ਕੈਪਟਨ ਸਰਕਾਰ ਦਾ ਸਿੱਖ ਵਿਰੋਧੀ ਕਾਰਨਾਮਾ

ਕੈਪਟਨ ਸਰਕਾਰ ਦਾ ਸਿੱਖ ਵਿਰੋਧੀ ਕਾਰਨਾਮਾ

12ਵੀਂ ਦੀ ਪਾਠ ਪੁਸਤਕ ‘ਚੋਂ ਪੰਜਾਬ ਤੇ ਗੁਰ-ਇਤਿਹਾਸ ਕੀਤਾ ਗਾਇਬ
-ਕਾਂਗਰਸੀਆਂ ਵਲੋਂ ਪੰਜਾਬ ਦੇ ਇਤਿਹਾਸ ਦਾ ਰਾਸ਼ਟਰੀਕਰਨ ਤੇ ਭਗਵਾਂਕਰਨ 
– ਸਿੱਖ ਗੁਰੂਆਂ ਦੀ ਥਾਂ ‘ਲੱਖ ਦਾਤਾ ਪੀਰ’ ਬਾਰੇ ਪੜ੍ਹਨਗੇ ਵਿਦਿਆਰਥੀ 
– ਪਹਿਲਾਂ 11ਵੀਂ ਤੇ 12ਵੀਂ ‘ਚ ਪੜ੍ਹਾਇਆ ਜਾਂਦਾ ਸੀ ਸਿੱਖ ਇਤਿਹਾਸ 
ਕੈਪਟਨ ਕਹਿੰਦਾ : ਵਿਰੋਧੀਆਂ ਵਲੋਂ ਲਾਏ ਜਾ ਰਹੇ ਦੋਸ਼ ਨਿਰਆਧਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਵਿੱਚ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਕਿਤਾਬ ਵਿੱਚੋਂ ਗੁਰੂ ਸਾਹਿਬਾਨ ਅਤੇ ਪੰਜਾਬ ਇਤਿਹਾਸ ਨੂੰ ਅੱਖੋਂ ਪਰੋਖੇ ਕੀਤੇ ਜਾਣ ਦਾ ਮਾਮਲਾ ਦਿਨੋਂ ਦਿਨ ਭਖ਼ਦਾ ਜਾ ਰਿਹਾ ਹੈ ਜਦੋਂ ਕਿ ਸਿੱਖ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਅਕਾਲੀ ਦਲ (ਬਾਦਲ) ਤੇ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੇ ਇਸ ਸਿੱਖ ਵਿਰੋਧੀ ਫੈਸਲੇ ਵਿਰੁਧ ਮੈਦਾਨ ਵਿੱਚ ਡੱਟ ਗਈਆਂ ਹਨ। ਸਕੂਲ ਬੋਰਡ ਦੇ  ਨਵੇਂ ਸੈਸ਼ਨ ਲਈ ਛਪਾਈ ਅਧੀਨ ਪੁਸਤਕ ਨੂੰ ਅਜੇ ਵਿਦਿਆਥੀਆਂ ਤੱਕ ਪਹੁੰਚਣ ਲਈ ਭਾਵੇਂ ਕੁਝ ਦਿਨ ਲੱਗਣਗੇ, ਪਰ ਇਸ ਦੀ ਪੀਡੀਐੱਫ ਫਾਈਲ ਨੂੰ ਲੈ ਕੇ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਵਿੱਚ ਰੋਹ ਭਖਣਾ ਸ਼ੁਰੂ ਹੋ ਚੁੱਕਾ ਹੈ।
ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਪਾਠ-ਪੁਸਤਕ ਦੇ ਵਿਵਾਦ ‘ਤੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਹੈ ਕਿ ਕੁਝ ਵੀ ਹਟਾਇਆ ਨਹੀਂ ਗਿਆ। ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ‘ਤੇ ਸਿਆਸਤ ਕਰ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਹੁਣ ਸਿੱਖ ਇਤਿਹਾਸ ਦੀ ਥਾਂ ‘ਤੇ ‘ਲੱਖ ਦਾਤਾ ਪੀਰ’ ਬਾਰੇ ਪੜ੍ਹਾਈ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਹਿਸਟਰੀ ਦੇ ਨਵੇਂ ਸਿਲੇਬਸ ਵਿਚੋਂ ਸਿੱਖ ਇਤਿਹਾਸ ਨੂੰ ਗਾਇਬ ਕਰ ਦਿੱਤਾ ਗਿਆ ਹੈ। ਸਿਰਫ ਇਹ ਹੀ ਨਹੀਂ, ਜੋ ਚੈਪਟਰ ਨਵੇਂ ਲਾਏ ਗਏ ਹਨ, ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਪਾਠ ਪੁਸਤਕ ਛਪਾਈ ਅਧੀਨ ਚੱਲ ਰਹੀ ਹੈ। ਇਹ ਪਾਠ ਪੁਸਤਕ ਵਿਦਿਆਰਥੀ ਹੱਥਾਂ ਵਿੱਚ ਜਾਣ ਤੋਂ ਪਹਿਲਾਂ ਹੀ ਇੱਕ ਵੱਡੇ ਵਿਰੋਧ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ ਵਾਲੇ ਇਤਿਹਾਸ ਦੇ ਸਿਲੇਬਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ, ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦੀ ਸ਼ਹੀਦੀ, ਗੁਰੂ ਹਰਗੋਬਿੰਦ ਜੀ ਅਤੇ ਸਿੱਖ ਪੰਥ ਦਾ ਰੂਪਾਂਤਰਣ, ਗੁਰੂ ਹਰਿ ਰਾਏ ਜੀ ਅਤੇ ਗੁਰੂ ਹਰਿ ਕ੍ਰਿਸ਼ਨ ਜੀ, ਗੁਰੂ ਗੋਬਿੰਦ ਸਿੰਘ ਜੀ, ਬੰਦਾ ਸਿੰਘ ਬਹਾਦਰ, ਦਲ ਖਾਲਸਾ ਦਾ ਉਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ, ਐਂਗਲੋ ਸਿੱਖ ਸਬੰਧ, ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਆਦਿ ਨੂੰ 12ਵੀਂ ਦੇ ਸਿਲੇਬਸ ‘ਚੋਂ ਕੱਢ ਦਿੱਤਾ ਗਿਆ ਹੈ।
