‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਨੇ ਖੂਬ ਰੌਣਕਾਂ ਬੰਨ੍ਹੀਆਂ

‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਨੇ ਖੂਬ ਰੌਣਕਾਂ ਬੰਨ੍ਹੀਆਂ

ਫਰੀਮੌਂਟ/ਬਿਊਰੋ ਨਿਊਜ਼ :
ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਅਤੇ ਐਸ ਅਸ਼ੋਕ ਭੌਰਾ ਵਲੋਂ ਚੌਥਾ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਇਥੇ ਪੈਰਾਡਾਈਜ਼ ਬਾਲਰੂਮ ਵਿਚ ਕਰਵਾਇਆ ਗਿਆ। ਕੜਾਕੇ ਦੀ ਠੰਢ ਅਤੇ ਵਰ੍ਹਦੇ ਮੀਂਹ ਵਿਚ ਵੀ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਾਹਿਬ-ਏ-ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਆਗਮਨ ਪੁਰਬ ਮੌਕੇ ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਧਾਰਮਿਕ ਰੰਗ ਵਿਚ ਪੇਸ਼ ਕੀਤਾ ਗਿਆ। ਇਸ ਨੂੰ ਸੱਤੀ ਪਾਬਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਜੀਦ ਖਾਨ ਨੂੰ ਲਿਖੀ ਚਿੱਠੀ ਦਾ ਵਾਰ ਦੇ ਰੂਪ ਵਿਚ ਜੋਸ਼ ਨਾਲ ਗਾਇਨ ਕਰਕੇ ਸਾਰਿਆਂ ਨੂੰ ਸ਼ਰਧਾ ‘ਚ ਲੀਨ ਕਰ ਦਿੱਤਾ। ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਅਤੇ ਅਕਾਲ ਟੀ.ਵੀ. ਲੰਡਨ ਦੀ ਰੂਪ ਦਵਿੰਦਰ ਕੌਰ ਨੇ ਮੰਚ ਸੰਚਾਲਨ ਕੀਤਾ। ਗਾਇਕਾ ਜੋਤ ਰਣਜੀਤ ਨੇ ‘ਜੁਗਨੀ’ ਨਾਲ ਮਾਹੌਲ ਵਿਚ ਸੰਗੀਤਕ ਰੰਗ ਭਰ ਦਿੱਤਾ। ਅੰਮ੍ਰਿਤਪਾਲ ਸਰਾਂ ਨੇ ਵੀ ਵੱਖਰੇ ਅੰਦਾਜ਼ ਵਿਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਦਵਿੰਦਰ ਹੋਠੀ ਦੀ ਹਾਸਰਸ ਕਵਿਤਾ ਨੇ ਸਾਰਿਆਂ ਨੂੰ ਖੂਬ ਹਸਾਇਆ। ਗਾਇਕ ਮੰਗਾ ਧਾਲੀਵਾਲ, ਤਰਸੇਮ ਅਟਵਾਲ ਅਤੇ ਅਰਚਨਾ ਸਿੰਘ ਦਾ ਦੋਗਾਣਾ ਅਤੇ ਮੰਗਾ ਧਾਲੀਵਾਲ ਦਾ ਚਿੱਤਰਹਾਰ ਸਭ ਨੇ ਖੂਬ ਸਲ੍ਹਾਇਆ ਅਤੇ ਤਰਸੇਮ ਅਟਵਾਲ ਦਾ ਬੁਢਾਪੇ ‘ਚ ਜਵਾਨੀ ਵਾਲਾ ਭੰਗੜਾ ਵੀ ਕਾਫੀ ਚਰਚਾ ਖੱਟ ਗਿਆ। ਜਸਵਿੰਦਰ ਧਨੋਆ, ਸੋਨੂ ਰਾਣਾ ਅਤੇ ਜੱਸੀ ਕੌਰ ਦੀ ਹਾਸਰਸ ਸਕਿੱਟ ਨੇ ਵਰਤਮਾਨ ਪਾਖੰਡ ‘ਤੇ ਕਰਾਰੀ ਚੋਟ ਕੱਸੀ। ਦੱਖਣੀ ਭਾਰਤ ਦੇ ਸੂਬਿਆਂ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਉਡੀਸਾ ਅਤੇ ਉੱਤਰ ਪ੍ਰਦੇਸ਼ ਨਾਲ ਜੁੜੀਆਂ ਮੁਟਿਆਰਾਂ ਨੇ ਪੰਜਾਬੀ ਪਹਿਰਾਵੇ ਵਿਚ ‘ਮੁੰਡਾ ਰੁੱਸ ਕੇ ਜਲੇਬੀ ਵਾਂਗੂ ਵਲ ਖਾ ਗਿਆ’ ਨਾਲ  ਕੋਰੀਓਗ੍ਰਾਫੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
