਦੇ ਮੁਖੀ ਦੀ ਭਾਰਤ ਸਰਕਾਰ ਨੇ ਉਦੋਂ ਤਕ ਨਿਯੁਕਤੀ ਨਹੀਂ ਹੋਣ ਦਿੱਤੀ ਜਦੋਂ ਤਕ ਉਸ ਨੂੰ ਅਜਿਹਾ ਵਿਦਵਾਨ ਨਹੀਂ ਮਿਲ ਗਿਆ ਜੋ ਸਿੱਖੀ ਅਤੇ ਗੁਰਬਾਣੀ ਦੀ ਵਿਆਖਿਆ ਭਾਰਤੀ ਨੇਸ਼ਨ ਸਟੇਟ ਦੇ ਵੱਡੇ ਪ੍ਰਾਜੈਕਟ ਅਨੁਸਾਰ ਕਰ ਸਕਦਾ ਹੋਵੇ। ਇਕ ਵਿਦੇਸ਼ੀ ਯੂਨੀਵਰਸਿਟੀ ਵਿਚ ਕਿਸੇ ਮੁਖੀ ਦੀ ਨਿਯੁਕਤੀ ਲਈ ਜੇ ਭਾਰਤੀ ਸਟੇਟ ਏਨੀ ਸੰਵੇਦਨਸ਼ੀਲ ਹੋ ਸਕਦੀ ਹੈ ਫਿਰ ਭਾਰਤੀ ਅਦਾਰਿਆਂ ਵਿਚ ਸੰਵੇਦਨਸ਼ੀਲ ਥਾਵਾਂ ‘ਤੇ ਨਿਯੁਕਤੀਆਂ ਕਿਵੇਂ ਹੁੰਦੀਆਂ ਹੋਣਗੀਆਂ ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ।
ਸੈਮੂਅਲ ਹਟਿੰਗਟਨ ਨੇ ਸੰਨ 1993 ਵਿਚ ਆਪਣੀ ਰਚਨਾ ”3lash of 3ivili੍ਰation” ਨਾਲ ਇਸਲਾਮ ਅਤੇ ਇਸਾਈਅਤ ਦੀ ਟੱਕਰ ਦੀ ਵਿਚਾਰਧਾਰਕ ਨੀਂਹ ਰੱਖ ਦਿੱਤੀ ਸੀ ਪਰ ਕੋਈ ਸਿੱਖ ਵਿਦਵਾਨ ਸਭਿਆਤਾਵਾਂ ਦੇ ਇਸ ਭੇੜ ਵਿਚ ਸਿੱਖ ਸਭਿਅਤਾ ਦੇ ਭਵਿੱਖ ਦੀ ਬਾਤ ਨਾ ਪਾ ਸਕਿਆ ਕਿਉਂਕਿ 1984 ਦੇ ਸਾਕੇ ਨੂੰ ਰੌਸ਼ਨੀ ਦੀ ਮਸ਼ਾਲ ਵਾਂਗ ਬਾਲਣ ਦਾ ਚਾਅ ਅਤੇ ਉਮੰਗ ਸਾਡੇ ਵਿਚ ਪੈਦਾ ਨਹੀਂ ਹੋ ਰਹੀ। ਪ੍ਰਸਿੱਧ ਪੱਤਰਕਾਰ ਰਾਬਰਟ ਫਿਕਸ ਨੇ ”“he 7reat War for 3ivili੍ਰation” ਨਾਲ ਮੱਧ ਪੂਰਬ ਦੇ ਸੰਕਟ ਨਾਲ ਸੰਸਾਰ ਭਰ ‘ਤੇ ਪੈ ਰਹੇ ਅਸਰਾਂ ਦਾ ਮੁਤਾਲਿਆ ਕੀਤਾ ਹੈ ਨਸਲਕੁਸ਼ੀ ਬਾਰੇ ਖੋਜ ਕਰ ਰਹੇ ਜਾਂ ਖੋਜ ਕਰਨ ਦੇ ਚਾਹਵਾਨ ਸਿੱਖ ਵਿਦਿਆਰਥੀਆਂ ਲਈ ਇਹ ਪੁਸਤਕ ਬਹੁਮੁੱਲੀ ਸਾਬਤ ਹੋ ਸਕਦੀ ਹੈ।
