ਗਿਆਨੀ ਗੁਰਮੁਖ ਸਿੰਘ ਨੇ ਜੀਂਦ ਵਿੱਚ ਹੈੱਡ ਗ੍ਰੰਥੀ ਵਜੋਂ ਸੰਭਾਲਿਆ ਅਹੁਦਾ

ਗਿਆਨੀ ਗੁਰਮੁਖ ਸਿੰਘ ਨੇ ਜੀਂਦ ਵਿੱਚ ਹੈੱਡ ਗ੍ਰੰਥੀ ਵਜੋਂ ਸੰਭਾਲਿਆ ਅਹੁਦਾ

ਬਠਿੰਡਾ/ਬਿਊਰੋ ਨਿਊਜ਼ :
ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਹਰਿਆਣਾ ਵਿੱਚ ਗੁਰਦੁਆਰਾ ਨੌਵੀਂ ਪਾਤਸ਼ਾਹੀ (ਜੀਂਦ) ਵਿੱਚ ਬਤੌਰ ਹੈੱਡ ਗ੍ਰੰਥੀ ਅਹੁਦਾ ਸੰਭਾਲ ਲਿਆ ਹੈ, ਜੋ ਸਾਬਕਾ ਜਥੇਦਾਰ ਦਾ ਬਾਗ਼ੀ ਰੁਖ ਠੰਢਾ ਹੋਣ ਦਾ ਸੰਕੇਤ ਹੈ। ਪਹਿਲਾਂ ਕਿਆਸਅਰਾਈਆਂ ਸਨ ਕਿ ਸਾਬਕਾ ਜਥੇਦਾਰ ਖੁੱਲ੍ਹ ਕੇ ਮੈਦਾਨ ਵਿੱਚ ਆਉਣਗੇ ਤੇ ਨਵਾਂ ਅਹੁਦਾ ਨਾ ਸੰਭਾਲਣ ਦੇ ਵੀ ਚਰਚੇ ਸਨ। ਸੂਤਰਾਂ ਅਨੁਸਾਰ ਗਿਆਨੀ ਗੁਰਮੁਖ ਸਿੰਘ ਨੂੰ ਦਮਦਮਾ ਸਾਹਿਬ ਵਾਲੀ ਸਰਕਾਰੀ ਰਿਹਾਇਸ਼ ਖਾਲੀ ਕਰਨ ਵਾਸਤੇ ਆਖ ਦਿੱਤਾ ਹੈ, ਜੋ ਅਜੇ ਤੱਕ ਉਨ੍ਹਾਂ ਨੇ ਖਾਲੀ ਨਹੀਂ ਕੀਤੀ ਹੈ।
ਜਾਣਕਾਰੀ ਅਨੁਸਾਰ ਗਿਆਨੀ ਗੁਰਮੁਖ ਸਿੰਘ ਨੇ ਹਰਿਆਣਾ ਵਿੱਚ ਬਤੌਰ ਹੈੱਡ ਗ੍ਰੰਥੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਜਥੇਦਾਰ ਨੇ ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਿਆ ਸੀ। ਸ਼੍ਰੋਮਣੀ ਕਮੇਟੀ ਦੀ 21 ਅਪ੍ਰੈਲ ਨੂੰ ਫਤਹਿਗੜ੍ਹ ਸਾਹਿਬ ਵਿੱਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਹ ਦਿੱਤਾ ਸੀ ਤੇ ਉਨ੍ਹਾਂ ਦਾ ਜੀਂਦ ਵਿੱਚ ਹੈੱਡ ਗ੍ਰੰਥੀ ਵਜੋਂ ਤਬਾਦਲਾ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਨੂੰ ਦਮਦਮਾ ਸਾਹਿਬ ਵਾਲੀ ਸਰਕਾਰੀ ਰਿਹਾਇਸ਼ ਖਾਲੀ ਕਰਨ ਵਾਸਤੇ ਆਖ ਦਿੱਤਾ ਹੈ ਜੋ ਹਾਲੇ ਤੱਕ ਉਨ੍ਹਾਂ ਨੇ ਖਾਲੀ ਨਹੀਂ ਕੀਤੀ ਹੈ। ਦਮਦਮਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ ਨੇ ਆਖਿਆ ਕਿ ਸਾਬਕਾ ਜਥੇਦਾਰ ਤੋਂ ਸ਼੍ਰੋਮਣੀ ਕਮੇਟੀ ਦੀ ਗੱਡੀ ਵਾਪਸ ਲੈ ਲਈ ਹੈ ਪਰ ਉਨ੍ਹਾਂ ਘਰ ਅਜੇ ਖਾਲੀ ਨਹੀਂ ਕੀਤਾ ਹੈ। ਐਸਐਸਪੀ ਬਠਿੰਡਾ ਨਵੀਨ ਸਿੰਗਲਾ ਦਾ ਕਹਿਣਾ ਹੈ ਕਿ ਦਮਦਮਾ ਸਾਹਿਬ ਵਿਖੇ ਜਥੇਦਾਰ ਦੀ ਰਿਹਾਇਸ਼ ‘ਤੇ ਪੁਲੀਸ ਗਾਰਦ ਤਾਇਨਾਤ ਰਹੇਗੀ ਤੇ ਬਾਕੀ ਸੁਰੱਖਿਆ ਵਾਪਸੀ ਬਾਰੇ ਉਹ ਚੈੱਕ ਕਰਕੇ ਦੱਸਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਪੁਸ਼ਟੀ ਕੀਤੀ ਕਿ ਗਿਆਨੀ ਗੁਰਮੁਖ ਸਿੰਘ ਨੇ ਜੀਂਦ ਵਿੱਚ ਬਤੌਰ ਹੈੱਡ ਗ੍ਰੰਥੀ ਆਪਣਾ ਅਹੁਦਾ ਸੰਭਾਲ ਲਿਆ ਹੈ ਤੇ ਅਹੁਦਾ ਸੰਭਾਲਣ ਮਗਰੋਂ ਸੂਚਨਾ ਵੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਰਿਹਾਇਸ਼ ਅਜੇ ਖਾਲੀ ਨਹੀਂ ਕੀਤੀ ਹੈ।
ਨਵੇਂ ਕਾਰਜਕਾਰੀ ਜਥੇਦਾਰ 4 ਮਈ ਨੂੰ ਸੰਭਾਲਣਗੇ ਸੇਵਾ :
ਦਮਦਮਾ ਸਾਹਿਬ ਦੇ ਨਵੇਂ ਲਾਏ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 4 ਮਈ ਨੂੰ ਦਮਦਮਾ ਸਾਹਿਬ ਵਿਖੇ ਪੁੱਜ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਮੋਹਨ ਸਿੰਘ ਬੰਗੀ ਨੇ ਦੱਸਿਆ ਕਿ ਨਵੇਂ ਜਥੇਦਾਰ ਦੀ 4 ਮਈ ਨੂੰ ਦਸਤਾਰਬੰਦੀ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਮੁਕਤਸਰ ਸਾਹਿਬ ਦੇ ਗੁਰਦੁਆਰੇ ਵਿਖੇ ਹੈੱਡ ਗ੍ਰੰਥੀ ਸਨ।