ਛੱਪ ਰਹੀ ਪਾਠ ਪੁਸਤਕ ਦੀ ਪੀਡੀਐੱਫ ਫਾਈਲ ਦਰਸਾਉਂਦੀ ਹੈ ਕਿ ਦੋ ਭਾਗਾਂ ਵਾਲੀ ਨਵੀਂ ਪਾਠ ਪੁਸਤਕ ਦੇ 13 ਚੈਪਟਰ ਤੇ 178 ਪੰਨੇ ਹਨ, ਜਿਸ ਵਿੱਚ ਸ਼ਹਿਰ, ਵਪਾਰ ਅਤੇ ਸ਼ਿਲਪ, ਸਰਦਾਰ, ਭਿਕਸ਼ੂ ਅਤੇ ਦਾਨੀ, ਮੱਧਕਾਲੀਨ ਭਾਰਤ ਵਿੱਚ ਰਾਜਨੀਤਕ ਅਤੇ ਆਰਥਿਕ ਵਿਕਾਸ, ਸੁਲਤਾਨ ਅਤੇ ਪਾਦਸ਼ਾਹ, ਭਗਤੀ ਦੇ ਨਵੇਂ ਰੂਪ, ਭਾਗ ਦੂਜਾ ਵਿੱਚ 1857 ਈਸਵੀ ਦਾ ਵਿਦਰੋਹ, ਭਾਰਤ ਵਿੱਚ ਰਾਸ਼ਟਰਵਾਦ ਦਾ ਉਭਾਰ, ਸੁਤੰਤਰਤਾ ਵੱਲ ਭਾਰਤ, ਸਿੱਖ ਰਾਜ ਵੱਲ, ਬ੍ਰਿਟਿਸ਼ ਰਾਜ ਅਧੀਨ ਪੰਜਾਬ, ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਕਿਤਾਬ ਦੀ ਸ਼ੁਰੂਆਤ ਹੀ ‘ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦੇ ਇਤਿਹਾਸ ਉੱਪਰ ਪ੍ਰਭਾਵ’ ਦੇ ਵਿਸ਼ੇ ਤੋਂ ਹੁੰਦੀ ਸੀ। ਪਹਿਲੇ ਤਿੰਨ ਲੇਖਾਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ ਹੀ ਨਹੀਂ, ਸਗੋਂ ਭੂਗੋਲਿਕ, ਰਾਜਸੀ, ਸਮਾਜਿਕ ਤੇ ਆਰਥਿਕ ਵਿਕਾਸ ਬਾਰੇ ਵੀ ਜਾਣਕਾਰੀ ਮਿਲਦੀ ਸੀ। ਇਸ ਤੋਂ ਅਗਲੇ 7 ਚੈਪਟਰਾਂ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਪੰਥ ਦੀ ਸਾਜਨਾ ਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ। ਇਸ ਤੋਂ ਅਗਲੇ 13 ਚੈਪਟਰਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮੁਗ਼ਲ ਹੁਕਮਰਾਨਾਂ ਦੇ ਸਿੱਖਾਂ ਨਾਲ ਉਨ੍ਹਾਂ ਦੇ ਸਬੰਧ, ਦਲ ਖ਼ਾਲਸਾ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਤੇ ਸਿੱਖ ਰਾਜ ਅਤੇ ਪਹਿਲੇ ਤੇ ਦੂਜੇ ਸਿੱਖ ਯੁੱਧਾਂ ਦਾ ਵਰਨਣ ਦਿੱਤਾ ਗਿਆ ਸੀ।
ਪਰ ਬੋਰਡ ਵਲੋਂ 11ਵੀਂ ਤੇ 12ਵੀਂ ਜਮਾਤ ਦੀਆਂ ਪਾਠ ਪੁਸਤਕਾਂ ਦੀ ਨਵੀਂ ਵਿਉਂਤਬੰਦੀ ਕਰਦਿਆਂ 12ਵੀਂ ਜਮਾਤ ਦੀ ‘ਪੰਜਾਬ ਦੇ ਇਤਿਹਾਸ’ ਸਿਰਲੇਖ ਨੂੰ ਅਡੋਪਲੇ ਜਿਹੇ ਸਾਧਾਰਨ ‘ਇਤਿਹਾਸ’ ਵਿਚ ਬਦਲ ਦਿੱਤਾ ਗਿਆ ਹੈ। ਵੇਖਣ ਨੂੰ ਇਹ ਸਾਧਾਰਨ ਜਿਹੀ ਗੱਲ ਲੱਗ ਸਕਦੀ ਹੈ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਦੇ ਇਮਤਿਹਾਨ ਵਾਲੀ ਕਿਤਾਬ ਦੇ ਨਾਂਅ ‘ਪੰਜਾਬ ਦਾ ਇਤਿਹਾਸ’ ਵਿਚੋਂ ਪੰਜਾਬ ਸ਼ਬਦ ਹੀ ਕੱਢ ਦੇਣਾ ਡੂੰਘੀ ਸਾਜਿਸ਼ ਦਾ ਨਤੀਜਾ ਹੈ ਤੇ ਕਿਤਾਬ ਦਾ ਸਿਰਲੇਖ ਬਦਲਣਾ ਪੰਜਾਬੀ ਬੱਚਿਆਂ ਨੂੰ ਆਪਣੇ ਹੀ ਇਤਿਹਾਸ ਤੋਂ ਅਣਜਾਣ ਬਣਾਉਣ ਦਾ ਮੁੱਢ ਬੰਨ੍ਹਣ ਵਾਲਾ ਕਦਮ ਹੈ।
ਦੇਸ਼ ਅੰਦਰਲੇ ਸਾਰੇ ਗਿਆਨ ਨੂੰ ਕੌਮੀ ਗਿਆਨ ਅਨੁਸਾਰੀ ਬਣਾਉਣ ਜਾਂ ਢਾਲਣ ਦੀ ਚੱਲ ਰਹੀ ਮੁਹਿੰਮ ਦੇ ਧਾਰਨੀ ਬਣਦਿਆਂ ਬੋਰਡ ਨੇ ਪਾਠ ਪੁਸਤਕ ਵਿਚੋਂ ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਤੱਕ ਦੇ ਸਾਰੇ ਗੁਰ-ਇਤਿਹਾਸ ਨੂੰ ਬਾਹਰ ਕੱਢ ਦਿੱਤਾ ਹੈ। ਏਨਾ ਹੀ ਨਹੀਂ ਪੰਜਾਬ ਦੇ ਸਾਮਾਜਿਕ, ਰਾਜਸੀ, ਧਾਰਮਿਕ ਤੇ ਆਰਥਿਕ ਵਿਕਾਸ ਦੇ ਇਤਿਹਾਸ ਉੱਪਰ ਵੀ ਪੋਚਾ ਫੇਰ ਦਿੱਤਾ ਹੈ, ਇਥੋਂ ਤੱਕ ਕਿ ਨਵੀਂ ਤਿਆਰ ਕੀਤੀ ਪਾਠ ਪੁਸਤਕ ਵਿਚ ‘ਭਾਰਤ ਵਿਚ ਰਾਸ਼ਟਰਵਾਦ ਦਾ ਉਭਾਰ’ ਅਤੇ ‘ਸੁਤੰਤਰਤਾ ਵੱਲ ਭਾਰਤ’ ਦੇ ਸਿਰਲੇਖ ਵਾਲੇ ਦੋ ਵੱਡੇ ਲੇਖ ਸ਼ਾਮਿਲ ਕੀਤੇ ਗਏ ਹਨ ਪਰ ਇਨ੍ਹਾਂ ਲੇਖਾਂ ਵਿਚ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਪੰਜਾਬ ਵਲੋਂ ਪਾਏ ਵੱਡੇ ਯੋਗਦਾਨ ਦੇ ਬਹੁਤ ਵੱਡੇ ਹਿੱਸੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਗਿਆ ਹੈ। ਸੁਤੰਤਰਤਾ ਲਈ ਪੰਜਾਬ ਅੰਦਰੋਂ ਉਠਦੀਆਂ ਰਹੀਆਂ ਲਹਿਰਾਂ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਤੇ ਕੈਦਾਂ ਕੱਟਣ ਵਾਲੇ ਬਹੁਤੇ ਪੰਜਾਬੀਆਂ ਦਾ ਕਿਧਰੇ ਵੀ ਜ਼ਿਕਰ ਤੱਕ ਵੀ ਨਹੀਂ ਹੈ। ਬੋਰਡ ਵਲੋਂ 11ਵੀਂ ਜਮਾਤ ਦੀ ਪਾਠ ਪੁਸਤਕ ਵਿਚ ਗੁਰ-ਇਤਿਹਾਸ ਪੜ੍ਹਾਏ ਜਾਣ ਦੀ ਗੱਲ ਵੀ ਬੜੀ ਬੇਤੁੱਕੀ ਹੈ। ਪਿਛਲੇ ਸਮੇਂ ਤੋਂ 12ਵੀਂ ਜਮਾਤ ਨੂੰ ਗੁਰ-ਇਤਿਹਾਸ ਤੇ ਪੰਜਾਬ ਬਾਰੇ ਭਰਪੂਰ ਜਾਣਕਾਰੀ ਪੜ੍ਹਾਈ ਜਾ ਰਹੀ ਸੀ। 11ਵੀਂ ਦੀ ਪਾਠ ਪੁਸਤਕ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਕੁਝ ਪਾਠ ਸ਼ਾਮਿਲ ਸਨ ਪਰ ਇਹ ਪਾਠ ਬੇਹੱਦ ਸੰਖੇਪ ਸਨ ਜਦ ਕਿ 12ਵੀਂ ਜਮਾਤ ਦੇ ‘ਪੰਜਾਬ ਦਾ ਇਤਿਹਾਸ ਨਾਮੀ ਪੁਸਤਕ ਵਿਚ ਵਿਸਥਾਰਤ ਜਾਣਕਾਰੀ ਪੜ੍ਹਾਈ ਜਾਂਦੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਬਾਰ੍ਹਵੀਂ ਦਾ ਇਮਤਿਹਾਨ ਬੋਰਡ ਦਾ ਹੁੰਦਾ ਹੈ। ਬਹੁਤ ਸਾਰੇ ਵਿਦਿਆਰਥੀ 10ਵੀਂ ਤੋਂ ਬਾਅਦ ਸਿੱਧਾ ਬੋਰਡ ਦਾ ਇਮਤਿਹਾਨ ਦਿੰਦੇ ਹਨ ਜਾਂ ਫਿਰ ਓਪਨ ਸਕੂਲ ਪੜ੍ਹਾਈ ਵਾਲੇ ਵੀ ਸਿੱਧਾ ਇਮਤਿਹਾਨ ਬੋਰਡ ਦਾ ਹੀ ਦਿੰਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਨਾ ਫਿਰ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਪੜ੍ਹਨ ਦਾ ਮੌਕਾ ਹੀ ਨਹੀਂ ਮਿਲੇਗਾ। ਦੇਸ਼ ਅੰਦਰ ਇਸ ਵੇਲੇ ਇਤਿਹਾਸ ਤੇ ਪੜ੍ਹਾਈ ਨੂੰ ਇਕ ਵੱਖਰੀ ਐਨਕ ਰਾਹੀਂ ਦੇਖਣ ਤੇ ਜਾਨਣ ਦਾ ਸਿਲਸਿਲਾ ਚੱਲ ਰਿਹਾ ਹੈ। ਬੋਰਡ ਵਲੋਂ ਪਾਠ ਪੁਸਤਕ ਦਾ ਤੱਤ ਬਦਲ ਸੁੱਟਣ ਵਿਰੁੱਧ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਤੇ ਸਕੂਲੀ ਵਿਸ਼ਾ ਸੂਚੀ ਨਾਲ ਵੱਡੀ ਛੇੜ-ਛਾੜ ਦਾ ਮੁੱਦਾ ਵੀ ਸਮਝਿਆ ਜਾ ਰਿਹਾ ਹੈ।

ਬੋਰਡ ਦਾ ਦਾਅਵਾ
ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਿੱਖ ਇਤਿਹਾਸ ਨੂੰ ਗਿਆਰਵੀਂ ਜਮਾਤ ਵਿਚ ਸ਼ਿਫਟ ਕਰ ਦਿੱਤਾ ਹੈ ਅਤੇ ਉਸ ਦੇ ਪਹਿਲੇ ਭਾਗ ਵਿਚ ਪੰਜਾਬ ਦੇ ਇਤਿਹਾਸ ਦੇ 6 ਚੈਪਟਰ ਦਰਜ ਹਨ। ਇਸ ਵਿਚ ਪੰਜਾਬ ਦੇ ਇਤਿਹਾਸ ਦੇ ਸਰੋਤ, ਗੁਰੂਕਾਲ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਯਾਤਰਾਵਾਂ, ਸਿੱਖ ਧਰਮ ਦਾ ਵਿਕਾਸ ਅਤੇ ਸਿੱਖ ਗੁਰੂਆਂ ਦਾ ਯੋਗਦਾਨ, ਸਿੱਖ ਧਰਮ ਦਾ ਰੂਪਾਂਤਰਣ, ਖਾਲਸਾ ਪੰਥ ਦੀ ਸਥਾਪਨਾ ਅਤੇ ਚਾਰ ਸਾਹਿਬਜਾਦੇ ਦਰਜ ਹਨ, ਜਦੋਂ ਕਿ ਭਾਗ-2 ਵਿਚ ਸਿੱਖ ਹਿਸਟਰੀ ਦੇ ਨਾਲ ਕੁਝ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਗਿਆਰਵੀਂ ਵਿਚ ਬਾਰਵੀਂ ਦਾ ਹੀ ਸਿਲੇਬਸ ਕਰਵਾਇਆ ਜਾਂਦਾ ਹੈ ਤਾਂ ਜੋ ਬੋਰਡ ਦੀ ਪ੍ਰੀਖਿਆ ਵਿਚ 2 ਸਾਲਾਂ ਦੀ ਤਿਆਰੀ ਹੋ ਸਕੇ।

ਕੀ ਕਹਿੰਦੇ ਨੇ ਨਵੇਂ ਸਿੱਖਿਆ ਮੰਤਰੀ
ਇਸ ਸਬੰਧੀ ਜਦੋਂ ਨਵੇਂ ਬਣੇ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਿਆਂ ਅਜੇ 2 ਦਿਨ ਹੀ ਹੋਏ ਹਨ ਅਤੇ ਕਿਹਾ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਇਹ ਇਕ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਫਾਈਲ ਮੰਗਵਾਉਣ ਜਾ ਰਹੇ ਹਨ।

ਕੈਪਟਨ ਕਹਿੰਦਾ : ਕੁਝ ਨਹੀਂ ਹਟਾਇਆ, ਸਾਰੇ ਦੋਸ਼ ਨਿਰਆਧਾਰ
ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਪਾਠ-ਪੁਸਤਕ ਦੇ ਵਿਵਾਦ ‘ਤੇ ਵਿਰੋਧੀ ਧਿਰ ਨੂੰ ਕਰੜੇ  ਹੱਥੀਂ ਲੈਂਦਿਆਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਬੇਹੱਦ ਸੰਵੇਦਨਸ਼ੀਲ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ‘ਤੇ ਸਿਆਸਤ ਕਰ ਕੇ ਸੂਬੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ।
ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਇਸ ਸਬੰਧੀ ਤੱਥਾਂ ਦੀ ਪੁਸ਼ਟੀ ਕੀਤੇ ਬਗ਼ੈਰ ਸਰਕਾਰ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 2014 ਵਿੱਚ ਅਕਾਲੀ ਸਰਕਾਰ ਸਮੇਂ ਐਨਸੀਈਆਰਟੀ ਸਿਲੇਬਸ ਅਨੁਸਾਰ ਮੁੜ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਮੁੱਦੇ ‘ਤੇ ਚਰਚਾ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਸ਼ਾਮਲ ਕੀਤਾ ਸੀ, ਜਿਸ ਤਹਿਤ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਸਿਲੇਬਸ ਨੂੰ ਮੁੜ ਤਿਆਰ ਕਰਨ ਲਈ ਚਰਚਾ ਵਾਸਤੇ 9 ਜਨਵਰੀ 2014 ਨੂੰ ਮਾਹਿਰਾਂ ਦੀ ਇਕ ਕਮੇਟੀ ਕਾਇਮ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ਵਿਸ਼ੇ ‘ਤੇ ਚਰਚਾ ਲਈ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਡਾਇਰੈਕਟਰ (ਸਹਾਇਕ ਪ੍ਰੋਫੈਸਰ, ਐਨਸੀਈਆਰਟੀ) ਤੋਂ ਵੀ ਜਾਣਕਾਰੀ ਲਈ ਸੀ। ਮਾਰਚ 2014 ਵਿੱਚ ਇਹ ਸਿਲੇਬਸ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਸੀ। ਸਾਲ 2015 ਵਿੱਚ ਨੌਵੀਂ ਜਮਾਤ ਦੇ ਸਿਲੇਬਸ ਨੂੰ ਅੰਤਿਮ ਰੂਪ ਦਿੱਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਕੀਤਾ ਸੀ। ਸਿਲੇਬਸ ਨੂੰ ਮੁੜ ਵਿਉਂਤਣ ਬਾਅਦ 2016 ਵਿੱਚ ਬੋਰਡ ਵੱਲੋਂ 9ਵੀਂ ਅਤੇ 10ਵੀਂ ਜਮਾਤਾਂ ਲਈ ਕਿਤਾਬਾਂ ਪ੍ਰਕਾਸ਼ਿਤ ਕਰਾਈਆਂ ਸਨ ਅਤੇ 11ਵੀਂ-12ਵੀਂ ਜਮਾਤਾਂ ਲਈ ਕਿਤਾਬਾਂ 2018 ਵਿੱਚ ਛਪਾਉਣ ਬਾਰੇ ਫ਼ੈਸਲਾ ਕੀਤਾ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੀ ਸੱਤਾ ਸੰਭਾਲਣ ਬਾਅਦ ਉਨ੍ਹਾਂ ਦੀ ਸਰਕਾਰ ਨੇ ਇਤਿਹਾਸ ਦੇ ਵਿਸ਼ੇ ਨੂੰ ਮੁੜ ਤਿਆਰ ਲਈ ਵਿਚਾਰ-ਚਰਚਾ ਵਾਸਤੇ ਮਾਰਚ 2017 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਸੀ। ਸ਼੍ਰੋਮਣੀ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਪਰਮਵੀਰ ਸਿੰਘ ਨੂੰ ਜ਼ਿੰਮਾ ਦਿੱਤਾ ਸੀ, ਜਿਨ੍ਹਾਂ ਨੇ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ। ਕੈਪਟਨ ਨੇ ਸ੍ਰੀ ਲੌਂਗੋਵਾਲ ਦੀ ਆਪਣੇ ਰਾਜਸੀ ਹਿੱਤਾਂ ਲਈ ਇਸ ਮਸਲੇ ਬਾਰੇ ਜਾਣ-ਬੁੱਝ ਕੇ ਅਸਲ ਤੱਥ ਛੁਪਾਉਣ ਲਈ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਸਿੱਖ ਗੁਰੂਆਂ ਬਾਰੇ ਚੈਪਟਰ ਗਾਇਬ ਕਰਨ ਦੇ ਲਾਏ ਜਾ ਰਹੇ ਦੋਸ਼ ਕੋਰੇ ਝੂਠ ਹਨ।
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਮੁੜ ਤਿਆਰ ਕੀਤੇ ਸਿਲੇਬਸ ਵਿੱਚ ਸਿੱਖ ਗੁਰੂਆਂ ਬਾਰੇ ਮੁਕੰਮਲ ਇਤਿਹਾਸ ਨੂੰ ਬਗ਼ੈਰ ਕਿਸੇ ਕਾਂਟ-ਛਾਂਟ ਸ਼ਾਮਲ ਕੀਤਾ ਗਿਆ ਹੈ। ਸਿਲੇਬਸ ਨੂੰ ਮੁੜ ਤਿਆਰ ਕਰਨ ਬਾਅਦ ਹੁਣ 11ਵੀਂ ਜਮਾਤ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਕਾਲ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹਾਇਆ ਜਾ ਰਿਹਾ ਹੈ। ਚਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਉਨ੍ਹਾਂ ਦੀ ਨਿੱਜੀ ਸਿਫ਼ਾਰਸ਼ ‘ਤੇ ਸ਼ਾਮਲ ਕੀਤਾ ਗਿਆ ਹੈ। ਹੁਣ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ‘ਤੇ ਮੁਕੰਮਲ ਸਿੱਖ ਇਤਿਹਾਸ ਕਾਲ ਬਾਰੇ ਪੜ੍ਹਾਏ ਜਾਣ ਬਾਰੇ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਕਿਸੇ ਬੋਰਡ ਜਾਂ ਯੂਨੀਵਰਸਿਟੀ ਵੱਲੋਂ ਕਿਸੇ ਵੀ ਸਿਲੇਬਸ ਦਾ ਖਾਕਾ ਵਿਸ਼ਾ-ਵਸਤੂ ਆਧਾਰ ‘ਤੇ ਤਿਆਰ ਕੀਤਾ ਜਾਂਦਾ ਹੈ, ਚੈਪਟਰਾਂ ਅਨੁਸਾਰ ਨਹੀਂ। ਉਨ੍ਹਾਂ ਕਿਹਾ ਕਿ ਅਧਿਆਏ (ਚੈਪਟਰ) ਪ੍ਰਕਾਸ਼ਕ ਅਤੇ ਪ੍ਰਿੰਟਰ ਵੱਲੋਂ ਆਪਣੀ ਪਸੰਦ ਤੇ ਸੌਖ ਮੁਤਾਬਕ ਤਿਆਰ ਕੀਤੇ ਜਾਂਦੇ ਹਨ।
ਅਸਲੀ ਗੱਲ ਇਹ ਹੈ ਕਿ ਕਿਤਾਬ ਵਿੱਚ ਕੋਰਸਾਂ ਨੂੰ ਕੇਵਲ ਐੱਨਸੀਆਈਆਰਟੀ ਦੇ ਸਿਲੇਬਸ ਦੇ ਨਾਲ ਫਿਰ ਸੰਗਠਿਤ ਕੀਤਾ ਗਿਆ ਹੈ। ਇਸ ਤੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੇ ਲਾਇਕ ਬਣਾਇਆ ਜਾ ਸਕੇ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਬੋਰਡ ਦੁਆਰਾ ਇੱਕ ਵੀ ਚੈਪਟਰ ਜਾਂ ਸ਼ਬਦ ਨਹੀਂ ਹਟਾਇਆ ਗਿਆ।

ਸਕੂਲ ਬੋਰਡ ਵੈੱੱਬਸਾਈਟ ‘ਤੇ ਪਾਵੇਗਾ ਪੁਸਤਕ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਦੀ ਇਤਿਹਾਸ ਦੀ ਪੁਸਤਕ ਆਪਣੀ ਵੈੱਬਸਾਈਟ ‘ਤੇ ਅਪਲੋਡ ਕੀਤੀ ਜਾਵੇਗੀ। ਅਜਿਹਾ ਵਿਰੋਧੀ ਪਾਰਟੀਆਂ ਵੱਲੋਂ ਸਕੂਲ ਬੋਰਡ ‘ਤੇ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖ ਗੁਰੂਆਂ ਨਾਲ ਸਬੰਧਤ ਚੈਪਟਰ ਹਟਾਉਣ ਦੇ ਲਾਏ ਦੋਸ਼ਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਦਸ ਦਿਨਾਂ ਵਿੱਚ ਗਿਆਰਵੀਂ  ਦੀ ਇਤਿਹਾਸ ਦੀ ਨਵੀਂ ਕਿਤਾਬ ਵੈੱਬਸਾਈਟ ‘ਤੇ ਪਾ ਦਿੱਤੀ ਜਾਵੇਗੀ, ਕਿਉਂਕਿ ਸਰਕਾਰ ਤੇ ਬੋਰਡ ਦਾ ਕਹਿਣਾ ਹੈ ਕਿ ਗੁਰ ਇਤਿਹਾਸ ਦੇ ਚੈਪਟਰ ਹਟਾਏ ਨਹੀਂ ਗਏ, ਬਲਕਿ ਬਾਰ੍ਹਵੀਂ ਦੀ ਬਜਾਏ ਗਿਆਰਵੀਂ ਦੀ ਕਿਤਾਬ ‘ਚ ਪਾਏ ਹਨ।

ਝੂਠ ਬੋਲ ਰਿਹੈ ਅਮਰਿੰਦਰ : ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਇਤਿਹਾਸ ਮਨਫ਼ੀ ਕਰਨ ਦਾ ਫ਼ੈਸਲਾ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਲੈਣ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੂਠੇ ਦੋਸ਼ ਲਾ ਰਹੇ ਹਨ।
ਇੱਕ ਬਿਆਨ ਰਾਹੀਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਸਾਰੇ ਚੈਪਟਰ ਜਿਹੜੇ ਹੁਣ ਕੱਢ ਦਿੱਤੇ ਗਏ ਹਨ, ਅਕਾਲੀ-ਭਾਜਪਾ ਦੇ 2013 ਤੋਂ 2017 ਤੱਕ ਦੇ ਕਾਰਜਕਾਲ ਦੌਰਾਨ ਲਗਾਤਾਰ ਪੜ੍ਹਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ 12ਵੀਂ ਦੀ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਇਤਿਹਾਸ ਬਾਰੇ ਚੈਪਟਰਾਂ ਤੋਂ ਸੱਖਣੀ ਨਵੀ ਕਿਤਾਬ ਨੂੰ ਕਿਉਂ ਛਾਪਿਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਜੇਕਰ ਅਕਾਲੀ 2013 ਵਿੱਚ ਸਿੱਖ ਇਤਿਹਾਸ ਨੂੰ 12ਵੀਂ ਕਲਾਸ ਦੀਆਂ ਕਿਤਾਬਾਂ ਵਿੱਚੋਂ ਕੱਢਣਾ ਚਾਹੁੰਦੇ ਸਨ ਤਾਂ ਫਿਰ ਇਹ ਚੈਪਟਰ 2017 ਤੱਕ ਕਿਉਂ ਪੜ੍ਹਾਏ ਜਾ ਰਹੇ ਸਨ। ਸ੍ਰੀ ਬਾਦਲ ਨੇ ਕੈਪਟਨ ਨੂੰ ਆਖਿਆ ਕਿ ਉੁਹ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਖ਼ੁਦ ਪੜ੍ਹਣ ਤਾਂ ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਕੀ ਕੀ ਤਬਦੀਲੀਆਂ ਕਦੋਂ ਕਦੋਂ ਕੀਤੀਆਂ ਗਈਆਂ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਮੁੱਖ ਮੰਤਰੀ ਨੇ 24 ਘੰਟਿਆਂ ਦੇ ਅੰਦਰ ਹੀ ਆਪਣਾ ਸਟੈਂਡ ਬਦਲ ਲਿਆ ਹੈ। ਉਨ੍ਹਾਂ ਪਹਿਲਾਂ ਕਿਹਾ ਸੀ ਕਿ 12ਵੀਂ ਦੀ ਕਿਤਾਬ ਵਿੱਚੋਂ ਕੋਈ ਵੀ ਚੈਪਟਰ ਮਨਫ਼ੀ ਨਹੀਂ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਬਦਲ ਕੇ 11ਵੀਂ ਦੀ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਹੁਣ ਉਹ ਸਵੀਕਾਰ ਕਰਦੇ ਹਨ ਕਿ ਇਹ ਚੈਪਟਰ ਹਟਾਏ ਜਾ ਚੁੱਕੇ ਹਨ, ਪਰ ਨਾਲ ਹੀ ਇਹ ਝੂਠਾ ਦਾਅਵਾ ਵੀ ਕਰ ਰਹੇ ਹਨ ਕਿ ਇਹ ਫ਼ੈਸਲਾ 2013 ਵਿੱਚ ਲਿਆ ਗਿਆ ਸੀ।

ਆਮ ਆਦਮੀ ਪਾਰਟੀ ਨੇ ਸਿੱਖ ਇਤਿਹਾਸ 
ਕੱਟਣ ਦੀ ਕੀਤੀ ਨਿਖੇਧੀ, ਜਾਂਚ ਦੀ ਮੰਗ
ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਕੈਪਟਨ ਅਮਰਿਦੰਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਾਂਗਰਸ ਸਰਕਾਰ ਦੁਆਰਾ 12ਵੀਂ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ 23 ਪਾਠ ਕੱਟਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ‘ਆਪ’ ਨੇ ਕਾਂਗਰਸ ਸਰਕਾਰ ਦੇ ਇਸ ਕਦਮ ਨੂੰ ਸਿੱਖ ਗੁਰੂਆਂ ਅਤੇ ਸਿੱਖ ਇਤਿਹਾਸ ਦਾ ਅਪਮਾਨ ਕਰਾਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਸਰਕਾਰ ਬਿਨਾ ਕਿਸੇ ਦੇਰੀ ਤੋਂ ਇਸ ਗਲਤੀ ਦਾ ਸੁਧਾਰ ਕਰੇ।
