ਅਜੋਕੇ ਸਮੇਂ ’ਚ ਸ਼੍ਰੋਮਣੀ ਕਮੇਟੀ ਦਾ ਯੋਗਦਾਨ

ਅਜੋਕੇ ਸਮੇਂ ’ਚ ਸ਼੍ਰੋਮਣੀ ਕਮੇਟੀ ਦਾ ਯੋਗਦਾਨ

ਤਲਵਿੰਦਰ ਸਿੰਘ ਬੁੱਟਰ

ਸੌ ਸਾਲ ਪਹਿਲਾਂ ਜਦੋਂ ਸਿੱਖ ਪੰਥ ’ਚ ਇਹ ਅਹਿਸਾਸ ਪੈਦਾ ਹੋਣਾ ਸ਼ੁਰੂ ਹੋਇਆ ਕਿ ਗੁਰਦੁਆਰਿਆਂ ’ਚੋਂ ਆਏ ਯਾਤਰੂਆਂ ਨੂੰ ਉਹ ਦਾਤ ਨਹੀਂ ਮਿਲ ਰਹੀ ਜਿਸ ਦੇ ਵੰਡਣ ਲਈ ਇਹ ਬਣਾਏ ਗਏ ਸਨ ਤਾਂ ਚਾਰ-ਚੁਫੇਰੇ ਸਿੱਖ ਪੰਥ ’ਚ ਆਪ-ਮੁਹਾਰਾ ਜਜ਼ਬਾ ਠਾਠਾਂ ਮਾਰਨ ਲੱਗ ਪਿਆ ਕਿ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਆਪਣੇ ਹੱਥਾਂ ’ਚ ਹੋਣਾ ਚਾਹੀਦਾ ਹੈ। ਜਿਉਂ-ਜਿਉਂ ਸਿੱਖ ਪੰਥ ਜਥੇਬੰਦ ਹੋ ਕੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਸੁਧਾਰਨ ਲਈ ਕੁਰਬਾਨੀਆਂ ਦੇਣ ਲਈ ਤਤਪਰ ਹੋਣ ਲੱਗਾ, ਤਿਉਂ-ਤਿਉਂ ਪ੍ਰਚਾਰ-ਲਗਨ ਵਾਲੇ ਸਿੱਖਾਂ ਦੇ ਦਿਲਾਂ ’ਚ ਇਹ ਹੁਲਾਰੇ ਆਉਣੇ ਸ਼ੁਰੂ ਹੋ ਗਏ ਕਿ ਜਦੋਂ ਗੁਰਦੁਆਰੇ ਪੰਥ ਦੇ ਆਪਣੇ ਅਤੇ ਸਾਂਝੇ ਪ੍ਰਬੰਧਾਂ ਹੇਠ ਆ ਜਾਣਗੇ ਤਾਂ ‘ਗੁਰੂ ਕੀ ਗੋਲਕ’ ਦੀ ਵਰਤੋਂ ਗੁਰੂ ਸਾਹਿਬਾਨ ਦੇ ਸਰਬ-ਕਲਿਆਣਕਾਰੀ ਆਦਰਸ਼ਾਂ ਦੀ ਪੂਰਤੀ ਲਈ ਕੀਤੀ ਜਾਵੇਗੀ।

ਇਸੇ ਭਾਵਨਾ ’ਤੇ ਕੇਂਦਰਿਤ ਲਹਿਰ ’ਚੋਂ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ 10 ਹਜ਼ਾਰ ਦੇ ਲਗਪਗ ਰਹਿਤਵਾਨ ਸਿੱਖਾਂ ਦੇ ਇਕੱਠ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। ਅੱਜ ਇਕ ਸਦੀ ਬਾਅਦ ਮੁੜ ਸਿੱਖ ਧਰਮ ਦੇ ਪ੍ਰਚਾਰ ਦੀ ਲਹਿਰ ਨੂੰ ਨਵੇਂ ਹਾਲਾਤ, ਨਵੀਆਂ ਲੋੜਾਂ ਅਤੇ ਧਰਮ ਦੀ ਅਜੋਕੇ ਮਨੁੱਖੀ ਸਰੋਕਾਰਾਂ ਦੇ ਪ੍ਰਸੰਗ ’ਚ ਅਹਿਮੀਅਤ ਨੂੰ ਸਾਹਮਣੇ ਰੱਖ ਕੇ ਉਸੇ ਤਰ੍ਹਾਂ ਦੇ ਜਜ਼ਬੇ ਅਤੇ ਉਤਸ਼ਾਹ ਦੇ ਨਾਲ ਪੁਨਰ-ਸੁਰਜੀਤ ਕਰਨ ਦੀ ਲੋੜ ਭਾਸ ਰਹੀ ਹੈ, ਜਿਸ ਤਰ੍ਹਾਂ ਸਿੰਘ ਸਭਾ ਲਹਿਰ ਅਤੇ ਅਕਾਲੀ ਲਹਿਰ ਨੇ ਸਦੀ ਪਹਿਲਾਂ ਇਕ ਨਵੇਂ ਯੁੱਗ ਦਾ ਆਗਾਜ਼ ਕੀਤਾ ਸੀ। ਅੱਜ ਸਿੱਖ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ‘ਸਿਧਾਂਤ’ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ) ਅਤੇ ‘ਜੀਵਨ ਅਮਲ’ ਵਿਚ ਵੱਡਾ ਅੰਤਰ ਆ ਚੁੱਕਾ ਹੈ। ਕੁਝ ਸਾਲ ਪਹਿਲਾਂ ਸੁਪਰੀਮ ਕੋਰਟ ਦੇ ਇਕ ਜੱਜ ਨੇ ਨਵੀਂ ਦਿੱਲੀ ਵਿਚ ਇਕ ਸੈਮੀਨਾਰ ਦੌਰਾਨ ਹੈਰਾਨ ਹੁੰਦਿਆਂ ਕਿਹਾ ਸੀ ਕਿ ਸਿੱਖ ਧਰਮ ਵਿਚ ਜਿੰਨੇ ਪਵਿੱਤਰ, ਪਕੇਰੇ ਅਤੇ ਸਾਦੇ ਨੈਤਿਕ ਜੀਵਨ ਸਿਧਾਂਤ ਦਿੱਤੇ ਗਏ ਹਨ, ਉਸ ਦੇ ਬਾਵਜੂਦ ਭਾਰਤੀ ਅਦਾਲਤਾਂ ’ਚ ਸਭ ਤੋਂ ਵੱਧ ਤਲਾਕ ਦੇ ਮਾਮਲੇ ਸਿੱਖ ਪਰਿਵਾਰਾਂ ’ਚੋਂ ਹੀ ਆ ਰਹੇ ਹਨ। ਇਹੀ ਹਾਲ ਜੀਵਨ ਦੇ ਦੂਜੇ ਪੱਖਾਂ ਵਿਚ ਹੈ। ਇਖ਼ਲਾਕੀ ਤੌਰ ’ਤੇ ਸਿੱਖ ਸਮਾਜ ਤੇਜ਼ੀ ਨਾਲ ਨਿਵਾਣਾਂ ਵੱਲ ਵੱਧ ਰਿਹਾ ਹੈ। ਪਦਾਰਥਕ ਤਮ੍ਹਾ ਨੇ ਮਨੁੱਖ ਨੂੰ ਇੰਨਾ ਸਵਾਰਥੀ, ਲੋਭੀ ਅਤੇ ਨੀਰਸ ਬਣਾ ਦਿੱਤਾ ਹੈ ਕਿ ਜ਼ਿੰਦਗੀ, ਤ੍ਰਿਸ਼ਨਾਵਾਂ ਅੱਗੇ ਬੌਣੀ ਜਿਹੀ ਹੋ ਗਈ ਹੈ।

ਸਵੈ-ਨਫ਼ਰਤ ’ਚੋਂ ਉਪਜੀ ਨਿਰਾਸ਼ਾ ਦੀ ਲਹਿਰ ਨੇ ਪੰਜਾਬ ਨੂੰ ਇਕ ਤਰ੍ਹਾਂ ਨਾਲ ਅਣਚਿਤਵੀ ਹਿਜਰਤ ਵੱਲ ਤੋਰ ਦਿੱਤਾ ਹੈ। ਨਵੀਂ ਪੀੜ੍ਹੀ ਤਾਂ ਜ਼ਮੀਨਾਂ-ਜਾਇਦਾਦਾਂ ਵੇਚ-ਵੱਟ ਕੇ, ਆਪਣੀ ਜਨਮ ਭੋਂਇ ਤੋਂ ਬੇਦਖ਼ਲ ਹੋ ਕੇ ਵਾਹੋਦਾਹੀ ਪੱਛਮੀ ਮੁਲਕਾਂ ਵੱਲ ਦੌੜ ਰਹੀ ਹੈ। ਰੋਜ਼ਾਨਾ ਪੰਜਾਬ ਵਿਚ ਔਸਤਨ ਇਕ ਦਰਜਨ ਲੋਕ ਆਤਮ-ਹੱਤਿਆਵਾਂ ਕਰ ਰਹੇ ਹਨ। ਪੰਜਾਬ ਦੀ ਕਿਸਾਨੀ ਇਕ ਵੱਡੇ ਇਤਿਹਾਸਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਕ ਪਾਸੇ ਕਰਜ਼ੇ ਦੇ ਮਾਰੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਮਾਮਲੇ ’ਚ ਪੰਜਾਬ ਮਹਾਰਾਸ਼ਟਰ ਤੋਂ ਬਾਅਦ ਭਾਰਤ ਦਾ ਦੂਜੇ ਨੰਬਰ ਦਾ ਸੂਬਾ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਕਥਿਤ ਕਾਲੇ ਖੇਤੀ ਕਾਨੂੰਨ ਬਣਾ ਕੇ ਪੰਜਾਬ ਦੀ ਖੇਤੀਬਾੜੀ ਨੂੰ ਕਾਰਪੋਰੇਟ ਘਰਾਣਿਆਂ ਦੀ ਗ਼ੁਲਾਮ ਬਣਾਉਣ ਦੇ ਰਾਹ ’ਤੇ ਤੁਰੀ ਹੋਈ ਹੈ। ਪੰਜਾਬ ’ਚ ਇਸ ਵੇਲੇ 32 ਫ਼ੀਸਦੀ ਛੋਟੀ ਤੇ ਦਰਮਿਆਨੀ ਕਿਸਾਨੀ ਕੋਲ ਸਿਰਫ਼ 8 ਫ਼ੀਸਦੀ ਜ਼ਮੀਨ ਹੈ। ਉਕਤ ਕਾਨੂੰਨ ਲਾਗੂ ਹੋ ਗਏ ਤਾਂ ਛੋਟੀ ਕਿਸਾਨੀ ਖ਼ਤਮ ਹੋਣ ਦੇ ਖ਼ਦਸ਼ੇ ਹਨ। ਮੁਨਾਫ਼ੇ ਦੀ ਹੋੜ ’ਚ ਮਨੁੱਖੀ ਸੰਵੇਦਨਾਵਾਂ ਖ਼ਤਮ ਹੋ ਰਹੀਆਂ ਹਨ ਜਿਸ ਕਾਰਨ ਮਨੁੱਖੀ ਸਿਹਤ ਅਤੇ ਕੁਦਰਤੀ ਵਾਤਾਵਰਨ ਨੂੰ ਹੋਣ ਵਾਲੇ ਭਿਆਨਕ ਨੁਕਸਾਨ ਨੂੰ ਨਜ਼ਰਅੰਦਾਜ਼ ਕਰ ਕੇ ਦੇਸ਼ ’ਚ ਵਰਤੀਆਂ ਜਾਂਦੀਆਂ ਕੀਟਨਾਸ਼ਕ ਜ਼ਹਿਰਾਂ ਦਾ 19 ਫ਼ੀਸਦੀ ਹਿੱਸਾ ਸਿਰਫ਼ ਪੰਜਾਬ ’ਚ ਵਰਤਿਆ ਜਾ ਰਿਹਾ ਹੈ ਜਦੋਂਕਿ ਦੇਸ਼ ਦੀ ਕੁੱਲ ਭੋਂਇ ਦਾ ਸਿਰਫ਼ ਸਵਾ ਫ਼ੀਸਦੀ ਹਿੱਸਾ ਹੀ ਪੰਜਾਬ ਕੋਲ ਹੈ। ਫ਼ਲ, ਸਬਜ਼ੀਆਂ, ਦੁੱਧ, ਅਨਾਜ, ਗੱਲ ਕੀ ਹਰ ਚੀਜ਼ ਵਿਚ ਵੱਧ ਝਾੜ ਅਤੇ ਵੱਧ ਮੁਨਾਫ਼ੇ ਦੀ ਹੋੜ ’ਚ ਜ਼ਹਿਰ ਭੁੱਕਿਆ ਜਾ ਰਿਹਾ ਹੈ। ਪੰਜਾਬ ’ਚ ਰੋਜ਼ਾਨਾ 48 ਲੋਕ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਮਰ ਰਹੇ ਹਨ।

ਵਿਸ਼ਵ ਵਿਚ ਇਕ ਲੱਖ ਪਿੱਛੇ ਇਕ ਵਿਅਕਤੀ ਕੈਂਸਰ ਪੀੜਤ ਹੈ ਜਦੋਂਕਿ ਪੰਜਾਬ ’ਚ ਇਕ ਲੱਖ ਪਿੱਛੇ 100 ਲੋਕ ਕੈਂਸਰ ਪੀੜਤ ਹਨ। ਸਪਸ਼ਟ ਹੈ ਕਿ ਪੰਜਾਬ ’ਚ ਵਿਸ਼ਵ ਨਾਲੋਂ 100 ਗੁਣਾ ਜ਼ਿਆਦਾ ਦਰ ਨਾਲ ਕੈਂਸਰ ਫੈਲ ਰਿਹਾ ਹੈ। ਸਾਡੇ ਗੁਰੂ ਸਾਹਿਬਾਨ ਦੁਆਰਾ ਦਰਸਾਈ ਸਬਰ-ਸੰਤੋਖ ਵਾਲੀ ਸਾਦੀ ਜੀਵਨ-ਜਾਚ, ਪੌਸ਼ਟਿਕ ਤੇ ਸਾਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੀ ਮਹੱਤਤਾ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਜਿਸ ਨੂੰ ਅਪਨਾ ਕੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਜਿਹੜੀਆਂ ਕਿ ਮਨੁੱਖੀ ਜੀਵਨ-ਜਾਚ ਵਿਚ ਤੇਜ਼ੀ ਨਾਲ ਆ ਰਹੀਆਂ ਤਬਦੀਲੀਆਂ ਕਾਰਨ ਫੈਲ ਰਹੀਆਂ ਹਨ, ਤੋਂ ਬਚਾਅ ਕੀਤਾ ਜਾ ਸਕਦਾ ਹੈ।ਹਾਲਾਂਕਿ ਸਮੇਂ-ਸਮੇਂ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਦੀ ਰਹੀ ਹੈ ਅਤੇ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਸਿੱਖ ਸਮਾਜ ਨੂੰ ਨੈਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਨਿਵਾਣਾਂ ਵੱਲ ਜਾਣ ਤੋਂ ਰੋਕਣ ਅਤੇ ਪੰਜਾਬ ’ਚ ਸਿੱਖੀ ਨੂੰ ਜਲਵਾਗਰ ਕਰਨ ਲਈ ਰਵਾਇਤੀ ਕਿਸਮ ਦੇ ਸਟੇਜੀ ਪ੍ਰਚਾਰ ਤੋਂ ਹਟ ਕੇ ਨਵੀਂ ਪ੍ਰਚਾਰ ਵਿਧੀ ਨੂੰ ਅਪਣਾਉਣ ਦੀ ਲੋੜ ਹੈ। ਪਦਾਰਥਕ ਤਮ੍ਹਾ ਕਾਰਨ ਜ਼ਿੰਦਗੀ ਤੋਂ ਬੇਮੁਖ ਹੋ ਰਹੇ ਲੋਕਾਂ ਨੂੰ ਜਿਊਣ ਦੀ ਕਲਾ ਸਿਖਾਉਣੀ ਪਵੇਗੀ। ਜਿਹੋ ਜਿਹੀ ਕੁਦਰਤੀ ਬਿਪਤਾ ’ਚੋਂ ਇਸ ਵੇਲੇ ਵਿਸ਼ਵ ਦਾ ਮਨੁੱਖੀ ਭਾਈਚਾਰਾ ਨਿਕਲ ਰਿਹਾ ਹੈ, ਉਸ ਦੇ ਹਾਲਾਤ ਮਨੁੱਖਤਾ ਅੰਦਰ ਵੱਡੇ ਪੱਧਰ ’ਤੇ ਨਿਰਾਸ਼ਾ ਅਤੇ ਬੇਚੈਨੀ ਪੈਦਾ ਕਰਨ ਵਾਲੇ ਹਨ। ਇਸ ਕਾਰਨ ਗੁਰਮਤਿ ਸੱਭਿਆਚਾਰ ’ਚੋਂ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ, ਜਿਨ੍ਹਾਂ ਲੋੜਾਂ ਮੁਤਾਬਕ ਉਹ ਜ਼ਿੰਦਗੀ ਜਿਊਣਾ ਚਾਹੁੰਦੇ ਹਨ, ਉਨ੍ਹਾਂ ਦੀ ਪੂਰਤੀ ਦਾ ਸਹੀ ਰਾਹ, ਜ਼ਿੰਦਗੀ ਪ੍ਰਤੀ ਉਤਸ਼ਾਹ, ਸੱਭਿਅਤਾ ਅਤੇ ਸੁਹਜ-ਸਲੀਕੇ ਦੀ ਰੌਸ਼ਨੀ ਦਿਖਾਉਣੀ ਪਵੇਗੀ। ਅੱਜ ਦੇ ਪ੍ਰਸੰਗ ’ਚ ਗੁਰਮਤਿ ਫ਼ਲਸਫ਼ੇ ਅਤੇ ਗੁਰਮਤਿ ਸੱਭਿਆਚਾਰ ਦੀ ਮਹੱਤਤਾ ਸਮਝਾਉਣੀ ਪਵੇਗੀ।

ਗੁਰੂ ਸਾਹਿਬਾਨ ਨੂੰ ਮਨੁੱਖ ਨੂੰ ਪੂਰਨ ਮਨੁੱਖ (ਖ਼ਾਲਸਾ) ਬਣਾਉਣ ਲਈ 239 ਸਾਲ ਦਾ ਸਮਾਂ ਲੱਗਾ ਪਰ ਅੱਜ ਦੇ ਸਾਡੇ ਪ੍ਰਚਾਰਕ ਇਕ ਦਿਨ ’ਚ ਹੀ ਲੱਖਾਂ ਲੋਕਾਂ ਨੂੰ ‘ਅੰਮਿ੍ਰਤਧਾਰੀ’ ਬਣਾ ਕੇ ਗਿਣਤੀ ਦੀ ਮਾਅਰਕੇਬਾਜ਼ੀ ਪਿੱਛੇ ਦੌੜ ਰਹੇ ਹਨ। ਇਸ ਪਾਸੇ ਵੀ ਗ਼ੌਰ ਕਰਨੀ ਪਵੇਗੀ। ‘ਅੰਮਿ੍ਰਤ ਛਕਾਉਣ’ ਤੋਂ ਪਹਿਲਾਂ ਮਨੁੱਖ ਨੂੰ ‘ਚੰਗਾ ਮਨੁੱਖ’ ਬਣਾਉਣ ਲਈ ਲੰਬੇ ਅਭਿਆਸ ’ਚੋਂ ਲੰਘਣਾ ਪਵੇਗਾ। ਵਿਦੇਸ਼ਾਂ ਵੱਲ ਬੇਰੋਕ ਹਿਜਰਤ ਦਾ ਰੁਝਾਨ ਠੱਲ੍ਹਣ ਲਈ ਕਿਰਤ ਕਰਨੀ, ਵੰਡ ਛਕਣਾ, ਸ਼ਿਸ਼ਟਾਚਾਰ, ਨੈਤਿਕ ਗੁਣ, ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਤਿਕਾਰ, ਔਰਤ ਪ੍ਰਤੀ ਸਤਿਕਾਰ, ਕੁਦਰਤ ਪ੍ਰਤੀ ਪਿਆਰ, ਵਾਤਾਵਰਨ ਲਈ ਸੰਵੇਦਨਸ਼ੀਲਤਾ ਆਦਿ ਗੁਣਾਂ ਦਾ ਪ੍ਰਸਾਰ ਕਰਨ ਵੱਲ ਧਰਮ ਪ੍ਰਚਾਰ ਲਹਿਰ ਸੇਧਿਤ ਹੋਣੀ ਚਾਹੀਦੀ ਹੈ। ਪੰਜਾਬ ਦਾ ਬਹੁ-ਗਿਣਤੀ ਕਿਸਾਨੀ ਤਬਕਾ ਸਿੱਖ ਧਰਮ ਦਾ ਅਨੁਯਾਈ ਹੈ ਇਸ ਲਈ ਸ਼੍ਰੋਮਣੀ ਕਮੇਟੀ ਦਾ ਅਹਿਮ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨ ਵਰਗ ਨੂੰ ਕਰਜ਼ਿਆਂ, ਖ਼ੁਦਕੁਸ਼ੀਆਂ ਦੇ ਜੰਜਾਲ ਅਤੇ ਮੌਜੂਦਾ ਕਿਸਾਨੀ ਸੰਕਟ ’ਚੋਂ ਕੱਢਣ ਲਈ ਗੁਰਮਤਿ ਫ਼ਲਸਫ਼ੇ ’ਚੋਂ ਰਾਹ ਦਿਖਾਵੇ।