ਸਿੱਖ ਲਗਾਤਾਰ ਇਹ ਆਖ ਰਹੇ ਹਨ ਕਿ ਭਾਰਤੀ ਸਟੇਟ ਨੇ ਸਾਡੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੈ ਪਰ ਅਸੀਂ ਇਸ ਖੇਤਰ ਵਿਚ ਵੀ ਸਿਰਫ ਪ੍ਰਤੀਕਿਰਿਆਵਾਦੀ ਪਹੁੰਚ ਤੋਂ ਅੱਗੇ ਨਹੀਂ ਵਧ ਸਕੇ। ਠੀਕ ਹੈ ਕਿ ਪਿਛਲੇ ਸਮੇਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਲਹਿਰ ਵੀ ਇਕ ਜੰਗ ਦੀ ਸਥਿਤੀ ਵਿਚ ਰਹੀ ਹੈ ਪਰ ਉਸ ਜੰਗ ਤੋਂ ਬਾਅਦ ਵੀ ਕਾਨੂੰਨ ਦੇ ਕਿਸੇ ਸਿੱਖ ਵਿਦਿਆਰਥੀ ਦਾ ਅਜਿਹਾ ਖੋਜ ਕਾਰਜ ਸਾਹਮਣੇ ਨਹੀਂ ਆਇਆ ਜਿਹੋ ਜਿਹਾ ਜੈਫਰੀ ਰੌਬਰਟਸਨ ਦਾ ਆਇਆ ਹੈ। ਲੰਡਨ ਦੇ ਲਾਅ ਸਕੂਲ ਵਿਚ ਪ੍ਰੋਫੈਸਰ ਅਤੇ ਇੰਗਲੈਂਡ ਦੇ ਪ੍ਰਸਿੱਧ ਵਕੀਲ ਜੈਫਰੀ ਰੌਬਰਟਸਨ ਨੇ ਆਪਣੀਆਂ ਦੋ ਪ੍ਰਸਿੱਧ ਕਿਤਾਬਾਂ ਨਾਲ ਮਨੁੱਖੀ ਅਧਿਕਾਰਾਂ ਦੀ ਲਹਿਰ ਨੂੰ ਸੰਸਾਰ ਪੱਧਰੀ ਮਾਨਤਾ ਅਤੇ ਵਿਆਖਿਆ ਪ੍ਰਦਾਨ ਕਰ ਦਿੱਤੀ ਹੈ। ਆਪਣੀ ਪਹਿਲੀ ਕਿਤਾਬ ”3rimes 1gainst 8umanity” ਰਾਹੀਂ ਉਨ੍ਹਾਂ ਨੇ ਸੰਸਾਰ ਭਰ ਵਿਚ ਸਰਕਾਰਾਂ ਵਲੋਂ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਦਾਰਸ਼ਨਿਕ ਵਿਆਖਿਆ ਪੇਸ਼ ਕੀਤੀ ਹੈ। ਜੋ ਹਰ ਹੈਂਕੜੀ ਬਿਰਤੀ ਵਾਲੀ ਸਰਕਾਰ ‘ਤੇ ਲਾਗੂ ਹੁੰਦੀ ਹੈ। ਹੁਣ ਆਪਣੀ ਇਕ ਹੋਰ ਕਿਤਾਬ ”he Justice 7ame” ਰਾਹੀਂ ਉਨ੍ਹਾਂ ਨੇ ਅਜਿਹੇ ਅਦਾਲਤੀ ਫੈਸਲਿਆਂ ਦਾ ਜ਼ਿਕਰ ਕੀਤਾ ਹੈ ਜੋ ਕਾਨੂੰਨ ਦੇ ਮਾਪਦੰਡ ਤੋਂ ਨਹੀਂ ਵਿਚਾਰੇ ਗਏ ਬਲਕਿ ਰਾਜਨੀਤੀ ਦੇ ਮਾਪਦੰਡਾਂ ਨਾਲ ਵੇਖੇ ਪਰਖੇ ਗਏ ਅਤੇ ਉਸੇ ਮਾਪਦੰਡ ਨਾਲ ਹੀ ਉਨ੍ਹਾਂ ਕੇਸਾਂ ਦੇ ਫੈਸਲੇ ਹੋਏ। ਸਿੱਖਾਂ ਨਾਲ ਇਹ ਕੁਝ ਪਿਛਲੇ ਤਿੰਨ ਦਹਾਕਿਆਂ ਤੋਂ ਵਰਤਦਾ ਆ ਰਿਹਾ ਹੈ ਅਤੇ ਕਾਨੂੰਨ ਦੇ ਸਿੱਖ ਵਿਦਿਆਰਥੀ ਸਿੱਖਾਂ ਦੇ ਸੰਦਰਭ ਵਿਚ ਹੋਏ ਅਦਾਲਤੀ ਫੈਸਲਿਆਂ ਦੇ ਰਾਜਸੀ ਪੱਖ ਨੂੰ ਵਿਦਵਤਾ ਭਰੇ ਢੰਗ ਨਾਲ ਉਭਾਰ ਸਕਦੇ ਹਨ। ਇਸੇ ਦਿਸ਼ਾ ਵਿਚ ਪਾਮੇਲਾ ਬਰੋਗਨ ਦੀ ਕਿਤਾਬ ”he torturers lobby: 8ow human rights-abusing nations are represented in Washington” ਨੂੰ ਰੱਖਿਆ ਜਾ ਸਕਦਾ ਹੈ। ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਬਾਵਜੂਦ ਭਾਰਤ ਸਰਕਾਰ ਨੂੰ ਅਮਰੀਕਾ ਤੇ ਕੌਮਾਂਤਰੀ ਸੰਸਥਾਵਾਂ ਵਿਚ ਜੋ ਮਾਣ ਸਤਿਕਾਰ ਮਿਲਦਾ ਰਿਹਾ ਹੈ ਉਸ ਦਾ ਵੀ ਅਧਿਐਨ ਕੀਤਾ ਜਾ ਸਕਦਾ ਹੈ।
ਸੰਸਾਰ ਪੱਧਰ ‘ਤੇ ਨਸਲਕੁਸ਼ੀਆਂ ਦਾ ਵਰਤਾਰਾ ਹੁਣ ਬਹੁਤ ਮਹੀਨ ਅਤੇ ਸੱਭਿਅਕ ਹੋ ਗਿਆ ਹੈ। ਟੋਵ ਸਕੂਟਨਾਵ ਕੈਨਗਸ ਨੇ ਇਸ ਮਹੀਨ ਅਤੇ ਸੱਭਿਅਕ ਵਰਤਾਰੇ ਦੀ ਚੀਰਫਾੜ ਆਪਣੀ ਸੰਸਾਰ ਪ੍ਰਸਿੱਧ ਰਚਨਾ ”Linguistic 7enocide in 5ducation” ਵਿਚ ਕੀਤੀ ਹੈ। ਸੰਸਾਰ ਭਰ ਦੀਆਂ ਬੋਲੀਆਂ ਬਾਰੇ ਸਮਝ ਰੱਖਣ ਵਾਲੀ ਇਸ ਬੀਬੀ ਦਾ ਆਖਣਾ ਹੈ ਕਿ ਪੂਰੀ ਦੁਨੀਆਂ ਵਿਚ ਬਹੁਗਿਣਤੀ ਵਾਲੀਆਂ ਸਰਕਾਰਾਂ ਅਤੇ ਤਾਕਤਾਂ ਘੱਟਗਿਣਤੀ ਦੀਆਂ ਬੋਲੀਆਂ ਦੀ ਨਸਲਕੁਸ਼ੀ ਕਰ ਰਹੀਆਂ ਹਨ ਤਾਂ ਕਿ ਭਵਿੱਖ ਵਿਚ ਬੋਲੀ ਦੇ ਆਧਾਰ ‘ਤੇ ਵੱਖਰੇ ਮੁਲਕ ਬਣਾਉਣ ਦੀ ਮੰਗ ਨੂੰ ‘ਸੱਭਿਅਕ’ ਤਰੀਕੇ ਨਾਲ ਹੀ ਖਤਮ ਕਰ ਦਿੱਤਾ ਜਾਵੇ।