‘ਆਪ’ ਵਲੋਂ ਜਾਰੀ ਕੀਤੇ ਸਾਂਝੇ ਬਿਆਨ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂਕੇ, ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਸਰਕਾਰ ਦੁਆਰਾ ਸਿੱਖ ਗੁਰੂਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ, ਐਂਗਲੋ-ਸਿੱਖ ਲੜਾਈਆਂ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖਾਂ ਦਾ ਮੁਗਲਾਂ ਅਤੇ ਅਹਿਮਦ ਸ਼ਾਹ ਅਬਦਾਲੀ ਖਿਲਾਫ ਸੰਘਰਸ਼, ਸਿੱਖ ਮਿਸਲਾਂ ਦੀ ਜਨਮ ਅਤੇ ਵਿਕਾਸ ਆਦਿ ਨੂੰ ਕੱਟਣ ਦਾ ਫੈਸਲਾ ਨਿੰਦਣਯੋਗ ਹੈ ਅਤੇ ਇਸ ਨਾਲ ਪੰਜਾਬ ਦੇ ਨੌਜਵਾਨ, ਪੰਜਾਬ ਦੇ ਮਾਣ ਮੱਤੇ ਇਤਿਹਾਸ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਦੂਰ ਹੋ ਜਾਣਗੇ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਸਰਕਾਰ ਦਾ ਇਸ ਸੰਬੰਧੀ ਬਿਆਨ ਕਿ ਅਜਿਹਾ ਐਨਸੀਈਆਰਟੀ ਦੇ ਸਲੇਬਸ ਨਾਲ ਬਰਾਬਰੀ ਕਰਨ ਲਈ ਕੀਤਾ ਗਿਆ ਹੈ ਵੀ ਨਾ ਮੰਨਣ ਯੋਗ ਹੈ। ਉਨਾਂ ਕਿਹਾ ਕਿ ਸਰਕਾਰ ਦੇ ਅਨੁਸਾਰ ਇਹਨਾਂ ਵਿਚੋਂ ਅਨੇਕਾਂ ਵਿਸ਼ੇ 11ਵੀਂ ਕਲਾਸ ਵਿਚ ਪੜਾਏ ਜਾਣਗੇ ਵੀ ਕੋਈ ਖਾਸ ਪ੍ਰਭਾਵ ਨਹੀਂ ਰਖਦਾ ਕਿਉਂ ਜੋ ਅਨੇਕਾਂ ਸਕੂਲ 12ਵੀਂ ਕਲਾਸ ਦੇ ਅੱਧੇ ਸਲੇਬਸ ਨੂੰ ਹੀ 11ਵੀਂ ਕਲਾਸ ਵਿਚ ਪੜਾਉਂਦੇ ਹਨ।
ਵਿਧਾਇਕਾਂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਚੈਪਟਰ ਕੱਟਣ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨਾਂ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਬਿਨਾ ਕਿਸੇ ਦੇਰੀ ਤੋਂ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ।

ਬਾਦਲ ਦਲ ਵਲੋਂ ਵਿਰੋਧ
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕੁਝ ਚੈਪਟਰ ਹਟਾਉਣ ਦੇ ਮਾਮਲੇ ਵਿੱਚ ਉੱਚ   ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜ ਕੇ ਜਾਂਚ ਦੀ ਮੰਗ ਕੀਤੀ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਗੁਰੂਆਂ ਅਤੇ ਪੰਜਾਬ ਦੇ ਸਿੱਖ ਯੋਧਿਆਂ ਬਾਰੇ ਜਾਣਕਾਰੀ ਤੋਂ ਵਾਂਝੇ ਰੱਖਣ ਵਾਸਤੇ ਇਕ ਡੂੰਘੀ ਸਾਜ਼ਿਸ਼ ਘੜੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਬਾਰ੍ਹਵੀਂ ਦੀ ਨਵੀਂ ਇਤਿਹਾਸ ਦੀ ਕਿਤਾਬ ਦੀ ਛਪਾਈ ਅਤੇ ਵੰਡ ‘ਤੇ ਤੁਰੰਤ ਰੋਕ ਲਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਕਿਤਾਬ ਵਿੱਚ ਸਿੱਖ ਗੁਰੂਆਂ, ਸਿੱਖ ਯੋਧਿਆਂ ਤੇ ਪੰਜਾਬ ਦੇ ਅਹਿਮ ਇਤਿਹਾਸਕ ਪੱਖਾਂ ਬਾਰੇ 23 ਚੈਪਟਰ ਸਨ। ਨਵੀਂ ਕਿਤਾਬ ਵਿੱਚੋਂ ਸਬੰਧਿਤ ਚੈਪਟਰਾਂ ਹਟਾ ਕੇ ਸਿੱਖ ਇਤਿਹਾਸ ਬਾਰੇ ਮਹਿਜ਼ ਅੱਧੇ ਪੰਨੇ ਦੀ ਜਾਣਕਾਰੀ ਦਿੱਤੀ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਕਮੇਟੀ ਕਾਇਮ
ਅੰਮ੍ਰਿਤਸਰ/ਬਿਊਰੋ ਨਿਊਜ਼:
ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਸਿੱਖ ਇਤਿਹਾਸ ਮਨਫੀ ਕਰਨ ਦੇ ਮਾਮਲੇ ਦੀ ਪੜਤਾਲ ਵਾਸਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਪੱਧਰ ‘ਤੇ ਪੰਜ ਮੈਂਬਰੀ ਸਬ-ਕਮੇਟੀ ਬਣਾਈ ਹੈ, ਜੋ ਦੋ ਦਿਨਾਂ ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਂਪੇਗੀ। ਇਸ ਸਬ ਕਮੇਟੀ ਦੀ ਮੀਟਿੰਗ 2 ਮਈ ਨੂੰ ਪਟਿਆਲਾ ਨੇੜੇ ਬਹਾਦਰਗੜ੍ਹ ਸਥਿਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿੱਚ ਰੱਖੀ ਗਈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਮਾਮਲੇ ਦੀ ਜਾਂਚ ਲਈ ਸਬ-ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ, ਆਨੰਦਪੁਰ ਸਾਹਿਬ ਤੋਂ ਪ੍ਰਿੰਸੀਪਲ ਸੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਵਿਦਿਅਕ ਮਾਮਲਿਆਂ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ, ਮੁਕਤਸਰ ਤੋਂ ਗੁਰੂ ਨਾਨਕ ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ. ਤਜਿੰਦਰ ਕੌਰ ਧਾਲੀਵਾਲ ਤੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸਿਮਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂਕਿ ਕਮੇਟੀ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਨੂੰ ਵੀ ਅਸਲ ਤੱਥ ਸਾਹਮਣੇ ਲਿਆਉਣੇ ਚਾਹੀਦੇ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ‘ਤੇ ਸਿੱਖ ਸ਼ਰਧਾਲੂਆਂ ਨੂੰ ਭੇਜਣ ਸਬੰਧੀ ਨਿਯਮਾਂ ਵਿੱਚ ਘੋਖ ਕਰਨ ਲਈ ਬਣਾਈ ਚਾਰ ਮੈਂਬਰੀ ਸਬ-ਕਮੇਟੀ ਦੀ ਇਕੱਤਰਤਾ 3 ਮਈ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਰੱਖੀ ਹੈ। ਇਸ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਜਥੇ ਨਾਲ ਗਈ ਬੀਬੀ ਕਿਰਨ ਬਾਲਾ ਦੇ ਮਾਮਲੇ ਸਮੇਤ ਭਵਿੱਖ ਦੀ ਯੋਜਨਾ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ।

ਰਾਸ਼ਟਰੀ ਸਿੱਖ ਸੰਗਤ ਵੱਲੋਂ ਰਾਜਪਾਲ ਨੂੰ ਪੱਤਰ
ਪਾਠ-ਪੁਸਤਕ ਵਿਵਾਦ ‘ਤੇ ਰਾਸ਼ਟਰੀ ਸਿੱਖ ਸੰਗਤ ਨੇ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਸਿਲੇਬਸ ਜਿਉਂ ਦਾ ਤਿਉਂ ਰੱਖਿਆ ਜਾਵੇ। ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਰਾਜਪਾਲ ਨੂੰ ਪੱਤਰ ਭੇਜ ਕੇ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਬੇਨਤੀ ਕੀਤੀ ਹੈ ਕਿ ਸਮੁੱਚੇ ਘਟਨਾਕ੍ਰਮ ਨਾਲ ਜੁੜੇ ਤੱਥਾਂ ਦੀ ਸਹੀ ਜਾਣਕਾਰੀ ਲੈ ਕੇ ਇਸ ਮਾਮਲੇ ਨੂੰ ਹੱਲ ਕੀਤਾ ਜਾਵੇ।

ਪੰਜਾਬ ਸਿਵਲ ਸਕੱਤਰੇਤ ਵਿਚ ਗੂੰਜਿਆ ‘ਸਿੱਖ ਗੁਰੂ ਪਾਠਕ੍ਰਮ’ ਵਿਵਾਦ
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਨਵੀਂ ਛਪਵਾਈ ਪਾਠ ਪੁਸਤਕ ਵਿਚੋਂ ਪੰਜਾਬ ਅਤੇ ਸਿੱਖ ਗੁਰ-ਇਤਿਹਾਸ ਗ਼ਾਇਬ ਕਰਨ ਦਾ ਮਸਲਾ ਜਿੱਥੇ ਪੰਜਾਬ ਸਿਵਲ ਸਕੱਤਰੇਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਥੇ ਦਿਨ ਭਰ ਮੁੱਖ ਮੰਤਰੀ ਸਕੱਤਰੇਤ ਵਿਚ ਵੀ ਇਹ ਵਿਵਾਦ ਗੂੰਜਦਾ ਨਜ਼ਰ ਆਇਆ। ਸੀ.ਐਮ.ਓ. ਦੇ ਸੀਨੀਅਰ ਅਧਿਕਾਰੀ ਇਸ ਵਿਵਾਦ ਬਾਰੇ ਕਿਸੇ ਨਾ ਕਿਸੇ ਨਾਲ ਚਰਚਾ ਕਰਦੇ ਨਜ਼ਰ ਆਏ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਆਪਣੇ ਭਰੋਸੇਯੋਗ ਕਰੀਬੀ ਅਧਿਕਾਰੀਆਂ ਨਾਲ ਇਸ ਸਬੰਧੀ ਡੂੰਘੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿ ਇਸ ਵਿਵਾਦ ਵਿਚੋਂ ਕਿਵੇਂ ਨਿਕਲਿਆ ਜਾਵੇ। ਇਸ ਸਬੰਧੀ ਕੈਪਟਨ ਦੇ ਕਰੀਬੀਆਂ ਦਾ ਇਹ ਕਹਿਣਾ ਹੈ ਕਿ ਸ਼ਾਹਕੋਟ ਉਪ ਚੋਣ ਨੂੰ ਧਿਆਨ ਵਿਚ ਰੱਖਦਿਆਂ ਵਿਰੋਧੀ ਧਿਰ ਵਲੋਂ ਜਾਣ ਬੁੱਝ ਕੇ ਇਹ ਮੁੱਦਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਹਰਿਆਣਾ ਸਿਵਲ ਸਕੱਤਰੇਤ ਵਿਖੇ ਵੀ ਕੁਝ ਅਧਿਕਾਰੀ ਇਸ ਮਸਲੇ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਨਜ਼ਰੀਂ ਆਏ। ਸਕੱਤਰੇਤ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸੂਰਤ ‘ਤੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਸਰਕਾਰ ਦੀ ਬਜਰ ਗ਼ਲਤੀ ਸਾਬਿਤ ਹੋ ਸਕਦੀ ਹੈ ਪਰ ਜਦੋਂ ਤੱਕ ਉਹ ਉਕਤ ਦੋਵੇਂ ਕਿਤਾਬਾਂ ਨੂੰ ਵਾਚ ਨਹੀਂ ਲੈਂਦੇ, ਇਸ ਬਾਰੇ ਖੁੱਲ੍ਹੇ ਤੌਰ ‘ਤੇ ਟਿੱਪਣੀ ਨਹੀਂ ਕਰ ਸਕਦੇ। ਇਸ ਦੇ ਇਲਾਵਾ ਇੱਥੇ ਨਵੇਂ ਬਣੇ ਮੰਤਰੀਆਂ ਨੂੰ ਮਿਲਣ ਪੁੱਜੇ ਕਾਂਗਰਸੀ ਆਗੂ ਵੀ ਇਸ ਮਸਲੇ ‘ਤੇ ਗੱਲਬਾਤ ਕਰਦੇ ਰਹੇ। ਉੱਧਰ ਸਿੱਖਿਆ ਬੋਰਡ ਦੇ ਸਕੱਤਰ ਹਰਗੁਨਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਬੋਰਡ ਵਲੋਂ 11ਵੀਂ ਦੀ ਨਵੀਂ ਕਿਤਾਬ ਆਉਂਦੇ 10 ਦਿਨਾਂ ਵਿਚ ਵੈੱਬਸਾਈਟ ‘ਤੇ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੈੱਬਸਾਈਟ ‘ਤੇ ਪਾਉਣ ਮਗਰੋਂ ਕਿਤਾਬ ਛਪ ਕੇ ਵੀ ਜਲਦੀ ਹੀ ਆ ਜਾਵੇਗੀ, ਕਿਉਂਕਿ ਸਰਕਾਰ ਤੇ ਬੋਰਡ ਦਾ ਕਹਿਣਾ ਹੈ ਕਿ ਗੁਰ ਇਤਿਹਾਸ ਦੇ ਚੈਪਟਰ ਹਟਾਏ ਨਹੀਂ ਗਏ, ਬਲਕਿ ਬਾਰ੍ਹਵੀਂ ਦੀ ਬਜਾਏ ਗਿਆਰਵੀਂ ਦੀ ਕਿਤਾਬ ਵਿਚ ਪਾਏ ਹਨ।

ਹਰਸਿਮਰਤ ਨੇ ਵੀ ਸਾਧਿਆ ਵੱਲੋਂ ਮੁੱਖ ਮੰਤਰੀ ‘ਤੇ ਨਿਸ਼ਾਨਾ
ਲੁਧਿਆਣਾ/ਬਿਊਰੋ ਨਿਊਜ਼:
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਵਿੱਚ ਡਿਗਰੀ ਵੰਡ ਸਮਾਗਮ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਮੁੱਖ ਮੰਤਰੀ ਹੋਣ ਦੇ ਬਾਵਜੂਦ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਵਿੱਚੋਂ ਗੁਰ ਇਤਿਹਾਸ ਕੱਢਣ ਖ਼ਿਲਾਫ਼ ਕੋਈ ਐਕਸ਼ਨ ਨਹੀਂ ਲਿਆ। ਇਹ ਮੁੱਦਾ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਲੋਕਾਂ ਦੇ ਧਿਆਨ ਵਿੱਚ ਲਿਆਂਦਾ ਹੈ।  ਸ੍ਰੀਮਤੀ ਬਾਦਲ ਇੱਥੇ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।
ਕਾਨਵੋਕੇਸ਼ਨ ਦੌਰਾਨ ਬੀਟੈੱਕ, ਐਮਟੈੱਕ, ਐਮਬੀਏ, ਐਮਸੀਏ ਤੇ ਪੀਐਚ.ਡੀ ਦੇ 700 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ, ਜਦੋਂਕਿ 35 ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਗ਼ਮੇ ਦਿੱਤੇ ਗਏ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਤੇ ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਦੇ ਅਹੁਦੇਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸ੍ਰੀਮਤੀ ਬਾਦਲ ਨੇ ਕਿਹਾ ਦੇਸ਼ ਦੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ 12ਵੀਂ ਦੀ ਪੁਸਤਕ ਵਿੱਚੋਂ ਗੁਰ ਇਤਿਹਾਸ ਬਾਰੇ ਅਧਿਆਏ ਮਨਫ਼ੀ ਕਰਨ ਸਬੰਧੀ ਕਿਹਾ ਕਿ ਸੂਬੇ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਇਹ ਸਭ 5ਵੀਂ ਤੋਂ 12ਵੀਂ ਤੱਕ ਪੜ੍ਹਾਇਆ ਜਾਂਦਾ ਸੀ, ਜਿਸ ਨੂੰ ਕਾਂਗਰਸ ਸਰਕਾਰ ਨੇ ਬਿਲਕੁਲ ਮਨਫ਼ੀ ਕਰ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਤੇ ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਡਿਗਰੀਆਂ ਅਤੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ। ਸਮਾਗਮ ਦੇ ਅਖੀਰ ਵਿੱਚ ਡੀਨ ਅਕਾਡਮੀ ਡਾ. ਕੇ ਐੱਸ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ‘ਚ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਆਈਕੇਯੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਜੇ ਕੁਮਾਰ ਸ਼ਰਮਾ, ਡਾ. ਐੱਸ ਕੇ ਜੈਨ, ਡਾ. ਬੂਟਾ ਸਿੰਘ ਤੇ ਇੰਜਨੀਅਰ ਮੋਹਨਬੀਰ ਸਿੰਘ ਹਾਜ਼ਰ ਸਨ।
‘ਟੈਕਸਾਂ ਵਾਲੀ ਸਰਕਾਰ’  
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ‘ਟੈਕਸਾਂ ਵਾਲੀ ਸਰਕਾਰ’ ਬਣ ਗਈ ਹੈ ਅਤੇ ਪੰਜਾਬ ਦੀ ਜਨਤਾ ਨੂੰ ਲਾਏ ‘ਮਨਪ੍ਰੀਤ ਟੈਕਸ’ ਨੇ ਸਾਰੀ ਕਸਰ ਕੱਢ ਦਿੱਤੀ ਹੈ, ਕਿਉਂਕਿ ਇਸ ਟੈਕਸ ਦਾ ਭਾਰ ਹਰ ਪੰਜਾਬੀ ਉਪਰ ਪੈ ਰਿਹਾ ਹੈ। ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵਿਕਾਸ ਕਰਨ ਦੀ ਥਾਂ ਜਨਤਾ ਉੱਪਰ ਧੜਾਧੜ ਟੈਕਸ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੋ ਰਹੀ ਹੈ।