ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ

 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਟਕਪੂਰਾ ਗੋਲੀ ਕਾਂਡ ਦਾ ਮਾਮਲਾ

 *ਅਦਾਲਤ ਦੇ ਨਿਆਂ ਅਗੇ ਪ੍ਰਸ਼ਨ ਚਿੰਨ   

*ਪਟਨੇ ਦੀ ਮਿੱਟੀ ਨਾਲ ਜੁੜੇ ਪੁਲੀਸ ਅਫਸਰ ਕੰੰਵਰ ਵਿਜੈ ਪ੍ਰਤਾਪ ਸਿੰਘ ਨੇ “ਸੱਚੀ ਅਦਾਲਤ” ਉਪਰ ਫੈਸਲੇ  ਛਡਿਆ

 *ਕੁੰਵਰ ਦੀ ਵੀ. ਆਰ. ਐਸ. ਦੀ ਅਰਜ਼ੀ ਮਨਜ਼ੂਰ, ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਰਿਪੋਰਟ।     

  *ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਧਮਕਾ ਰਹੇ ਸੀ ਸੁਖਬੀਰ ਬਾਦਲ

    ਵਿਸ਼ੇਸ਼ ਰਿਪੋੋਟ                                                                                            

  ਪਿਛਲੇ ਦਿਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਹਿਬਲ ਕਲਾਂ , ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਕੁੰਵਰ ਵਿਜੇ ਪਰਤਾਪ ਸਿੰਘ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਜਾਂਚ ਰਿਪੋਰਟ ਰੱਦ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਜਾਂਚ ਪੜਤਾਲ ਸਬੰਧੀ ਕੁੰਵਰ ਵਿਜੇ ਪ੍ਰਤਾਪ ਨੇ ਮੀਡੀਏ ਨੂੰ ਦਿੱਤੀ ਇੰਟਰਵਿਊ ਵਿੱਚ ਬਹੁਤ ਸਾਰੇ ਖੁਲਾਸੇ ਵੀ ਕੀਤੇ ਸਨ।ਉਹਨਾਂ ਜਾਂਚ ਪੜਤਾਲ ਪੂਰੀ ਹੋਣ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਬੜੀ ਸਹਿਜਤਾ  ਨਾਲ ਕਿਹਾ ਸੀ ਕਿ ਮੈਂਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਇਹ ਪੜਤਾਲ ਦਾ ਕੰਮ ਨੇਪਰੇ ਚਾੜਿਆ ਹੈ,ਉਹਨਾਂ ਇਹ ਵੀ ਕਿਹਾ ਸੀ ਕਿ ਮੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ। ਕੁੰਵਰ ਵਿਜੇ ਪਰਤਾਪ ਦੇ ਮੀਡੀਆ ਸਾਹਮਣੇ ਆਉਣ ਤੋ ਬਾਅਦ ਬਹੁਤ ਸਾਰੇ ਉਹਨਾਂ ਪੁਲਿਸ ਅਫਸਰਾਂ ਅਤੇ ਸਿਆਸੀ ਨੇਤਾਵਾਂ ਦੀ ਰਾਤਾਂ ਦੀ ਨੀਦ ਹਰਾਮ ਹੋ ਗਈ ਸੀ,ਜਿਹਨਾਂ ਦੀ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਵਿੱਚ ਕੋਈ ਭੂਮਿਕਾ ਰਹੀ ਸੀ। ਹਾਈਕੋਰਟ ਦੇ ਇਹਨਾਂ ਤਾਜਾ ਹੁਕਮਾਂ ਨੇ ਇੱਕ ਵਾਰੀ ਫਿਰ ਭਾਰਤੀ ਲੋਕਤੰਤਰ ਦਾ ਕਰੂਰ ਚਿਹਰਾ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ ਹੈ। ਜੇਕਰ ਇਨਸਾਫ ਦੀ ਗੱਲ ਕੀਤੀ ਜਾਵੇ , ਤਾਂ ਭਾਰਤੀ ਅਦਾਲਤਾਂ ਨੇ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀ ਦਿੱਤਾ। ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋ ਬਾਅਦ 1984 ਦੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਜੋ ਯੋਜਨਾਬਧ ਢੰਗ ਸਿੱਖ ਕਤਲੇਆਮ ਹੋਇਆ,ਉਹਦੇ ਇਨਸਾਫ ਲਈ ਪੀੜਤ ਸਿੱਖ ਅਦਾਲਤਾਂ ਦੇ ਚੱਕਰ ਕੱਟਦੇ ਕੱਟਦੇ ਇਸ ਦੁਨੀਆ ਤੋਂਂ ਹੀ ਰੁਖਸਤ ਹੋ ਗਏ,ਪਰ ਅਦਾਲਤਾਂ ਇਨਸਾਫ ਦੇਣ ਦੇ ਨੇੜੇ ਵੀ ਨਾ ਪਹੁੰਚ ਸਕੀਆਂ। ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇਸ ਇਲਮ ਸੌਖਿਆਂ ਹੀ ਹੋ ਜਾਂਦਾ ਹੈ ਕਿ ਪਿਛਲੇ 37 ਸਾਲਾਂ ਤੋ ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਟਾਲ ਮਟੋਲ ਕਰਨ ਵਾਲੀ ਭਾਰਤੀ ਨਿਆ ਪਰਨਾਲੀ ਦਾ ਮੌਜੂਦਾ ਵਰਤਾਰਾ ਵੀ ਪਿਛਲੇ  ਚਾਰ ਦਹਾਕਿਆਂ ਦੇ ਵਰਤਾਰੇ ਤੋਂਂ ਵੱਖਰਾ ਨਹੀ ਹੈ। ਦਿੱਲੀ ਕਤਲੇਆਮ ਹੋਵੇ, ਜਾਂ ਤੀਹ ਤੀਹ ਪੈਂਤੀ ਪੈਂਤੀ ਸਾਲਾਂ ਤੋ ਸਜਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਵੀ ਜੇਲਾਂ ਵਿਚ ਬੰਦ ਰੱਖੇ ਹੋਏ ਸਿੱਖ ਨੌਜਵਾਨਾਂ ਦੀ ਗੱਲ ਹੋਵੇ, ਹਰ ਪਾਸੇ ਭਾਰਤੀ ਕਨੂੰਨ ਦਾ ਦੋਹਰਾ ਮਾਪਦੰਡ ਘੱਟ ਗਿਣਤੀਆਂ  ਨੂੰ ਇਸ ਦੇਸ਼ ਅੰਦਰ ਗੁਲਾਮੀ ਦਾ ਅਹਿਸਾਸ ਕਰਵਾਉਂਦਾ ਪਰਤੀਤ ਹੁੰਦਾ ਹੈ।  