ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਕਾਲੀ ਦਲ ਬਾਦਲ ਦੇ ਰੋਸ ਵਿਖਾਵ ਰਾਜਨੀਤਕ ਲਾਭ ਲਈ ਜਾਂ ਅਸਲੀ?

ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਕਾਲੀ ਦਲ ਬਾਦਲ ਦੇ ਰੋਸ ਵਿਖਾਵ ਰਾਜਨੀਤਕ ਲਾਭ ਲਈ ਜਾਂ ਅਸਲੀ?

ਸਾਕਾ ਨਕੋਦਰ ਦੇ ਸ਼ਹੀਦ ਪਰਿਵਾਰਾਂ ਦੇ ਕੁਝ ਸਵਾਲ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਲਈ

ਮਈ 2019 ਦੀਆਂ ਪਾਰਲੀਮਾਨੀ ਚੋਣਾਂ ਮੌਕੇ ਜਦੋਂ ਪੱਤਰਕਾਰਾਂ ਨੇ ਨੂਰਮਹਿਲ ਤੁਹਾਨੂੰ 4 ਫਰਵਰੀ 1986 ਨੂੰ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਵਿੱਚ ਵਾਪਰੇ ਸਾਕਾ ਨਕੋਦਰ ਬਾਰੇ ਪੁੱਛਿਆ ਗਿਆ ਤਾਂ ਤੁਸੀਂ ਜਵਾਬ ਦਿੱਤਾ ਕਿ ਮੈਨੂੰ ਇਸ ਬਾਰੇ ਨਹੀਂ ਪਤਾ ਮੈਂ ਉਸ ਵੇਲੇ ਸਰਕਾਰ ਵਿੱਚ ਨਹੀਂ ਸੀ ।

ਜਦੋਂ ਪੱਤਰਕਾਰਾਂ ਨੇ ਜਲੰਧਰ ਪ੍ਰਕਾਸ਼ ਸਿੰਘ ਬਾਦਲ, ਆਪ ਜੀ ਦੇ ਪਿਤਾ ਜੀ ਨੂੰ ਇਸ ਸਾਕੇ ਬਾਰੇ ਸਵਾਲ ਪੁੱਛੇ ਤਾਂ ਉਨ੍ਹਾਂ ਦਾ ਜਵਾਬ ਸੀ ਇਹੋ ਜਿਹੇ ਸਾਕੇ ਤਾਂ ਵਾਪਰਦੇ ਹੀ ਰਹਿੰਦੇ ਨੇ ।

ਜਲੰਧਰ ਤੇ ਫਤਹਿਗੜ੍ਹ ਸਾਹਿਬ ਦੇ ਸੂਝਵਾਨ ਵੋਟਰਾਂ ਨੇ ਤਾਂ ਤੁਹਾਡੇ ਉਮੀਦਵਾਰਾਂ ਨੂੰ ਚਾਨਣ ਕਰਵਾ ਦਿੱਤਾ ਕਿ ਪੰਥ ਨੂੰ ਸਾਕਾ ਨਕੋਦਰ ਯਾਦ ਏ ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਕਾਲੀ ਸਰਕਾਰ ਨੇ 4 ਫਰਵਰੀ 1986 ਨੂੰ ਨਕੋਦਰ ਉਨ੍ਹਾਂ ਸਿੱਖ ਨੌਜਵਾਨਾਂ ਦਾ ਕਤਲ ਕਰਵਾਇਆ ਜੋ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਪੁਰਅਮਨ, ਨਿਹੱਥੇ ਅਤੇ ਬਿਨਾਂ ਕਿਸੇ ਭੜਕਾਹਟ ਦੇ ਸ਼ੇਰਪੁਰ ਨਹਿਰ ਦੇ ਪੁੱਲ ਤੋਂ ਗੁਰਦਵਾਰਾ ਗੁਰੂ ਅਰਜਨ ਸਾਹਿਬ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਪੰਥ ਦੋਖੀਆਂ ਵਲੋਂ ਅਗਨ ਭੇਂਟ ਕੀਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਦੀ ਸੰਭਾਲ ਲਈ ਸੰਗਤ ਨਾਲ ਸਤਿਨਾਮ  ਵਾਹਿਗੁਰੂ ਜੀ ਦਾ ਜਾਪੁ ਕਰਦੇ ਜਾ ਰਹੇ ਸਨ । ਪੰਥਿਕ ਸਰਕਾਰ ਨੇ ਇਨ੍ਹਾਂ ਸਿੱਖ ਗੱਭਰੂਆਂ ਦੀਆਂ ਲਾਸ਼ਾਂ ਵੀ ਵਾਰਸਾਂ ਨੂੰ ਨਾ ਦਿੱਤੀਆਂ ।

