ਫੈਡਰਰ ਨੇ 8ਵੀਂ ਵਾਰ ਵਿੰਬਲਡਨ ਜਿੱਤ ਕੇ ਮਾਰਿਆ ਵੱਡਾ ਮਾਅਰਕਾ

ਫੈਡਰਰ ਨੇ  8ਵੀਂ ਵਾਰ ਵਿੰਬਲਡਨ ਜਿੱਤ ਕੇ ਮਾਰਿਆ ਵੱਡਾ ਮਾਅਰਕਾ

ਕੈਪਸ਼ਨ :ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਖ਼ਿਤਾਬੀ ਮੁਕਾਬਲਾ ਜਿੱਤਣ ਮਗਰੋਂ ਖੁਸ਼ੀ ਦੇ ਰੌਂਅ ਵਿੱਚ ਤੇ ਹੇਠਾਂ ਵਿੰਬਲਡਨ ਦੇ ਫਾਈਨਲ ‘ਚ ਉਪ ਜੇਤੂ ਰਹਿਣ ਵਾਲਾ ਕ੍ਰੋਏਸ਼ੀਆ ਦਾ ਮਾਰਿਨ ਸਿਲਿਚ।

ਲੰਡਨ/ਬਿਊਰੋ ਨਿਊਜ਼:
ਵਿਸ਼ਵ ਪ੍ਰਸਿੱਧ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਐਤਵਾਰ ਨੂੰ ਇੱਥੇ ਸੱਟ ਨਾਲ ਜੂਝ ਰਹੇ ਮਾਰਿਨ ਸਿਲਿਚ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਰਿਕਾਰਡ ਅੱਠਵੀਂ ਵਾਰ ਵਿੰਬਲਡਨ ਪੁਰਸ਼ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਅਤੇ ਇਸ ਦੌਰਾਨ ਟੂਰਨਾਮੈਂਟ ਦਾ ਸਭ ਤੋਂ ਵੱਧ ਉਮਰ ਦਾ ਚੈਂਪੀਅਨ ਬਣਿਆ। ਫਾਈਨਲ ਦੌਰਾਨ ਜੂਝਦਿਆਂ ਇੱਕ ਵਾਰ ਤਾਂ ਸਿਲਿਚ ਰੌਣਹਾਕਾ ਹੀ ਹੋ ਗਿਆ ਸੀ।
ਫੈਡਰਰ ਨੇ 35 ਸਾਲ ਦੀ ਉਮਰ ‘ਚ ਸਿਲਿਚ ਨੂੰ 6-3, 6-1, 6-4 ਨਾਲ ਹਰਾ ਕੇ 19ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ। ਉਹ ਆਧੁਨਿਕ ਯੁਗ ‘ਚ ਵਿੰਬਲਡਨ ਦਾ ਸਭ ਤੋਂ ਉਮਰਦਰਾਜ਼ ਜੇਤੂ ਹੈ। ਉਸ ਨੇ ਆਰਥਰ ਐਸ਼ ਦਾ ਰਿਕਾਰਡ ਤੋੜਿਆ ਜੋ 1976 ‘ਚ ਖ਼ਿਤਾਬੀ ਜਿੱਤ ਦੌਰਾਨ ਤਕਰੀਬਨ 32 ਸਾਲ ਦਾ ਸੀ। ਸਵਿਟਜ਼ਰਲੈਂਡ ਦੇ ਇਸ ਸੁਪਰ ਸਟਾਰ ਦੇ 11ਵੇਂ ਵਿੰਬਲਡਨ ਅਤੇ 29ਵੇਂ ਮੇਜਰ ਫਾਈਨਲ ਨੂੰ ਮਾਰਿਨ ਸਿਲਿਚ ਕਾਰਨ ਵੀ ਯਾਦ ਰੱਖਿਆ ਜਾਵੇਗਾ ਜੋ ਦੂਜੇ ਸੈੱਟ ‘ਚ 3-0 ਨਾਲ ਪੱਛੜਨ ਮਗਰੋਂ ਰੋਣ ਲੱਗ ਪਿਆ ਸੀ। ਅਮਰੀਕੀ ਓਪਨ 2014 ਦਾ ਚੈਂਪੀਅਨ ਸੱਤਵਾਂ ਦਰਜਾ ਕ੍ਰੋਏਸ਼ੀਆ ਦਾ ਸਿਲਿਚ ਖ਼ਿਤਾਬ ਜਿੱਤਣ ਦਾ ਆਪਣਾ ਸੁਪਨਾ ਟੁੱਟਦਾ  ਦੇਖ ਕੇ ਲਗਤਾਰ ਰੋ ਰਿਹਾ ਸੀ ਅਤੇ ਇਸ ਦੌਰਾਨ ਉਸ ਆਪਣਾ ਸਿਰ ਤੌਲੀਏ ਨਾਲ ਲੁਕੋ ਲਿਆ।
