ਮੁਸਲਮਾਨ ਤੇ ਕਸ਼ਮੀਰੀ ਹਿੰਦੂ ਰਾਸ਼ਟਰਵਾਦ ਦੇ ਪਰਛਾਵੇਂ ਹੇਠ (ਅਰੁੰਧਤੀ ਰਾਇ)

ਮੁਸਲਮਾਨ ਤੇ ਕਸ਼ਮੀਰੀ ਹਿੰਦੂ ਰਾਸ਼ਟਰਵਾਦ ਦੇ ਪਰਛਾਵੇਂ ਹੇਠ (ਅਰੁੰਧਤੀ ਰਾਇ)

ਪਿਛਲੀਆਂ ਦੋ ਚੋਣਾਂ ਵਿਚ ਭਾਜਪਾ ਨੇ ਦਿਖਾ ਦਿੱਤਾ ਕਿ ਉਹ ਬਿਨਾਂ ਮੁਸਲਮ ਵੋਟਾਂ ਦੇ ਸੰਸਦ ਵਿਚ ਭਾਰੀ ਬਹੁਮਤ ਲਿਜਾ ਸਕਦੀ ਹੈ। ਨਤੀਜੇ ਵਜੋਂ ਭਾਰਤੀ ਮੁਸਲਮਾਨਾਂ ਨੂੰ ਪ੍ਰਭਾਵੀ ਢੰਗ ਨਾਲ ਵੋਟ ਦੀ ਤਾਕਤ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਅਤੇ ਇਹ ਲੋਕ ਰਾਜਨੀਤਕ ਨੁਮਾਇੰਦਗੀ ਤੋਂ ਮਹਿਰੂਮ ਭਾਈਚਾਰਾ ਬਣਦੇ ਜਾ ਰਹੇ ਹਨ, ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਹੈ। ਅਲੱਗ ਅਲੱਗ ਤਰ੍ਹਾਂ ਦੇ ਕੀਤੇ ਜਾਣ ਵਾਲੇ ਅਣ-ਐਲਾਨੇ ਸਾਮਾਜਿਕ ਬਾਈਕਾਟ ਦੇ ਕਾਰਨ ਆਰਥਿਕ ਤੌਰ 'ਤੇ ਉਹ ਪਛੜਦੇ ਜਾ ਰਹੇ ਹਨ। ਸੁਰੱਖਿਆ ਦੇ ਲਈ ਉਹ ਛੋਟੇ ਛੋਟੇ ਮੁਹੱਲਿਆਂ ਵਿਚ ਸਿਮਟਦੇ ਜਾ ਰਹੇ ਹਨ। ਭਾਰਤੀ ਮੁਸਲਮਾਨਾਂ ਦੇ ਲਈ ਮੁਖ ਧਾਰਾ ਦੇ ਮੀਡੀਆ ਵਿਚ ਕੋਈ ਜਗ੍ਹਾ ਨਹੀਂ ਹੈ। ਹੁਣ ਅਸੀਂ ਸਿਰਫ਼ ਇਨ੍ਹਾਂ ਮੁਸਲਮਾਨਾਂ ਦੀ ਆਵਾਜ਼ ਟੀਵੀ ਵਿਚ ਹੀ ਸੁਣ ਸਕਦੇ ਹਾਂ, ਜਿਨ੍ਹਾਂ ਨੂੰ ਨਿਊਜ਼ ਚੈਨਲਾਂ ਵਿਚ ਪੁਰਾਤਨ ਇਸਲਾਮਿਕ ਮੌਲਾਨਾ ਦੇ ਤੌਰ 'ਤੇ ਬੁਲਾਇਆ ਜਾਂਦਾ ਹੈ, ਜੋ ਪਹਿਲਾਂ ਤੋਂ ਹੀ ਮੁਸਲਮਾਨਾਂ ਦੇ ਖਰਾਬ ਹਾਲਾਤਾਂ ਨੂੰ ਹੋਰ ਖਰਾਬ ਕਰਦੇ ਹਨ। ਅਸਲ ਵਿਚ ਇਹ ਲੋਕ ਸਰਕਾਰੀ ਏਜੰਟ ਹੀ ਹੁੰਦੇ ਹਨ, ਜਿਨ੍ਹਾਂ ਨੇ ਸਰਕਾਰ ਦੇ ਪ੍ਰਭਾਵ ਅਧੀਨ ਆਪਣਾ ਵਿਚਾਰ ਪੇਸ਼ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਮੁਸਲਿਮ ਭਾਈਚਾਰੇ ਦੀ ਇਕੋ ਇਕ ਸਵੀਕਾਰਯੋਗ ਭਾਸ਼ਾ ਇਹ ਹੈ ਕਿ ਉਹ ਵਾਰ-ਵਾਰ ਜਨਤਕ ਅਤੇ ਭਾਰਤ ਦੇ ਝੰਡੇ ਦੇ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਦੇ ਰਹਿਣ। ਕਸ਼ਮੀਰੀਆਂ ਨੂੰ ਉਨ੍ਹਾਂ ਦੇ ਇਤਿਹਾਸ ਤੇ ਉਸ ਵਿਚ ਜ਼ਿਆਦਾ ਉਨ੍ਹਾਂ ਦੇ ਭੂਗੋਲ ਦੇ ਲਈ ਸਜ਼ਾ ਦਿੱਤੀ ਜਾ ਰਹੀ ਹੈ। ਪਰ ਉਨ੍ਹਾਂ ਦੇ ਕੋਲ ਜ਼ਿੰਦਾ ਰਹਿਣ ਦਾ ਕਾਰਨ ਦੇ ਤੌਰ 'ਤੇ ਅਜ਼ਾਦੀ ਦਾ ਸੁਪਨਾ ਹੈ। ਪਰ ਭਾਰਤੀ ਮੁਸਲਮਾਨਾਂ ਨੂੰ ਤਾਂ ਡੁੱਬਦੇ ਜਹਾਜ਼ ਵਿਚ ਸਫ਼ਰ ਕਰਨਾ ਪੈਂਦਾ ਹੈ, ਜਿਸ ਦੇ ਅਨੇਕਾਂ ਸੁਰਾਖ ਹਨ ਤੇ ਇਨ੍ਹਾਂ ਸੁਰਾਖਾਂ ਨੂੰ ਆਪਣੇ ਬਚਾਓ ਦੇ ਲਈ ਭਰਨਾ ਪੈਂਦਾ ਹੈ।

ਤਰਬੇਜ਼ ਅੰਸਾਰੀ ਦੀ ਲੀਚਿੰਗ ਇਹ ਸਮਝਣ ਦੇ ਲਈ ਕਾਫੀ ਹੈ ਕਿ ਜਹਾਜ਼ ਕਿੰਨੀ ਬੁਰੀ ਤਰ੍ਹਾਂ ਟੁੱਟ ਫੁੱਟ ਗਿਆ ਹੈ ਤੇ ਇਸ ਵਿਚ ਕਿੰਨਾ ਅੰਦਰ ਤੱਕ ਜੰਗ ਲੱਗ ਗਿਆ ਹੈ। ਇੱਥੇ ਅਮਰੀਕਾ ਵਿਚ ਤੁਸੀਂ ਲੋਕ ਚੰਗੀ ਤਰ੍ਹਾਂ ਜਾਣਦੇ ਹੋ ਕਿ ਲੀਚਿੰਗ ਦਾ ਮਤਲਬ ਅਨੁਸ਼ਾਠਾਨਿਕ ਕਤਲ ਦੀ ਨੁਮਾਇਸ਼ ਜਿਸ ਵਿਚ ਕਿਸੇ ਆਦਮੀ ਜਾਂ ਔਰਤ ਨੂੰ ਇਸ ਲਈ ਮਾਰਿਆ ਜਾਂਦਾ ਹੈ ਕਿ ਉਨ੍ਹਾਂ ਦੇ ਭਾਈਚਾਰੇ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਦੀ ਜਾਨ ਭੀੜ ਦੇ ਰਹਿਮੋ ਕਰਮ 'ਤੇ ਟਿਕੀ ਹੋਈ ਹੈ। ਪੁਲੀਸ, ਕਾਨੂੰਨ, ਸਰਕਾਰ ਤੇ ਇੱਥੋਂ ਤੱਕ ਕਿ ਅਜਿਹੇ ਲੋਕ ਵੀ ਜੋ ਇਕ ਮੱਖੀ ਵੀ ਨਹੀਂ ਮਾਰ ਸਕਦੇ ਤੇ ਜੋ ਕੰਮ ਤੇ ਜਾਂਦੇ ਹਨ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹਨ, ਕਾਤਲ ਭੀੜ ਦੇ ਸਹਿਯੋਗੀ ਹੁੰਦੇ ਹਨ। ਤਰਜ਼ੇਬ ਦੀ ਲਿਚਿੰਗ ਇਸ ਸਾਲ ਜੂਨ 2019 ਵਿਚ ਹੋਈ ਸੀ। ਉਹ ਲੜਕਾ ਅਨਾਥ ਸੀ ਤੇ ਝਾਰਖੰਡ ਵਿਚ ਆਪਣੇ ਚਾਚਾ-ਚਾਚੀ ਦੇ ਘਰ ਪਲਿਆ ਸੀ। ਨੌਜਵਾਨ ਅਵਸਥਾ ਵਿਚ ਉਹ ਪੜ੍ਹਨ ਲਈ ਪੂਨੇ ਚਲਾ ਗਿਆ ਤੇ ਵੈਲਡਰ ਦੀ ਨੌਕਰੀ ਕਰਨ ਲੱਗਾ। ੨੨ ਸਾਲ ਦੀ ਉਮਰ ਵਿਚ ਵਿਆਹ ਕਰਨ ਘਰ ਵਾਪਸ ਆਇਆ। 