ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਚ ਸਜਾਇਆ ਵਿਸ਼ਾਲ ਨਗਰ ਕੀਰਤਨ

ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਚ ਸਜਾਇਆ ਵਿਸ਼ਾਲ ਨਗਰ ਕੀਰਤਨ

ਸਤਲਾਣੀ ਸਾਹਿਬ/ਬਿਊਰੋ ਨਿਊਜ਼ :
ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਪਾਕਿਸਤਾਨ ਵਿਖੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਕੰਪਲੈਕਸ ਦੇ ਮੁੱਖ ਦਰਵਾਜ਼ੇ ਤੋਂ ਕਰਨ ਮੌਕੇ ਆਰੰਭਤਾ ਦੀ ਅਰਦਾਸ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਕੁਲਬੀਰ ਸਿੰਘ ਪਿਸ਼ਾਵਰ ਨੇ ਕੀਤੀ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦੇ ਕੰਪਲੈਕਸ ਅੰਦਰ ਸਜਾਏ ਗਏ ਨਗਰ ਕੀਰਤਨ ਵਿਚ ਵੱਖ-ਵੱਖ ਦੇਸ਼ਾਂ ਦੀਆਂ ਸਿੱਖ ਸੰਗਤਾਂ ਅਤੇ ਪਾਕਿਸਤਾਨੀ ਸਿੱਖ ਸੰਗਤਾਂ ਤੇ ਗੱਤਕਾ ਪਾਰਟੀਆਂ ਨੇ ਹਾਜ਼ਰੀ ਭਰਦਿਆਂ ਨਗਰ ਕੀਰਤਨ ਦੀ ਸ਼ੋਭਾ ਵਧਾਈ। ਨਗਰ ਕੀਰਤਨ ਵਿਚ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅੱਗੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਤੋਂ ਆਏ ਪੰਜ ਨਿਸ਼ਾਨਚੀ, ਪੰਜ ਪਿਆਰਿਆਂ ਨੇ ਅਗਵਾਈ ਕਰਦਿਆਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੀ ਪਰਿਕਰਮਾ ਕੀਤੀ। ਨਗਰ ਕੀਰਤਨ ਮੌਕੇ ਪਵਿੱਤਰ ਸਰੋਵਰ ਦੇ ਕਿਨਾਰੇ ਰਾਗੀ ਜੱਥਿਆਂ ਨੇ ਇਕ ਸਮੇਂ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼ਬਦ ਕੀਰਤਨ ਵਿਚ ਹਾਜ਼ਰੀ ਭਰਨ ਵਾਲਿਆਂ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਰਾਗੀ ਜਥੇ ਭਾਈ ਹਰਜਿੰਦਰ ਸਿੰਘ, ਭਾਈ ਦਵਿੰਦਰ ਸਿੰਘ ਦੇ ਸਾਥੀ, ਪਿਸ਼ਾਵਰ, ਸਿੰਧ ਤੋਂ ਆਏ ਰਾਗੀ ਜਥਿਆਂ ਦੇ ਮੈਂਬਰ ਹਾਜ਼ਰ ਸਨ। ਪਾਕਿਸਤਾਨ ਤੋਂ ਜਾਣਕਾਰੀ ਦਿੰਦਿਆਂ ਪ੍ਰਧਾਨ ਤਾਰਾ ਸਿੰਘ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਬਲਵਿੰਦਰ ਸਿੰਘ ਵੇਂਈਪੁਈ, ਸ: ਜਰਨੈਲ ਸਿੰਘ ਸ੍ਰੀ ਮੁਕਤਸਰ ਸਾਹਿਬ ਜੱਥਾ ਪ੍ਰਬੰਧਕ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਪੁੱਜੀਆਂ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਓਕਾਫ਼ ਬੋਰਡ ਤੇ ਪਾਕਿਸਤਾਨ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਬਾਅਦ ਨਗਰ ਕੀਰਤਨ ਸਜਾਇਆ ਗਿਆ। ਸ. ਤਾਰਾ ਸਿੰਘ ਨੇ ਦੱਸਿਆ ਕਿ ਰਾਤ ਦੇ ਧਾਰਮਿਕ ਦੀਵਾਨਾਂ ਵਿਚ ਭਾਈ ਹਰਜਿੰਦਰ ਸਿੰਘ ਤੇ ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਰਾਗੀ ਜਥੇ ਭਾਈ ਸੰਤੋਖ ਸਿੰਘ ਪਿਸ਼ਾਵਰ, ਭਾਈ ਹਰਭਜਨ ਸਿੰਘ ਪਿਸ਼ਾਵਰ, ਭਾਈ ਸੰਤੋਖ ਸਿੰਘ ਸ੍ਰੀ ਨਨਕਾਣਾ ਸਾਹਿਬ ਅਤੇ ਬੀਬੀ ਹਰਚਰਨ ਕੌਰ, ਭਾਈ ਕੇਸਰ ਸਿੰਘ ਪਿਸ਼ਾਵਰ, ਬੀਬੀ ਸੁਰਿੰਦਰਜੀਤ ਕੌਰ ਦੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਹਜ਼ਾਰ ਸੰਗਤਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਪੁੱਜੀਆਂ ਹਨ, ਜਿਨ੍ਹਾਂ ਵਿਚ ਸਿੰਧੀ, ਅਫ਼ਗਾਨੀ, ਭਾਰਤੀ, ਵਿਦੇਸ਼ੀ ਸਿੱਖ ਸੰਗਤਾਂ ਸ਼ਾਮਲ ਹਨ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ।