ਕੈਪਟਨ ਕਹਿੰਦਾ : ‘ਮੈਂ ਕੱਟੜਵਾਦ ਦਾ ਮੁੱਦਾ ਉਠਾਇਆ’

ਕੈਪਟਨ ਕਹਿੰਦਾ : ‘ਮੈਂ ਕੱਟੜਵਾਦ ਦਾ ਮੁੱਦਾ ਉਠਾਇਆ’

ਅੰਮ੍ਰਿਤਸਰ/ਬਿਊਰੋ ਨਿਊਜ਼:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਬਾਅਦ ਕਿਹਾ ਕਿ ਉਨ੍ਹਾਂ ਨੇ ਟਰੂਡੋ ਨਾਲ ਕੱਟੜਵਾਦ ਸਬੰਧੀ ਚਿੰਤਾਵਾਂ ਜਾਹਰ ਕੀਤੀਆਂ ਹਨ। ਇਸ ਮਸਲੇ ਉਤੇ ਉਨ੍ਹਾਂ (ਟਰੂਡੋ) ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਇਸ ਮਸਲੇ ਨੂੰ ਦੇਖਣਗੇ। ਇੱਥੋਂ ਦੇ ਤਾਜ ਹੋਟਲ ‘ਚ ਹੋਈ ਮੀਟਿੰਗ ਬਾਅਦ ਕੈਪਟਨ ਨੇ ਕਿਹਾ, ‘ਮੈਂ ਖਾਲਿਸਤਾਨ ਦਾ ਮੁੱਦਾ, ਜਿਹੜਾ ਕਿ ਬੜਾ ਅਹਿਮ ਹੈ, ਉਠਾਇਆ ਕਿਉਂਕਿ ਕਨੇਡਾ ਸਮੇਤ ਕਈ ਬਾਹਰਲੇ ਮੁਲਕਾਂ ਤੋਂ ਇਸ ਸਬੰਧੀ ਪੈਸਾ ਸਾਡੇ ਇੱਧਰ ਆਉਂਦਾ ਹੈ।’
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਹੋਈ ਲਗਭਗ 20 ਮਿੰਟਾਂ ਦੀ ਮੀਟਿੰਗ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਦੂਸਰੇ ਮੰਤਰੀ ਤੇ ਦੌਰੇ ਉੱਤੇ ਆਏ ਕਨੇਡੀਅਨ ਐਮ.ਪੀ.ਵੀ ਮੌਜੂਦ ਸਨ । ਕੈਪਟਨ ਨੇ ਸਭਨਾਂ ਨਾਲ ਹੱਥ ਮਿਲਾਇਆ ਤੇ ਹਾਲ ਚਾਲ ਪੁੱਛਿਆ।
ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਸਮਿਆਂ ਦੌਰਾਨ ਕਨੇਡਾ ਦੇ ਸਿੱਖ ਮੰਤਰੀਆਂ ਖ਼ਾਸ ਰੱਖਿਆ ਮੰਤਰੀ ਸੱਜਣ ਸਿੰਘ ਸਬੰਧੀ ਦਿੱਤੇ ਵਾਦ ਵਿਵਾਦੀ ਬਿਆਨਾਂ ਕਾਰਨ ਉਨ੍ਹਾਂ ਦੀ ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਕਾਤ ਬੇਯਕੀਨੀ ਜਾਪਦੀ ਸੀ। ਸੱਜਣ ਸਿੰਘ ਦੇ ਪਿਛਲੇ ਸਾਲ ਭਾਰਤ ਸਰਕਾਰੀ ਅਤੇ ਪੰਜਾਬ ਦੇ ਨਿੱਜੀ ਦੌਰੇ ਮੌਕੇ ਕੈਪਟਨ ਦੇ ਅੜੀਅਲ ਰਵੱਈਏ ਕਾਰਨ ਕੁੜਿਤਣ ਹੋਰ ਵੱਧ ਗਈ ਸੀ।
ਵਰਨਣਯੋਗ ਹੈ ਕਿ ਪਹਿਲਾਂ ਸ੍ਰੀ ਟਰੂਡੋ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਜ਼ਿਕਰ ਤੱਕ ਨਹੀਂ ਸੀ, ਜਿਸ ਪਿੱਛੋਂ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਮੀਟਿੰਗ ਲਈ ਜ਼ੋਰ ਦਿਤਾ ਸੀ।
ਸਿਰਫ਼ ਇਕ ਦਿਨ ਪਹਿਲਾਂ ਸੋਮਵਾਰ ਨੂੰ ਹੀ ਵਿਦੇਸ਼ ਮੰਤਰਾਲੇ ਦੇ ਵਧੀਕ ਪ੍ਰੋਟੋਕੋਲ ਅਧਿਕਾਰੀ ਨੇ ਮੁੱਖ ਮੁੰਤਰੀ ਪੰਜਾਬ ਦੇ ਦਫਤਰ ਨੂੰ ਭੇਜੇ ਸੁਨੇਹੇ ਵਿਚ ਮੁਲਾਕਾਤ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਦਾ ਖੁਲ੍ਹ ਕੇ ਸਵਾਗਤ ਕੀਤਾ ਸੀ।

ਜਸਟਿਨ ਟਰੂਡੋ ਦਿੱਲੀ ਰਵਾਨਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਅੰਮ੍ਰਿਤਸਰ ਫੇਰੀ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਜਿੱਥੇ ਉਹ ਅਪਣੇ ਦੌਰੇ ਦੇ ਅਗਲੇ ਪੜਾਅ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਮੁਲਕਾਤਾਂ ਦਾ ਸਿਲਸਿਲਾ ਜਾਰੀ ਰੱਖਣਗੇ।