18 ਸਾਲ ਦੀ ਸ਼ਾਈਸਤਾ ਦੇ ਨਾਲ ਵਿਆਹ ਦੇ ਅਗਲੇ ਦਿਨ ਤਬਰੇਜ਼ ਨੂੰ ਵਹਿਸ਼ੀ ਭਗਵੀਂ ਭੀੜ ਨੇ ਘੇਰ ਲਿਆ, ਲੈਂਪ ਪੋਸਟ ਨਾਲ ਬੰਨ੍ਹ ਕੇ ਕਈ ਘੰਟੇ ਕੁੱਟਿਆ ਤੇ ਉਸ ਤੋਂ ਮੁਸਲਮਾਨਾਂ ਵਿਰੁਧ ਸ਼ੁਰੂ ਕੀਤੇ ਭਗਵੇਂ ਯੁੱਧ ਦਾ ਨਵਾਂ ਐਲਾਨ ਕੀਤਾ ਨਾਅਰਾ 'ਜੈ ਸ੍ਰੀ ਰਾਮ' ਜ਼ਬਰੀ ਲਗਵਾਇਆ ਗਿਆ। ਪੁਲੀਸ ਨੇ ਦੂਸਰੇ ਦਿਨ ਉਸ ਨੂੰ ਵਹਿਸ਼ੀ ਭੀੜ ਦੇ ਇਸ਼ਾਰੇ 'ਤੇ  ਹਿਰਾਸਤ ਵਿਚ ਲੈ ਲਿਆ। ਪਰ ਉਸ ਦੇ ਪਰਿਵਾਰ ਤੇ ਨਵੀਂ ਵਹੁਟੀ ਨੂੰ ਪੁਲੀਸ ਵਲੋਂ ਇਜਾਜ਼ਤ ਵੀ ਨਹੀਂ ਦਿੱਤੀ ਗਈ ਕਿ ਉਹ ਤਰਬੇਜ਼ ਨੂੰ ਹਸਪਤਾਲ ਲਿਜਾ ਸਕੇ। ਪੁਲੀਸ ਨੇ ਉਸ 'ਤੇ ਚੋਰੀ ਦਾ ਇਲਜ਼ਾਮ ਲਗਾਇਆ ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਦਿੱਤਾ। ਮੈਜਿਸਟ੍ਰੇਟ ਨੇ ਉਸ ਨੂੰ ਹਸਪਤਾਲ ਨਹੀਂ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਿੱਥੇ ਉਹ ਜਖ਼ਮ ਤੇ ਪੀੜਾਂ ਝੱਲਦਾ ਚਾਰ ਦਿਨਾਂ ਬਾਅਦ ਮਰ ਗਿਆ। 

ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਵਿਚ ਬੜੀ ਸਾਵਧਾਨੀ ਨਾਲ ਮੌਬ ਲਿਚਿੰਗ ਦੇ ਅੰਕੜੇ ਗਾਇਬ ਕਰ ਦਿੱਤੇ ਗਏ। ਸਮਾਚਾਰ ਪੋਰਟਲ ਦਾ ਕਵਿੰਟ ਦੇ ਅਨੁਸਾਰ 2015 ਤੋਂ ਹੁਣ ਤੱਕ ਭਗਵੀਂ ਭੀੜ ਦੀ ਹਿੰਸਾ ਨਾਲ 113 ਲੋਕਾਂ ਦੀ ਮੌਤ ਹੋਈ। ਲਿਚਿੰਗ ਕਰਨ ਵਾਲੇ ਤੇ ਸਮੂਹਿਕ ਕਤਲੇਆਮ ਵਰਗੇ ਹੋਰ ਖਤਰਨਾਕ ਅਪਰਾਧਾਂ ਵਿਚ ਸ਼ਾਮਲ ਲੋਕਾਂ ਨੂੰ ਸਰਕਾਰੀ ਅਹੁਦੇ ਇਨਾਮ ਵਿਚ ਦਿੱਤੇ ਗਏ ਤੇ ਮੋਦੀ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਮੋਦੀ ਜੋ ਟਵਿੱਟਰ ਵਿਚ ਹਮੇਸ਼ਾ ਕੁਝ ਨਾ ਕੁਝ ਲਿਖਦੇ ਰਹਿੰਦੇ ਹਨ, ਜਦ ਲਿਚਿੰਗ ਹੁੰਦੀ ਹੈ, ਤਦ ਉਹ ਚੁੱਪ ਧਾਰਨ ਕਰ ਲੈਂਦੇ ਹਨ। ਸ਼ਾਇਦ ਅਜਿਹਾ ਸੋਚਣਾ ਇਨ੍ਹਾਂ ਲਈ ਠੀਕ ਹੁੰਦਾ ਹੋਵੇਗਾ ਕਿ ਜਦ ਕੋਈ ਕੁੱਤਾ ਕਿਸੇ ਦੀ ਗੱਡੀ ਦੇ ਹੇਠਾਂ ਆਵੇ ਤਾਂ ਪ੍ਰਧਾਨ ਮੰਤਰੀ ਉਸ 'ਤੇ ਟਿੱਪਣੀ ਕਿਉਂ ਕਰੇ। ਆਰ ਐਸ ਐਸ ਦੇ ਸੁਪਰੀਮ ਲੀਡਰ ਮੋਹਨ ਭਾਗਵਤ ਨੇ ਦਾਅਵਾ ਕੀਤਾ ਹੈ ਕਿ ਲੀਚਿੰਗ ਪੱਛਮੀ ਵਿਚਾਰ ਹੈ, ਜੋ ਬਾਈਬਲ ਤੋਂ ਆਇਆ ਹੈ ਤੇ ਹਿੰਦੂਆਂ ਵਿਚ ਅਜਿਹਾ ਕੋਈ ਪਰੰਪਰਾ ਨਹੀਂ ਹੈ। ਭਾਗਵਤ ਨੇ ਕਿਹਾ ਕਿ ਲਿਚਿੰਗ ਦੀ ਗੱਲ ਕਰਨਾ ਭਾਰਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। 
ਅਸੀਂ ਜਾਣਦੇ ਹਾਂ ਕਿ ਯੂਰਪ ਵਿਚ ਤਦ ਕੀ ਹੋਇਆ ਸੀ, ਜਦ ਇਸੇ ਤਰ੍ਹਾਂ ਦੀ ਵਿਚਾਰਧਾਰਾ ਰੱਖਣ ਵਾਲੇ ਇਕ ਸੰਗਠਨ ਨੇ ਪਹਿਲਾਂ ਖੁਦ ਨੂੰ ਆਪਣੇ ਦੇਸ 'ਤੇ ਥੋਪਿਆ ਸੀ ਤੇ ਬਾਅਦ ਵਿਚ ਉਸ ਦਾ ਵਿਸਥਾਰ ਕਰਨਾ ਚਾਹਿਆ ਸੀ। ਅਸੀਂ ਜਾਣਦੇ ਹਾਂ ਕਿ ਇਸ ਦੇ ਬਾਅਦ ਜੋ ਕੁਝ ਵਾਪਰਿਆ, ਇਸ ਲਈ ਬੀਤਿਆ ਕਿ ਦੇਖਣ ਸੁਣਨ ਵਾਲਿਆਂ ਦੀ ਸ਼ੁਰੂਆਤੀ ਚਿਤਾਵਨੀ ਨੂੰ ਸਾਰੀ ਦੁਨੀਆਂ ਨੇ ਅੱਖੋਂ ਪਰੋਖੇ ਕਰ ਦਿੱਤਾ। ਹੋ ਸਕਦਾ ਹੈ ਕਿ ਇਹ ਚਿਤਾਵਨੀਆਂ ਉਨ੍ਹਾਂ ਲੋਕਾਂ ਲਈ ਮਨੁੱਖੀ ਮਰਿਯਾਦਾ ਤੇ ਨੈਤਿਕਤਾ ਦਾ ਹਿੱਸਾ ਨਾ ਬਣੀਆਂ ਹੋਣ, ਜੋ ਨਸਲਵਾਦ ਤੇ ਵਹਿਸ਼ੀਆਨਾ ਕਤਲਾਂ ਦੇ ਹੱਕ ਵਿਚ ਹੋਣ।

ਹਾਲਾਂ ਕਿ ਇਕ ਖਾਸ ਤਰ੍ਹਾਂ ਦੀ ਭੜਕੀਲੀਆਂ ਭਾਵਨਾਵਾਂ ਉਨ੍ਹਾਂ ਨੂੰ ਮਨਜ਼ੂਰ ਹਨ-ਇਹ ਭਾਵਨਾ ਕੁਝ ਹਫਤੇ ਪਹਿਲਾਂ ਅਮਰੀਕਾ ਵਿਚ ਖੂਬ ਦਿਖਾਈ ਦਿੱਤੀ ਸੀ। 22 ਸਤੰਬਰ 2019 ਦੌਰਾਨ ਅਮਰੀਕਾ ਵਿਚ, ਨਰਮਦਾ ਬੰਨ੍ਹ ਸਥਾਨ 'ਤੇ ਮੋਦੀ ਦੇ ਜਨਮ ਦਿਨ ਦੀ ਪਾਰਟੀ 'ਤੇ ਚਾਰ ਪੰਜ ਦਿਨ ਬਾਅਦ, ਹਜ਼ਾਰਾਂ ਭਾਰਤੀ ਅਮਰੀਕੀ ਹਿਊਸਟਨ ਦੇ ਐਨ ਆਰ ਜੀ ਸਟੈਡੀਅਮ ਵਿਚ ਇਕ ਸ਼ਾਨਦਾਰ ਪ੍ਰੋਗਰਾਮ, 'ਹਾਊਡੀ ਮੋਦੀ' ਵਿਚ ਸ਼ਾਮਲ ਹੋਣ ਆਏ ਸਨ। ਹੁਣ ਇਹ ਪ੍ਰੋਗਰਾਮ ਸ਼ਹਿਰੀ ਦੰਦ ਕਥਾ ਦੀ ਸਮੱਗਰੀ ਬਣ ਚੁੱਕਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਬੜੀ ਮਿਹਰਬਾਨੀ ਕਰਦੇ ਹੋਏ ਆਪਣੇ ਹੀ ਦੇਸ ਵਿਚ 'ਆਪਣੀ ਹੀ ਜਨਤਾ ਦੇ ਸਾਹਮਣੇ' ਅਮਰੀਕਾ ਦੇ ਦੌਰੇ 'ਤੇ ਆਏ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੇ ਦੁਆਰਾ ਖੁਦ ਨੂੰ ਖਾਸ ਮਹਿਮਾਨ ਕਹੇ ਜਾਣ ਦੀ ਇਜਾਜ਼ਤ ਦਿੱਤੀ। ਅਮਰੀਕੀ ਕਾਂਗਰਸ ਦੇ ਕਈ ਮੈਂਬਰਾਂ ਨੇ ਇਸ ਮੌਕੇ 'ਤੇ ਭਾਸ਼ਣ ਦਿੱਤੇ ਅਤੇ ਭੀੜ ਤੋਂ ਮੋਦੀ ਮੋਦੀ ਦੇ ਨਾਅਰੇ ਲਗਵਾਏ। ਪ੍ਰੋਗਰਾਮ ਦੇ ਅੰਤ ਵਿਚ ਟਰੰਪ ਤੇ ਮੋਦੀ ਨੇ ਹੱਥ ਮਿਲਾਇਆ ਤੇ ਜੇਤੂ ਭਾਵ ਨਾਲ ਆਪਸ ਵਿਚ ਗਲੇ ਲੱਗੇ। ਭਾਰਤ ਵਿਚ ਇਸ ਪ੍ਰੋਗਰਾਮ ਨੂੰ ਟੀਵੀ ਚੈਨਲਾਂ ਨੇ ਕਾਰਪੋਰੇਟ ਕਵਰੇਜ ਦੇ ਰਾਹੀਂ ਹਜ਼ਾਰ ਗੁਣਾਂ ਵÎਧਾ ਚੜ੍ਹਾ ਕੇ ਪੇਸ਼ ਕੀਤਾ। ਦੇਖਦੇ ਦੇਖਦੇ 'ਹਾਊਡੀ' ਹਿੰਦੀ ਸ਼ਬਦ ਬਣ ਗਿਆ। ਇਸ ਵਿਚਾਲੇ ਸਟੇਡੀਅਮ ਦੇ ਬਾਹਰ ਵਿਰੋਧ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਨਿਊਜ਼ ਮੀਡੀਏ ਨੇ ਅੱਖੋ ਪਰੋਖੇ ਕਰ ਦਿੱਤਾ। 