ਕੁੰਵਰ ਵਿਜੇ ਪਰਤਾਪ ਸਿੰਘ ਦੀ ਜਾਂਚ ਪੜਤਾਲ ਦੇ ਮਾਮਲੇ ਵਿੱਚ ਹਾਈ ਕੋਰਟ ਦਾ ਫੈਸਲਾ ਸਪੱਸ਼ਟ ਕਰਦਾ ਹੈ ਕਿ ਦੇਸ਼ ਦੀ ਨਿਆਂਂ ਪਰਨਾਲੀ ਵੀ ਅਜ਼ਾਦ ਨਹੀ, ਬਲਕਿ ਅੱਜ ਦੇ ਸੰਦਰਭ ਵਿੱਚ ਉਹ ਸੱਤਾ ਦੇ ਰਹਿਮੋ ਕਰਮ ਤੇ, ਸੱਤਾ ਦੀ ਸਥਾਪਤੀ ਦੀ ਰਾਖੀ ਲਈ ਕੰਮ ਕਰਦੀ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਵੀ ਮਹਿਜ ਅਦਾਲਤੀ  ਫੈਸਲਾ ਨਹੀ ਮੰਨਣਾ ਚਾਹੀਦਾ,ਸਗੋਂ ਇਹਦੇ ਪਿੱਛੇ ਖੜੀਆਂ ਕੇਂਦਰੀ ਤਾਕਤਾਂ ਅਤੇ ਉਹਨਾਂ ਦੀ ਮਣਸ਼ਾ ਨੂੰ ਸਮਝਣਾ ਹੋਵੇਗਾ,ਜਿਹੜੀਆਂ ਤਾਕਤਾਂ ਆਪਣੇ ਪੁਰਾਣੇ ਵਫਾਦਾਰ ਬੁਚੜ ਪੁਲਿਸ ਅਫਸਰਾਂ ਨੂੰ ਬਚਾਉਣ ਖਾਤਰ ਅਦਾਲਤਾਂ ਨੂੰ ਵਰਤਦੀਆਂ ਹਨ। ਕੁੰਵਰ ਵਿਜੇ ਪਰਤਾਪ ਸਿੰਘ ਦੇ ਤਾਜਾ ਅਦਾਲਤੀ ਮਾਮਲੇ ਵਿੱਚ ਕੇਂਦਰੀ ਤਾਕਤਾਂ ਹੀ ਨਹੀ ਬਲਕਿ ਸੂਬਾ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ,ਜਿਸ ਨੇ ਆਪਣੀ ਹੀ ਬਣਾਈ ਜਾਂਚ ਕਮੇਟੀ ਨੂੰ ਖੁਦ ਹੀ ਗਲਤ ਸਾਬਤ ਕਰਕੇ ਇੱਕ ਵਾਰ ਫਿਰ ਪਟਿਆਲਾ ਖਾਨਦਾਨ ਪ੍ਰਤੀ ਸਿਖ ਮਨਾਂ ਵਿਚ ਨਫਰਤ ਦੇ ਬੀਜ ਬੀਜ ਦਿੱਤੇ ਹਨ।  ਇਸ ਮਾਮਲੇ ਨਾਲ ਜੁੜੇ ਬਹੁਤ ਸਾਰੇ ਸੁਆਲ ਹਨ,ਜਿੰਹਨਾਂ ਨੇ ਮੁੱਖ ਮੰਤਰੀ ਪੰਜਾਬ ਦੀ ਸ਼ਾਖ ਨੂੰ ਵੱਡੀ ਢਾਹ ਲਾਈ ਹੈ। ਜੇਕਰ ਗੱਲ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕੀਤੀ ਜਾਵੇ,ਤਾਂ ਉਹਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਤੀ ਦਿਖਾਈ ਸ਼ਰਧਾ ਅਤੇ ਉਹਨਾਂ ਵੱਲੋਂ ਉਸ ਅਕਾਲ ਦੀ ਅਦਾਲਤ ਤੇ ਕੀਤਾ ਗਿਆ ਅਥਾਹ ਭਰੋਸਾ ਦੱਸਦਾ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਅਪਣੇ ਇਮਾਨਦਾਰੀ ਨਾਲ ਨਿਭਾਏ ਗਏ ਫਰਜਾਂ ਪ੍ਰਤੀ ਕੋਈ ਸ਼ਕ ਨਹੀ  ਅਤੇ ਨਾ ਹੀ ਕੋਈ ਪਛਤਾਵਾ ਹੈ,ਬਲਕਿ ਉਹਨਾਂ ਨੂੰ ਆਪਣੇ ਵੱਲੋਂ ਗੁਰੂ ਨੂੰ ਹਾਜਰ ਨਾਜ਼ਰ ਜਾਣ ਕੇ ਈਮਾਨਦਾਰੀ ਨਾਲ ਕੀਤੀ ਪੜਤਾਲ ਤੇ ਇਹ ਪੂਰਨ ਭਰੋਸਾ ਹੈ ਕਿ ਭਾਵੇਂ ਦੁਨਿਆਵੀ ਅਦਾਲਤਾਂ ਕੋਈ ਵੀ ਫੈਸਲਾ ਦੇਣ,ਫਿਰ ਵੀ ਦੋਸ਼ੀਆਂ ਨੂੰ ਸੱਚੀ ਅਦਾਲਤ ਵਿੱਚੋਂ ਸਜ਼ਾ ਜਰੂਰ ਮਿਲੇਗੀ।                                                      ਆਈਜੀ ਕੁੰਵਰ  ਦਾ ਅਸਤੀਫਾ ਕੈਪਟਨ ਵਲੋਂ ਮਨਜ਼ੂਰ

ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਸਤੀਫਾ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਿਆ ਹੈ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਕੁੰਵਰ  ਦਾ ਅਸਤੀਫਾ ਅਸਵੀਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਸੂਬੇ ਨੂੰ ਉਨ੍ਹਾਂ ਵਰਗੇ ਯੋਗ ਅਫਸਰਾਂ ਦੀਆਂ ਸੇਵਾਵਾਂ ਦੀ ਲੋੜ ਹੈ ਪਰ ਕਰੀਬ ਚਾਰ ਦਿਨਾਂ ਬਾਅਦ ਸੀਐਮ ਨੇ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨ ਤੋਂ ਬਾਅਦ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ। 

 ਕੁੰਵਰ ਨੂੰ ਸੁਖਬੀਰ ਉਪਰ ਧਮਕਾਉਣ ਦੇ ਦੋਸ਼  

ਬੇਅਦਬੀ ਤੇ ਗੋਲੀ ਕਾਂਡ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਤਾਜ਼ਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਧਮਕਾਇਆ ਗਿਆ ਸੀ। ਇਸ ਸਬੰਧੀ ਸੂਬੇ ਦੇ ਐਡਵੋਕੇਟ ਜਨਰਲ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ।ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਿਫਾਰਸ਼ ਵਿੱਚ ਕਿਹਾ ਸੀ ਕਿ ਕਿ ਬਰਗਾੜੀ ਬੇਅਦਬੀ ਕਾਂਡ ਨਾਲ ਜੁੜੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨਾਲ ਵੀ ਸਵਾਲ ਜਵਾਬ ਹੋ ਚੁੱਕੇ ਹਨ। ਇਨ੍ਹਾਂ ਦੋਨਾਂ ਵਿਰੁੱਧ ਦੋਵੇਂ ਘਟਨਾਵਾਂ ਸਬੰਧੀ ਅਦਾਲਤ 'ਚ ਚਲਾਨ ਪੇਸ਼ ਕੀਤਾ ਜਾਣਾ ਚਾਹੀਦਾ ਹੈ।ਇਹ ਸਿਫਾਰਸ਼ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਜਾਂਚ ਰੱਦ ਕਰਨ ਤੇ ਖੁਦ ਨੂੰ ਜਾਂਚ ਟੀਮ ਤੋਂ ਹਟਾਏ ਜਾਣ ਦੇ ਕਰੀਬ 25 ਦਿਨ ਪਹਿਲਾਂ ਹੀ 15 ਮਾਰਚ ਨੂੰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੀਤੀ ਸੀ। ਇਹ 12 ਪੇਜ ਦੀ ਰਿਪੋਰਟ ਉਨ੍ਹਾਂ ਨੇ ਸੂਬੇ ਦੇ ਡੀਜੀਪੀ, ਵਧੀਕ ਮੁੱਖ ਸਕੱਤਰ ਗ੍ਰਹਿ ਤੇ ਨਿਆਂ ਵਿਭਾਗ ਤੇ ਪੰਜਾਬ ਦੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜ ਦਿੱਤੀ ਸੀ।

ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਰਿਪੋਰਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੱਲੋਂ ਧਮਕਾਇਆ ਵੀ ਗਿਆ, ਜਿਸ ਸਬੰਧੀ ਸੂਬੇ ਦੇ ਐਡਵੋਕੇਟ ਜਨਰਲ ਦਫ਼ਤਰ ਨੂੰ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਜਦਕਿ ਕੋਟਕਪੂਰਾ ਤੇ ਬਹਿਬਲ ਗੋਲੀਕਾਂਡ ਦੀਆਂ ਘਟਨਾਵਾਂ 'ਚ ਹੁਣ ਤੱਕ 7-7 ਮੁਲਜ਼ਮਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ।ਇਨ੍ਹਾਂ ਘਟਨਾਵਾਂ ਵਿੱਚ ਨਵੰਬਰ 2018 'ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨਾਲ ਸਵਾਲ-ਜਵਾਬ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਨੇ ਦੋਵਾਂ ਵਿਰੁੱਧ ਦੋਵੇਂ ਘਟਨਾਵਾਂ ਵਿੱਚ ਚਲਾਨ ਦਾਖਲ ਕਰਨ ਦੀ ਸਿਫਾਰਸ਼ ਕੀਤੀ ਸੀ। ਕੁੰਵਰ ਵਿਜੈ ਪ੍ਰਤਾਪ ਨੇ ਸਾਫ ਲਿਖਿਆ ਹੈ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਲਗਪਗ ਪੂਰੀ ਹੋ ਚੁੱਕੀ ਹੈ ਤੇ ਕੇਸ ਨਿਰਣਾਇਕ ਮੋੜ ਉੱਤੇ ਪਹੁੰਚੇ ਚੁੱਕੇ ਹਨ। ਅਜਿਹੇ ਹਾਲਾਤ 'ਚ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣ ਦੀ ਲੋੜ ਹੈ।

ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਬਹਿਬਲ ਗੋਲੀਕਾਂਡ ਦੇ ਇੱਕ ਗਵਾਹ ਸੁਰਜੀਤ ਸਿੰਘ ਦੀ ਸ਼ੱਕੀ ਮੌਤ ਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਰਨ ਵਾਲੇ ਕਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਨੂੰ ਮਿਲ ਰਹੀ ਧਮਕੀਆਂ ਦਾ ਵੀ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ। ਇਸ ਵਿੱਚ ਸਰਕਾਰ ਨਾਲ ਜੁੜੇ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਹਨ। ਉਨ੍ਹਾਂ ਨੇ ਰਿਪੋਰਟ 'ਚ ਕਿਹਾ ਕਿ ਉਨ੍ਹਾਂ ਵੱਲੋਂ ਗੋਲੀਕਾਂਡ ਦੀਆਂ ਘਟਨਾਵਾਂ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਗਈ ਹੈ ਤੇ ਇਨ੍ਹਾਂ ਵਿੱਚ ਆਖਰੀ ਚਲਾਨ ਉਨ੍ਹਾਂ ਦੇ ਜਾਂ ਕਿਸੇ ਹੋਰ ਅਧਿਕਾਰੀ ਜਰੀਏ ਅਦਾਲਤ ਵਿੱਚ ਪੇਸ਼ ਕਰਵਾਇਆ ਜਾ ਸਕਦਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਕਿਹਾ ਕਿ ਉਹ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਗਵਾਹ ਅਜੀਤ ਸਿੰਘ ਨੂੰ ਕਦੇ ਨਹੀਂ ਮਿਲੇ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਇਹ ਝੂਠਾ ਦਾਅਵਾ ਕਿ ਮੈਂ ਗਵਾਹ ਨੂੰ ਸ਼੍ਰੋਮਣੀ  ਕਮੇਟੀ 'ਚ ਨੌਕਰੀ ਦੇਣ ਦਾ ਵਾਅਦਾ ਕਰ ਕੇ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਕਰਨ ਲਈ ਉਹ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦਾ ਖ਼ੁਮਾਰ ਚੜਿਆ ਹੋਇਆ ਸੀ ਤੇ ਇਸੇ ਮਕਸਦ ਲਈ ਉਸ ਨੇ ਇਹ ਦੂਸ਼ਣਬਾਜ਼ੀ ਦਾ ਪੱਤਰ ਸੂਬੇ ਦੇ ਡੀ.ਜੀ.ਪੀ. ਨੂੰ ਭੇਜ ਕੇ ਝੂਠੇ ਦੋਸ਼ ਲਗਾਏ । ਉਨ੍ਹਾਂ ਕਿਹਾ ਕਿ ਆਈ.ਜੀ. ਨੂੰ ਪਹਿਲਾਂ ਹੀ ਹਾਈਕੋਰਟ 'ਚ ਚੱਲ ਰਹੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਕਾਰਵਾਈ ਤੋਂ ਪਤਾ ਸੀ ਕਿ ਉਸ ਦੀ ਜਾਂਚ ਰੱਦ ਕਰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਤਾਜ਼ਾ ਦੂਸ਼ਣਬਾਜ਼ੀ ਅਸਲ 'ਚ ਉਸ ਦੀ ਭਾਰੀ ਨਮੋਸ਼ੀ ਦਾ ਨਤੀਜਾ ਹੈ, ਜਿਸ ਦਾ ਮਕਸਦ ਕਾਂਗਰਸ ਪਾਰਟੀ ਦੇ ਸਿਆਸੀ ਏਜੰਡੇ 'ਤੇ ਤਿੰਨ ਸਾਲ ਚੱਲਣ ਮਗਰੋਂ ਕੇਸ ਦਾ ਸਿਆਸੀਕਰਨ ਕਰਨਾ ਹੈ ।ਉਨ੍ਹਾਂ ਕਿਹਾ ਕਿ ਆਈ.ਜੀ. ਨੇ ਕਾਂਗਰਸ ਸਰਕਾਰ ਦੇ ਇਸ਼ਾਰੇ 'ਤੇ ਅਕਾਲੀ ਦਲ ਅਤੇ ਇਸ ਦੀ ਸੀਨੀਅਰ ਲੀਡਰਸ਼ਿਪ ਨੂੰ ਕੇਸ 'ਚ ਫਸਾਉਣ ਦਾ ਯਤਨ ਕੀਤਾ, ਪਰ ਉਹ ਇਸ ਕੰਮ 'ਚ ਅਸਫਲ ਰਿਹਾ ।

 ਸਿੱਖ ਜਥੇਬੰਦੀਆਂ ਵੱਲੋਂ ਮੁਜ਼ਾਹਰਾ

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਬਣਾਈ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ‘ਸਿਟ’ ਦੀ ਰਿਪੋਰਟ ਖਾਰਜ ਕਰਨ ਦੇ ਵਿਰੋਧ ਵਿੱਚ ਸੂਬੇ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ ਪੈਦਲ ਮਾਰਚ ਕੀਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੁੱਲਾਂਪੁਰ ਬੈਰੀਅਰ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨਾਕਾਮ ਰਹੀ। ਇਸ ਮਗਰੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ।ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਸਬੰਧੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਐੱਸਆਈਟੀ ਨੇ ਜਾਂਚ ਕਰ ਕੇ ਰਿਪੋਰਟ ਪੇਸ਼ ਕੀਤੀ ਹੈ, ਜਿਸ ਨੂੰ ਪੰਜਾਬ ਸਰਕਾਰ ਦੇ ਵਕੀਲ ਹਾਈ ਕੋਰਟ ਵਿੱਚ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੇ। ਇਸ ਕਾਰਨ ਹਾਈ ਕੋਰਟ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ‘ਸਿਟ’ ਦੀ ਰਿਪੋਰਟ ਖਾਰਜ ਕਰ ਕੇ ਨਵੀਂ ਜਾਂਚ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦਿਆ ਹੀ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦਿਵਾਉਣ ਦੇ ਦਾਅਵੇ ਕੀਤੇ ਸਨ ਪਰ ਹੁਣ ਉਹ ਬਾਦਲਾਂ ਨੂੰ ਬਚਾਉਣ ’ਚ ਲੱਗੇ ਹੋਏ ਹਨ। 

 ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਵਿੱਚ ਹੋ ਰਹੀ ਦੇਰੀ ਵਿਰੁੱਧ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ  ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ  ਦੀ ਰਿਹਾਇਸ਼ ਘੇਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਲਿਆ। ਇਸ ਦੌਰਾਨ ‘ਆਪ’ ਆਗੂਆਂ ਤੇ ਪੁਲੀਸ ਵਿਚਾਲੇ ਖਿੱਚ-ਧੂਹ ਵੀ ਹੋਈ। ਜਦੋਂ ‘ਆਪ’ ਆਗੂ ਅੱਗੇ ਜਾਣ ਲਈ ਕਾਮਯਾਬ ਨਾ ਹੋਏ ਤਾਂ ਉਨ੍ਹਾਂ ਉਥੇ ਹੀ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਤ ਵਿਗੜਦੇ ਦੇਖ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਇਨਸਾਫ਼ ਨਾ ਮਿਲਣ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਕੈਪਟਨ ਅਤੇ ਬਾਦਲ ਆਪਸ ’ਚ ਮਿਲੇ ਹੋਏ ਹਨ। ਸਰਕਾਰ ਵੱਲੋਂ ਇਸ ਮਾਮਲੇ ਨੂੰ ਕੋਰਟ ਵਿੱਚ ਵਧੀਆ ਢੰਗ ਨਾਲ ਨਾ ਪੇਸ਼ ਕਰਨ ਕਰਕੇ ਹੀ ਐੱਸਆਈਟੀ ਦੀ ਜਾਂਚ ਰਿਪੋਰਟ ਖਾਰਜ ਹੋਈ ਹੈ।  ਆਮ ਆਦਮੀ ਪਾਰਟੀ ਵੱਲੋਂ  ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ  ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਜਨਤਕ ਹੋਈ ਜਾਂਚ ਰਿਪੋਰਟ ਵਿੱਚ ਦਰਜ ਨਾਵਾਂ ਵਾਲੇ ਦੋਸ਼ੀਆਂ ਨੂੰ ਤੁਰੰਤ ਪੰਥ ਵਿਚੋਂ ਛੇਕਿਆ ਜਾਵੇ। ਇਸ ਤੋਂ ਇਲਾਵਾ ਅਤੇ ਰਾਜਪਾਲ ਤੇ ਪੰਜਾਬ ਸਰਕਾਰ ਨੂੰ ਨਾਮਜ਼ਦ ਦੋਸ਼ੀਆਂ 'ਤੇ ਤੁਰੰਤ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਕਰਨ।

ਕੈਪਟਨ ਕਸੂਤੇ ਆਪਣਿਆਂ ਵਲੋਂ ਘਿਰੇ 

 


 

 ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ  ਰੰਧਾਵਾ ਨੇ ਐਸਆਈਟੀ ਰੱਦ ਹੋਣ ਉੱਤੇ ਕਿਹਾ ਕਿ ਇਸ ਸੰਬੰਧ ਵਿੱਚ ਉਨ੍ਹਾਂ ਦੀ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਹੈ। ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਸ ਉੱਤੇ ਵਿਚਾਰ ਕੀਤਾ ਜਾਵੇਗਾ।  ਹਾਈ ਕੋਰਟ ਨੇ ਹੁਣ ਤੱਕ ਫੈਸਲਾ ਲਿਖਿਆ ਨਹੀਂ ਹੈ। ਜੱਜ ਸਾਹਿਬਾਨ ਜੋ ਫੈਸਲਾ ਦੇਣਗੇ,  ਉਸ ਮੁਤਾਬਕ ਚੱਲਿਆ ਜਾਵੇਗਾ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਕਈ ਤਰ੍ਹਾਂ ਦੀਆਂ ਅੜਚਨਾਂ ਆਈਆਂ ਹਨ। ਪੰਜਾਬ ਸਰਕਾਰ ਨੇ ਆਪਣੇ ਵਕੀਲ ਵੀ ਖੜੇ ਕੀਤੇ ਸਨ।  ਕੋਰਟ ਦੁਆਰਾ ਸਟੇਅ ਜਾਰੀ ਕਰਨ ਵਰਗਾ ਮੁਸ਼ਕਲ ਸਮਾਂ ਵੀ ਆਇਆ।  4 ਸਾਲ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। ਜਦੋਂ 4 ਸਾਲ ਬਾਅਦ ਅਦਾਲਤਾਂ ਅਜਿਹਾ ਫੈਸਲਾ ਦਿੰਦੀਆ ਹਨ ਤਾਂ ਲੋਕ ਜਾਨਣਾ ਚਾਹੁੰਦੇ ਹਨ ਕਿ ਸਰਕਾਰ ਨੇ ਹੁਣ ਤੱਕ ਕੁੱਝ ਕਿਉਂ ਨਹੀਂ ਕੀਤਾ।ਰੰਧਾਵਾ ਨੇ ਕਿਹਾ ਕਈ ਵਾਰ ਕਾਨੂੰਨੀ ਤੌਰ ਉੱਤੇ ਹੱਥ ਬੰਨ ਜਾਂਦੇ ਹਨ,  ਫਿਰ ਵੀ ਪੰਜਾਬ ਸਰਕਾਰ ਨੇ ਜੋ ਵਚਨ ਕੀਤਾ ਸੀ,  ਉਸ ਉੱਤੇ ਅੱਜ ਵੀ ਕਾਇਮ ਹਨ।  ਇਸ ਮਾਮਲੇ ਵਿੱਚ ਜੋ ਵੀ ਚਲਾਨ ਕੋਰਟ ਵਿੱਚ ਪੇਸ਼ ਹੋ ਰਹੇ ਹਨ ,  ਉਨ੍ਹਾਂ ਵਿੱਚ ਬਾਦਲ ਪਰਵਾਰ ਦਾ ਨਾਂਅ ਆ ਰਿਹਾ ਹੈ।  ਲੋਕ ਪੁੱਛਦੇ ਹਨ,  ਕਿ ਇਸ ਮਾਮਲੇ ਵਿੱਚ ਕੁੱਝ ਪੁਲਿਸ ਵਾਲਿਆਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਪਰ ਲੇਕਿਨ ਬਾਦਲ ਪਰਵਾਰ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਸਾਂਸਦ ਰਵਨੀਤ ਬਿੱਟੂ ਨੇ ਜੋ ਕਿਹਾ,  ਮੈਂ ਉਸ ਨਾਲ ਸਹਿਮਤ ਹਾਂ।  ਪੰਜਾਬ  ਦੇ ਲੋਕਾਂ ਨੇ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿੱਚ ਆਪਣਾ ਫੈਸਲਾ ਦੇਕੇ ਸਰਕਾਰ ਬਣਾਈ ਹੈ ਇਸ ਲਈ ਲੋਕਾਂ ਦਾ ਸਵਾਲ ਕਰਨਾ ਠੀਕ ਹੈ।  ਬਰਗਾੜੀ ਕਾਂਡ ਦਾ ਕੇਸ ਸੀਬੀਆਈ ਤੋਂ ਪੰਜਾਬ ਸਰਕਾਰ ਨੇ ਕਾਫ਼ੀ ਜੱਦੋ ਜਹਿਦ ਨਾਲ ਵਾਪਸ ਲਿਆ ਹੈ। ਲੇਕਿਨ ਜਿਸ ਤਰ੍ਹਾਂ ਅਕਾਲੀ ਦਲ ਨੇ ਜਸ਼ਨ ਮਨਾਇਆ ਹੈ,  ਉਹ ਇੱਕ ਸਿੱਖ ਹੋਣ ਦੇ ਨਾਤੇ ਸ਼ਰਮਨਾਕ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਚੋਰ ਦੀ ਦਾੜੀ ਵਿੱਚ ਤਿਨਕਾ ਹੈ। ਨਵਜੋਤ ਸਿੰਘ ਸਿੱਧੂ ਦੁਆਰਾ ਆਪਣੀ ਹੀ ਸਰਕਾਰ ਨੂੰ ਘੇਰਨ ਉੱਤੇ ਰੰਧਾਵਾ ਨੇ ਕਿਹਾ,  ਕਿ ਇਸ ਮਾਮਲੇ ਵਿੱਚ ਸਿੱਧੂ ਹੀ ਜਵਾਬ ਦੇ ਸਕਦੇ ਹਨ। ਪਾਰਟੀ ਆਦਮੀ ਨਾਲੋਂ ਉੱਤੇ ਹੁੰਦੀ ਹੈ।  ਰੰਧਾਵਾ ਨੇ ਕਿਹਾ ਕਿ ਜੋ ਚਾਰ ਸਾਲ ਪਹਿਲਾਂ ਕਿਹਾ ਸੀ ਮੈਂ ਅੱਜ ਵੀ ਉਸ ਉੱਤੇ ਕਾਇਮ ਹਾਂ।  ਵਿਧਾਨ ਸਭਾ ਵਿੱਚ ਨਸ਼ੇ  ਦੇ ਸੌਦਾਗਰਾਂ ਦੇ ਨਾਮ ਤੱਕ ਲਏ ਗਏ ਹਨ। ਇਸ ਲਈ ਲੋਕ ਪੁੱਛਦੇ ਹਨ ਕਿ ਜਿਨ੍ਹਾਂ  ਦੇ ਨਾਮ ਵਿਧਾਨਸਭਾ ਵਿੱਚ ਲਏ ਗਏ ਉਨ੍ਹਾਂ ਉੱਤੇ ਕਾਰਵਾਈ ਕਿਉਂ ਨਹੀਂ ਹੋਈ।

 

      ਬਘੇਲ ਸਿੰਘ ਧਾਲੀਵਾਲ ਪਤਰਕਾਰ