ਤਰਨਤਾਰਨ ਨਗਰ ਕੀਰਤਨ ਦੌਰਾਨ ਧਮਾਕਾ ਮੰਦਭਾਗਾ,ਪੰਥਕ ਸੰਸਥਾਵਾਂ ਆਤਿਸ਼ਬਾਜੀ ਤੇ ਲਗਾਉਣ ਰੋਕ: ਜੱਥੇਦਾਰ ਹਵਾਰਾ

ਤਰਨਤਾਰਨ ਨਗਰ ਕੀਰਤਨ ਦੌਰਾਨ ਧਮਾਕਾ ਮੰਦਭਾਗਾ,ਪੰਥਕ ਸੰਸਥਾਵਾਂ ਆਤਿਸ਼ਬਾਜੀ ਤੇ ਲਗਾਉਣ ਰੋਕ: ਜੱਥੇਦਾਰ ਹਵਾਰਾ

ਅੰਮ੍ਰਿਤਸਰ: ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੂਹਵਿੰਡ ਪਿੰਡ ਵਿਚ ਨਗਰ ਕੀਰਤਨ ਦੌਰਾਨ ਵਾਪਰੇ ਹਾਦੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮਿਤੀ 8 ਫਰਵਰੀ ਨੂੰ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪੂਹਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਚੱਬਾ ਵਿਖੇ ਜਾ ਰਹੇ ਨਗਰ ਕੀਰਤਨ ਦੌਰਾਨ ਇੱਕ ਟਰਾਲੀ ਵਿੱਚ ਪਟਾਕਿਆਂ ਨੂੰ ਅੱਗ ਲੱਗਣ ਨਾਲ ਜਿਹੜਾ ਮੰਦਭਾਗਾ ਹਾਦਸਾ ਵਾਪਰਿਆ ਹੈ ਉਸ ਨੇ ਕਈ ਕੀਮਤੀ ਜਾਨਾਂ ਅਤੇ ਅਨੇਕਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਹੈ। ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਅਸੀਂ ਉਨ੍ਹਾਂ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜ੍ਹੇ ਹਾਂ ਅਤੇ ਹਮਦਰਦੀ ਜ਼ਾਹਿਰ ਕਰਦੇ ਹਾਂ। ਇਸ ਹਾਦਸੇ ਨੇ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਦੀ ਕਾਰਜਸ਼ੀਲਤਾ ਅਤੇ ਗੁਰਮਤਿ ਤੋਂ ਉਲਟ ਚੱਲ ਪਏ ਰੁਝਾਨ ਵੱਲ ਸਾਰੇ ਪੰਥ ਦਾ ਧਿਆਨ ਖਿੱਚਿਆ ਹੈ।