‘ਡਾਂਸ ਕ੍ਰਿਸ਼ਮਾ ਅਕੈਡਮੀ’ ਦੀ ਜਯਾ ਸ਼ਰਮਾ ਦੀ ਅਗਵਾਈ ਵਿਚ ਇਨ੍ਹਾਂ ਕੁੜੀਆਂ ਨੇ ‘ਲੰਘ ਆ ਜਾ ਪੱਤਣ ਝਨਾਅ ਦਾ ਓ ਯਾਰ’ ਵਰਗੇ ਅਮਰ ਪੰਜਾਬੀ ਲੋਕ ਗੀਤਾਂ ਦੀ ਵੀ ਸਲਾਹੁਣਯੋਗ ਪੇਸ਼ਕਾਰੀ ਕੀਤੀ। ‘ਆਪਣਾ ਸੰਗੀਤ’ ਦੇ ਅਨੂਪ ਚੀਮਾ ਨੇ ਖੂਬਸੂਰਤ ਗਿੱਧੇ ਅਤੇ ਭੰਗੜੇ ਦੇ ਸੁਮੇਲ ਵਿਚ ‘ਗਿੱਧਾ ਪਾਓ ਕੁੜੀਓ’ ਨਾਲ ਖੂਬ ਰੰਗ ਬੰਨ੍ਹਿਆ। ਨੌਜਵਾਨ ਗਾਇਕ ਧਰਮਵੀਰ ਥਾਂਦੀ ਨੇ ‘ਪਿੰਡਾਂ ਦੀਆਂ ਰਸੋਈਆਂ ਵਿਚੋਂ ਪੀਪੇ ਛਾਬੇ ਮੁੱਕ ਜਾਣੇ ਨੇ’ ਅਤੇ ‘ਤਾਹੀਓਂ ਹੁਣ ਮੁੱਕ ਚੱਲੇ ਬੰਦੇ ਚੰਗੀਆਂ ਨਸਲਾਂ ਦੇ’ ਨਾਲ ਇਕ ਤਰ੍ਹਾਂ ਨਾਲ ਅਜਿਹਾ ਰੰਗ ਬੰਨ੍ਹਿਆ ਕਿ ਉਸ ਦਾ ਹਰ ਸ਼ਬਦ ਹੀ ਸਰੋਤਿਆਂ ਦੇ ਧੁਰ ਅੰਦਰ ਤੱਕ ਉਤਰ ਗਿਆ। ਲੋਪੋਕੇ ਬ੍ਰਦਰਜ਼ ਦੇ ਲਖਵੀਰ ਸਿੰਘ ਅਤੇ ਰਜਿੰਦਰ ਸਿੰਘ ਨੇ ‘ਟੰਗੀਆਂ ਰਹਿ ਜਾਣਗੀਆਂ ਬਸ ਫਿਰ ਕੰਧਾਂ ‘ਤੇ ਤਸਵੀਰਾਂ’ ਅਤੇ ‘ਕਾਂਵਾਂ ਦੇ ਕਦੇ ਆਖੇ ਢੱਗੇ ਮਰਦੇ ਨਹੀਂ ਹੁੰਦੇ’ ਵਰਗੇ ਗੀਤਾਂ ਨਾਲ ਸੂਫੀਆਨਾ ਜੁਗਲਬੰਦੀ ਕੀਤੀ। ਗੀਤਮਾਲਾ ਦੀ ਸੋਨੀਆ ਚੇੜਾ, ਜੱਸੀ ਸਰਾਂ ਅਤੇ ਜਸਪ੍ਰੀਤ ਦੀ ਅਗਵਾਈ ਹੇਠ ‘ਨਾਨਕਾ ਦਾਦਕਾ ਮੇਲ ਦਾ ਮੁਕਾਬਲਾ’ ਅਤੇ ਗਿੱਧਾ ਪੇਸ਼ ਕਰਕੇ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਨੂੰ ਸੱਚੀਮੁੱਚੀਂ ਹੀ ਛਰਾਟੇ ਦਾ ਰੂਪ ਦੇ ਕੇ ਛਣਕਣ ਲਾ ਦਿੱਤਾ। ਪ੍ਰੋਗਰਾਮ ਦੇ ਆਖਰ ਵਿਚ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਨੇ ‘ਲੱਕ ਦੇ ਹੁਲਾਰਿਆਂ ਦਾ ਮੁੱਲ ਕੋਈ ਨਾ’, ‘ਦੁਪੱਟਾ’ ਅਤੇ ‘ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ’ ਵਰਗੇ ਅੱਧੀ ਦਰਜਨ ਗੀਤਾਂ ਨਾਲ ਪ੍ਰੋਗਰਾਮ ਨੂੰ ਸ਼ਿਖ਼ਰ ‘ਤੇ ਪਹੁੰਚਾ ਦਿੱਤਾ।