ਜ਼ਮੀਨਾਂ ਦੀ ਤਾਸੀਰ ’ਚ ਸ਼ੁੱਧਤਾ ਲਿਆ ਕੇ ਰਸਾਇਣਕ ਖਾਦਾਂ ਤੋਂ ਮੁਕਤ ਕੁਦਰਤੀ ਖੇਤੀ, ਸਾਂਝੀ ਖੇਤੀ ਅਤੇ ਸਹਿਕਾਰੀ ਖੇਤੀ ਵਰਗੇ ਬਦਲ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ। ਅਜੋਕੀਆਂ ਮਨੁੱਖੀ ਸਮੱਸਿਆਵਾਂ ਦੇ ਮੁਖ਼ਾਤਬ ਹੁੰਦਿਆਂ ਗੁਰਮਤਿ ਦੀ ਵਿਸਮਾਦੀ ਪੂੰਜੀ ਨੂੰ ਵਰਤਣ ਲਈ ਨਵੀਆਂ ਅੰਤਰ-ਦ੍ਰਿਸ਼ਟੀਆਂ ਦੇਣ ਵਾਲੇ ਵਿਦਵਾਨ ਤੇ ਪ੍ਰਚਾਰਕ ਤਿਆਰ ਕਰਨੇ ਪੈਣਗੇ। ਭਰੂਣ ਹੱਤਿਆ, ਪਰਾਇਆ ਹੱਕ (ਵੱਢੀਖ਼ੋਰੀ), ਦਾਜ-ਦਹੇਜ, ਤਲਾਕ, ਅਨੈਤਿਕਤਾ ਅਤੇ ਬਜ਼ੁਰਗਾਂ ਪ੍ਰਤੀ ਘੱਟ ਰਹੇ ਸਤਿਕਾਰ ਵਰਗੀਆਂ ਸਮਾਜਿਕ ਅਲਾਮਤਾਂ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਸਿਰਫ਼ ਸਟੇਜੀ ਨਹੀਂ, ਸਗੋਂ ਅਮਲੀ ਪ੍ਰਚਾਰ ਵਿਧੀ ਅਪਨਾਉਣੀ ਪਵੇਗੀ। ਪ੍ਰਚਾਰ ਲਈ ਸਿਰਫ਼ ਗੁਰਦੁਆਰਿਆਂ ਦੀਆਂ ਸਟੇਜਾਂ ਹੀ ਨਹੀਂ, ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਅਤੇ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਲੋਕਾਂ ਨਾਲ, ਖ਼ਾਸ ਕਰ ਕੇ ਨੌਜਵਾਨ ਪੀੜ੍ਹੀ ਨਾਲ ਸਿੱਧਾ ਸੰਵਾਦ ਰਚਾਉਣ ਦੇ ਸਾਰਥਕ ਵਸੀਲੇ ਵੀ ਵਰਤਣੇ ਪੈਣਗੇ। ਸ਼੍ਰੋਮਣੀ ਕਮੇਟੀ ਕੋਲ ਪ੍ਰਚਾਰਕਾਂ ਦੀ ਕੋਈ ਘਾਟ ਨਹੀਂ ਹੈ। ਪ੍ਰਬੰਧਾਂ ਦੀ ਕੋਈ ਕਮੀ ਨਹੀਂ ਹੈ। ਸਿਰਫ਼ ਲੋੜ ਹੈ ਦਿ੍ਰੜ੍ਹ ਇੱਛਾ-ਸ਼ਕਤੀ ਅਤੇ ਪੰਥਕ ਨਿਸ਼ਾਨੇ ਮਿੱਥ ਕੇ ਧਰਮ ਪ੍ਰਚਾਰ ਨੂੰ ਸਿੱਟਾਮੁਖੀ ਸੇਧ ਦੇਣ ਦੀ। ਸਿੱਖ ਧਰਮ ਦੀ ਪ੍ਰਚਾਰ ਵਿਧੀ ਨੂੰ ਸਮੇਂ ਦੇ ਹਾਣ ਦੀ ਬਣਾਉਣਾ ‘ਵੇਲੇ’ ਦੀ ਲੋੜ ਹੈ।