ਅਸੀਂ ਇਸੇ ਲੇਖ ਵਿਚ ਉਪਰ ਜ਼ਿਕਰ ਕਰ ਆਏ ਹਾਂ ਕਿ 1984 ਦੇ ਸਾਕੇ ਤੋਂ ਬਾਅਦ ਸਿੱਖ ਕੌਮ ਰੂਹਾਨੀ ਨਾਲੋਂ ਰਾਜਨੀਤਕ ਵੱਧ ਹੋ ਗਈ ਹੈ। ਅਸਲ ਵਿਚ ਇਹ ਵੀ ਕੌਮ ਦਾ ਸਿਰਫ ਆਪਣਾ ਕਸੂਰ ਨਹੀ ਹੈ ਕੌਮ ਦੀ ਮਾਨਸਿਕਤਾ ਨੂੰ ਭਟਕਾਉਣ ਦੇ ਸੁਚੇਤ ਰੂਪ ਵਿਚ ਵੱਡੇ ਯਤਨ ਹੋ ਰਹੇ ਹਨ ਜਿਨ੍ਹਾਂ ਦੀ ਥਾਹ ਪਾਉਣੀ ਸਿੱਖ ਵਿਦਵਾਨਾਂ ਲਈ ਵੱਡੀ ਚੁਣੌਤੀ ਹੈ। ਬੇਸ਼ੱਕ ਸੰਸਾਰ ਭਰ ਵਿਚ ਅਜਿਹੀ ‘ਸੱਭਿਆਚਾਰ ਅਤੇ ਮਾਨਸਿਕ ਨਸਲਕੁਸ਼ੀ’ ਦੇ ਸਬੰਧ ਵਿਚ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਹਨ ਪਰ ਫਰਾਂਸਿਸ ਸਟੌਨਰ ਸੌਂਡਰਸ ਦੀ ਕਿਤਾਬ ”Who Paid the Piper” ਇਸ ਸਬੰਧੀ ਬਹੁਮੁਲੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਇਹ ਕਿਤਾਬ ਅਮਰੀਕੀ ਸੂਹੀਆ ਏਜੰਸੀ ਸੀ.ਆਈ.ਏ. ਵਲੋਂ ਯੂਰਪ ਵਿਚ ਕੀਤੇ ”3ultural 3old War” ਦੇ ਤਜ਼ਰਬੇ ‘ਤੇ ਅਧਾਰਤ ਹੈ ਜਿਸ ਰਾਹੀਂ ਅਮਰੀਕਾ ਨੇ ਯੂਰਪੀ ਲੋਕਾਂ ਦੀ ਮਾਨਸਿਕਤਾ ਨੂੰ ਤਬਦੀਲ ਕਰਨ ਦਾ ਯਤਨ ਕੀਤਾ ਸੀ।
ਨਸਲਕੁਸ਼ੀ ਅਤੇ ਕੌਮਵਾਦ ਦੇ ਸੰਕਲਪ ਸਬੰਧੀ ਉਪਰੋਕਤ ਕੁਝ ਕੁ ਕਿਤਾਬਾਂ ਦਾ ਵੇਰਵਾ ਦੇਣ ਤੋਂ ਸਾਡਾ ਭਾਵ ਉਸ ਬੌਧਿਕ ਚੁਣੌਤੀ ਦੀ ਵਿਆਖਿਆ ਕਰਨਾ ਹੈ ਜੋ 1984 ਦੇ ਵਰਤਾਰੇ ਨੇ ਸਿੱਖ ਕੌਮ ਦੇ ਸਾਹਮਣੇ ਪੇਸ਼ ਕੀਤੀ ਹੈ। ਇਸ ਵੇਲੇ ਕੌਮ ਦੇ ਜ਼ਿੰਮੇਵਾਰ ਹਿੱਸੇ ਲਈ ਸਰਪੰਚੀਆਂ ਪੰਚੀਆਂ ਦੀ ਪੱਧਰ ਦੀਆਂ ਲੰਗੜੀਆਂ ਜਿਹੀਆਂ ਕੁਰਸੀਆਂ ਪਿੱਛੇ ਲੜ ਮਰਨ ਦੀ ਲੋੜ ਨਹੀਂ ਹੈ ਬਲਕਿ ਇਕ ਵੱਡੇ ਸੱਚ ਦੀ ਭਾਲ ਅਤੇ ਵਿਆਖਿਆ ਲਈ ਪੁਰਜਾ ਪੁਰਜਾ ਕਟ ਮਰਨ ਦਾ ਸਮਾਂ ਹੈ ਤਾਂ ਕਿ 1984 ਦੇ ਵਰਤਾਰੇ ਨੂੰ ਰੌਸ਼ਨੀ ਵਿਚ ਬਦਲਿਆ ਜਾ ਸਕੇ।
ਅਖਬਾਰਾਂ ਜਾਂ ਰਸਾਲਿਆਂ ਵਿਚ ਕੀ ਆ ਰਿਹਾ ਹੈ ਜਾਂ ਟੀ.ਵੀ. ਸਾਨੂੰ ਕੀ ਪਰੋਸ ਰਹੇ ਹਨ ਇਸ ਸਭ ਕੁਝ ਤੋਂ ਪਾਸਾ ਵੱਟ ਕੇ ਸਾਨੂੰ ਆਪਣੇ ਸਿਰਫ ਆਪਣੇ ਸੱਚ ਦੀ ਖੋਜ ਕਰਨੀ ਪਵੇਗੀ। ਕਿਉਂਕਿ ਭਾਸ਼ਾ ਅਤੇ ਸੱਭਿਆਚਾਰਕ ਨਸਲਕੁਸ਼ੀ ਦੇ ਸਭ ਤੋਂ ਪ੍ਰਮੁੱਖ ਏਜੰਟ ਹਨ, ”ਜਾਣਕਾਰੀ ਫੈਲਾਉਣ ਵਾਲੀ ਸਨਅਤ, ਰਸਮੀ ਵਿਦਿਅਕ ਢਾਂਚਾ ਅਤੇ ਮੀਡੀਆ”। ਸਿੱਖ ਕੌਮ ਨੂੰ ਇਨ੍ਹਾਂ ਏਜੰਟਾਂ ਦੀਆਂ ਇੱਛਾਵਾਂ ਤੋਂ ਪਾਰ ਦੇਖਣ ਦੀ ਸਮਰੱਥਾ ਪੈਦਾ ਕਰਨੀ ਪਵੇਗੀ।
ਐਡਵਰਡ ਐਚ ਸਈਅਦ ਨੇ ਆਪਣੇ ਲੇਖ ‘ਬੁੱਧੀਜੀਵੀਆਂ ਦੀ ਭੂਮਿਕਾ’ ਵਿਚ ਆਖਿਆ ਹੈ ”ਬੁੱਧੀਜੀਵੀ ਨਾ ਤਾਂ ਸੁਲ੍ਹਾਨਾਮ ਾ ਕਰਨ ਵਾਲਾ ਹੋਵੇ ਨਾ ਆਮ ਸਹਿਮਤੀ ਬਣਾਉਣ ਵਾਲਾ ਬਲਕਿ ਬੁੱਧੀਜੀਵੀ ਅਜਿਹਾ ਹੋਣਾ ਚਾਹੀਦਾ ਹੈ ਜਿਸਦਾ ਸਾਰਾ ਵਜੂਦ ਸੌਖੇ ਫਾਰਮੂਲਿਆਂ, ਘਸੇਪਿਟੇ ਬਿਆਨਾਂ ਅਤੇ ਸ਼ਕਤੀਧਾਰੀਆਂ ਦੀਆਂ ਤਸਦੀਕਾਂ ਨੂੰ ਚੁਣੌਤੀ ਦੇਣ ਲਈ ਸਮਰਪਿਤ ਤੇ ਸਮਰੱਥ ਹੋਵੇ। ਜੋ ਆਪਣੀ ਗੱਲ ਮਲਵੀਂ ਜੀਭ ਨਾਲ ਨਹੀਂ ਬਲਕਿ ਹਿੱਕ ਥਾਪੜ ਕੇ ਜਨਤਕ ਤੌਰ ‘ਤੇ ਆਖਣ ਦੀ ਜੁਰੱਅਤ ਤੇ ਸਮਰਥਾ ਰੱਖਦਾ ਹੋਵੇ।”
ਸਿੱਖ ਕੌਮ ਨੇ ਪਿਛਲੇ ੩੩ ਸਾਲਾਂ ਦੌਰਾਨ ਤਾਕਤਵਰਾਂ ਦੇ ਘਸੇਪਿਟੇ ਫਾਰਮੂਲਿਆਂ ਅਤੇ ਰੇਡੀਮੇਡ ਤਰਕਾਂ ਦਾ ਤਮਾਸ਼ਾ ਦੇਖ ਲਿਆ ਹੈ। ਪਰ 1984 ਦੇ ਵਰਤਾਰੇ ਦਾ ਸੱਚ ਇਨ੍ਹਾਂ ਤੋਂ ਪਾਰ ਦੇਖਣ ਦਾ ਸੁਨੇਹਾ ਦਿੰਦਾ ਹੈ। 1984 ਦਾ ਸੱਚ ਬੌਧਿਕ ਅਤੇ ਰੂਹਾਨੀ ਰੌਸ਼ਨੀ ਦੀ ਉਹ ਮਸ਼ਾਲ ਜਗਾਉਣ ਦਾ ਹੋਕਾ ਦਿੰਦਾ ਹੈ, ਜਿਸ ਵਿਚੋਂ ਸਿੱਖ ਕੌਮ ਦੀ ਹੋਣੀ ਦਾ ਤਰਕਸ਼ ਲਟਾਲਟ ਬਲਦਾ ਹੋਵੇ।
ਕੌਮ ਦੇ ਸਨਮੁਖ ਬੁੱਧੀ ਦੀ ਵੱਡੀ ਜੰਗ ਲਈ ਮੈਦਾਨ ਖਾਲੀ ਪਿਆ ਹੈ। ਇਸ ਮੈਦਾਨ ਵਿਚ ਕਿੰਨੇ ਮੋਰਚਿਆਂ ‘ਤੇ ਲੜਾਈ ਲੜਨ ਦੀ ਲੋੜ ਹੈ ਅਤੇ ਕਿਉਂ ਲੋੜ ਹੈ ਇਹ ਅਸੀਂ ਉਪਰ ਦੇਖ ਆਏ ਹਾਂ। ਜੇ ਅਸੀਂ ਵੀ ‘ਭਵਿੱਖ ਦੇ ਅਧਿਆਪਕਾਂ, ਰਾਜਨੀਤੀਵਾਨਾਂ, ਵਪਾਰੀਆਂ, ਮਾਪਿਆਂ ਅਤੇ ਭਾਈਚਾਰੇ ਦੇ ਮੁਖੀਆਂ ਨੂੰ ਆਪਣੇ ਅਤੀਤ ਅਤੇ ਇਤਿਹਾਸ ਦੀ ਜਾਣਕਾਰੀ ਨਾਲ ਲੈਸ ਕਰਨਾ ਚਾਹੁੰਦੇ ਹਾਂ ਤਾਂ 1984 ਦੇ ਜ਼ਖਮਾਂ ਨੂੰ ਰੌਸ਼ਨੀ ਵਿਚ ਬਦਲਣ ਲਈ ਯਤਨਸ਼ੀਲ ਹੋਣਾ ਪਵੇਗਾ। ਵਿਦਵਤਾ ਦੇ ਡੂੰਘੇ ਸਮੁੰਦਰਾਂ ਵਿਚ ਤਾਰੀਆਂ ਲਾਉਣ ਤੋਂ ਬਿਨਾਂ ਗਿਆਨ ਦੇ ਸੁੱਚੇ ਮੋਤੀ ਸਾਡੀ ਝੋਲੀ ਨਹੀਂ ਪੈਣਗੇ।
ਆਓ ਜੂਨ 1984 ਦੇ ਘੱਲੂਘਾਰੇ ਦੀ ੩੩ਵੀ ਵਰ੍ਹੇਗੰਢ ਤੇ ਅਗਲੀਆਂ ਪੀੜ੍ਹੀਆਂ ਨੂੰ ਇਸਦੇ ਜ਼ਖਮਾਂ ਦੀ ਸਿਰਫ ਪੀੜ ਹੀ ਹਸਤਾਂਤਰਿਤ ਨਾ ਕਰੀਏ ਬਲਕਿ ਉਸ ਪੀੜ ਦਾ ਫਲਸਫਾ ਵੀ ਉਨ੍ਹਾ ਦੀ ਝੋਲੀ ਪਾਈਏ।