ਸੁਖਪਾਲ ਖਹਿਰਾ ਨੇ ਕੈਪਟਨ ਨੂੰ ਘੇਰਣ ਲਈ ਫਿਰ ਉਭਾਰਿਆ ਅਰੂਸਾ ਦਾ ਮਾਮਲਾ

ਸੁਖਪਾਲ ਖਹਿਰਾ ਨੇ ਕੈਪਟਨ ਨੂੰ ਘੇਰਣ ਲਈ ਫਿਰ ਉਭਾਰਿਆ ਅਰੂਸਾ ਦਾ ਮਾਮਲਾ

ਜਲੰਧਰ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦੀ ਪਾਰਟੀ ਦੀ ਵੀਡਿਓ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਕਿਸਤਾਨ ਕੁਲਭੂਸ਼ਨ ਜਾਧਵ ਦੇ ਪਰਿਵਾਰ ਨਾਲ ਬਦਸਲੂਕੀ ਕਰ ਰਿਹਾ ਹੈ, ਉੱਥੇ ਕੈਪਟਨ ਨੇ ਗੁਆਂਢੀ ਮੁਲਕ ਦੀ ਡਿਫੈਂਸ ਐਨਾਲਿਸਟ  ਨੂੰ ਸਰਕਾਰੀ ਰਿਹਾਇਸ਼ ‘ਤੇ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਵੀਡੀਓ ਕਾਂਗਰਸ ਦੇ ਹੀ ਇੱਕ ਸੀਨੀਅਰ ਆਗੂ ਦੇ ਘਰ ਦੀ ਹੈ। ਸ੍ਰੀ ਖਹਿਰਾ ਨੇ ਇਸ ਸਬੰਧੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਭੇਜ ਕੇ ਕੈਪਟਨ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਅਪੀਲ ਕੀਤੀ ਹੈ।
ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਜਿੱਥੇ ਪਾਕਿਸਤਾਨ ਨਾਲ ਸਰਹੱਦੀ ਝਗੜੇ ਕਾਰਨ ਰੋਜ਼ਾਨਾ ਭਾਰਤੀ ਜਵਾਨ ਸ਼ਹੀਦ ਹੋ ਰਹੇ ਹਨ, ਉੱਥੇ ਕੈਪਟਨ ਨੇ ਪਾਕਿਸਤਾਨੀ ਡਿਫੈਂਸ ਐਨਾਲਿਸਟ ਨੂੰ ਚੰਡੀਗੜ੍ਹ ਵਿੱਚ ਸਰਕਾਰੀ ਰਿਹਾਇਸ਼ ਮਕਾਨ ਨੰਬਰ 44 (ਸੈਕਟਰ ਦੋ) ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਕਈ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਨੇ ਸ਼ਹੀਦੀ ਦਿਹਾੜੇ ‘ਤੇ ਮੱਥਾ ਟੇਕ ਕੇ ਸੰਗਤ ‘ਤੇ ਚੰਗਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਸੇ ਦਿਨ ਸ਼ਾਮ ਨੂੰ ਉਹ ਅਨੈਤਿਕ ਪਾਰਟੀ ਕਰ ਰਹੇ ਹਨ।
ਰਾਹੁਲ ਗਾਂਧੀ ਨੂੰ ਭੇਜੇ ਪੱਤਰ ਵਿੱਚ ਸ੍ਰੀ ਖਹਿਰਾ ਨੇ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਕੁਝ ਸਾਲ ਪਹਿਲਾਂ ਆਪਣੀ ਪਾਰਟੀ ਦੇ ਮੁੱਖ ਮੰਤਰੀਆਂ ਲਈ ਕੁਝ ਨਿਯਮ ਤੈਅ ਕੀਤੇ ਗਏ ਸਨ, ਜਿਸ ਵਿੱਚ ਸ਼ਰਾਬ ਪੀਣ ਦੀ ਵੀ ਮਨਾਹੀ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਅਨੈਤਿਕਤਾ ਦਿਖਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।

ਮਨਪ੍ਰੀਤ ਬਾਦਲ ਨੂੰ ਵੀ ਝੂਠਾ ਕਿਹਾ
ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਵੱਲੋਂ 30 ਦਸੰਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਹ ਧਰਨਾ ਬਠਿੰਡਾ ਥਰਮਲ ਪਲਾਂਟ ਵਿੱਚ ਦਿੱਤਾ ਜਾਵੇਗਾ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਝੂਠੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਥਰਮਲ ਪਲਾਂਟਾਂ ਤੋਂ ਬਿਜਲੀ ਦੀ ਪੈਦਾਵਾਰ ਓਨੀ ਮਹਿੰਗੀ ਨਹੀਂ ਪੈਂਦੀ, ਜਿੰਨੀ ਮਨਪ੍ਰੀਤ ਬਾਦਲ ਵੱਲੋਂ ਦੱਸੀ ਜਾ ਰਹੀ ਹੈ।

‘ਸਰਕਾਰ ਮਿਉਂਸਪਲ ਚੋਣਾਂ ‘ਚ ‘ਆਪ’ ਨਾਲ ਕੀਤਾ ਧੱਕਾ’
ਹੁਸ਼ਿਆਰਪੁਰ : ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ‘ਆਪ’ ਸੂਬੇ ਦੀ ਹੁਕਮਰਾਨ ਪਾਰਟੀ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਇਹ ਰਵਾਇਤ ਬਣ ਗਈ ਹੈ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਸਮੇਂ ਦੀ ਸਰਕਾਰ ਕਿਸੇ ਵਿਰੋਧੀ ਪਾਰਟੀ ਨੂੰ ਜਿੱਤਣ ਨਹੀਂ ਦਿੰਦੀ। ‘ਆਪ’ ਤਾਂ ਨਵੀਂ ਪਾਰਟੀ ਹੈ, ਪਰ ਬੀਤੇ ਦਿਨੀਂ ਹੋਈਆਂ ਚੋਣਾਂ ਵਿੱਚ ਭਾਜਪਾ ਨੂੰ ਵੀ ਕੋਈ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ‘ਚ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਅੰਦਰੂਨੀ ਖ਼ਾਮੀਆਂ ਦੀ ਪੜਚੋਲ ਕਰਕੇ ਪਾਰਟੀ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ।