ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਗੁਆਇਆ ਭਾਰਤੀ ਕੁੜੀਆਂ ਨੇ

ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਗੁਆਇਆ ਭਾਰਤੀ ਕੁੜੀਆਂ ਨੇ
ਕੈਪਸ਼ਨ- ਭਾਰਤੀ ਖਿਡਾਰਨਾਂ ਖ਼ਿਤਾਬੀ ਮੁਕਾਬਲੇ ‘ਚ ਹਾਰਨ ਮਗਰੋਂ ਉਦਾਸੀ ਦੇ ਰੌਂਅ ਵਿਚ।

ਲੰਡਨ/ਬਿਊਰੋ ਨਿਊਜ਼ :
ਭਾਰਤੀ ਮਹਿਲਾਵਾਂ ਹੱਥੋਂ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਇਤਿਹਾਸ ਤਿਲਕ ਗਿਆ। ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਐਤਵਾਰ ਨੂੰ ਤਿੰਨ ਵਿਕਟਾਂ ‘ਤੇ 191 ਦੌੜਾਂ ਦੀ ਮਜ਼ਬੂਤ ਸਥਿਤੀ ਦੇ ਬਾਵਜੂਦ 219 ਦੌੜਾਂ ‘ਤੇ ਢੇਰ ਹੋ ਗਈ ਤੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਦਾ ਮੌਕਾ ਗੁਆ ਬੈਠੀ।
ਇੰਗਲੈਂਡ ਨੇ ਭਾਰਤ ਨੂੰ ਨੌਂ ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਸੱਤ ਵਿਕਟਾਂ ‘ਤੇ 228 ਦੌੜਾਂ ਬਣਾਈਆਂ ਜਦੋਂ ਕਿ ਭਾਰਤੀ ਟੀਮ 48.4 ਗੇਂਦਾਂ ‘ਤੇ 219 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਅਨਿਆ ਸ਼੍ਰਬਸੋਲ ਨੇ 46 ਦੌੜਾਂ ਦੇ ਛੇ ਵਿਕਟਾਂ ਲਈਆਂ। ਐਲਕਸ ਹਾਰਟਲੇ ਨੇ 58 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਭਾਰਤ ਵੱਲੋਂ ਪੂਨਮ ਰਾਊਤ ਨੇ 80 ਗੇਂਦਾਂ ‘ਤੇ 51 ਦੌੜਾਂ ਬਣਾਈਆਂ ਅਤੇ ਤੀਜੀ ਵਿਕਟ ਲਈ 95 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਵੇਦਾ ਕਿਝਸ਼ਨਾਮੂਰਤੀ ਦੀਆਂ 34 ਗੇਂਦਾਂ ‘ਤੇ 35 ਦੌੜਾਂ ਦੀ ਲਾਹੇਵੰਦ ਪਾਰੀ ਨਾਲ ਭਾਰਤ ਇਕ ਸਮੇਂ ਤੇਜ਼ੀ ਨਾਲ ਜਿੱਤ ਵੱਲ ਵਧ ਰਿਹਾ ਸੀ ਅਤੇ ਜਿੱਤ ਲਈ ਉਸ ਨੂੰ 38 ਦੌੜਾਂ ਦੀ ਲੋੜ ਸੀ। ਪਰ ਅਖੀਰ ਵਿੱਚ ਭਾਰਤੀ ਟੀਮ 48.4 ਓਵਰਾਂ ਵਿੱਚ 219 ਦੌੜਾਂ ‘ਤੇ ਢੇਰ ਹੋ ਗਈ। ਇਹ ਦੂਜਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਦੇ ਫਾਈਨਲ ਵਿੱਚ ਹਾਰੀ ਹੈ। ਇਸ ਤੋਂ ਪਹਿਲਾਂ 2005 ਵਿੱਚ ਆਸਟਰੇਲੀਆ ਨੇ ਉਸ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਰੋਕਿਆ ਸੀ। ਭਾਰਤੀ ਬੱਲੇਬਾਜ਼ ਉਮੀਦ ਅਨੁਸਾਰ ਖਰੇ ਨਹੀਂ ਉਤਰੇ। ਸਮਿਝਤੀ ਮੰਦਾਨਾ ਸਿਫਰ ‘ਤੇ ਆਉੂਟ ਹੋਈ ਅਤੇ ਲਗਾਤਾਰ ਸੱਤਵੇਂ ਮੈਚ ਵਿੱਚ ਨਾਕਾਮ ਰਹੀ। ਭਾਰਤ ਨੂੰ ਕਰਾਰਾ ਝਟਕਾ ਕਪਤਾਨ ਮਿਤਾਲੀ ਰਾਜ ਦੇ 17 ਦੌੜਾਂ ਦੇ ਆਊਟ ਹੋਣ ‘ਤੇ ਲੱਗਾ ਜੋ ਆਪਣੀ ਗਲਤੀ ਨਾਲ ਰਨ ਆਊਟ ਹੋਈ। ਹਰਮਨਪ੍ਰੀਤ ਨੇ ਸੋਚ ਸਮਝ ਕੇ ਬੱਲੇਬਾਜ਼ੀ ਕੀਤੀ ਪਰ ਉਸ ਨੇ ਢਿੱਲੀਆਂ ਗੇਂਦਾਂ ‘ਤੇ ਸ਼ਾਟ ਲਗਾਏ। ਉਸ ਨੇ ਐਲਕਸ ਹਰਟਲ ਦੇ ਓਵਰ ਵਿੱਚ ਦੋ ਛੱਕੇ ਮਾਰੇ। ਪਰ ਇਸ ਦੇ ਬਾਵਜੂਦ 25 ਓਵਰਾਂ ਤਕ ਭਾਰਤੀ ਟੀਮ ਦਾ ਸਕੋਰ ਦੋ ਵਿਕਟਾਂ ‘ਤੇ 92 ਸੀ। ਭਾਰਤ ਨੇ 27ਵੇਂ ਓਵਰਾਂ ਵਿੱਚ ਸਕੋਰ ਤੀਜੇ ਅੰਕ ਤਕ ਪਹੁੰਚਾਇਆ। ਭਾਰਤ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਰ ਮੱਧ ਗਤੀ ਦੀ ਗੇਂਦਬਾਜ਼ ਅਨਿਆ ਸ਼੍ਰਬਸੋਲ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤ ਨੇ ਅੱਜ ਇਥੇ 28 ਦੌੜਾਂ ਦੇ ਸਕੋਰ ‘ਤੇ ਆਪਣੀਆਂ ਸੱਤ ਵਿਕਟਾਂ ਗੁਆਈਆਂ। ਇੰਗਲੈਂਡ ਨੇ ਫਾਈਨਲ ਵਿੱਚ ਸ਼ਾਨਦਾਰ ਵਾਪਸੀ ਦਾ ਨਮੂਨਾ ਪੇਸ਼ ਕੀਤਾ ਅਤੇ ਆਖਿਰੀ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ।ਇਸ ਤੋਂ ਪਹਿਲਾਂ ਤਜਰਬੇਕਾਰ ਝੂਲਨ ਗੋਸਵਾਮੀ ਦੀ ਘਾਤਕ ਗੇਂਦਬਾਜ਼ੀ ਅਤੇ ਫਿਰਕੀ ਗੇਂਦਬਾਜ਼ਾਂ ਦੇ ਚੰਗੇ ਯੋਗਦਾਨ ਨਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਨੂੰ ਸੱਤ ਵਿਕਟਾਂ ‘ਤੇ 228 ਦੌੜਾਂ ‘ਤੇ ਰੋਕ ਦਿੱਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਨੇ ਧੀਮੀ ਗਤੀ ਦੀ ਪਿੱਚ ‘ਤੇ 16 ਗੇਂਦਾਂ ‘ਤੇ ਆਪਣੀਆਂ ਤਿੰਨ ਵਿਕਟਾਂ ਗੁਆਂ ਦਿੱਤੀਆਂ। ਸਰਾਹ ਟੇਲਰ(45) ਅਤੇ ਨਤਾਲੀ ਸੀਵਰ(51) ਨੇ ਚੌਥੀ ਵਿਕਟ ਲਈ 83 ਦੌੜਾਂ ਬਣਾ ਕੇ ਟੀਮ ਨੂੰ ਕੁਝ ਮਜ਼ਬੂਤ ਦਿੱਤੀ।  ਪਰ ਅਜਿਹੇ ਮੌਕੇ ‘ਤੇ ਝੂਲਨ ਦੀ ਸ਼ਾਨਦਾਰ ਗੇਂਦਬਾਜ਼ੀ ‘ਤੇ ਇੰਗਲੈਂਡ ਨੇ ਮੁੜ 18 ਗੇਂਦਾਂ ‘ਤੇ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। ਅਖੀਰ ਵਿੱਚ ਕੈਥਰੀਨ ਬਰੰਟ(34)ਅਤੇ ਜੇਨੀ ਗੁਨ (ਨਾਬਾਦ) ਦੀਆਂ ਕੋਸ਼ਿਸ਼ਾਂ ਦੀ ਬਦੌਲਤ ਇੰਗਲੈਂਡ ਚੁਣੌਤੀਪੂਰਨ ਸਕੋਰ ਬਣਾਉਣ ਵਿੱਚ ਸਫ਼ਲ ਰਿਹਾ। ਝੂਲਨ ਨੇ ਬਿਹਤਰੀਨ ਗੇਂਦਬਾਜ਼ੀ ਦਾ ਨਮੂਨਾ ਪੇਸ਼ ਕੀਤਾ। ਉਸ ਨੇ 10 ਓਵਰਾਂ ਵਿੱਚ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਤੇ ਇੰਗਲੈਂਡ ਦੇ ਮੱਧਕ੍ਰਮ ਨੂੰ ਪੈਵੇਲੀਅਨ ਭੇਜ ਦਿੱਤਾ। ਲੈਗ ਸਪਿੰਨਰ ਪੂਨਮ ਯਾਦਵ ਨੇ ਸਿਖਰਲੇ ਕ੍ਰਮ ਨੂੰ ਤੋੜਨ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰਾਜੇਸ਼ਵਰੀ ਗਾਇਕਵਾੜ ਨੇ ਇਕ ਵਿਕਟ ਲਿਆ।

ਕੈਪਟਨ ਸਰਕਾਰ ਹਰਮਨਪ੍ਰੀਤ ਨੂੰ ਦੇਵੇਗੀ ਪੰਜ ਲੱਖ ਰੁਪਏ :
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈਸੀਸੀ ਮਹਿਲਾ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਉਤੇ ਹਰਮਨਪ੍ਰੀਤ ਕੌਰ ਨੂੰ ਪੰਜ ਲੱਖ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਸੂਚਨਾ ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਨੂੰ ਫੋਨ ਉਤੇ ਦਿੱਤੀ। ਅਧਿਕਾਰਕ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਮਨਪ੍ਰੀਤ ਦੀ ਆਸਟਰੇਲੀਆ ਖ਼ਿਲਾਫ਼ 115 ਗੇਂਦਾਂ ਵਿੱਚ 171 ਦੌੜਾਂ ਦੀ ਨਾਬਾਦ ਪਾਰੀ ਦੀ ਪ੍ਰਸੰਸਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਕੌਰ ਨੂੰ ਪੁਲੀਸ ਵਿੱਚ ਡੀਐਸਪੀ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ।