ਪਾਕਿ ਅਸੈਂਬਲੀ ਨੇ ਸਰਬਸੰਮਤੀ ਨਾਲ ਹਿੰਦੂ ਮੈਰਿਜ ਬਿਲ ਕੀਤਾ ਪਾਸ

ਪਾਕਿ ਅਸੈਂਬਲੀ ਨੇ ਸਰਬਸੰਮਤੀ ਨਾਲ ਹਿੰਦੂ ਮੈਰਿਜ ਬਿਲ ਕੀਤਾ ਪਾਸ

ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨੀ ਸੰਸਦ ਨੇ ਆਖ਼ਰ ਮੁਲਕ ਵਿੱਚ ਘੱਟ ਗਿਣਤੀ ਹਿੰਦੂਆਂ ਦੇ ਵਿਆਹਾਂ ਨੂੰ ਨੇਮਬੰਦ ਕਰਨ ਲਈ ਇਤਿਹਾਸਕ ਬਿਲ ਪਾਸ ਕਰ ਦਿੱਤਾ ਹੈ। ਇਸ ਨਾਲ ਮੁਲਕ ਦੇ ਹਿੰਦੂਆਂ ਨੂੰ ਆਪਣਾ ਨਿਵੇਕਲਾ ਪਰਸਨਲ ਲਾਅ ਮਿਲਣਾ ਤੈਅ ਹੋ ਗਿਆ ਹੈ। ਕੌਮੀ ਅਸੈਂਬਲੀ ਨੇ ਬੀਤੇ ਦਿਨ ਹਿੰਦੂ ਮੈਰਿਜ ਬਿਲ, 2017 ਇਤਫ਼ਾਕ ਰਾਏ ਨਾਲ ਪਾਸ ਕੀਤਾ।
ਬਿਲ ਨੂੰ ਲੰਬੀ ਪ੍ਰਕਿਰਿਆ ਤੋਂ ਬਾਅਦ ਪਾਸ ਕੀਤਾ ਗਿਆ। ਗ਼ੌਰਤਲਬ ਹੈ ਕਿ ਸੰਸਦ ਨੇ ਇਹ ਬਿਲ ਦੂਜੀ ਵਾਰ ਪਾਸ ਕੀਤਾ ਹੈ। ਇਹ ਪਹਿਲਾਂ ਬੀਤੇ ਸਤੰਬਰ ਵਿੱਚ ਪਾਸ ਕੀਤਾ ਗਿਆ ਸੀ ਪਰ ਬਾਅਦ ਵਿੱਚ ਉਪਰਲੇ ਸਦਨ ਸੈਨੇਟ ਨੇ ਬੀਤੀ ਫਰਵਰੀ ਵਿੱਚ ਇਸ ਨੂੰ ਪਾਸ ਕਰਦਿਆਂ ਇਸ ਵਿੱਚ ਤਬਦੀਲੀਆਂ ਕਰ ਦਿੱਤੀਆਂ ਸਨ। ਨਿਯਮਾਂ ਮੁਤਾਬਕ ਕਿਸੇ ਬਿਲ ਨੂੰ ਸਦਰ ਦੇ ਦਸਤਖ਼ਤਾਂ ਲਈ ਉਦੋਂ ਹੀ ਭੇਜਿਆ ਜਾ ਸਕਦਾ  ਹੈ, ਜਦੋਂ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਇਸ ਦੀ ਇਕੋ ਜਿਹੀ ਇਬਾਰਤ ਨੂੰ ਪਾਸ ਕੀਤਾ ਗਿਆ ਹੋਵੇ। ਰਾਸ਼ਟਰਪਤੀ ਦੀ ਸਹੀ ਪੈਣ ਪਿੱਛੋਂ ਇਹ ਐਕਟ ਬਣ ਜਾਵੇਗਾ।
ਰੋਜ਼ਨਾਮਾ ‘ਡਾਅਨ’ ਮੁਤਾਬਕ ਕੌਮੀ ਅਸੰਬਲੀ ਵੱਲੋਂ ਬੀਤੇ ਸਤੰਬਰ ਵਿੱਚ ਪਾਸ ਕੀਤੇ ਬਿਲ ਵਿਚ ਸੈਨੇਟ ਨੇ ਇਕ ਸੋਧ ਰਾਹੀਂ ਮੁਸਲਮਾਨਾਂ ਦੇ ‘ਨਿਕਾਹਨਾਮੇ’ ਵਾਂਗ ‘ਸ਼ਾਦੀ ਪੱਤਰ’ ਦੀ ਵਿਵਸਥਾ ਸ਼ਾਮਲ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਹਿੰਦੂ ਮੈਰਿਜ ਐਕਟ ਬਣਨ ਨਾਲ ਹਿੰਦੂ ਔਰਤਾਂ ਨੂੰ ਆਪਣੇ ਵਿਆਹ ਦਾ ਦਸਤਾਵੇਜ਼ੀ ਸਬੂਤ ਹਾਸਲ ਕਰਨ ਵਿੱਚ ਮੱਦਦ ਮਿਲੇਗੀ। ਇਹ ਬਿਲ ਬੀਤੇ ਦਿਨ ਹਾਕਮ ਪੀਐਮਐਲ-ਐਨ ਦੇ ਮੈਂਬਰ ਤੇ ਮਨੁੱਖੀ ਅਧਿਕਾਰੀ ਮੰਤਰੀ ਕਾਮਰਾਨ ਮਾਈਕਲ ਨੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਪਹਿਲਾਂ ਹਿੰਦੂ ਵਿਆਹਾਂ ਤੇ ਸਬੰਧਤ ਮਾਮਲਿਆਂ ਸਬੰਧੀ ਕੋਈ ਕਾਨੂੰਨ ਨਹੀਂ ਹੈ, ਜਿਸ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ।