ਸਿੱਖਸ ਫਾਰ ਜਸਟਿਸ ਨਾਲ ਸਬੰਧਾਂ ਦੇ ਦੋਸ਼ 'ਚ ਗ੍ਰਿਫਤਾਰ ਬੀਬੀ ਨੇ ਜੇਲ੍ਹ ਵਿਚ ਦਿੱਤਾ ਬੱਚੇ ਨੂੰ ਜਨਮ

ਸਿੱਖਸ ਫਾਰ ਜਸਟਿਸ ਨਾਲ ਸਬੰਧਾਂ ਦੇ ਦੋਸ਼ 'ਚ ਗ੍ਰਿਫਤਾਰ ਬੀਬੀ ਨੇ ਜੇਲ੍ਹ ਵਿਚ ਦਿੱਤਾ ਬੱਚੇ ਨੂੰ ਜਨਮ

ਗੁਰਦਾਸਪੁਰ: ਦੇਸ਼ ਵਿਰੋਧੀ ਗਤੀਵਿਧੀਆਂ ਦਾ ਕੇਸ ਪਾ ਕੇ ਗੁਰਦਾਪਸੁਰ ਕੇਂਦਰੀ ਜੇਲ੍ਹ 'ਚ ਨਜ਼ਰਬੰਦ ਕੀਤੀ ਗਈ ਬੀਬੀ ਕੁਲਬੀਰ ਕੌਰ ਨੇ ਸ਼ਨੀਵਾਰ ਦੀ ਰਾਤ ਮੁੰਡੇ ਨੂੰ ਜਨਮ ਦਿੱਤਾ ਹੈ। ਕੁਲਬੀਰ ਕੌਰ ਨੂੰ 15 ਅਗਸਤ 2019 ਦੀ ਸ਼ਾਮ ਦਿਲੀ ਦੇ ਹਵਾਈ ਅੱਡੇ ਤੋਂ ਪੰਜਾਬ ਪੁਲਸ ਨੇ ਹਿਰਾਸਤ ਵਿਚ ਲਿਆ ਸੀ। ਕੁਲਬੀਰ ਕੌਰ ਮਲੇਸ਼ੀਆ ਵਿਚ ਰਹਿੰਦੀ ਸੀ ਤੇ ਪੰਜਾਬ ਪੁਲਸ ਨੇ ਕੁਲਬੀਰ ਕੌਰ ਖ਼ਿਲਾਫ਼ ਸੰਨ 2018 ਵਿੱਚ ਥਾਣਾ ਰੰਗੜ ਨੰਗਲ ਅੰਦਰ ਕੇਸ ਦਰਜ ਕਰਕੇ ਉਸਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾਇਆ ਸੀ। ਗ੍ਰਿਫਤਾਰੀ ਸਮੇਂ ਕੁਲਬੀਰ ਕੌਰ ਤਿੰਨ ਮਹੀਨੇ ਦੀ ਗਰਭਵਤੀ ਸੀ।  ਕੁਲਬੀਰ ਕੌਰ ਦਾ ਪਰਿਵਾਰ ਮਲੇਸ਼ੀਆ ਵਿੱਚ ਰਹਿੰਦਾ ਹੈ  ਤੇ ਪਤੀ ਸੰਜੀਵ ਕੁਮਾਰ ਪਿੰਡ ਮੋਮ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ ਹੈ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਉਸ ਦੀ ਦੇਖਭਾਲ ਕੀਤੀ ਜਾ ਰਹੀ ਸੀ। ਬੱਚੇ ਦੇ ਜਨਮ ਮਗਰੋਂ ਅਥਾਰਿਟੀ ਦੀ ਜ਼ਿਲ੍ਹਾ ਸਕੱਤਰ ਅਤੇ ਜੱਜ ਰਾਣਾ ਕੰਵਰਦੀਪ ਕੌਰ ਸਿਵਲ ਹਸਪਤਾਲ ਪਹੁੰਚੀ ਅਤੇ ਕੁਲਬੀਰ ਕੌਰ ਨੂੰ ਜ਼ਰੂਰਤ ਦਾ ਸਾਰਾ ਸਾਮਾਨ ਉਪਲਬਧ ਕਰਵਾਇਆ। ਨਾਲ ਹੀ ਉਨ੍ਹਾਂ ਬੱਚੇ ਦਾ ਨਾਮਕਰਨ ਵੀ ਕੀਤਾ। ਜੱਜ ਨੇ ਕਿਹਾ ਕਿ ਔਰਤ ਦੀ ਦੇਖਭਾਲ ਲਈ ਉਨ੍ਹਾਂ ਇੱਕ ਪੀ.ਐੱਲ.ਵੀ ਦੀ ਪੱਕੀ ਡਿਊਟੀ ਲਗਾ ਦਿੱਤੀ ਹੈ। ਇਸ ਔਰਤ ਦੇ ਕੇਸ ਦਾ ਫ਼ੈਸਲਾ ਅਦਾਲਤ ’ਤੇ ਨਿਰਭਰ ਹੈ। ਅਥਾਰਿਟੀ ਵੱਲੋਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।

ਦੱਸ ਦਈਏ ਕਿ ਮਈ 2018 'ਚ ਪੰਜਾਬ ਪੁਲਸ ਨੇ ਬਟਾਲਾ ਜ਼ਿਲ੍ਹੇ 'ਚ ਹਰਗੋਬਿੰਦਪੁਰ ਸੜਕ 'ਤੇ ਪੈਂਦੇ ਪਿੰਡਾਂ ਪੰਜਗਰਾਂਈ ਅਤੇ ਹਰਪੁਰਾ ਧੰਦੋਈ 'ਚ ਸ਼ਰਾਬ ਦੇ ਠੇਕਿਆਂ ਨੂੰ ਅੱਗਾਂ ਲਾਉਣ ਦੇ ਦੋਸ਼ 'ਚ ਤਿੰਨ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੇ ਇਹ ਕੰਮ ਕੁਲਬੀਰ ਕੌਰ ਅਤੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ, ਪਰਮਜੀਤ ਸਿੰਘ ਪੰਮਾ ਅਤੇ ਮਾਨ ਸਿੰਘ ਦੇ ਕਹਿਣ 'ਤੇ ਕੀਤਾ ਸੀ। ਪੁਲਸ ਨੇ ਦੋਸ਼ ਲਾਇਆ ਸੀ ਕਿ ਕੁਲਬੀਰ ਕੌਰ ਖਾਲਿਸਤਾਨ ਦੀ ਪ੍ਰਾਪਤੀ ਲਈ ਕਾਰਵਾਈਆਂ ਨੂੰ ਫੰਡ ਮੁਹਈਆ ਕਰਵਾਉਂਦੀ ਸੀ ਤੇ ਰੈਫਰੈਂਡਮ 2020 ਦੀਆਂ ਕਾਰਵਾਈਆਂ ਲਈ ਫੰਡ ਮੁਹੱਈਆ ਕਰਵਾ ਰਹੀ ਸੀ। ਇਸ ਅਧਾਰ 'ਤੇ ਹੀ ਇਹਨਾਂ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ ਕਰ ਦਿੱਤਾ ਗਿਆ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।