ਨੌਵੇਂ ਦਹਾਕੇ ਨੂੰ ਢੁੱਕੇ ਬਾਦਲ ਨੇ ਸਿਆਸੀ ਸਰਗਰਮੀਆਂ ਸੀਮਤ ਕਰਨ ਦੇ ਦਿੱਤੇ ਸੰਕੇਤ

ਨੌਵੇਂ ਦਹਾਕੇ ਨੂੰ ਢੁੱਕੇ ਬਾਦਲ ਨੇ ਸਿਆਸੀ ਸਰਗਰਮੀਆਂ ਸੀਮਤ ਕਰਨ ਦੇ ਦਿੱਤੇ ਸੰਕੇਤ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਵਿੱਖ ਵਿੱਚ ਸਿਆਸੀ ਸਰਗਰਮੀਆਂ ਸੀਮਤ ਕਰਨ ਦੇ ਸੰਕੇਤ ਦਿੱਤੇ ਹਨ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਉਮਰ ਦੇ ਨੌਵੇਂ ਦਹਾਕੇ ਨੂੰ ਢੁੱਕੇ ਸ੍ਰੀ ਬਾਦਲ ਨੇ ਕਿਹਾ ”ਮੇਰੀ ਸਿਹਤ ਹੁਣ ਠੀਕ ਨਹੀਂ ਰਹਿੰਦੀ, ਇਸ ਲਈ ਜ਼ਿਆਦਾ ਕੰਮ ਕਰਨ ਦੀ ਸਮਰੱਥਾ ਨਹੀਂ ਰਹੀ।” ਪਾਰਟੀ ਦੇ ਇਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ਸ੍ਰੀ ਬਾਦਲ ਵੱਲੋਂ ਕੀਤੇ ਪ੍ਰਗਟਾਵੇ ਦੀ ਪੁਸ਼ਟੀ ਕੀਤੀ ਹੈ। ਇਸ ਆਗੂ ਦਾ ਇਹ ਵੀ ਕਹਿਣਾ ਹੈ ਕਿ ਵੱਡੇ ਬਾਦਲ ਦੀ ਸਿਆਸਤ ਵਿੱਚ ਸਰਗਰਮੀ ਪਾਰਟੀ ਲਈ ਹੁਣ ਜ਼ਿਆਦਾ ਜ਼ਰੂਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਨੇਤਾ ਚੁਣੇ ਜਾਣਾ ਵੀ ਇਸ ਗੱਲ ਦਾ ਸੰਕੇਤ ਹੈ ਕਿ ਵੱਡੇ ਬਾਦਲ ਹੁਣ ਪਹਿਲਾਂ ਵਾਲੀ ਭੂਮਿਕਾ ਨਹੀਂ ਨਿਭਾਉਣਗੇ। ਪਾਰਟੀ ਦੇ ਇਸ ਵਾਰੀ 15 ਵਿਧਾਇਕ ਹੀ ਚੋਣ ਜਿੱਤ ਸਕੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਬਾਦਲ ਪਿਛਲੇ ਦਿਨੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਤੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ‘ਤੇ ਯਕਦਮ ਬਿਮਾਰ ਹੋ ਗਏ ਸਨ। ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਹੋਈ ਕਰਾਰੀ ਹਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ ਗਈ। ਵੱਡੇ ਬਾਦਲ ਵੱਲੋਂ ਸਰਗਰਮੀਆਂ ਘਟਾਉਣ ਤੇ ਛੋਟੇ ਬਾਦਲ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪਾਰਟੀ ਦੀ ਮੁਕੰਮਲ ਵਾਗਡੋਰ ਉਹ ਆਪਣੇ ਪੁੱਤਰ ਦੇ ਹੱਥ ਸੌਂਪਣੀ ਚਾਹੁੰਦੇ ਹਨ।
ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਹਾਰ ਦੇ ਕਾਰਨਾਂ ਨੂੰ ਮੁੱਖ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਉਪਜੇ ਲੋਕ ਰੋਹ ਨੂੰ ਦੱਸਿਆ। ਸੂਤਰਾਂ ਮੁਤਾਬਕ ਕੁੱਝ ਸੀਨੀਅਰ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਨੂੰ ਸੁਧਾਰਨ ਦਾ ਸਵਾਲ ਵੀ ਖੜ੍ਹਾ ਕੀਤਾ। ਰੇਤੇ ਬਜਰੀ ਤੇ ਹੋਰ ਕਈ ਤਰ੍ਹਾਂ ਦੇ ਮਾਫੀਆ ਕਾਰਨ ਗਠਜੋੜ ਸਰਕਾਰ ਦੀ ਬਦਨਾਮੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦੇ ਬੋਲਬਾਲੇ ਨੂੰ ਵੀ ਕਈਆਂ ਨੇ ਹਾਰ ਨਾਲ ਜੋੜਿਆ। ਅਕਾਲੀ ਨੇਤਾਵਾਂ ਨੇ ਮੀਟਿੰਗ ਦੌਰਾਨ ਮੰਨਿਆ ਕਿ ਦਲ ਵੱਲੋਂ ਵਿਕਾਸ ਦੇ ਨਾਮ ‘ਤੇ ਵੋਟਾਂ ਮੰਗਣ ਦਾ ਕੀਤਾ ਜਾ ਰਿਹਾ ਪ੍ਰਚਾਰ ਸਥਾਪਤੀ ਵਿਰੋਧੀ ਲਹਿਰ ਮੂਹਰੇ ਟਿਕ ਨਹੀਂ ਸਕਿਆ। ਸਰਕਾਰ ਵਿਰੁੱਧ ਲੋਕ ਰੋਹ ਨੂੰ ਅਕਾਲੀਆਂ ਨੇ ਵਿਰੋਧੀਆਂ ਵੱਲੋਂ ਕੀਤੇ ਤਿੱਖੇ ਪ੍ਰਾਪੇਗੰਡੇ ਦੇ ਰੂਪ ਵਿੱਚ ਦੇਖ ਕੇ ਸਬਰ ਕੀਤਾ। ਸੂਤਰਾਂ ਅਨੁਸਾਰ ਮਾਝਾ ਖਿੱਤੇ ਨਾਲ ਸਬੰਧਤ ਅਕਾਲੀ ਨੇਤਾਵਾਂ ਨੇ ਮਾਲਵੇ ਦੇ ਅਕਾਲੀ ਨੇਤਾਵਾਂ ਵੱਲੋਂ ਡੇਰਾ ਸਿਰਸਾ ਦੀ ਹਮਾਇਤ ਲੈਣ ਨੂੰ ਵੱਡਾ ਨੁਕਸਾਨ ਮੰਨਦਿਆਂ ਕਿਹਾ ਕਿ ਮਾਝੇ ਵਿੱਚ ਸਿੱਖ ਵੋਟ ਅਕਾਲੀ ਦਲ ਖ਼ਿਲਾਫ਼ ਭੁਗਤ ਗਈ। ਕੁਝ ਅਕਾਲੀ ਆਗੂਆਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿਚੋਂ ਭਾਜਪਾ ਦੇ ਹੱਕ ਵਿੱਚ ਵੋਟ ਨਾ ਭੁਗਤਣ ਕਾਰਨ ਵੀ ਗੱਠਜੋੜ ਦੇ ਉਮੀਦਵਾਰਾਂ ਨੂੰ ਨੁਕਸਾਨ ਝੱਲਣਾ ਪਿਆ।

ਘੁਬਾਇਆ ਪ੍ਰਤੀ ਰੁਖ਼ ਹੋਇਆ ਸਖ਼ਤ :
ਮੀਟਿੰਗ ਦੌਰਾਨ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਕੀਤੀ ਬਗਾਵਤ ਦੇ ਮੁੱਦੇ ‘ਤੇ ਸਖ਼ਤ ਰੁਖ਼ ਅਪਣਾਉਣ ਦੀ ਗੱਲ ਕੀਤੀ ਗਈ। ‘ਹਲਕਾ ਇੰਚਾਰਜਾਂ’ ਅਤੇ ਜਥੇਦਾਰਾਂ ਨੂੰ ਦਿੱਤੀਆਂ ਬੇਅਥਾਹ ਤਾਕਤਾਂ ਕਾਰਨ ਲੋਕਾਂ ਵਿੱਚ ਪੈਦਾ ਹੋਏ ਰੋਹ ਦਾ ਮਾਮਲਾ ਵੀ ਵਿਚਾਰਿਆ ਗਿਆ। ਮੀਟਿੰਗ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਰਟੀ ਆਗੂ ਗੁਰਬਚਨ ਸਿੰਘ ਦੀ ਹੱਤਿਆ ਦੀ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਬੀਬੀ ਉਪਿੰਦਰਜੀਤ ਕੌਰ ਅਤੇ ਬੀਬੀ ਜਗੀਰ ਕੌਰ ਹਾਜ਼ਰ ਸਨ। ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਵਿਧਾਇਕ ਦਲ ਦਾ ਨੇਤਾ ਤੇ ਪਵਨ ਕੁਮਾਰ ਟੀਨੂੰ ਨੂੰ ਚੀਫ਼ ਵਿੱਪ੍ਹ ਚੁਣਿਆ ਗਿਆ।
ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸੇ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਕਾਲੀ ਦਲ, ਪੰਜਾਬ ਦੇ ਲੋਕਾਂ ਵੱਲੋਂ ਇਨ੍ਹਾਂ ਚੋਣਾਂ ਵਿਚ ਦਿੱਤੇ ਗਏ ਫਤਵੇ ਨੂੰ ਪੂਰੀ ਨਿਮਰਤਾ ਤੇ ਇਮਾਨਦਾਰੀ ਨਾਲ ਪ੍ਰਵਾਨ ਕਰਦਾ ਹੈ। ਕਮੇਟੀ ਨੇ ਕਿਹਾ ਕਿ ਕੈਪਟਨ ਸਰਕਾਰ ਹੁਣ ਚੋਣ ਮੈਨੀਫੈਸਟੋ ਵਿਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਐਲਾਨ ਕਰੇ ਤੇ ਉਨ੍ਹਾਂ ਵਾਅਦਿਆਂ ‘ਤੇ ਕਮੇਟੀਆਂ ਦਾ ਪਰਦਾ ਨਾ ਪਾਵੇ। ਕੋਰ ਕਮੇਟੀ ਨੇ ਕਿਹਾ ਕਿ ਨਵੀਂ ਸਰਕਾਰ ਵੱਲੋਂ ਆਪਣੀ ਪਹਿਲੀ ਕੈਬਨਿਟ ਵਿਚ ਪਾਸ ਕੀਤੇ ਗਏ 120 ਦੇ ਕਰੀਬ ਮਤੇ ਪਹਿਲੀ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੇ ਦੁਹਰਾਅ ਤੋਂ ਵੱਧ ਕੁਝ ਵੀ ਨਹੀਂ ਹੈ। ਉਦਾਹਰਣ ਵਜੋਂ ਉਨ੍ਹਾਂ ਆਪਣੇ 120 ਫੈਸਲਿਆਂ ਵਿਚੋਂ ਇਕ ਵਿਚ ਕਿਹਾ ਹੈ ਕਿ ਨਸ਼ੇ ਦੀ ਗ੍ਰਿਫਤ ਵਿਚ ਫਸਣ ਵਾਲੇ ਨੌਜਵਾਨਾਂ ਨਾਲ ਹਮਦਰਦੀ ਵਾਲਾ ਵਤੀਰਾ ਰੱਖਿਆ ਜਾਵੇਗਾ। ਕੀ ਉਨ੍ਹਾਂ ਨਾਲ ਕਿਸੇ ਹੋਰ ਕਿਸਮ ਦਾ ਵਿਹਾਰ ਕੀਤਾ ਜਾਣਾ ਸੰਭਵ ਹੈ। ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਾ ਕਰਨ ਦਾ ਫੈਸਲਾ ਤਾਂ ਅਕਾਲੀ-ਭਾਜਪਾ ਸਰਕਾਰ ਪਹਿਲਾਂ ਹੀ ਇਕ ਕਾਨੂੰਨ ਬਣਾ ਕੇ ਕਰ ਚੁੱਕੀ ਹੈ। ਇਸੇ ਤਰ੍ਹਾਂ ਹੀ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਵੀ ਪਹਿਲਾਂ ਹੀ ਬਣਿਆ ਹੋਇਆ ਹੈ। ਇਸੇ ਤਰ੍ਹਾਂ ਹੀ ਸਾਰੇ ਸੁਵਿਧਾ ਕੇਂਦਰ ਪਹਿਲਾਂ ਹੀ ਕੰਪਿਊਟਰ ਤੇ ਇੰਟਰਨੈੱਟ ਸਹੂਲਤ ਨਾਲ ਲੈਸ ਹਨ।

ਬਾਦਲ ਨੂੰ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਦੀ ਭਾਲ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੋ ਦਹਾਕੇ ਬਾਅਦ ਰਾਜਧਾਨੀ ਚੰਡੀਗੜ੍ਹ ਵਿੱਚ ਸਰਕਾਰੀ ਰਿਹਾਇਸ਼ ਤੋਂ ਸੱਖਣਾ ਹੋਣਾ ਪੈ ਰਿਹਾ ਹੈ। ਸਾਬਕਾ ਮੁੱਖ ਮੰਤਰੀ ਇਨ੍ਹੀਂ ਦਿਨੀਂ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਦੀ ਤਲਾਸ਼ ਵਿੱਚ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦਾ ਰੁਤਬਾ ਨਾ ਮਿਲਣ ਕਰਕੇ ਸ੍ਰੀ ਬਾਦਲ ਵਿਰੋਧੀ ਧਿਰ ਦੇ ਨੇਤਾ ਨਾ ਬਣਨ ਦੀ ਹੈਸੀਅਤ ਵਿੱਚ ਅਧਿਕਾਰਤ ਤੌਰ ‘ਤੇ ਸਰਕਾਰੀ ਰਿਹਾਇਸ਼ ਹਾਸਲ ਨਹੀਂ ਕਰ ਸਕਦੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਨੂੰ ਚੰਡੀਗੜ੍ਹ ਵਿੱਚ ਪਸੰਦੀਦਾ ਸਰਕਾਰੀ ਰਿਹਾਇਸ਼ ਤੇ ਹੋਰ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ ਹੈ ਪਰ ਸ੍ਰੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ਕਸ਼ ਠੁਕਰਾਉਂਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਪਰ ਰਿਹਾਇਸ਼ ਦਾ ਪ੍ਰਬੰਧ ਉਹ ਖ਼ੁਦ ਕਰ ਲੈਣਗੇ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1997 