ਹਜੂਮੀ ਮੌਤਾਂ ‘ਤੇ ਚੁੱਪ ਹਨ ਮੋਦੀ : ਕਪਿਲ ਸਿੱਬਲ

ਹਜੂਮੀ ਮੌਤਾਂ ‘ਤੇ ਚੁੱਪ ਹਨ ਮੋਦੀ : ਕਪਿਲ ਸਿੱਬਲ

ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਰੋਧੀ ਧਿਰ ਨੇ ਹਜੂਮੀ ਮੌਤਾਂ ਦੇ ਮਾਮਲੇ ‘ਤੇ ਸਰਕਾਰ ਉਤੇ ਜ਼ੋਰਦਾਰ ਹੱਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੇਸ਼ ਵਿਚ ‘ਅਜਿਹਾ ਮਾਹੌਲ ਸਿਰਜਣ’ ਅਤੇ ‘ਦੋਹਰੀ ਖੇਡ ਖੇਡਣ’ ਦਾ ਦੋਸ਼ ਲਾਇਆ। ਕਾਂਗਰਸ ਆਗੂ ਕਪਿਲ ਸਿੱਬਲ ਨੇ ਰਾਜ ਸਭਾ ਵਿੱਚ ਦੋਸ਼ ਲਾਇਆ ਕਿ ਗਊ ਰੱਖਿਅਕਾਂ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਤੇ ਬਜਰੰਗ ਦਲ ਦੇ ਕਾਰਕੁਨ ਸ਼ਾਮਲ ਹਨ ਪਰ ਸ੍ਰੀ ਮੋਦੀ ਵੱਲੋਂ ਉਨ੍ਹਾਂ ਖ਼ਿਲਾਫ਼ ਕੁਝ ਨਹੀਂ ਕੀਤਾ ਜਾ ਰਿਹਾ।
ਸ੍ਰੀ ਸਿੱਬਲ ‘ਦੇਸ਼ ਵਿੱਚ ਹਜੂਮੀ ਮੌਤਾਂ ਅਤੇ ਘੱਟ ਗਿਣਤੀਆਂ ਤੇ ਦਲਿਤਾਂ ਉਤੇ ਜ਼ੁਲਮਾਂ ਦੀਆਂ ਘਟਨਾਵਾਂ ਵਿਚ ਵਾਧੇ ਤੋਂ ਉਪਜੇ ਹਾਲਾਤ’ ਵਿਸ਼ੇ ਉਤੇ ਰਾਜ ਸਭਾ ਵਿੱਚ ਬਹਿਸ ਵਿਚ ਹਿੱਸਾ ਲੈ ਰਹੇ ਸਨ। ਉਨ੍ਹਾਂ ਕਿਹਾ, ”ਭਿਆਨਕ ਹਿੰਸਾ ਦੇ ਦਿਲ ਕੰਬਾਊ ਦ੍ਰਿਸ਼ ਤੇ ਤਸਵੀਰਾਂ ਦੇਖ ਕੇ ਮੈਂ ਧੁਰ ਅੰਦਰ ਤੱਕ ਹਿੱਲ ਗਿਆ ਹਾਂ, ਜੋ ਮੈਂ ਸੋਸ਼ਲ ਮੀਡੀਆ ਤੇ ਟਵਿੱਟਰ ਉਤੇ ਦੇਖੇ ਹਨ। ਅਸੀਂ ਅਜਿਹਾ ਬੀਤੇ 50 ਸਾਲਾਂ ਦੌਰਾਨ ਨਹੀਂ ਦੇਖਿਆ।” ਉਨ੍ਹਾਂ ਸਵਾਲ ਕੀਤਾ, ”ਇਸ ਪਿੱਛੇ ਕਿਹੜੀ ਭਾਵਨਾ ਹੈ? ਕਿਉਂ 97 ਫ਼ੀਸਦੀ ਹਿੰਸਾ 2017 ਵਿਚ ਹੀ ਹੋਈ ਹੈ।”
ਸ੍ਰੀ ਮੋਦੀ ਉਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਭਾਵਨਾਵਾਂ ਨੂੰ ‘ਭੜਕਾਉਣ’ ਵਾਲੇ ਖ਼ੁਦ ਸ੍ਰੀ ਮੋਦੀ ਹਨ। ਉਨ੍ਹਾਂ ਸ੍ਰੀ ਮੋਦੀ ਵੱਲੋਂ 8 ਅਕਤੂਬਰ, 2015; 6 ਅਗਸਤ, 2016 ਤੇ 29 ਜੂਨ, 2017 ਨੂੰ ਦਿੱਤੀਆਂ ਤਕਰੀਰਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਆਪਣੇ ਇਕ ਭਾਸ਼ਣ ਵਿਚ ਕਹਿੰਦੇ ਹਨ ਕਿ ਲੋਕ ਰਾਤੀਂ ਜੁਰਮ ਕਰਦੇ ਹਨ ਤੇ ਦਿਨੇ ‘ਗਊ ਰੱਖਿਅਕ’ ਬਣ ਜਾਂਦੇ ਹਨ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੋਈ ਨਹੀਂ ਕੀਤੀ। ਉਨ੍ਹਾਂ ਕਿਹਾ, ”ਅਸਲ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਰਾਤੀਂ ਹੋਰ ਤੇ ਦਿਨੇ ਹੋਰ ਹੁੰਦੇ ਹਨਸ਼ ਇਹ ਪ੍ਰਧਾਨ ਮੰਤਰੀ ਹੀ ਹਨ, ਜੋ ਅਜਿਹਾ ਮਾਹੌਲ ਸਿਰਜ ਰਹੇ ਹਨ। ਚੰਗਾ ਹੋਵੇਗਾ ਕਿ ਉਹ ਦੋਹਰੀ ਖੇਡ ਖੇਡਣੀ ਬੰਦ ਕਰਨ।’
ਉਨ੍ਹਾਂ ਕਿਹਾ ਕਿ ਵੀਐਚਪੀ ਤੇ ਬਜਰੰਗ ਦਲ ਨੇ 2700 ‘ਗਊ ਰੱਖਿਅਕ’ ਭਰਤੀ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਜ਼ਾਹਰ ਹੈ ਕਿ ਇਹ ਇਨ੍ਹਾਂ ਜਥੇਬੰਦੀਆਂ ਦੇ ਬੰਦੇ ਹਨ। ਉਨ੍ਹਾਂ ਕਿਹਾ, ”ਉਹ (ਸ੍ਰੀ ਮੋਦੀ) ਕਿਉਂ ਨਹੀਂ ਕਹਿੰਦੇ ਕਿ ਵੀਐਚਪੀ ਤੇ ਬਜਰੰਗ ਦਲ ਸਮਾਜ ਵਿਰੋਧੀ ਹਨ? ਕਿਉਂਕਿ ਉਹ ਉਨ੍ਹਾਂ ਤੋਂ ਚੋਣਾਂ ਵਿੱਚ ਮੱਦਦ ਲੈਂਦੇ ਹਨ। ਹਿੰਦੂ ਵਿਚਾਰਧਾਰਾ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।”
ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ ਸ੍ਰੀ ਸਿੱਬਲ ਜਾਂ ਤਾਂ ਸ੍ਰੀ ਮੋਦੀ ਦੇ ਭਾਸ਼ਣਾਂ ਸਬੰਧੀ ਸਬੂਤ ਦੇਣ ਜਾਂ ਇਸ ਹਵਾਲੇ ਨੂੰ ਕਾਰਵਾਈ ਵਿੱਚੋਂ ਕੱਢ ਦਿੱਤਾ ਜਾਵੇ। ਉਨ੍ਹਾਂ ਵੀਐਚਪੀ ਤੇ ਬਜਰੰਗ ਦਲ ਦਾ ਨਾਂ ਲਏ ਜਾਣ ‘ਤੇ ਵੀ ਇਤਰਾਜ਼ ਕੀਤਾ। ਜੇਡੀ(ਯੂ) ਦੇ ਸ਼ਰਦ ਯਾਦਵ ਨੇ ਕਿਹਾ ਕਿ ਹਜੂਮੀ ਕਤਲਾਂ ਦੀਆਂ ਘਟਨਾਵਾਂ ਤਾਲਿਬਾਨ ਵੱਲੋਂ ਕੀਤੇ ਜਾਂਦੇ ਕਤਲਾਂ ਤੋਂ ਵੀ ਖ਼ਤਰਨਾਕ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਰਾਜ ਸਭਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਸ ਧਰਤੀ ‘ਤੇ ਅਜਿਹੀਆਂ ਘਟਨਾਵਾਂ ਨਿੰਦਣਯੋਗ ਹਨ, ਜਿਥੇ ਮਹਾਤਮਾ ਬੁੱਧ ਤੇ ਭਗਵਾਨ ਮਹਾਵੀਰ ਨੇ ਸਹਿਣਸ਼ੀਲਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਭਾਰਤ ਦੇ ਚੀਫ਼ ਜਸਟਿਸ ਨਾਲ ਗੱਲ ਕਰ ਕੇ ਹਜੂਮੀ ਕਤਲਾਂ ਸਬੰਧੀ ਵਿਸ਼ੇਸ਼ ਅਦਾਲਤਾਂ ਬਣਾਉਣੀਆਂ ਚਾਹੀਦੀਆਂ ਹਨ, ਕਿਉਂਕਿ ਇਹ ਵੀ ‘ਅਤਿਵਾਦ’ ਹੀ ਹੈ।