‘ਕਿਰਪਾ ਹੋਈ… ਅਸੀਂ ਨਿਮਰ ਹੋਏ….’

‘ਕਿਰਪਾ ਹੋਈ… ਅਸੀਂ ਨਿਮਰ ਹੋਏ….’

ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵਲੋਂ ਦਰਬਾਰ ਸਾਹਿਬ ਦੇ ਦਰਸ਼ਨ
ਕੜਾਹ ਪ੍ਰਸ਼ਾਦ ਦੀ ਦੇਗ ਕਰਾਈ, ਟਰੂਡੋ ਪਰਿਵਾਰ ਦਾ ਸਿਰੋਪੇ ਨਾਲ ਸਨਮਾਨ  
ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਸਵਾਗਤ
ਅੰਮ੍ਰਿਤਸਰ/ਬਿਊਰੋ ਨਿਊਜ਼:
ਦੁਨੀਆ ਭਰ ‘ਚ ਸਿੱਖਾਂ ਦੇ ਹਰਮਨਪਿਆਰੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਪਰਿਵਾਰ ਸਮੇਤ ਸ੍ਰੀ  ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਰੁਮਾਲਾ ਸਾਹਿਬ ਭੇਟ ਕੀਤਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਲੋਂ ਟਰੂਡੋ ਪਰਿਵਾਰ ਨੂੰ ਸਨਮਾਨ ਵਜੋਂ ਸਿਰੋਪਾ ਦਿੱਤਾ ਗਿਆ।
ਜਸਟਿਨ ਟਰੂਡੋ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਉਹ ਦਰਸ਼ਨੀ ਡਿਊੜੀ ਰਾਹੀਂ ਮੱਥਾ ਟੇਕਣ ਲਈ ਪਰਿਵਾਰ ਸਮੇਤ ਪੁੱਜੇ। ਇਸ ਦੌਰਾਨ ਜਸਟਿਨ ਟਰੂਡੋ ਨੇ ਪਰਿਕਰਮਾ ਵਿੱਚ ਹਾਜ਼ਰ ਸੰਗਤਾਂ ਦਾ ਹੱਥ ਜੋੜ ਕੇ ਧੰਨਵਾਦ ਕੀਤਾ।
ਚਿੱਟਾ ਕੁੜ੍ਹਤਾ ਪਜਾਮਾ ਪਹਿਨੀਂ ਸ੍ਰੀ ਟਰੂਡੋ ਨੇ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਸਿੱਖਾਂ ਦੇ ਸਰਬ ਉੱਚ ਧਾਰਮਿਕ ਸਥਾਨ ਵਿਖੇ ਪੰਜਾਬੀ ਸੂਟ ਵਿੱਚ ਸਜੀ-ਫਬੀ ਅਪਣੀ ਪਤਨੀ ਸੋਫੀਆ ਟਰੂਡੋ ਤੇ ਦੌਰੇ ਉੱਤੇ ਨਾਲ ਆਏ ਤਿੰਨ ਬੱਚਿਆਂ ਈਲਾ ਗਰੇਸ, ਜ਼ਾਵੀਅਰ ਤੇ ਹਾਡਰੇਨ ਸਮੇਤ ਇੱਕ ਘੰਟੇ ਦੇ ਕਰੀਬ ਠਹਿਰਣ ਦੌਰਾਨ ਗੁਰੂ ਰਾਮ ਦਾਸ ਲੰਗਰ ਵਿਖੇ ਸੇਵਾ ਵੀ ਕੀਤੀ।  ਟਰੂਡੋ ਨੇ 10 ਮਿੰਟ ਲੰਗਰ ‘ਚ ਰੁਕ ਕੇ ਲੰਗਰ ਹਾਲ ਵਿੱਚ ਰੋਟੀ ਪਕਾਉਣ ਦੀ ਸੇਵਾ ਕੀਤੀ।
ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ, ਪੰਜਾਬ ਦੇ ਕੇਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ , ਇੱਕ ਹੋਰ ਮੰਤਰੀ ਨਵਦੀਪ ਸਿੰਘ ਬੈਂਸ ਇਸ ਮੌਕੇ ਜਸਟਿਨ ਟਰੂਡੋ ਦੇ ਨਾਲ ਮੌਜੂਦ ਸਨ।