ਬਿਆਨ ਵਿਚ ਕਿਹਾ ਗਿਆ, "ਸਿੱਖ ਪੰਥ ਅੰਦਰ  ਇਤਿਹਾਸਕ ਮੌਕਿਆਂ ਉੱਪਰ ਆਤਿਸ਼ਬਾਜ਼ੀ ਕੀਤੇ ਜਾਣ ਦਾ ਗੁਰਮਤਿ ਵਿਰੋਧੀ ਵਰਤਾਰਾ ਕਦੋਂ ਆਰੰਭ ਹੋਇਆ ਇਹ ਤਾਂ ਖੋਜ ਦਾ ਵਿਸ਼ਾ ਹੈ। ਪਰ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਦੇ ਸਿਰ ਤੇ ਅਜਿਹੇ ਗੁਰਮਤਿ ਵਿਰੋਧੀ ਵਰਤਾਰੇ ਨੂੰ ਰੋਕਣ ਦੀ ਜ਼ਿੰਮੇਵਾਰੀ ਹੈ ਉਹ ਖ਼ੁਦ ਇਸ ਦੇ ਵਿੱਚ ਸ਼ਾਮਿਲ ਹੋ ਗਏ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੋ ਸਿੱਖ ਪੰਥ ਦਾ ਕੇਂਦਰੀ ਅਸਥਾਨ ਹੈ ਜਿੱਥੋਂ ਪਵਨ ਤੇ ਪਾਣੀ ਦੀ ਪਵਿੱਤਰਤਾ ਅਤੇ ਮਹੱਤਤਾ ਨੂੰ ਦਰਸਾਉਣ ਵਾਲੀਆਂ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਮਿੱਠੀਆਂ ਧੁਨਾਂ ਨਿਰੰਤਰ ਸੁਣਦੀਆਂ ਹਨ ਅਤੇ ਤਪਦੀ ਲੋਕਾਈ ਨੂੰ ਠਾਰਦੀਆਂ ਹਨ। ਅਸੀਂ ਉਸ ਪਵਿੱਤਰ ਅਸਥਾਨ ਅੰਦਰ ਦੀਵਾਲੀ ਅਤੇ ਕਈ ਹੋਰ ਮੌਕਿਆਂ ਉੱਪਰ ਆਤਿਸ਼ਬਾਜ਼ੀ ਦੇ ਸ਼ੋਰ ਸ਼ਰਾਬੇ ਨਾਲ ਜਿੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਵਿੱਚ ਖਲਲ ਪਾਉਣਾ ਅਰੰਭ ਕੀਤਾ ਹੈ, ਉੱਥੇ ਹੀ ਇਸ ਦੇ ਜ਼ਹਿਰੀਲੇ ਧੂੰਏ ਨਾਲ ਵਾਤਾਵਰਨ ਨੂੰ ਗੰਦਲਾ ਕਰਨਾ ਆਰੰਭ ਕਰ ਦਿੱਤਾ। ਜਿੱਥੋਂ ਮਨੁੱਖਤਾ ਨੂੰ ਵਾਤਾਵਰਨ ਦੀ ਸ਼ੁੱਧਤਾ ਦੇ ਦੀ ਸੇਧ ਪ੍ਰਦਾਨ ਕੀਤੀ ਜਾਂਦੀ ਸੀ ਪ੍ਰਬੰਧਕੀ ਅਵੇਸਲੇਪਨ ਕਾਰਨ ਉੱਥੇ ਹੀ ਵਾਤਾਵਰਨ ਨੂੰ ਗੰਧਲਾ ਕਰਨ ਵਾਲੀ ਆਤਿਸ਼ਬਾਜ਼ੀ ਕਰਨੀ ਆਰੰਭ ਕਰ ਦਿੱਤੀ। ਸ੍ਰੀ ਹਰਿਮੰਦਰ ਸਾਹਿਬ ਚ ਨਿਭਾਈ ਜਾਣ ਵਾਲੀ ਹਰੇਕ ਮਰਿਆਦਾ ਤੋਂ ਆਮ ਸਿੱਖ ਸੇਧ ਲੈਂਦਾ ਹੈ, ਜਿਸ ਕਾਰਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੰਘ ਸਭਾਵਾਂ ਨੇ ਨਗਰ ਕੀਰਤਨ ਵਿੱਚ ਵੀ ਆਤਿਸ਼ਬਾਜ਼ੀ ਦੀ ਇਹ ਗੁਰਮਤਿ ਵਿਰੋਧੀ ਪ੍ਰਥਾ ਨੂੰ ਅਪਣਾਉਣਾ ਆਰੰਭ ਕਰ ਦਿੱਤਾ ਹੈ। ਪੂਹਵਿੰਡ ਦੀ ਘਟਨਾ ਤੋਂ ਸਮੂਹ ਪੰਥਕ ਸੰਸਥਾਵਾਂ ਨੂੰ ਜਾਗ ਜਾਣਾ ਚਾਹੀਦਾ ਹੈ ਅਤੇ ਇਹ ਗੁਰਮਤਿ ਵਿਰੋਧੀ ਪ੍ਰਥਾ ਬੰਦ ਕੀਤੀ ਜਾਣੀ ਚਾਹੀਦੀ ਹੈ।"

"ਇਹ ਗੱਲ ਧਿਆਨ ਵਿੱਚ ਰੱਖੀ ਜਾਵੇ ਕਿ ਸਿੱਖ ਧਰਮ ਅੰਦਰ ਮਜ਼ਲੂਮ ਦੀ ਰਾਖੀ ਅਤੇ ਜ਼ਾਲਮ ਜਰਵਾਣੇ ਦੀ ਸੁਣਵਾਈ ਲਈ ਧਰਮ ਯੁੱਧ ਲੜਨ ਦੀ ਮਨਾਹੀ ਨਹੀ, ਧਰਮਯੁੱਧ ਜਦੋਂ ਲੜਨਾ ਪਵੇ ਤਾਂ ਉਦੋਂ ਗੋਲੀਆਂ ਵੀ ਚੱਲਦੀਆਂ ਹਨ ਤੇ ਗੋਲੇ ਵੀ, ਉਦੋਂ ਇਹ ਜ਼ਰੂਰੀ ਵੀ ਹੁੰਦੇ ਹਨ। ਪਰ ਆਮ ਹਾਲਾਤਾਂ ਵਿੱਚ ਗੁਰਦੁਆਰਿਆਂ ਅੰਦਰ ਸ਼ਸਤਰ ਅਭਿਆਸ ਕੀਤੇ ਜਾਣ ਦੀ ਮਰਿਆਦਾ ਤਾਂ ਹੈ ਨਗਰ ਕੀਰਤਨ ਸਮੇਂ ਗੱਤਕੇ ਦੇ ਜ਼ੌਹਰ ਵਿਖਾਏ ਜਾਣੇ ਵੀ ਪੰਥਕ ਪਰੰਪਰਾ ਦਾ ਹਿੱਸਾ ਹੈ। ਪਰ ਆਤਿਸ਼ਬਾਜੀ ਨਾ ਤਾਂ ਯੁੱਧ ਅਭਿਆਸ ਵਿੱਚ ਆਉਂਦੀ ਹੈ ਅਤੇ ਨਾ ਹੀ ਇਹ ਪੰਥਕ ਪਰੰਪਰਾ ਦਾ ਹਿੱਸਾ ਹੈ। ਇਸ ਲਈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਤਿਸ਼ਬਾਜ਼ੀ ਬੰਦ ਕੀਤੇ ਜਾਣ ਦਾ ਐਲਾਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹਰ ਪਿੰਡ, ਹਰ ਸ਼ਹਿਰ, ਹਰ ਇੱਕ ਮੁਹੱਲੇ ਵਿੱਚੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਗੁਰਪੁਰਬ ਅਤੇ ਹੋਰ ਇਤਿਹਾਸਕ ਮੌਕਿਆਂ ਸਮੇਂ ਆਤਿਸ਼ਬਾਜ਼ੀ ਨਾ ਕੀਤੇ ਜਾਣ ਦੇ ਮਤੇ ਪਾਸ ਕੀਤੇ ਜਾਣ ਅਤੇ ਉਨ੍ਹਾਂ ਦੀਆਂ ਨਕਲਾਂ ਸ਼੍ਰੋਮਣੀ ਕਮੇਟੀ ਨੂੰ ਭੇਜੀਆਂ ਜਾਣ ਅਤੇ ਇੱਕ ਇੱਕ ਕਾਪੀ ਸਾਡੇ ਤੱਕ ਵੀ ਭੇਜੀ ਜਾਵੇ। ਜੇ ਅਸੀਂ ਇੰਨੀ ਵੱਡੀ ਕੁਤਾਹੀ ਤੋਂ ਵੀ ਸਬਕ ਨਾ ਸਿੱਖਿਆ ਅਤੇ ਆਪਣੇ ਸਮਾਗਮਾਂ ਵਿੱਚ ਆਤਿਸ਼ਬਾਜ਼ੀ ਬੰਦ ਕਰਨ ਲਈ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਤੇ ਦੁਨੀਆਂ ਵਿੱਚ ਸਾਡਾ ਅਕਸ ਖ਼ਰਾਬ ਹੋਵੇਗਾ ਅਤੇ ਇਤਿਹਾਸ ਵੀ ਸਾਨੂੰ ਮੁਆਫ ਨਹੀਂ ਕਰੇਗਾ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।