ਬਹਿਬਲ ਕਾਂਡ ਬਾਰੇ ਸੁਣਵਾਈ 13 ਮਈ ਨੂੰ

ਬਹਿਬਲ ਕਾਂਡ ਬਾਰੇ ਸੁਣਵਾਈ 13 ਮਈ ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫ਼ਰੀਦਕੋਟ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ  ਬਹਿਬਲ ਗੋਲੀ ਕਾਂਡ ਦੀ ਸੁਣਵਾਈ 13 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੇ ਪ੍ਰਮੁੱਖ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਕਰਕੇ ਸਿਟ ਅਤੇ ਸਰਕਾਰ ਦੇ ਵਕੀਲ  ਇਸ ਮਾਮਲੇ ਵਿੱਚ ਬਹਿਸ ਨਹੀਂ ਕਰ ਸਕਦੇ ਹਨ। ਪੰਜਾਬ ਸਰਕਾਰ ਹਰ ਹਾਲ ਵਿੱਚ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਮੁਲਤਵੀ ਕਰਾਉਣਾ ਚਾਹੁੰਦੀ ਸੀ ਜਿਸ ਵਿੱਚ ਉਨ੍ਹਾਂ ਨੂੰ ਸਫ਼ਲਤਾ ਵੀ ਮਿਲੀ ਹੈ। ਪੰਜਾਬ ਸਰਕਾਰ ਬਹਿਬਲ ਗੋਲੀ ਕਾਂਡ ਵਿੱਚ ਬਹਿਸ ਕਰਨ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਵੱਲੋਂ ਸੁਣਾਏ ਫੈਸਲੇ ਦੀ ਸਮੀਖਿਆ ਕਰਨਾ ਚਾਹੁੰਦੀ ਹੈ ਪ੍ਰੰਤੂ ਅਜੇ ਤੱਕ ਕਿਸੇ ਵੀ ਧਿਰ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਨਹੀਂ ਮਿਲੀ ਹੈ। ਉਧਰ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਨ ਵਾਲੇ ਗੁਰਦੀਪ ਸਿੰਘ ਪੰਧੇਰ ਅਤੇ ਬਾਕੀ ਮੁਲਜ਼ਮਾਂ ਦੇ ਵਕੀਲਾਂ ਨੇ ਮੰਗ ਕੀਤੀ ਕਿ ਜਿੰਨਾ ਚਿਰ ਕੋਈ ਫ਼ੈਸਲਾ ਨਹੀਂ ਹੁੰਦਾ, ਓਨਾ ਚਿਰ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਵਿੱਚ ਚੱਲਦੇ ਕੇਸਾਂ ਉਪਰ ਰੋਕ ਲਾਈ ਜਾਵੇ। ਉਂਜ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਾਈ ਹੈ।