ਤੋਂ 2002 ਦੀ ਹਕੂਮਤ ਦੌਰਾਨ ਸਾਬਕਾ ਮੁੱਖ ਮੰਤਰੀਆਂ ਨੂੰ ਰਾਜਧਾਨੀ ਵਿੱਚ ਘਰ ਦੇਣ ਲਈ ਕਾਨੂੰਨ ਬਣਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ 2002 ਵਿੱਚ ਸੱਤਾ ਵਿੱਚ ਆਉਣ ਮਗਰੋਂ ਇਹ ਕਾਨੂੰਨ ਖ਼ਤਮ ਕਰ ਕੇ ਸਾਬਕਾ ਮੁੱਖ ਮੰਤਰੀਆਂ ਦੀ ਸਹੂਲਤ ਖ਼ਤਮ ਕਰ ਦਿੱਤੀ ਸੀ। ਬਾਦਲ ਸਰਕਾਰ ਨੇ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸੁਰੱਖਿਆ ਦੇ ਆਧਾਰ ‘ਤੇ ਸੈਕਟਰ 2 ਵਿੱਚ ਸਰਕਾਰੀ ਕੋਠੀ ਅਲਾਟ ਕੀਤੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਸੱਤਾ ਤੋਂ 10 ਸਾਲ ਲਾਂਭੇ ਹੋਣ ਮਗਰੋਂ ਚੰਡੀਗੜ੍ਹ ਵਿੱਚ ਕਿਰਾਏ ਦੇ ਘਰ ਵਿਚ ਹੀ ਰਹਿੰਦੇ ਰਹੇ ਹਨ ਤੇ ਹੁਣ ਵੀ ਉਹ ਆਪਣਾ ਕੰਮ ਕਿਰਾਏ ਦੇ ਮਕਾਨ ਵਿਚੋਂ ਹੀ ਚਲਾ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ 1997 ਵਿੱਚ ਜਦੋਂ ਮੁੱਖ ਮੰਤਰੀ ਬਣੇ ਤਾਂ ਉਹ ਮੁੱਖ ਮੰਤਰੀ ਦੇ ਅਧਿਕਾਰਤ ਬੰਗਲੇ ਵਿੱਚ ਹੀ ਰਹੇ। ਸਾਲ 2002 ਵਿੱਚ ਭਾਵੇਂ ਉਹ ਸੱਤਾ ਤੋਂ ਲਾਂਭੇ ਹੋ ਗਏ ਪਰ ਵਿਰੋਧੀ ਧਿਰ ਦੇ ਨੇਤਾ ਹੋਣ ਕਰਕੇ ਸੈਕਟਰ ਦੋ ਵਿੱਚ ਸਰਕਾਰ ਨੇ ਉਨ੍ਹਾਂ ਨੂੰ ਕੋਠੀ ਅਲਾਟ ਕਰ ਦਿੱਤੀ ਸੀ। ਬਾਦਲ ਪਰਿਵਾਰ ਦੀ ਇੱਥੋਂ ਦੇ ਸੈਕਟਰ 9 ਵਿੱਚ ਆਪਣੀ ਰਿਹਾਇਸ਼ ਸੀ। ਇਹ ਘਰ 15 ਕੁ ਵਰ੍ਹੇ ਪਹਿਲਾਂ ਹੀ ਬਣਾਇਆ ਗਿਆ ਪਰ ਦੋ ਕੁ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਨਾਲ ਲੱਗਦਾ ਪਲਾਟ ਖ਼ਰੀਦ ਕੇ ਵੱਡੀ ਕੋਠੀ ਉਸਾਰਨੀ ਸ਼ੁਰੂ ਕਰ ਦਿੱਤੀ ਹੈ। ਬਾਦਲ ਪਰਿਵਾਰ ਦੀ ਇਹ ‘ਵੱਡੀ ਕੋਠੀ’ ਅਜੇ ਤਿਆਰ ਨਹੀਂ ਹੋਈ। ਇਸ ਤਰ੍ਹਾਂ ਆਪਣੀ ਰਿਹਾਇਸ਼ ਤਿਆਰ ਨਾ ਹੋਣ ਕਾਰਨ ਸ੍ਰੀ ਬਾਦਲ ਵੱਲੋਂ ਚੰਡੀਗੜ੍ਹ ਵਿੱਚ ਕਿਰਾਏ ਦੇ ਮਕਾਨ ਦੀ ਤਲਾਸ਼ ਕੀਤੀ ਜਾ ਰਹੀ ਹੈ।