ਇਹ ਉਹ ਨੌਜਵਾਨ ਸਨ ਜਿਨ੍ਹਾਂ ਨੇ ਅਕਾਲੀ ਦਲ ਸਰਕਾਰ ਸੱਤਾ ਵਿੱਚ ਲਿਆਂਦੀ ਸੀ, ਇਹ ਪਹਿਲੀ ਬਾਰ ਸੀ ਕਿ ਜਥੇਦਾਰ ਕੁਲਦੀਪ ਸਿੰਘ ਵਡਾਲਾ ਨਕੋਦਰ ਹਲਕੇ ਤੋਂ ਐੱਮ ਐੱਲ ਏ ਬਣੇ ਸਨ, ਇਸ ਤੋਂ ਪਹਿਲਾਂ ਤੇ ਇਸ ਤੋਂ ਬਾਅਦ ਦੀ ਕਿਸੇ ਵੀ ਚੋਣ ਵਿੱਚ ਉਹ ਜਿੱਤ ਨਹੀਂ ਸਕੇ ।

ਸਿੱਖ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਬਾਰ ਸੀ ਕਿ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ, ਅਕਾਲੀ ਦਲ ਦੇ ਤਿੰਨ ਤਤਕਾਲੀ ਐੱਮ ਐੱਲ ਏ, ਅਤੇ ਨਕੋਦਰ ਹਲਕੇ ਦੇ ਅਕਾਲੀ ਦਲ ਦੇ ਜਥੇਦਾਰ  ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਦੇ ਸਾਥ ਲਈ ਨਕੋਦਰ ਠਾਣੇ ਮੋਹਰੇ ਧਰਨਾ ਅਤੇ ਅਣਮਿੱਥੇ ਸਮੇ ਲਈ ਭੁੱਖ ਹੜਤਾਲ ਤੇ ਬੈਠੇ ਸਨ ।

ਬਲਵੰਤ ਸਿੰਘ ਖ਼ਜ਼ਾਨਾ ਮੰਤਰੀ ਨੇ ਨਕੋਦਰ ਠਾਣੇ ਆਣਕੇ ਇਸ ਸਾਕੇ ਦੀ 3 ਮਹੀਨਿਆਂ ਦੇ ਮਿਥੇ ਸਮੇ ਵਿੱਚ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਸੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਪ੍ਰਣ ਕੀਤਾ ਸੀ, ਉਸ ਤੋਂ ਬਾਅਦ ਹੀ ਇਹ ਧਰਨਾ ਸਮਾਪਤ ਹੋਇਆ ਸੀ ।

ਸਾਕਾ ਨਕੋਦਰ ਦੇ ਦਾਗੀ ਕੌਣ ਨੇ ਅਤੇ ਉਨ੍ਹਾਂ ਦੀ ਪੁਸ਼ਤ-ਪਨਾਹੀ ਕੀਹਨੇ ਕੀਤੀ ?

ਸਾਕਾ ਨਕੋਦਰ ਸੰਬੰਧੀ ਤਿੰਨ ਜਾਂਚਾਂ ਹੋਈਆਂ:

ਪਹਿਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਦੇ ਤਤਕਾਲੀ ਸੀਨੀਅਰ ਮੀਤ ਪ੍ਰਧਾਨ ਕਾਬੁਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਤਤਕਾਲੀ ਐੱਮ ਐੱਲ ਏ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਹੋਈ ਜਿਸਨੇ ਦੋਸ਼ੀ ਦੱਸਿਆ ਜਿਲ੍ਹਾ ਪ੍ਰਸ਼ਾਸ਼ਨ ਨੂੰ (ਐਕਟਿੰਗ ਡੀ ਸੀ ਦਰਬਾਰਾ ਸਿੰਘ ਗੁਰੂ , ਤਤਕਾਲੀ ਏ ਡੀ ਸੀ ਅਤੇ ਮੁਹੰਮਦ ਇਜ਼ਹਾਰ ਆਲਮ, ਤਤਕਾਲੀ ਐੱਸ ਐੱਸ ਪੀ ਜਲੰਧਰ ਸੀ )