ਇਸ ਮੌਕੇ ਦੁਬਈ ਤੋਂ ਉਚੇਚੇ ਤੌਰ ‘ਤੇ ਪੁੱਜੇ ‘ਸਰਬੱਤ ਦਾ ਭਲਾ ਟਰੱਸਟ’ ਦੇ ਮੁਖੀ ਅਤੇ ਉੱਘੇ ਸਮਾਜ ਸੇਵੀ ਸ੍ਰ. ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਉਹ ਕਰੀਬ ਇਕ ਦਹਾਕੇ ਤੋਂ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜੇ ਹੋਏ ਹਨ। ‘ਛਣਕਾਟਾ ਵੰਗਾਂ ਦਾ’ ਪਰਿਵਾਰ, ਸੰਗੀਤਕ ਅਤੇ ਸਿਹਤਮੰਦ ਪੰਜਾਬੀ ਪ੍ਰੋਗਰਾਮ ਵੇਖ ਕੇ ਉਨ੍ਹਾਂ ਨੂੰ ਕਾਫ਼ੀ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪੰਜਾਬੀ ਜ਼ੁਬਾਨ, ਭਾਸ਼ਾ ਅਤੇ ਬੋਲੀ ਨੂੰ ਦੁਨੀਆ ਭਰ ਵਿਚ ਪ੍ਰਫੁੱਲਤ ਕਰਨ ਲਈ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਹਨ।
ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐੱਸ ਅਸ਼ੋਕ ਭੌਰਾ ਨੇ ਕਿਹਾ ਕਿ ਸ਼ੌਂਕੀ ਮੇਲੇ ਤੋਂ ਲੈ ਕੇ ਹੁਣ ਤੱਕ ਗਾਇਕਾਂ ਨਾਲ ਅਤੇ ਸਭਿਆਚਾਰਕ ਮੇਲਿਆਂ ਨਾਲ ਉਹ ਜੁੜੇ ਰਹੇ ਹਨ ਅਤੇ ਇਸ ਛਣਕਾਟਾ ਪ੍ਰੋਗਰਾਮ ਤੋਂ ਵਿਦਾਇਗੀ ਲੈਣੀ ਚਾਹੁੰਦੇ ਸਨ ਪਰ ਮੁਹੱਬਤ ਅਤੇ ਨਾਮੀ ਪੰਜਾਬੀਆਂ ਦੀ ਹੱਲਾਸ਼ੇਰੀ ਨੇ ਇਸ ਪ੍ਰੋਗਰਾਮ ਨੂੰ ਅਜੇ ਹੋਰ ਜਾਰੀ ਰੱਖਣ ਦਾ ਬਲ ਦੇ ਦਿੱਤਾ ਹੈ। ਉਨ੍ਹਾਂ ਪ੍ਰੋਗਰਾਮ ਦੇ ਸਾਰੇ ਕਲਾਕਾਰਾਂ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ।
ਉਨ੍ਹਾਂ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ, ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ, ਗਿਆਨੀ ਰਵਿੰਦਰ ਸਿੰਘ, ਕੁਲਵੰਤ ਸਿੰਘ ਨਿੱਝਰ, ਸੁਰਿੰਦਰ ਧਨੋਆ, ਰੇਅ ਵਾਲੀਆ, ਜੁਗਰਾਜ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਮੇਜਰ ਸਿੰਘ ਬਰਾੜ, ਅਮਰੀਕ ਚੰਦ ਲਾਖਾ, ਜਸਵੰਤ ਸਰਾਂ, ਚਰਨ ਸਿੰਘ ਭੰਡਾਲ, ਲਾਲੀ ਧਨੋਆ, ਕਸ਼ਮੀਰ ਧੁੱਗਾ, ਗੁਰਚਰਨ ਮਾਨ, ਸ੍ਰੀਮਤੀ ਜਸਵਿੰਦਰ ਕੌਰ, ਮਨਜੀਤ ਕੌਰ ਅਤੇ ਸਹੋਣ ਸਿੰਘ ਨਾਗਰਾ, ਸੰਤੋਖ ਸਿੰਘ ਜੱਜ, ਸੁਖਦੇਵ ਸਿੰਘ ਗਰੇਵਾਲ, ਸਤਨਾਮ ਸਿੰਘ ਬੱਲ, ਡਾ. ਹਰਮੇਸ਼ ਕੁਮਾਰ, ਰਾਮ ਮੂਰਤੀ ਸਰੋਏ, ਫਕੀਰ ਚੰਦ ਮਹਿਮੀ, ਸ਼ਸ਼ੀ ਪਾਲ, ਰਮੇਸ਼ ਸੁਮਨ, ਹਰਜਿੰਦਰ ਧਾਮੀ ਹਾਜ਼ਰ ਸਨ। ਮਨਜੀਤ ਚੇੜਾ, ਮਨਵੀਰ ਭੌਰਾ, ਬਲਜਿੰਦਰ ਸਿੰਘ ਪੱਟੀ, ਅਨਮੋਲ ਭੌਰਾ, ਰਾਜਾ ਨੂਰਪੁਰੀਆ ਨੇ ਪ੍ਰਬੰਧਕੀ ਕੰਮਾਂ ਵਿਚ ਅਹਿਮ ਭੂਮਿਕਾ ਨਿਭਾਈ।