ਕਸ਼ਮੀਰੀ ਸੰਘਰਸ਼ ਦੀ ਅਹਿਮ ਅਵਾਜ਼ ਪ੍ਰੋਫੈਸਰ ਗਿਲਾਨੀ ਦਾ ਅਕਾਲ ਚਲਾਣਾ ਹੋਇਆ

ਕਸ਼ਮੀਰੀ ਸੰਘਰਸ਼ ਦੀ ਅਹਿਮ ਅਵਾਜ਼ ਪ੍ਰੋਫੈਸਰ ਗਿਲਾਨੀ ਦਾ ਅਕਾਲ ਚਲਾਣਾ ਹੋਇਆ
ਪ੍ਰੋਫੈਸਰ ਗਿਲਾਨੀ

ਨਵੀਂ ਦਿੱਲੀ: ਕਸ਼ਮੀਰ ਵਿੱਚ ਭਾਰਤ ਵੱਲੋਂ ਕੀਤੇ ਜਾਂਦੇ ਮਨੁੱਖੀ ਹੱਕਾਂ ਦੇ ਘਾਣ ਖਿਲਾਫ ਲਗਾਤਾਰ ਅਵਾਜ਼ ਚੁੱਕਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਸਈਅਦ ਅਬਦੁਲ ਰਹਿਮਾਨ ਗਿਲਾਨੀ ਅੱਜ ਅਕਾਲ ਚਲਾਣਾ ਕਰ ਗਏ ਹਨ। ਪ੍ਰੋਫੈਸਰ ਗਿਲਾਨੀ ਨੂੰ ਭਾਰਤ ਸਰਕਾਰ ਨੇ 2001 ਵਿੱਚ ਭਾਰਤੀ ਸੰਸਦ 'ਤੇ ਹੋਏ ਹਮਲੇ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ ਸੀ ਤੇ ਮਾਮਲੇ ਦੀ ਸੁਣਵਾਈ ਲਈ ਬਣਾਈ ਖਾਸ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਗਿਲਾਨੀ ਨੂੰ ਬਰੀ ਕਰ ਦਿੱਤਾ ਗਿਆ ਸੀ।

ਪ੍ਰੋਫੈਸਰ ਗਿਲਾਨੀ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਮੀਡੀਆ ਨੇ ਛਾਪਿਆ ਹੈ ਕਿ ਪ੍ਰੋਫੈਸਰ ਗਿਲਾਨੀ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਕਸ਼ਮੀਰੀ ਮੂਲ ਦੇ ਗਿਲਾਨੀ ਦਿੱਲੀ ਯੂਨੀਵਰਸਿਟੀ ਦੇ ਜ਼ਾਕਿਰ ਹੁਸੈਨ ਕਾਲਜ ਵਿੱਚ ਅਰਬੀ ਦੇ ਪ੍ਰੋਫੈਸਰ ਸਨ। ਗਿਲਾਨੀ ਪਿੱਛੋਂ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਅਤੇ ਦੋ ਬੱਚੀਆਂ ਰਹਿ ਗਈਆਂ ਹਨ।

ਪ੍ਰੋਫੈਸਰ ਗਿਲਾਨੀ ਭਾਰਤ ਵੱਲੋਂ ਕਸ਼ਮੀਰ ਵਿੱਚ ਕੀਤੇ ਜਾਂਦੇ ਜ਼ੁਲਮਾਂ ਦੇ ਖਿਲਾਫ ਲਗਾਤਾਰ ਅਵਾਜ਼ ਚੁੱਕਦੇ ਰਹਿੰਦੇ ਸਨ ਤੇ ਉਹਨਾਂ ਆਪਣੀ ਜ਼ਿੰਦਗੀ ਨੂੰ ਆਪਣੇ ਲੋਕਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ। ਇਸੇ ਕਾਰਨ 2016 ਵਿੱਚ ਇੱਕ ਵਾਰ ਫੇਰ ਭਾਰਤ ਸਰਕਾਰ ਨੇ ਉਹਨਾਂ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਇਹ ਮੁੱਕਦਮਾ ਉਸ ਪ੍ਰੋਗਰਾਮ ਦੇ ਅਧਾਰ 'ਤੇ ਦਰਜ ਕੀਤਾ ਗਿਆ ਸੀ ਜਿਸ ਵਿੱਚ ਕਸ਼ਮੀਰੀ ਅਫਜ਼ਲ ਗੁਰੂ ਨੂੰ ਭਾਰਤ ਸਰਕਾਰ ਵੱਲੋਂ ਦਿੱਤੀ ਫਾਂਸੀ ਦੀ ਸਜ਼ਾ ਦਾ ਵਿਰੋਧ ਕੀਤਾ ਗਿਆ ਸੀ। 


ਪ੍ਰੋਫੈਸਰ ਗਿਲਾਨੀ, ਪ੍ਰੋਫੈਸਰ ਜਗਮੋਹਨ ਸਿੰਘ ਤੇ ਦਲ ਖਾਲਸਾ ਆਗੂ ਭਾਈ ਕੰਵਰਪਾਲ ਸਿੰਘ ਦੀ ਕਸ਼ਮੀਰੀ ਸ਼ਹੀਦ ਆਗੂ ਮਕਬੂਲ ਭੱਟ ਦੇ ਪਿੰਡ ਦੇ ਦੌਰੇ ਦੀ ਤਸਵੀਰ

ਪ੍ਰੋਫੈਸਰ ਗਿਲਾਨੀ ਸਿੱਖ ਸੰਘਰਸ਼ ਅਤੇ ਕਸ਼ਮੀਰੀ ਸੰਘਰਸ਼ ਵਿੱਚ ਨੇੜਤਾ ਦੀ ਇੱਕ ਅਹਿਮ ਕੜੀ ਸੀ ਜੋ ਸਿੱਖ ਅਜ਼ਾਦੀ ਪਸੰਦ ਆਗੂਆਂ ਅਤੇ ਸਿੱਖ ਹੱਕਾਂ ਲਈ ਕੰਮ ਕਰਦੇ ਕਾਰਕੁੰਨਾਂ ਨਾਲ ਹਮੇਸ਼ਾ ਤਾਲਮੇਲ ਬਣਾ ਕੇ ਭਾਰਤ ਸਰਕਾਰ ਦੇ ਜ਼ੁਲਮਾਂ ਖਿਲਾਫ ਅਵਾਜ਼ ਚੁੱਕਦੇ ਸਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।