ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਨੂੰ ਜਮਹੂਰੀ ਭਾਵਨਾ ਦੇ ਉਲਟ ਦੱਸਿਆ

ਕੈਪਟਨ ਨੇ ਨਾਗਰਿਕਤਾ ਸੋਧ ਬਿੱਲ ਨੂੰ ਜਮਹੂਰੀ ਭਾਵਨਾ ਦੇ ਉਲਟ ਦੱਸਿਆ

ਨਵੀਂ ਦਿੱਲੀ: ਹੈਦਰਾਬਾਦ ਵਿੱਚ ਬਲਾਤਕਾਰ ਦੋਸ਼ੀਆਂ ਨੂੰ ਮੁਕਾਬਲੇ 'ਚ ਕਤਲ ਕਰਨ ਦੇ ਮਾਮਲੇ 'ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੁਲਿਸ ਵੱਲੋਂ ਸਵੈ-ਰੱਖਿਆ 'ਚ ਗੋਲੀ ਚਲਾਉਣ ਦਾ ਸਮਰਥਨ ਕਰਦੇ ਹਨ ਪਰ ਅਦਾਲਤਾਂ ਤੋਂ ਬਾਹਰ ਨਿਆਂ ਕਰਨ ਦੇ ਉਹ ਖਿਲਾਫ ਹਨ। 

ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਵਿਵਾਦਿਤ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਉਹਨਾਂ ਕਿਹਾ ਕਿ ਇਹ ਜਮਹੂਰੀ ਭਾਵਨਾ ਦੇ ਖ਼ਿਲਾਫ਼ ਹੈ ਤੇ ਉਹ ਇਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਾਸ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਨੇ ਤਜਵੀਜ਼ਤ ਨਾਗਰਿਕਤਾ ਸੋਧ ਬਿੱਲ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਕੋਲ ਅਸੈਂਬਲੀ ਵਿੱਚ ਦੋ ਤਿਹਾਈ ਬਹੁਮੱਤ ਹੈ ਤੇ ਉਹ ਇਸ ਬਿੱਲ ਨੂੰ ਕਿਸੇ ਕੀਮਤ ’ਤੇ ਪਾਸ ਨਹੀਂ ਹੋਣ ਦੇਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੂੰ ਫਸਲੀ ਵਿਭਿੰਨਤਾ ਅਤੇ ਹੋਰ ਤਰੀਕਿਆਂ ਰਾਹੀਂ ਕਿਸਾਨਾਂ ਦੀ ਸਹਾਇਤਾ ਵਾਸਤੇ ਪਰਾਲੀ ਦੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਫੰਡ ਮੁਹੱਈਆ ਕਰਵਾਉਣੇ ਚਾਹੀਦੇ ਹਨ। 

ਮੁੱਖ ਮੰਤਰੀ ਨੇ ਮਹਾਰਾਸ਼ਟਰ ਤੇ ਹਰਿਆਣਾ ਦੇ ਚੋਣ ਨਤੀਜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਦਾ ਰਾਸ਼ਟਰਵਾਦ ਦਾ ਏਜੰਡਾ ਹੁਣ ਚੋਣਾਂ ਵਿੱਚ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਵਾਦ ਦੀ ਗੱਲ ਪਾਕਿਸਤਾਨ ਤੋਂ ਦਰਪੇਸ਼ ਖ਼ਤਰੇ (ਖਾਸ ਕਰ ਕੇ ਆਪਣੇ ਸੂਬੇ ਨੂੰ) ਦੇ ਸੰਦਰਭ ਵਿੱਚ ਕਰਦੇ ਹਨ। ਬਦਲੇ ਦੀ ਸਿਆਸਤ ਦੇ ਮੁੱਦੇ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ‘ਸਾਰੀਆਂ ਪਾਰਟੀਆਂ ਵਿੱਚ ਨਹੀਂ’ ਹੁੰਦਾ। ਉਨ੍ਹਾਂ ਸੂਬਿਆਂ ਨੂੰ ਜੀਐੱਸਟੀ ਦੇ ਮੁਆਵਜ਼ੇ ਦਾ ਬਕਾਇਆ ਦੇਣ ਵਿੱਚ ਹੋ ਰਹੀ ਦੇਰੀ ਉੱਤੇ ਵੀ ਨਾਰਾਜ਼ਗੀ ਜਤਾਈ।

ਇਸ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਭਾਜਪਾ ਦਾ ਰਾਸ਼ਟਰਵਾਦ ਦਾ ਨਾਅਰਾ ‘ਗਾਂਧੀ’ ਤੋਂ ਨਹੀਂ ਬਲਕਿ ‘ਹਿਟਲਰ’ ਤੋਂ ਪ੍ਰਭਾਵਿਤ ਹੈ। ਬਘੇਲ ਨੇ ਕਿਹਾ ਕਿ ਭਾਜਪਾ ਨੇ ਪੁਲਵਾਮਾ ਹਮਲੇ ’ਤੇ ਕਥਿਤ ਸਿਆਸਤ ਕਰ ਕੇ ਇਕ ਵਾਰ ਤਾਂ ਚੋਣਾਂ ਵਿੱਚ ਸਫ਼ਲਤਾ ਹਾਸਲ ਕਰ ਲਈ, ਪਰ ਭਗਵਾ ਪਾਰਟੀ ਨੂੰ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਆਸ ਮੁਤਾਬਕ ਨਤੀਜੇ ਨਹੀਂ ਮਿਲੇ। ਦੋਵਾਂ ਮੁੱਖ ਮੰਤਰੀਆਂ ਨੇ ਕਿਹਾ ਕਿ ਆਗਾਮੀ ਝਾਰਖੰਡ ਚੋਣਾਂ ਦੇ ਨਤੀਜਿਆਂ ਮਗਰੋਂ ਦੇਸ਼ ਵਿੱਚ ਬਦਲਾਅ ਆਏਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।