ਟਰੂਡੋ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਨਤਮਸਤਕ ਹੋਇਆ, ਪਰ ਅੰਦਰ ਨਹੀਂ ਗਏ।
ਭਾਰਤ ਦੇ ਲਗਭਗ ਇੱਕ ਹਫ਼ਤੇ ਦੇ ਦੌਰੇ ਉੱਤੇ ਪੁੱਜੇ ਜਸਟਿਨ ਟਰੂਡੋ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਸਵਾਗਤ ਦੇ ਪ੍ਰਬੰਧ ਕੀਤੇ ਗਏ ਸਨ। ਆਮ ਲੋਕਾਂ ਤੇ ਸੰਗਤਾਂ ਵਿੱਚ ਇਸ ਸਬੰਧੀ ਭਾਰੀ ਉਤਸੁਕਤਾ ਤੇ ਉਤਸ਼ਾਹ ਪਾਇਆ ਜਾ ਰਿਹਾ ਸੀ।
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸੂਚਨਾ ਕੇਂਦਰ ਪੁੱਜੇ ਜਸਟਿਨ ਟਰੂਡੋ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡਾ. ਰੂਪ ਸਿੰਘ ਵਲੋਂ ਟਰੂਡੋ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ। ਜਸਟਿਨ ਟਰੂਡੋ ਦੇ ਸਵਾਗਤ ਲਈ ਲਾਲ ਗਲੀਚਾ ਵਿਛਾਇਆ ਹੋਇਆ ਸੀ।
ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਲਦਸਤੇ ਭੇਂਟ ਕਰਕੇ ਜਸਟਿਨ ਟਰੂਡੋ ਦਾ ਸਵਾਗਤ ਕੀਤਾ ।
ਜਦੋਂ ਕਿ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੇਂਦਰ ਸਰਕਾਰ ਵਲੋਂ ਹਰਦੀਪ ਪੂਰੀ ਨੇ ਟਰੂਡੋ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ ਗਿਆ ਸੀ।
ਕਨੇਡਾ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਰਮਿੰਦਰ ਸਾਹਿਬ ਪਰਿਕਰਮਾ ਦੇ ਅੰਦਰ-ਬਾਹਰ ਚਾਰ ਚੁਫੇਰੇ ਪੰਜਾਬ ਦੇ ਉੱਚ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਭਾਰੀ ਗਿਣਤੀ ‘ਚ  ਪੁਲੀਸ ਫੋਰਸ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਸੈਂਕੜੇ ਵਾਨਾਂ ਤੋਂ ਇਲਾਵਾ ਕਨੇਡੀਅਨ ਸਰੁੱਖਿਆ ਅਧਿਕਾਰੀ ਵੀ ਵੱਡੀ ਗਿਣਤੀ ‘ਚ ਤਾਇਨਾਤ ਸਨ।
ਬਾਅਦ ‘ਚ ਜਸਟਿਨ ਟਰੂਡੋ ਭਾਰਤ-ਪਾਕਿਸਤਾਨ ਦੀ ਵੰਡ ਸਬੰਧੀ ਬਣਿਆ ਮਿਊਜ਼ੀਅਮ ਵੇਖਣ ਗਏ। ਜਿੱਥੇ ਸ੍ਰੀ ਨਵਜੋਤ ਸਿੱਧੂ ਨੇ ਉਨ੍ਹਾਂ ਸਵਾਗਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਮਿਊਜ਼ੀਅਮ ਦਾ ਦੌਰਾ ਕਰਾਇਆ। ਇਸ ਮੌਕੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਉਨ੍ਹਾਂ ਨਾਲ ਸਨ।