ਦੂਜੇ ਸੈੱਟ ਦੇ ਅੰਤ ‘ਚ ਉਹ ਆਪਣੇ ਖੱਬੇ ਪੈਰ ‘ਚ ਪੱਟੀ ਬੰਨ੍ਹ ਕੇ ਖੇਡਿਆ, ਪਰ ਇਸ ਦੇ ਬਾਵਜੂਦ ਫੈਡਰਰ ਨੂੰ 1976 ਦੇ ਬਿਓਨ ਬਰਗ ਮਗਰੋਂ ਟੂਰਨਾਮੈਂਟ ‘ਚ ਇੱਕ ਵੀ ਸੈੱਟ ਗੁਆਏ ਬਿਨਾਂ ਖ਼ਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਨ ਤੋਂ ਨਾ ਰੋਕ ਸਕਿਆ। ਇਸ ਮੁਕਾਬਲੇ ਦਾ ਗਵਾਹ ਬਣਨ ਲਈ ਰੌਇਲ ਬਾਕਸ ‘ਚ ਪ੍ਰਿੰਸ ਵਿਲੀਅਮਜ਼ ਤੇ ਉਨ੍ਹਾਂ ਦੀ ਪਤਨੀ ਕੇਟ ਤੋਂ ਇਲਾਵਾ ਅਭਿਨੇਤਰੀ ਹਿਊ ਗ੍ਰਾਂਟ ਤੇ ਬ੍ਰੈਡਲੀ ਕੂਪਰ ਵੀ ਹਾਜ਼ਰ ਸਨ।
ਸਿਲਿਚ ਨੂੰ ਪਹਿਲੇ ਸੈੱਟ ਦੀ ਚੌਥੀ ਗੇਮ ‘ਚ ਪਹਿਲੀ ਬਰੇਕ ਮਿਲੀ ਜਿਸ ਨੂੰ ਫੈਡਰਰ ਨੇ ਬਚਾ ਲਿਆ ਅਤੇ ਫਿਰ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ। ਫੈਡਰਰ ਨੇ ਅਗਲੀ ਗੇਮ ‘ਚ ਸਿਲਿਚ ਦੀ ਸਰਵਿਸ ਤੋੜੀ ਤੇ ਇਸ ਦੌਰਾਨ ਕ੍ਰੋਏਸ਼ਿਆਈ ਖਿਡਾਰੀ ਕੋਰਟ ‘ਤੇ ਬੁਰੀ ਤਰ੍ਹਾਂ ਡਿੱਗ ਵੀ ਪਿਆ। ਫੈਡਰਰ ਨੇ ਨੌਵੀਂ ਗੇਮ ‘ਚ ਸਿਲਿਚ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ 6-3 ਨਾਲ ਜਿੱਤਿਆ। ਫੈਡਰਰ ਨੇ ਤੀਜੇ ਸੈੱਟ ‘ਚ 4-3 ‘ਤੇ ਸਿਲਿਚ ਦੀ ਸਰਵਿਸ ਤੋੜੀ ਅਤੇ ਫਿਰ ਸੈੱਟ ਜਿੱਤ ਕੇ ਮੁਕਾਬਲਾ ਇੱਕ ਘੰਟਾ ਤੇ 41 ਮਿੰਟ ‘ਚ ਆਪਣੇ ਨਾਂ ਕਰ ਲਿਆ। ਮੈਚ ਮਗਰੋਂ ਫੈਡਰਰ ਵੀ ਖੁਸ਼ੀ ਨਾਲ ਰੋਣ ਲੱਗ ਪਿਆ।
ਫੈਡਰਰ ਜਨਵਰੀ ‘ਚ ਆਸਟਰੇਲੀਅਨ ਓਪਨ ਜਿੱਤ ਦੇ ਉਹ ਮੋਹਰੀ ਦਸਾਂ ‘ਚ ਮੁੜ ਆਇਆ ਸੀ। ਹੁਣ 19ਵਾਂ ਗਰੈਂਡ ਸਲੈਮ ਜਿੱਤਣ ਮਗਰੋਂ ਫੈਡਰਰ ਤੀਜੇ ਸਥਾਨ ‘ਤੇ ਪਹੁੰਚ ਜਾਵੇਗਾ। ਫੈਡਰਰ ਹੁਣ ਦੂਜੇ ਸਥਾਨ ‘ਤੇ ਮੌਜੂਦ ਸਪੇਨ ਦੇ ਰਾਫੇਲ ਨਡਾਲ ਤੋਂ 920 ਅੰਕ ਜਦਕਿ ਨੰਬਰ ਇੱਕ ਖਿਡਾਰੀ ਐਂਡੀ ਮੱਰੇ ਤੋਂ 1205 ਅੰਕ ਦੂਰ ਰਹਿ ਜਾਵੇਗਾ।