ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਨੂੰ ਤਬਦੀਲ ਕੀਤਾ

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਨੂੰ ਤਬਦੀਲ ਕੀਤਾ
ਰਣਬੀਰ ਸਿੰਘ ਖੱਟੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਨੂੰ ਬਦਲਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਆਈ ਜੀ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਸਿੱਟ ਦਾ ਮੁਖੀ ਬਣਾ ਦਿੱਤਾ ਹੈ। ਦੱਸ ਦਈਏ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਲਈ 22 ਅਪ੍ਰੈਲ 2020 ਨੂੰ ਬਣਾਈ ਗਈ ਸਿੱਟ ਦੇ ਪਹਿਲੇ ਮੁਖੀ ਰਣਬੀਰ ਸਿੰਘ ਖੱਟੜਾ ਸਨ। 

2015 ਵਿਚ ਬਾਦਲ ਸਰਕਾਰ ਮੌਕੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਦੀ ਜਾਂਚ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਦੇ ਦਿੱਤੀ ਸੀ। ਸੀਬੀਆਈ ਨੇ ਘਟਨਾਵਾਂ ਲਈ ਦੋਸ਼ੀ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਬਰੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਿੱਖਾਂ ਵਿਚ ਵਿਆਪਕ ਰੋਹ ਫੈਲਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਜਾਂਚ ਨੂੰ ਸੀਬੀਆਈ ਤੋਂ ਵਾਪਸ ਲੈ ਕੇ ਪੰਜਾਬ ਪੁਲਸ ਹਵਾਲੇ ਕੀਤਾ ਸੀ, ਜਿਸ 'ਤੇ ਸੀਬੀਆਈ ਨੇ ਇਤਰਾਜ਼ ਕਰ ਦਿੱਤਾ ਸੀ। ਦੋ ਮਹੀਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਂਚ ਪੰਜਾਬ ਪੁਲਸ ਹਵਾਲੇ ਕਰਨ ਦੇ ਹੱਕ 'ਚ ਫੈਂਸਲਾ ਸੁਣਾਉਂਦਿਆਂ ਸੀਬੀਆਈ ਨੂੰ ਜਾਂਚ ਦੇ ਦਸਤਾਵੇਜ਼ ਪੁਲਸ ਹਵਾਲੇ ਕਰਨ ਨੂੰ ਕਿਹਾ ਸੀ।

ਮਾਮਲੇ 'ਚ ਦੋਸ਼ੀ ਡੇਰਾ ਪ੍ਰੇਮੀਆਂ ਨੇ ਹਾਈ ਕੋਰਟ ਵਿਚ ਦਰਖਾਸਤ ਲਾ ਕੇ ਸਿੱਟ ਮੁਖੀ ਰਣਬੀਰ ਸਿੰਘ ਖਟੜਾ ਨੂੰ ਬਦਲਣ ਲਈ ਕਿਹਾ ਸੀ। ਦੋਸ਼ੀਆਂ ਨੇ ਦਾਅਵਾ ਕੀਤਾ ਸੀ ਕਿ ਖੱਟੜਾ ਇਕ ਤਰਫਾ ਜਾਂਚ ਕਰ ਰਹੇ ਹਨ। 

ਬੀਤੇ ਕੱਲ੍ਹ ਅਦਾਲਤ ਵਿਚ ਪੰਜਾਬ ਪੁਲਸ ਦੀ ਸਿੱਟ ਨੇ ਦੱਸਿਆ ਕਿ ਸੀਬੀਆਈ ਨੇ ਜਾਂਚ ਦੇ ਦਸਤਾਵੇਜ਼ ਉਸ ਹਵਾਲੇ ਕਰ ਦਿੱਤੇ ਹਨ। ਖੱਟੜਾ ਸਿੱਟ ਦੇ ਮੈਂਬਰ ਬਣੇ ਰਹਿਣਗੇ। ਹਾਈ ਕੋਰਟ ਨੇ ਸਿੱਟ ਨੂੰ ਮਾਮਲੇ ਦੀ ਸਪਲੀਮੈਂਟਰੀ ਰਿਪੋਰਟ ਫਰੀਦਕੋਟ ਅਦਾਲਤ ਵਿਚ ਜਮ੍ਹਾ ਕਰਾਉਣ ਲਈ ਕਿਹਾ ਹੈ ਜਿਸ ਦੀ ਜਾਂਚ ਤੋਂ ਬਾਅਦ ਅਦਾਲਤ ਕੋਈ ਫੈਂਸਲਾ ਸੁਣਾਵੇਗੀ।