ਡੋਨਲਡ ਟਰੰਪ ਉੱਤੇ ਮਹਾਂਦੋਸ਼ ਦੇ ਮੁਕੱਦਮੇ ਦੀ ਤਲਵਾਰ ਲਟਕੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕੀ ਸੰਸਦ ਵਿਚ ਮਹਾਂਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਰਾਸ਼ਟਰਪਤੀ ਵਜੋਂ ਚੋਣ ਦੌਰਾਨ ਮੁਹਿੰਮ ਵਿਚ ਸ਼ਾਮਲ ਉਨ੍ਹਾਂ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੂੰ ਧੋਖਾਧੜੀ ਵਰਗੇ ਸੰਗੀਨ ਜੁਰਮਾਂ ਦਾ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
ਅਮਰੀਕੀ ਸਦਰ ਡੋਨਲਡ ਟਰੰਪ ਦੇ ਸਾਬਕਾ ਨਿੱਜੀ ਅਟਾਰਨੀ ਮਾਈਕਲ ਕੋਹੇਨ ਨੂੰ ਅੱਠ ਅਪਰਾਧਿਕ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਕੋਹੇਨ ਨੇ ਕਬੂਲ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਸਾਲ 2016 ਵਿੱਚ ਚੋਣ ਮੁਹਿੰਮ ਦੌਰਾਨ ਦੋ ਮਹਿਲਾਵਾਂ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ ਸੀ ਤਾਂ ਕਿ ਉਹ ਟਰੰਪ ਨਾਲ ਆਪਣੇ ਸਬੰਧਾਂ ਬਾਰੇ ਜਨਤਕ ਤੌਰ ‘ਤੇ ਮੂੰਹ ਨਾ ਖੋਲ੍ਹਣ। ਕੋਹੇਨ ਦੇ ਇਸ ਕਬੂਲਨਾਮੇ ਨਾਲ ਅਮਰੀਕਾ ਦੇ ਅਟਾਰਨੀ ਦਫ਼ਤਰ ਵੱਲੋਂ ਵਿੱਢੀ ਮਹੀਨਿਆਂਬੱਧੀ ਜਾਂਚ ਦਾ ਭੋਗ ਪੈ ਗਿਆ ਹੈ। ਕੋਹੇਨ ਨੂੰ ਇਨ੍ਹਾਂ ਦੋਸ਼ਾਂ ਤਹਿਤ 65 ਸਾਲ ਤਕ ਦੀ ਸਜ਼ਾ ਹੋ ਸਕਦੀ ਹੈ, ਜੋ 12 ਦਸੰਬਰ ਨੂੰ ਸੁਣਾਈ ਜਾਵੇਗੀ।ਕੋਹੇਨ ਦੇ ਇਸ ਬਿਆਨ ਨਾਲ ਰਾਸ਼ਟਰਪਤੀ ਟਰੰਪ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਤੇ ਅਮਰੀਕੀ ਸਦਰ ਸੰਘੀ ਅਪਰਾਧ ਤਹਿਤ ਫਸ ਸਕਦੇ ਹਨ। ਟਰੰਪ ਨੇ ਮਹਿਲਾਵਾਂ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ ਸੀ।
‘ਨਿਊ ਯਾਰਕ ਟਾਈਮਜ਼’ ਦੀਆਂ ਰਿਪੋਰਟਾਂ ਮੁਤਾਬਕ ਕੋਹੇਨ ਨੇ ਮੈਨਹਟਨ ਦੀ ਅਮਰੀਕੀ ਜ਼ਿਲ੍ਹਾ ਕੋਰਟ ਵਿਚ ਜੱਜ ਨੂੰ ਕਿਹਾ ਕਿ ਮਹਿਲਾਵਾਂ ਨੂੰ ਅਦਾਇਗੀਆਂ ਸੰਘੀ ਦਫ਼ਤਰ ਲਈ ਉਮੀਦਵਾਰ ਦੀ ਹਦਾਇਤ ਤੇ ਸਹਿਯੋਗ ਨਾਲ ਕੀਤੀਆਂ ਗਈਆਂ ਸਨ। ਹਾਲਾਂਕਿ ਕੇਸ ਦੀ ਸੁਣਵਾਈ ਦੌਰਾਨ ਟਰੰਪ ਨੂੰ ਕਿਤੇ ਵੀ ਨਾਂ ਨਾਲ ਨਹੀਂ ਸੱਦਿਆ ਗਿਆ, ਕੋਰਟ ਦੀਆਂ ਫਾਈਲਾਂ ਵਿਚ ਉਨ੍ਹਾਂ ਦਾ ਹਵਾਲਾ ਇਕ ਨੰਬਰ ਵਜੋਂ ਦਿੱਤਾ ਗਿਆ ਹੈ, ਜੋ ਜਨਵਰੀ 2017 ਵਿਚ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਸੀ।
ਟਰੰਪ ਦੀ ਰਾਸ਼ਟਰਪਤੀ ਦੇ ਅਹੁਦੇ ਲਈ 2016 ਦੀ ਚੋਣ ਦੌਰਾਨ ਸੰਚਾਰ ਸਲਾਹਕਾਰ ਰਹੇ ਮਾਈਕਲ ਕੈਪੁਟੋ ਦੇ ਹਵਾਲੇ ਨਾਲ ਸੀਐੱਨ ਐੱਨ ਨੇ ਕਿਹਾ ਹੈ ਕਿ ਇਨ੍ਹਾਂ ਦੋਸ਼ਾਂ ਕਾਰਨਾਂ ਡੈਮੋਕਰੈਟਾਂ ਨੂੰ ਮਹਾਂਦੋਸ਼ ਚਲਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੰਬਰ ਵਿਚ ਮੱਧਕਾਲੀ ਚੋਣਾਂ ਮਹਾਂਦੋਸ਼ ਚਲਾਉਣ ਲਈ ਅਹਿਮ ਸਾਬਿਤ ਹੋ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਕੋਹੇਨ ਅਤੇ ਟਰੰਪ ਦੇ ਸਾਬਕਾ ਚੋਣ ਮੁਹਿੰਮ ਮੈਨੇਜਰ ਪਾਲ ਮਾਨਾਫੋਰਟ ਨੂੰ ਨਿਊਯਾਰਕ ਅਤੇ ਵਰਜੀਨੀਆ ਦੀਆਂ ਅਦਾਲਤਾਂ ਨੇ ਦੋਸ਼ੀ ਠਹਿਰਾ ਦਿੱਤਾ ਹੈ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜੇ ਉਸ ਵਿਰੁੱਧ ਮਹਾਂਦੋਸ਼ ਚਲਾਇਆ ਗਿਆ ਤਾਂ ਅਮਰੀਕੀ ਆਰਥਿਕਤਾ ਤਬਾਹ ਹੋ ਜਾਵੇਗੀ। ਹਰ ਕੋਈ ਬੇਹੱਦ ਗਰੀਬ ਹੋ ਜਾਵੇਗਾ। ਇਕ ਟੈਲੀਵਿਜ਼ਨ ਪ੍ਰੋਗਰਾਮ ਵਿਚ ਟਰੰਪ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆਉਂਦੀ ਕਿ ਤੁਸੀ ਉਸ ਬੰਦੇ ਵਿਰੁੱਧ ਕਿਵੇਂ ਮਹਾਂਦੋਸ਼ ਚਲਾਉਂਗੇ ਜਿਸ ਨੇ ਮਹਾਨ ਕੰਮ ਕੀਤੇ ਹੋਣ। ਕੋਹੇਨ ਨੂੰ ਜਿਨ੍ਹਾਂ ਅਪਰਾਧਿਕ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਹੈ, ਉਨ੍ਹਾਂ ਵਿੱਚ ਟੈਕਸ ਦੀ ਹੇਰਾਫੇਰੀ, ਬੈਂਕ ਨੂੰ ਝੂਠਾ ਬਿਆਨ ਦੇਣਾ ਤੇ ਚੋਣ ਮੁਹਿੰਮ ਦੌਰਾਨ ਟਰੰਪ ਲਈ ਕੀਤੇ ਕੰਮ ਦੌਰਾਨ ਹੋਈਆਂ ਵਿੱਤੀ ਉਲੰਘਣਾਵਾਂ, ਜਿਸ ਵਿੱਚ ਮਹਿਲਾਵਾਂ ਦਾ ਮੂੰਹ ਬੰਦ ਕਰਨ ਲਈ ਕੀਤੀ ਅਦਾਇਗੀ, ਸ਼ਾਮਲ ਹਨ। ਯਾਦ ਰਹੇ ਕਿ ਅਸ਼ਲੀਲ ਫਿਲਮਾਂ ਦੀ ਸਟਾਰ ਸਟੈਫਨੀ ਕਲਿਫਰਡ, ਜਿਸ ਨੂੰ ਆਮ ਕਰੇ ਸਟੌਰਮੀ ਡੈਨੀਅਲਜ਼ ਵਜੋਂ ਜਾਣਿਆ ਜਾਂਦਾ ਹੈ ਤੇ ਸਾਬਕਾ ਪਲੇਅਬੁਇ ਮਾਡਲ ਕੈਰੇਨ ਮੈਕਡਗਲ ਨੇ ਡੋਨਲਡ ਟਰੰਪ ਨਾਲ ਸਬੰਧ ਹੋਣ ਦੀ ਗੱਲ ਕਹੀ ਸੀ। ਕਲਿਫਰਡ ਤੇ ਮੈਕਡਗਲ ਨੇ ਦਾਅਵਾ ਕੀਤਾ ਸੀ ਕਿ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਸਬੰਧਾਂ ਬਾਰੇ ਚੁੱਪ ਵੱਟਣ ਲਈ ਉਨ੍ਹਾਂ ਨੂੰ ਕੋਹੇਨ ਰਾਹੀਂ 1.30 ਲੱਖ ਤੇ ਡੇਢ ਲੱਖ ਡਾਲਰ ਦੀ ਅਦਾਇਗੀ ਕੀਤੀ ਸੀ।
ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਰੁਡੋਲਫ ਗਿਲਿਆਨੀ ਨੇ ਕਿਹਾ ਕਿ ਸਰਕਾਰ ਨੇ ਕੋਹੇਨ ਖ਼ਿਲਾਫ਼ ਜਿਹੜੇ ਦੋਸ਼ ਆਇਦ ਕੀਤੇ ਹਨ, ਉਨ੍ਹਾਂ ਤੋਂ ਇਹ ਕਿਤੇ ਸਾਬਤ ਨਹੀਂ ਹੁੰਦਾ ਕਿ ਰਾਸ਼ਟਰਪਤੀ ਨੇ ਕੁਝ ਗ਼ਲਤ ਕੀਤਾ ਹੈ।