ਅਮਰੀਕਾ ਅਤੇ ਇਰਾਨ ਨੇ ਸਵਿਜ਼ਰਲੈਂਡ ਦੀ ਵਿਚੋਲਗੀ ਨਾਲ ਕੈਦੀਆਂ ਦਾ ਤਬਾਦਲਾ ਕੀਤਾ

ਅਮਰੀਕਾ ਅਤੇ ਇਰਾਨ ਨੇ ਸਵਿਜ਼ਰਲੈਂਡ ਦੀ ਵਿਚੋਲਗੀ ਨਾਲ ਕੈਦੀਆਂ ਦਾ ਤਬਾਦਲਾ ਕੀਤਾ
ਵਾਂਗ ਦੀ ਉਸਦੇ ਪਰਿਵਾਰ ਨਾਲ ਇੱਕ ਤਸਵੀਰ

ਵਾਸ਼ਿੰਗਟਨ/ ਤਹਿਰਾਨ: ਇਰਾਨ ਅਤੇ ਅਮਰੀਕਾ ਨੇ ਆਪਸੀ ਤਲਖੀਆਂ ਦੇ ਬਾਵਜੂਦ ਕੂਟਨੀਤਕ ਰਾਜਨੀਤਕ ਪੈਂਤੜੇ 'ਤੇ ਚਲਦਿਆਂ ਸਵਿਜ਼ਰਲੈਂਡ ਦੀ ਵਿਚੋਲਗੀ ਨਾਲ ਆਪਣੇ ਕੈਦੀਆਂ ਦਾ ਆਪਸੀ ਤਬਾਦਲਾ ਕੀਤਾ ਹੈ।

ਇਰਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਇਰਾਨੀ ਵਿਗਿਆਨਕ ਮਸੂਦ ਸੋਲੇਮਾਨੀ ਨੂੰ ਰਿਹਾਅ ਕਰਨ ਜਾ ਰਿਹਾ ਹੈ। ਇਸੇ ਤਰ੍ਹਾਂ ਅਮਰੀਕਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਚੀਨੀ ਮੂਲ ਦਾ ਅਮਰੀਕੀ ਖੋਜਾਰਥੀ ਵਾਂਗ ਇਰਾਨ ਵੱਲੋਂ ਰਿਹਾਅ ਕੀਤਾ ਜਾ ਰਿਹਾ ਹੈ।


ਸੋਲੇਮਾਨੀ ਨਾਲ ਇਰਾਨ ਦੇ ਵਿਦੇਸ਼ ਮੰਤਰੀ

ਇਰਾਨ ਦੇ ਵਿਦੇਸ਼ ਮੰਤਰੀ ਮੋਹੱਮਦ ਜਾਵੇਦ ਜ਼ਾਰੀਫ ਨੇ ਟਵੀਟ ਕੀਤਾ, "ਖੁਸ਼ੀ ਹੈ ਕਿ ਪ੍ਰੋਫੈਸਰ ਮਸੂਦ ਸੋਲੇਮਾਨੀ ਅਤੇ ਵਾਂਗ ਆਪਣੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਹਨ। ਇਸ ਕਾਰਵਾਈ ਵਿੱਚ ਸ਼ਾਮਿਲ ਸਾਰਿਆਂ ਦਾ ਅਤੇ ਖਾਸ ਕਰਕੇ ਸਵਿਸ ਸਰਕਾਰ ਦਾ ਬਹੁਤ ਧੰਨਵਾਦ।"

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਵਾਂਗ ਨੂੰ ਅਗਸਤ 2016 ਤੋਂ ਜਾਸੂਸੀ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀ ਤੇ ਉਸ ਦੀ ਰਿਹਾਈ ਲਈ ਉਹਨਾਂ ਸਵਿਸ ਸਰਕਾਰ ਦਾ ਧੰਨਵਾਦ ਕੀਤਾ।

ਬਾਅਦ ਵਿੱਚ ਇੱਕ ਬਿਆਨ 'ਚ ਟਰੰਪ ਨੇ ਇਸ ਰਿਹਾਈ ਲਈ ਇਰਾਨ ਦਾ ਵੀ ਧੰਨਵਾਦ ਕੀਤਾ। ਉਹਨਾਂ ਇਰਾਨ ਨੂੰ ਸੰਬੋਧਨ ਹੁੰਦਿਆਂ ਟਵੀਟ ਕੀਤਾ, "ਦੇਖੋ ਅਸੀਂ ਮਿਲਕੇ ਸਮਝੌਤਾ ਕਰ ਸਕਦੇ ਹਾਂ।"

ਤਹਿਰਾਨ ਵਿੱਚ ਅਮਰੀਕਾ ਦੇ ਰਾਜਦੂਤ ਨਾਲ ਵਾਂਗ

ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਤੋਂ ਇਰਾਨ ਨੇ ਸੁਨੇਹਾ ਦਿੱਤਾ ਹੈ ਕਿ ਉਹ ਅਮਰੀਕਾ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ ਪਰ ਗੱਲਬਾਤ ਉਹ ਅਮਰੀਕਾ ਨਾਲ ਬਰਾਬਰ ਦੀਆਂ ਸ਼ਰਤਾਂ 'ਤੇ ਚਾਹੁੰਦੇ ਹਨ।

ਗ੍ਰਿਫਤਾਰੀਆਂ ਦੇ ਦੋਸ਼
ਵਾਂਗ 'ਤੇ ਜਾਸੂਸੀ ਦੇ ਦੋਸ਼ ਲਾਏ ਗਏ ਸਨ। ਉਸ 'ਤੇ ਇਰਾਨ ਦੀ ਖੂਫੀਆ ਜਾਣਕਾਰੀ ਬਾਹਰ ਭੇਜਣ ਦੇ ਦੋਸ਼ ਸਨ ਜਿਸ ਲਈ ਉਸਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਵਾਂਗ ਪ੍ਰਿੰਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਵਾਂਗ ਦੀ ਯੂਨੀਵਰਸਿਟੀ ਅਤੇ ਉਸਦੇ ਪਰਿਵਾਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਸੀ।

ਸੋਲੇਮਾਨੀ ਸਟੈਮ ਸੈੱਲ, ਹੈਮੇਟੋਲੋਜੀ ਅਤੇ ਰੀਜਨਰੇਟਿਵ ਮੈਡੀਸਿਨ ਦੀ ਖੌਜ 'ਤੇ ਕੰਮ ਕਰ ਰਿਹਾ ਸੀ। ਉਸਨੂੰ ਅਮਰੀਕਾ ਨੇ ਵਪਾਰਕ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਉਸ 'ਤੇ ਦੋਸ਼ ਸੀ ਕਿ ਉਹ ਕਿਸੇ ਜੈਵਿਕ ਪਦਾਰਥ ਨੂੰ ਇਰਾਨ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।