ਕੇਜਰੀਵਾਲ ਦੀ ਮੁਆਫ਼ੀ ਅਤੇ ਪੰਜਾਬ ਦਾ ਸਿਆਸੀ ਖਲਾਅ

ਕੇਜਰੀਵਾਲ ਦੀ ਮੁਆਫ਼ੀ ਅਤੇ ਪੰਜਾਬ ਦਾ ਸਿਆਸੀ ਖਲਾਅ

ਕਰਮਜੀਤ ਸਿੰਘ
ਸੀਨੀਅਰ ਪੱਤਰਕਾਰ (ਸੰਪਰਕ: 99150-91063)
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਪਿੱਛੋਂ ਸਿਆਸੀ ਹਲਕਿਆਂ ਵਿੱਚ ਇਸ ਮੁਆਫੀ ਨਾਲ ਜੁੜੇ ਵੱਖ ਵੱਖ ਪਹਿਲੂਆਂ ਉਤੇ ਤਿੱਖੀ ਅਤੇ ਕੌੜੀ-ਮਿੱਠੀ ਪਰ ਜਾਗਰੂਕ ਬਹਿਸ ਸ਼ੁਰੂ ਹੋ ਗਈ ਹੈ। ਹਾਲਾਂਕਿ ਮੁਆਫੀ ਦੀ ਪਰਿਭਾਸ਼ਾ ਬਾਰੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਸਿਆਸਤਦਾਨਾਂ ਅਤੇ ਆਮ ਲੋਕਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਹੈ, ਪਰ ਹੁਣ ਤਾਂ ਜਿਥੇ ਮੁਆਫੀ ਮੰਗਣ ਵਾਲੇ ਉਤੇ ਤਿੱਖੇ ਤੇ ਤੇਜ਼ ਤਰਾਰ ਹਮਲੇ ਹੋ ਰਹੇ ਹਨ, ਉਥੇ ਮੁਆਫੀ ਮੰਗਣ ਵਾਲੇ ਨੂੰ ਠੀਕ ਅਤੇ ਗਲਤ ਕਹਿਣ ਵਾਲਿਆਂ ਦਰਮਿਆਨ ਦੋਸ਼ਾਂ ਅਤੇ ਜੁਆਬੀ ਦੋਸ਼ਾਂ ਦੀ ਹੀ ਬਾਰਿਸ਼ ਹੋ ਰਹੀ ਹੈ।
ਵੈਸੇ ਰਾਜਨੀਤਕ ਖੇਤਰ ਵਿੱਚ ਸਿਆਸਤਦਾਨਾਂ ਵਲੋਂ ਆਪਣੀ ਕਿਸੇ ਵਿਵਾਦਗ੍ਰਸਤ ਟਿੱਪਣੀ ਜਾਂ ਬਿਆਨ ‘ਤੇ ਰੌਲਾ ਪੈਣ ਮਗਰੋਂ ਮੁਆਫੀ ਮੰਗਣੀ ਆਮ ਜਿਹੀ ਗੱਲ ਹੈ, ਪਰ ਭਾਰਤ ਦੇ ਰਾਜਨੀਤਕ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਹੈ ਜਦੋਂ ਕੇਜਰੀਵਾਲ ਦੀ ਮੁਆਫੀ ਨੂੰ ਲੈ ਕੇ ਬਹਿਸ ਦਾ ਦਾਇਰਾ ਸਾਰੇ ਮੁਲਕ ਵਿੱਚ ਫੈਲ ਗਿਆ ਹੈ। ਮੁਆਫੀ ਕਿਉਂਕਿ ਮੁੱਖ ਮੰਤਰੀ ਵੱਲੋਂ ਮੰਗੀ ਗਈ ਹੈ ਅਤੇ ਮੁੱਖ ਮੰਤਰੀ ਵੀ ਉਹ ਹੈ ਜਿਸ ਨੇ ਪੰਜਾਬ ਅਸੈਂਬਲੀ ਦੀ ਚੋਣ ਮੁਹਿੰਮ ਵਿੱਚ ਬਿਕਰਮ ਸਿੰਘ ਮਜੀਠੀਆ ਉਤੇ ਦੋਸ਼ ਲਾਉਣ ਸਮੇਂ ਆਪਣੀ ਆਵਾਜ਼ ਅਤੇ ਬੋਲਬਾਣੀ ਦੀ ਗੂੰਜ ਅਸਮਾਨ ਦੀਆਂ ਕੰਧਾਂ ਤੱਕ ਪਹੁੰਚਾ ਦਿਤੀ ਸੀ। ਇਸ ਮੁੱਦੇ ਨੂੰ ਕੇਂਦਰੀ ਮੁੱਦਾ ਬਣਾ ਕੇ ਚੋਣ ਵੀ ਲੜੀ ਗਈ ਜਿਸ ਨੇ 80 ਸਾਲ ਪੁਰਾਣੀ ਅਕਾਲੀ ਪਾਰਟੀ ਨੂੰ ਤੀਜੇ ਸਥਾਨ ‘ਤੇ ਲਿਆ ਸੁੱਟਿਆ ਅਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਵੀ ਉਭਰ ਕੇ ਸਾਹਮਣੇ ਆਈ। ਹੁਣ ਉਸੇ ਹੀ ਮੁੱਦੇ ਉੱਤੇ ਮੁਆਫੀ ਮੰਗ ਲੈਣ ਨਾਲ ਵਿਰੋਧੀਆਂ ਨੇ ਤਾਂ ਅਰਵਿੰਦ ਕੇਜਰੀਵਾਲ ਵਿਰੁਧ ਮੋਰਚੇ ਖੋਲ੍ਹ ਹੀ ਦਿੱਤੇ ਹਨ, ਪਾਰਟੀ ਅੰਦਰ ਵੀ ਬਗਾਵਤ ਹੋ ਗਈ ਹੈ। ਆਕਸਫੋਰਡ ਯੂਨੀਵਰਸਿਟੀ ਦੇ ਇੱਕ ਪੰਜਾਬੀ ਪ੍ਰੋਫੈਸਰ ਨੇ ਰਾਜਨੀਤਕ ਅਰਥਚਾਰੇ ਦੇ ਇੱਕ ਵਿਦਵਾਨ ਦੇ ਹਵਾਲੇ ਨਾਲ ਇਸ ਬਹਿਸ ਨੂੰ ‘ਮੌਲਿਕ ਜਾਂ ਸਿਰਜਣਾਤਮਿਕ ਤਬਾਹੀ’ ਦਾ ਨਾਂ ਦਿੱਤਾ ਹੈ। ਇੱਸ ਟਿੱਪਣੀ ਦੇ ਵੀ ਕਈ ਅਰਥ ਕੱਢੇ ਜਾ ਸਕਦੇ ਹਨ। ਇੱਕ ਅਰਥ ਤਾਂ ਇਹ ਹੈ ਕਿ ਭਵਿੱਖ ਵਿੱਚ ਸਿਆਸਤ ਦੇ ਖੇਤਰ ਵਿੱਚ ‘ਮੌਲਿਕਤਾ’ ਤੇ ‘ਜ਼ਿੰਮੇਵਾਰੀ’ ਦਾ ਮਾਹੌਲ ਪੈਦਾ ਹੋਵੇਗਾ ਅਤੇ ਸਿਆਸਤਦਾਨ ਊਲ-ਜਲੂਲ ਜਾਂ ਬੇਬੁਨਿਆਦ ਗੱਲਾਂ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਿਆ ਕਰਨਗੇ। ਦੂਜਾ ‘ਤਬਾਹੀ’ ਦਾ ਸ਼ਿਕਾਰ ਤਾਂ ਇਹੋ ਜਿਹੀ ਜੰਗ ਵਿੱਚ ਕਿਸੇ ਨਾ ਕਿਸੇ ਨੇ ਹੋਣਾ ਹੀ ਹੈ ਅਤੇ ਮੁਆਫੀ ਦੇ ਮਾਮਲੇ ਵਿੱਚ ਕੇਜਰੀਵਾਲ ਦਾ ਰਾਜਨੀਤਕ ਭਵਿੱਖ ਜੇ ‘ਤਬਾਹ’ ਨਹੀਂ ਹੋਇਆ ਤਾਂ ਇਸ ਦੀ ਸ਼ੁਰੂਆਤ ਤਾਂ ਹੋ ਹੀ ਗਈ ਹੈ।
ਵੈਸੇ ਹਾਲਾਤ ਪਾਰਟੀ ਲਈ ਉਸ ਵਕਤ ਹੋਰ ਵੀ ਗੰਭੀਰ ਤੇ ਨਾਜ਼ੁਕ ਹੋ ਜਾਣਗੇ ਜਦੋਂ ਅਰਵਿੰਦ ਕੇਜਰੀਵਾਲ ਦੋ ਦਰਜਨ ਤੋਂ ਵੱਧ ਚੱਲ ਰਹੇ ਮੁਕੱਦਮਿਆਂ ਵਿੱਚ ਵਾਰੀ ਵਾਰੀ ਮੁਆਫੀਆਂ ਮੰਗਦੇ ਨਜ਼ਰ ਆਉਣਗੇ। ਇਹ ਮੁਆਫੀ-ਮੁਹਿੰਮ ਸ਼ੁਰੂ ਹੋ ਵੀ ਗਈ ਹੈ। ਅਜਿਹੀ ਹਾਲਤ ਵਿੱਚ ਨਾਇਕ ਦੇ ਤੌਰ ‘ਤੇ ਇੱਕ ਵਿਅਕਤੀ ਦਾ ਰਾਜਨੀਤਕ ਰੁਤਬਾ ਸਵਾਲਾਂ ਦੇ ਘੇਰੇ ਵਿੱਚ ਆ ਜਾਏਗਾ।
ਸਿਆਸੀ ਹਲਕਿਆਂ ਵਿੱਚ ਮੁਆਫੀ ਮੰਗਣ ਦੀ ਕਲਾ ਉਤੇ ਵੀ ਦਿਲਚਸਪ ਬਹਿਸ ਸ਼ੁਰੂ ਹੋ ਗਈ ਹੈ। ਬਹੁਤੀ ਵਾਰ ਜਦੋਂ ਸਿਆਸਤਦਾਨ ਮੁਆਫੀ ਮੰਗਦੇ ਹਨ ਤਾਂ ਮੁਆਫੀ ਦੀ ਸ਼ਬਦਾਵਲੀ ਇੰਨੀ ਧੁੰਦਲੀ ਅਤੇ ਇੰਨੀ ਅਸਪੱਸ਼ਟ ਹੁੰਦੀ ਹੈ ਕਿ ਉਹ ਫੋਕੀ ਰਸਮ ਜਿਹੀ ਹੀ ਬਣ ਗਈ ਹੈ। ਅਜਿਹੇ ਮੌਕਿਆਂ ‘ਤੇ ਸਬੰਧਤ ਵਿਅਕਤੀ ਇਹੋ ਜਿਹੇ ਸ਼ਬਦਾਂ ਦੀ ਚੋਣ ਕਰਦਾ ਹੈ ਕਿ ਮੁਆਫੀ ਦੀ ਵਿਆਖਿਆ ਕਰਨ ਵਾਲੇ ਯੂਰੋਪੀਅਨ ਅਤੇ ਅਮਰੀਕੀ ਵਿਦਵਾਨਾਂ ਨੇ ਇਸ ਇਕੱਲੇ ਵਿਸ਼ੇ ਉਤੇ ਹੀ ਲੇਖ ਅਤੇ ਕਿਤਾਬਾਂ ਲਿਖ ਛੱਡੀਆਂ ਹਨ। ਜਿਥੋਂ ਤੱਕ ਅਰਵਿੰਦ ਕੇਜਰੀਵਾਲ ਦੀ ਮੁਆਫੀ ਦਾ ਸਬੰਧ ਹੈ, ਉਹ ਸ਼ਬਦਾਵਲੀ ਪੂਰੀ ਤਰ੍ਹਾਂ ਸਪੱਸ਼ਟ ਹੈ ਪਰ ਨਾਲ ਹੀ ਪਾਰਟੀ ਦੇ ਕਾਰਕੁਨਾਂ ਨੂੰ ਸ਼ਰਮਸਾਰ ਕਰਦੀ ਹੈ। ਇਹ ਸ਼ਬਦਾਵਲੀ ਵੀ ਕੁਝ ਇਸ ਤਰ੍ਹਾਂ ਦੀ ਸੀ: ‘ਹੁਣ ਮੈਨੂੰ ਇਹ ਸਮਝ ਆ ਗਈ ਕਿ ਮੈਂ ਜੋ ਦੋਸ਼ ਲਾਏ ਸਨ, ਉਹ ਸਾਰੇ ਦੇ ਸਾਰੇ ਬੇਬੁਨਿਆਦ ਸੀ। ਇਸ ਲਈ ਇਹੋ ਜਿਹੇ ਮਾਮਲਿਆਂ ‘ਤੇ ਹੁਣ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ ਵੱਖ ਵੱਖ ਰਾਜਨੀਤਕ ਰੈਲੀਆਂ, ਪਬਲਿਕ ਜਲਸਿਆਂ, ਟੀ-ਪ੍ਰੋਗਰਾਮਾਂ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਉਤੇ ਤੁਹਾਡੇ ‘ਤੇ ਦੋਸ਼ ਲਾਉਂਦਾ ਰਿਹਾ ਅਤੇ ਫਿਰ ਤੁਸੀਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਮੇਰੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਮੈਂ ਹੁਣ ਤੁਹਾਡੇ ਵਿਰੁੱਧ ਦਿੱਤੇ ਬਿਆਨ ਅਤੇ ਦੋਸ਼ ਵਾਪਸ ਲੈਂਦਾ ਹਾਂ ਅਤੇ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ (ਪਰ) ਇਸ ਨਾਲ ਤੁਹਾਡੇ ਪਰਿਵਾਰ, ਸਾਥੀਆਂ, ਸ਼ੁਭਚਿੰਤਕਾਂ ਅਤੇ ਪੈਰੋਕਾਰਾਂ ਦੇ ਮਾਣ ਸਤਿਕਾਰ ਨੂੰ ਜੋ ਢਾਹ ਲੱਗੀ ਹੈ, ਉਸ ਉਤੇ ਮੈਂ ਅਫਸੋਸ ਪ੍ਰਗਟ ਕਰਦਾ ਹਾਂ।’
ਕੇਜਰੀਵਾਲ ਵੱਲੋਂ ਮੁਆਫੀ ਮੰਗੇ ਜਾਣ ਬਾਰੇ ਕੁਝ ਹੈਰਾਨਜਨਕ ਤੱਥ ਹਨ ਕਿਸੇ ਨੂੰ ਵੀ ਪਤਾ ਨਹੀਂ। ਨਾ ਉਸ ਦੇ ਸਭ ਤੋਂ ਨਜ਼ਦੀਕੀ ਸਾਥੀ ਸੰਜੇ ਸਿੰਘ ਨੂੰ ਅਤੇ ਨਾ ਹੀ ਉਸ ਦੇ ਉਪ ਮੁੱਖ ਮੰਤਰੀ ਨੂੰ। ਨਾ ਹੀ ਪੰਜਾਬ ਦੀ ਪਾਰਟੀ ਨੂੰ ਅਤੇ ਨਾ ਹੀ ਪਾਰਟੀ ਦੇ ਕਿਸੇ ਵਿਧਾਇਕ ਨੂੰ ਰੱਤਾ-ਮਾਸਾ ਵੀ ਮੁਆਫੀ ਦੀ ਸੂਹ ਮਿਲੀ। ਨਾ ਹੀ ਕੇਜਰੀਵਾਲ ਨੇ ਕਿਸੇ ਨੂੰ ਮੁਆਫੀ ਦਾ ਕਾਰਨ ਦੱਸਣ ਦੀ ਲੋੜ ਸਮਝੀ। ਚੁੱਪ ਚੁਪੀਤੇ ਮੰਗੀ ਇਸ ਮੁਆਫੀ ਦੇ ਡੂੰਘੇ ਅਰਥ ਤਾਂ ਇਹੋ ਹਨ ਕਿ ਕੇਜਰੀਵਾਲ ਦੇ ਤਾਨਾਸ਼ਾਹੀ ਸੁਭਾਅ ਦੀ ਸਿਖਰ ਸਾਰਿਆਂ ਨੇ ਵੇਖ ਲਈ। ਨਾਇਕ ਦਾ ਹਨੇਰਾ ਪੱਖ ਪੂਰੀ ਤਰ੍ਹਾਂ ਰੌਸ਼ਨ ਹੋ ਗਿਆ ਪਰ ਤਾਨਾਸ਼ਾਹੀ ਦੇ ਸਿਖਰ ਨੂੰ ਛੋਹ ਕੇ ਜਦੋਂ ਇਹ ਮੁਆਫੀ ਮੰਗੀ ਗਈ ਤਾਂ ਨਵਾਂ ਉਭਰਿਆ ਇਹ ਨਾਇਕ ਧਰਤੀ ‘ਤੇ ਆਣ ਡਿੱਗਿਆ। ਕਿਸੇ ਯੂਰੋਪੀਅਨ ਵਿਦਵਾਨ ਦੀ ਇਹ ਚਿਤਾਵਨੀ ਧਿਆਨ ਨਾਲ ਸੁਣਨ ਵਾਲੀ ਹੈ ਕਿ ਨਾਇਕ ਜਦੋਂ ਆਪਣੀ ਨੇਕ ਕਮਾਈ ਦੀ ਸਿਖਰ ‘ਤੇ ਪਹੁੰਚਦਾ ਹੈ ਤਾਂ ਉਸ ਨੂੰ ਬੜੇ ਤਹੱਮਲ, ਧੀਰਜ ਅਤੇ ਠੰਢੇ ਦਿਮਾਗ ਨਾਲ ਅਗਲੇ ਸਫਰ ਬਾਰੇ ਯੋਜਨਾ ਬਣਾਉਣੀ ਚਾਹੀਦੀ ਹੈ, ਨਹੀਂ ਤਾਂ ਇਹੋ ਜਿਹੇ ਮੌਕੇ ਨਿੱਕੀ ਜਿਹੀ ਗਲਤੀ ਉਸ ਦੀ ਸ਼ਾਨਾਮੱਤੀ ਕਮਾਈ ਨੂੰ ਬਰਬਾਦ ਕਰ ਕੇ ਰੱਖ ਸਕਦੀ ਹੈ। ਮੁਆਫੀ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਉਸੇ ਮੁਕਾਮ ‘ਤੇ ਲਿਆ ਖੜ੍ਹਾ ਕੀਤਾ ਹੈ।
ਹੁਣ ਜਦੋਂ 10 ਵਿਧਾਇਕ ਮੁਆਫੀ ਦਾ ਕਾਰਨ ਪੁੱਛਣ ਦਿੱਲੀ ਗਏ ਤਾਂ ਜਵਾਬ ਮਿਲਿਆ ਕਿ ਕੇਜਰੀਵਾਲ ਵਿਰੁੱਧ 33 ਤੋਂ ਵੱਧ ਮੁਕੱਦਮੇ ਵੱਖ ਵੱਖ ਅਦਾਲਤਾਂ ਵਿੱਚ ਚੱਲ ਰਹੇ ਹਨ। ਇਸ ਲਈ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਵੱਡਾ ਵਿਘਨ ਪੈਂਦਾ ਹੈ। ਉਹ ਕਿਥੇ ਕਿਥੇ ਤਰੀਕਾਂ ਭੁਗਤਦੇ ਰਹਿਣ! ਦੂਜੇ ਬੰਨੇ ਸਰਕਾਰ ਵੀ ਕਿਸੇ ਨਾ ਕਿਸੇ ਢੰਗ ਨਾਲ ਜੇਲ੍ਹ ਵਿੱਚ ਸੁੱਟਣ ਲਈ ਸਾਜ਼ਿਸ਼ਾਂ ਰਚਦੀ ਰਹਿੰਦੀ ਹੈ। ਇਸ ਲਈ ਮੁਆਫੀ ਦਾ ਰਾਹ ਚੁਣਿਆ। ਕੀ ਪੰਜਾਬ ਦੀ ਰਾਜਨੀਤੀ ਦੇ ਨਵੇਂ ਰੰਗਰੂਟ ਵਿਧਾਇਕ ਇੰਨੇ ਭੋਲੇ ਅਤੇ ਮਾਸੂਮ ਸਨ ਕਿ ਉਨ੍ਹਾਂ ਬਿਨਾਂ ਕੋਈ ਜਿਰਹਾ ਕੀਤੇ ਮੌਜ ਨਾਲ ਹੀ ਆਪਣੇ ਕਨਵੀਨਰ ਦੀ ਮੁਆਫੀ ਨੂੰ ਮੁਆਫ ਕਰ ਦਿੱਤਾ। ਵੈਸੇ ਇਥੇ ਟਕਸਾਲੀ ਅਕਾਲੀ ਆਗੂਆਂ ਅਤੇ ਕਾਰਕੁਨਾਂ ਨੂੰ ਸਲਾਮ ਕਰਨਾ ਬਣਦਾ ਹੈ ਜਿਨ੍ਹਾਂ ਨੂੰ ਬਚਪਨ ਵਿੱਚ ਹੀ ਇਹ ਸੁਣਾ ਦਿੱਤਾ ਜਾਂਦਾ ਸੀ ਕਿ ਤੁਹਾਡਾ ਦੂਜਾ ਘਰ ਜੇਲ੍ਹ ਹੈ। ਜੇਲ੍ਹ ਵਿਚੋਂ ਤਾਂ ਲੀਡਰਾਂ ਦੀ ਸ਼ਖਸੀਅਤ ਨਿਖਰ ਕੇ ਸਾਹਮਣੇ ਆਉਂਦੀ ਹੈ ਅਤੇ ਉਹ ਕੁੰਦਨ ਬਣ ਕੇ ਚਮਕਦੇ ਹਨ।
ਇਹ ਸਾਡੀ ਰਾਜਨੀਤੀ ਦਾ ਦੁਖਾਂਤ ਹੀ ਸਮਝੋ ਕਿ ਅਜਿਹਾ ਵਿਅਕਤੀ ਜਿਸ ਨੇ ਕਿਸੇ ਸਮੇਂ ਹਿੰਦੁਸਤਾਨ ਦੀ ਸਿਆਸਤ ਵਿੱਚ ਭੂਚਾਲ ਲਿਆਂਦਾ ਸੀ ਅਤੇ ਬਦਲਵੀਂ ਰਾਜਨੀਤੀ ਦਾ ਪੈਗਾਮ ਦਿੱਤਾ ਸੀ, ਉਹ ਵਿਅਕਤੀ ਛੋਟੀ ਜਿਹੀ ਲਹਿਰ ਅੱਗੇ ਹੀ ਦਮ ਤੋੜ ਕੇ ਰਹਿ ਗਿਆ। ਇਸ ਬਦਲਵੀਂ ਰਾਜਨੀਤੀ ਵਿੱਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਮਾਨਸਿਕਤਾ ਦੇ ਭਿੰਨ ਭਿੰਨ ਰੰਗ ਆਮ ਆਦਮੀ ਦਾ ਰੂਪ ਧਾਰ ਕੇ ਕੇਜਰੀਵਾਲ ਦੇ ਝਾੜੂ ਥੱਲੇ ਇਕੱਠੇ ਹੋ ਗਏ ਸਨ। ਇਹ ਚਮਤਕਾਰ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਪਰਿਆ ਹੈ। ਉਹ ਜਦੋਂ ਬੋਲਦਾ ਸੀ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਉਹ ਹਰ ਮੁਸ਼ਕਿਲ ਅੱਗੇ ਪਹਾੜ ਬਣ ਕੇ ਖਲੋ ਜਾਏਗਾ। ਇਹੋ ਜਿਹੇ ਵਿਅਕਤੀ ਵਿਰੁੱਧ ਮੁਕੱਦਮੇ ਤਾਂ ਹੋਣੇ ਹੀ ਸਨ ਕਿਉਂਕਿ ਸਿਆਸਤ ਦੀਆਂ ਸਭ ਧਿਰਾਂ ਅੰਦਰਖਾਤੇ ਉਸ ਦੇ ਵਿਰੁੱਧ ਹੋ ਗਈਆਂ ਸਨ।  ਕੇਜਰੀਵਾਲ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਜਦੋਂ ਤੁਸੀਂ ਕਿਸ਼ਤੀ ਦੀ ਸਵਾਰੀ ਕਰ ਰਹੇ ਹੋ ਤਾਂ ਭਿੱਜਣ ਦਾ ਖਤਰਾ ਤਾਂ ਬਣਿਆ ਹੀ ਰਹੇਗਾ।
ਹੁਣ ਸਾਰੀ ਰਾਜਨੀਤਕ ਸੱਤਾ ਪਾਰਟੀ ਵਿਧਾਇਕਾਂ ਉਤੇ ਕੇਂਦਰਿਤ ਹੋ ਗਈ ਹੈ ਜਦਕਿ ਪਾਰਟੀ ਦੀ ਪੰਜਾਬ ਇਕਾਈ ਦਾ ਵਜੂਦ ਹੁੰਦਿਆਂ ਹੋਇਆਂ ਵੀ ਨਹੀਂ ਹੈ। ਜੇ ਪੰਜਾਬ ਦੀ ਰਾਜਨੀਤੀ ਨੂੰ ਮੌਜੂਦਾ ਹਕੀਕਤਾਂ ਨਾਲ ਮੇਲ ਕੇ ਦੇਖਿਆ ਜਾਏ ਤਾਂ ਸਾਲ ਪਹਿਲਾਂ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਜਿਥੋਂ ਤੱਕ ਅਕਾਲੀ ਦਲ ਦਾ ਸਬੰਧ ਹੈ, ਅੰਦਰੋਂ ਲੋਕ ਅਜੇ ਵੀ ਅਕਾਲੀ ਦਲ ਵੱਲ ਉਸ ਤਰ੍ਹਾਂ ਮੁੜਨ ਦੇ ਰੌਂਅ ਵਿੱਚ ਨਹੀਂ ਹਨ, ਜਿਵੇਂ ਅਕਸਰ ਇੱਕ ਪਾਰਟੀ ਤੋਂ ਟੁੱਟ ਕੇ ਲੋਕ ਦੂਜੀ ਪਾਰਟੀ ਨਾਲ ਜੁੜਦੇ ਰਹੇ ਹਨ। ਫਿਲਹਾਲ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਖਲਾਅ ਹੈ ਅਤੇ ਮੈਦਾਨ ਇੱਕ ਤਰ੍ਹਾਂ ਨਾਲ ਖਾਲੀ ਪਿਆ ਹੈ। ਤਮਾਮ ਝਟਕਿਆਂ ਤੋਂ ਬਾਅਦ ਅਜੇ ਵੀ ਇਹ ਸੰਭਾਵਨਾ ਮੌਜੂਦ ਹੈ ਕਿ ਜੇ ਆਮ ਆਦਮੀ ਪਾਰਟੀ ਰਾਜਨੀਤਕ ਅਤੇ ਨੈਤਿਕ ਮੁਹਾਜ਼ ਉਤੇ ਇੱਕਮੁਠ ਹੋ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉੱਤੇ ਖਰੀ ਉਤਰਦੀ ਹੈ ਤਾਂ ਇੱਕ ਵਾਰ ਮੁੜ ਇਹ ਪਾਰਟੀ ਪੰਜਾਬ ਦੀ ਰਾਜਨੀਤੀ ਦੇ ਇਸ ਖਲਾਅ ਨੂੰ ਭਰਨ ਦੀ ਤਾਕਤ ਹਾਸਲ ਕਰ ਸਕਦੀ ਹੈ।