ਹਿਊਸਟਨ ਸਟੇਡੀਅਮ ਵਿਚ 60 ਹਜ਼ਾਰ ਲੋਕਾਂ ਦਾ ਹੱਲਾ ਵੀ ਕੰਨਾਂ ਦੇ ਪਰਦੇ ਫਾੜ ਦੇਣ ਵਾਲੇ ਕਸ਼ਮੀਰ ਦੇ ਸੰਨਾਟੇ ਨੂੰ ਦਬਾ ਨਹੀਂ ਸਕਿਆ। ਉਸ ਦਿਨ 22 ਸਤੰਬਰ ਨੂੰ ਜਦ ਉੱਥੇ ਪ੍ਰੋਗਰਾਮ ਹੋ ਰਿਹਾ ਸੀ, ਘਾਟੀ ਵਿਚ ਕਰਫਿਊ ਤੇ ਸੰਚਾਰ 'ਤੇ ਲੱਗੀ ਰੋਕ ਦੇ 48 ਦਿਨ ਪੂਰੇ ਹੋ ਚੁੱਕੇ ਸਨ, ਮੋਦੀ ਨੇ ਇਕ ਵਾਰ ਫਿਰ ਆਪਣੇ ਹਿੰਦੂਤਵ ਫਾਸ਼ੀਵਾਦ ਦਾ ਅਜਿਹਾ ਪ੍ਰਦਰਸ਼ਨ ਕੀਤਾ, ਜਿਸ ਨੂੰ ਆਧੁਨਿਕ ਯੁੱਗ ਵਿਚ ਕਿਸੇ ਨੇ ਦੇਖਿਆ ਨਾ ਸੁਣਿਆ ਤੇ ਇਕ ਵਾਰ ਫਿਰ ਇਸ ਪ੍ਰਦਰਸ਼ਨ ਨੇ ਭਗਤਾਂ ਦੇ ਵਿਚਾਲੇ ਉਸ ਨੂੰ ਹੋਰ ਜ਼ਿਆਦਾ ਪ੍ਰੇਮ ਦਾ ਪਾਤਰ ਬਣਾ ਦਿੱਤਾ। 

6 ਅਗਸਤ ਦੌਰਾਨ ਜਦ ਜੰਮੂ-ਕਸ਼ਮੀਰ ਪੁਨਰ ਗਠਨ ਬਿੱਲ ਸੰਸਦ ਵਿਚ ਪਾਸ ਹੋਇਆ ਤਾਂ ਹਰ ਜਗ੍ਹਾ ਦੇ ਰਾਜਨੀਤਕ ਦਲਾਂ ਵਿਚ ਇਸ ਦਾ ਜਸ਼ਨ ਮਨਾਇਆ ਗਿਆ। ਪ੍ਰੋਗਰਾਮਾਂ ਵਿਚ ਮਠਿਆਈਆਂ ਵੰਡੀਆਂ ਗਈਆਂ ਤੇ ਸੜਕਾਂ 'ਤੇ ਡਾਂਸ ਕੀਤਾ ਗਿਆ। ਇਕ ਜੇਤੂ ਕਸ਼ਮੀਰ 'ਤੇ ਕਬਜ਼ਾ, ਹਿੰਦੂ ਰਾਸ਼ਟਰ ਦੀ ਵੱਡੀ ਜਿੱਤ ਦਾ ਉਤਸ਼ਾਹ ਨਾਲ ਜਸ਼ਨ ਮਨਾਇਆ ਗਿਆ। ਇਕ ਵਾਰ ਫਿਰ ਜਿੱਤਣ ਵਾਲਿਆਂ ਦੀਆਂ ਹਿਰਸੀ ਨਜ਼ਰਾਂ ਜਿੱਤ ਦੀ ਆਦਮ ਟਰਾਫੀ-ਜ਼ਮੀਨ ਅਤੇ ਔਰਤ 'ਤੇ ਪਈ। ਭਾਜਪਾ ਦੇ ਸੀਨੀਅਰ ਨੇਤਾਵਾਂ ਤੇ ਮੰਤਰੀਆਂ ਨੇ ਦੇਸ਼ ਭਗਤੀ ਦੇ ਪੌਪ ਵੀਡੀਓ ਦੇ ਵਿਚਾਰਾਂ ਨੂੰ ਭਗਵੇਂਵਾਦੀ ਫਾਸ਼ੀਵਾਦ ਦੇ ਪ੍ਰਭਾਵ ਹੇਠ ਕਰੋੜਾਂ ਲੋਕ ਜਾਇਜ਼ ਠਹਿਰਾ ਰਹੇ ਸਨ। ਇਨ੍ਹਾਂ ਭਗਵੇਂ ਲੀਡਰਾਂ ਦਾ ਸੁਨੇਹਾ ਸੀ ਕਿ ਹੁਣ ਤੁਸੀਂ ਕਸ਼ਮੀਰੀ ਲੜਕੀ ਨਾਲ ਵਿਆਹ ਵੀ ਕਰਵਾ ਸਕੋਗੇ ਤੇ ਜ਼ਮੀਨ ਦੇ ਮਾਲਕ ਵੀ ਬਣ ਸਕੋਗੇ। ਗੂਗਲ ਟਰੇਂਡ ਤੋਂ ਪਤਾ ਚੱਲਦਾ ਹੈ ਕਿ ਕਸ਼ਮੀਰੀ ਲੜਕੀ ਨਾਲ ਵਿਆਹ ਤੇ ਕਸ਼ਮੀਰ ਵਿਚ ਜ਼ਮੀਨ ਖਰੀਦਣ ਨੂੰ ਸਭ ਤੋਂ ਵਧ ਸਰਚ ਕੀਤਾ ਗਿਆ। ਕਸ਼ਮੀਰ ਦੀ ਘੇਰਾਬੰਦੀ ਤੋਂ ਬਾਅਦ ਕੁਝ ਦਿਨਾਂ ਵਿਚ 'ਵੰਨ ਅਧਿਕਾਰ ਸਮਿਤੀ' ਨੇ ਜੰਗਲ ਦੇ ਹੋਰ ਇਸਤੇਮਾਲ ਲਈ 125 ਸਰਕਾਰੀ ਪ੍ਰਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਜੰਮੂ-ਕਸ਼ਮੀਰ ਤੋਂ ਰਾਜ ਦਾ ਦਰਜਾ ਖੋਹ ਲੈਣ ਤੇ ਵਿਸ਼ੇਸ਼ ਦਰਜਾ ਹਟਾਉਣ ਦੀ ਤਿਆਰੀ ਵਿਚ ਭਾਰਤ ਸਰਕਾਰ ਨੇ ਇਸ ਖੇਤਰ ਵਿਚ ਹਜ਼ਾਰ ਤੋਂ ਜ਼ਿਆਦਾ ਫ਼ੌਜੀਆਂ ਨੂੰ ਭੇਜਿਆ। ਇਸ ਖੇਤਰ ਵਿਚ ਪਹਿਲਾਂ ਹੀ ਹਜ਼ਾਰਾਂ ਫ਼ੌਜੀ ਤੈਨਾਤ ਸਨ। ਕਸ਼ਮੀਰ ਉੱਪਰ ਹਰੇਕ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਕਸ਼ਮੀਰੀਆਂ ਦੇ ਦੁਖਾਂਤ ਦੀਆਂ ਖ਼ਬਰਾਂ ਬਾਹਰ ਨਾ ਆ ਸਕੀਆਂ। ਪੂਰੀ ਐਮਰਜੈਂਸੀ ਲਗਾ ਦਿੱਤੀ ਗਈ। ਕਸ਼ਮੀਰੀ ਅਖ਼ਬਾਰਾਂ ਜੀਵ ਜੰਤੂ ਦੀ ਸੁਰੱਖਿਆ, ਸ਼ੂਗਰ ਦੀ ਬਿਮਾਰੀ ਤੋਂ ਰਾਹਤ ਦੇ ਨੁਸਖਿਆਂ ਨਾਲ ਭਰੀਆਂ ਹੋਈਆਂ ਸਨ। ਮੁਖ ਸੁਰਖੀਆਂ ਸਨ ਕਿ ਕਸ਼ਮੀਰ ਬਾਰੇ ਮੋਦੀ ਦਾ ਫਾਰਮੂਲਾ ਕਿੰਨਾ ਵਧੀਆ ਹੈ। ਪਰ ਇਹ ਅਸੀਂ ਕਦ ਸੋਚਾਂਗੇ ਕਿ ਕਸ਼ਮੀਰ ਦੀ ਆਰਥਿਕਤਾ ਤੇ ਕੁਦਰਤੀ ਭੰਡਾਰਾਂ ਨੂੰ ਲੁੱਟਿਆ ਜਾਵੇਗਾ ਤੇ ਇਸ ਲੁੱਟ ਵਿਚ ਭਾਰਤੀ ਕਾਰਪੋਰੇਟ ਸ਼ਾਮਲ ਹੋਵੇਗਾ। 

ਆਮ ਲੋਕਾਂ ਦੇ ਜੀਵਨ ਦੀ ਅਸਲ ਰਿਪੋਰਟਿੰਗ ਜ਼ਿਆਦਾਤਰ ਅਜਿਹੇ ਪੱਤਰਕਾਰਾਂ ਤੇ ਫੋਟੋਗਰਾਫਰਾਂ ਨੇ ਦਿੱਤੀ ਜੋ ਐਸੋਸੀਏਸ਼ਟਿਡ ਪ੍ਰੈੱਸ, ਏਜੰਸ ਫਰਾਂਸ ਪ੍ਰੈਸੇ, ਅਲਜਜ਼ੀਰਾ, ਦਾ ਗਾਰਡੀਅਨ, ਬੀਬੀਸੀ, ਦ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ ਵਰਗੇ ਅੰਤਰਰਾਸ਼ਟਰੀ ਮੀਡੀਏ ਨਾਲ ਜੁੜੇ ਸਨ। ਜ਼ਿਆਦਾਤਰ ਕਸ਼ਮੀਰੀ ਪੱਤਰਕਾਰਾਂ ਨੇ ਜਾਨ ਦਾ ਖਤਰਾ ਉਠਾਉਂਦੇ ਹੋਏ ਆਪਣੇ ਖੇਤਰਾਂ ਦਾ ਦੌਰਾ ਕੀਤਾ ਤੇ ਇਨ੍ਹਾਂ ਲਈ ਖ਼ਬਰਾਂ ਬਾਹਰ ਲੈ ਕੇ ਆਏ। ਖ਼ਬਰਾਂ ਸਨ ਰਾਤ ਦੌਰਾਨ ਮਾਰੇ ਜਾ ਰਹੇ ਫ਼ੌਜੀ ਛਾਪਿਆਂ ਦੀਆਂ ਖ਼ਬਰਾ। ਨੌਜਵਾਨ ਲੜਕਿਆਂ ਨੂੰ ਗ੍ਰਿਫ਼ਤਾਰ ਕਰਕੇ ਕਈ ਘੰਟਿਆਂ ਤੱਕ ਫ਼ੋਜੀਆਂ ਡੰਡਿਆਂ ਨਾਲ ਕੁੱਟਣਾ। ਉਨ੍ਹਾਂ ਦੀਆਂ ਚੀਕਾਂ ਨੂੰ ਮਾਈਕ੍ਰੋਫੋਨ 'ਤੇ ਸੁਣਾਉਣ ਦੀਆਂ ਖ਼ਬਰਾਂ ਤਾਂ ਕਿ ਆਂਢੀ-ਗੁਆਂਢੀ ਤੇ ਪਰਿਵਾਰ ਵਾਲੇ ਸਬਕ ਲੈ ਸਕਣ। ਪਿੰਡਾਂ ਦੇ ਘਰਾਂ ਵਿਚ ਵੜ ਕੇ ਸਰਦੀਆਂ ਦੇ ਰੱਖੇ ਅਨਾਜ ਨੂੰ ਉਜਾੜਨ ਦੀਆਂ ਖ਼ਬਰਾਂ ਤੇ ਸੈਂਕੜੇ ਬੱਚਿਆਂ ਦੀਆਂ ਖ਼ਬਰਾਂ ਸਨ, ਜਿਨ੍ਹਾਂ ਨੂੰ ਰਾਤ ਦੇ ਹਨੇਰਿਆਂ ਵਿਚ ਉਠਾ ਲਿਆ ਗਿਆ ਤੇ ਉਨ੍ਹਾਂ ਦੇ ਮਾਂ-ਬਾਪ ਦੀਆਂ ਖ਼ਬਰਾਂ ਵੀ ਜੋ ਬੇਚੈਨੀ ਤੇ ਦਹਿਸ਼ਤ ਨਾਲ ਬਿਮਾਰ ਪੈ ਗਏ, ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਕਸ਼ਮੀਰ ਦੀ ਘੇਰਾਬੰਦੀ ਸਿਰਫ਼ ਲੋਕਾਂ ਦੇ ਦਿਮਾਗ ਦੀ ਉਪਜ ਹੈ ਤੇ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਦੱਸਿਆ ਕਿ ਕਸ਼ਮੀਰੀਆਂ ਦੇ ਲਈ ਟੈਲੀਫੋਨ ਲਾਈਨਾਂ ਦਾ ਮਹੱਤਵ ਨਹੀਂ, ਕਿਉਂਕਿ ਉਨ੍ਹਾਂ ਦਾ ਇਸਤੇਮਾਲ ਕੇਵਲ ਅੱਤਵਾਦੀ ਕਰਦੇ ਹਨ। ਫ਼ੌਜ ਮੁਖੀ ਵਿਪਨ ਰਾਵਤ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਆਮ ਜੀਵਨ ਪ੍ਰਭਾਵਿਤ ਨਹੀਂ ਹੋਇਆ ਤੇ ਲੋਕ ਆਪਣਾ ਕੰਮ ਕਰ ਰਹੇ ਹਨ। ਇਨ੍ਹਾਂ ਸਥਿਤੀਆਂ ਤੋਂ ਇਹ ਸਮਝਣਾ ਸੌਖਾ ਹੈ ਕਿ ਭਾਰਤ ਸਰਕਾਰ ਕਿੰਨਾ ਲੋਕਾਂ ਨੂੰ ਅੱਤਵਾਦੀ ਕਹਿ ਰਹੀ ਹੈ।


ਅਰੁੰਧਤੀ ਰਾਇ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।