ਦੂਜੀ ਜਾਂਚ ਕੀਤੀ ਪੰਜਾਬ ਮਨੁੱਖੀ ਅਧਿਕਾਰ ਸਭਾ ਨੇ ਜਿਸਦੇ ਚੇਅਰਮੈਨ ਸਨ ਸੇਵਾ ਮੁਕਤ ਹਾਈ ਕੋਰਟ ਜੱਜ ਸਰਦਾਰ ਅਜੀਤ ਸਿੰਘ ਜੀ ਬੈਂਸ ਇਸ ਰਿਪੋਰਟ ਨੇ ਦੋਸ਼ੀ ਦੱਸਿਆ ਦਰਬਾਰਾ ਸਿੰਘ ਗੁਰੂ ਅਤੇ ਮੁਹੰਮਦ ਇਜ਼ਹਾਰ ਆਲਮ ਨੂੰ (ਰਿਪੋਰਟ  "ਏ ਡੀ ਸੀ ਐਂਡ ਐੱਸ ਐੱਸ ਪੀ -ਦਾ ਗੇਮ")

ਤੀਜੀ ਜਾਂਚ ਕੀਤੀ ਪੰਜਾਬ ਸਰਕਾਰ ਦੇ ਹੁਕਮਾਂ ਤੇ ਸੇਵਾ ਮੁਕਤ ਹਾਈ ਕੋਰਟ ਜੱਜ ਜਸਟਿਸ ਗੁਰਨਾਮ ਸਿੰਘ ਨੇ ਤੇ ਇਹ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਗਈ 31 ਅਕਤੂਬਰ 1986 ਨੂੰ ਜਿਸਨੂੰ ਕਿ ਸਰਕਾਰਾਂ ਨੇ ਤੇਤੀ ਸਾਲ ਦੱਬੀ ਰੱਖਿਆ ਤੇ ਇਸਦਾ ਖੁਲਾਸਾ 13 ਫਰਵਰੀ 2019 ਨੂੰ ਹੋਇਆ ਪੰਜਾਬ ਵਿਧਾਨ ਸਭਾ ਵਿੱਚ ਕਿ ਇਹ ਰਿਪੋਰਟ ਦਾ ਪਹਿਲਾ ਹਿੱਸਾ ਬਿਨਾ ਕਿਸੇ ਬਹਿਸ ਜਾਂ ਐਕਸ਼ਨ ਟੇਕਨ ਰਿਪੋਰਟ ਦੇ ਬਾਦਲ ਸਰਕਾਰ ਨੇ 5 ਮਾਰਚ 2001 ਨੂੰ ਰੱਖਿਆ ਸੀ ।

ਚੌਂਤੀ ਸਾਲਾਂ ਬਾਅਦ ਵੀ ਜਸਟਿਸ ਗੁਰਨਾਮ ਸਿੰਘ ਦੀ ਪੂਰੀ ਰਿਪੋਰਟ ਜਨਤਿਕ ਨਹੀਂ ਹੋਈ।

ਪੰਥ ਨੂੰ ਦੱਸੋ ਕਿ ਸਾਕਾ ਨਕੋਦਰ ਦੇ ਦਾਗੀਆਂ ਨੂੰ ਕਿਸ ਨੇ ਬਚਾਇਆ, ਤਰੱਕੀਆਂ ਦਿੱਤੀਆਂ, ਸਿਆਸੀ ਬੁੱਕਲ ਦਿੱਤੀ ਅਤੇ ਪੁਸ਼ਤ ਪਨਾਹੀ ਕੀਤੀ ?

ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਨਤਿਕ ਜਾਂ ਇਸਤੇ ਕਾਰਵਾਈ ਕਰਨ ਲਈ ਪੰਥਿਕ ਪਾਰਟੀ ਨੇ ਕੀ ਕੀਤਾ ਤੇ ਕੀ ਕਰੇਗੀ ?