ਫਰੀਮੌਂਟ ‘ਚ 8 ਜਨਵਰੀ ਨੂੰ ਹੋਵੇਗਾ ‘ਛਣਕਾਟਾ ਵੰਗਾਂ ਦਾ’

ਫਰੀਮੌਂਟ ‘ਚ 8 ਜਨਵਰੀ ਨੂੰ ਹੋਵੇਗਾ ‘ਛਣਕਾਟਾ ਵੰਗਾਂ ਦਾ’

ਤਿਆਰੀਆਂ ਵਿਚ ਜੁਟੇ ਕਲਾਕਾਰ
ਫਰੀਮੌਂਟ/ਬਿਊਰੋ ਨਿਊਜ਼ :
ਨਵੇਂ ਵਰ੍ਹੇ ਦੀ ਆਮਦ ‘ਤੇ 21 ਇੰਟਰਨੈਸ਼ਨਲ ਇੰਟਰਟੇਨਮੈਂਟ ਅਤੇ ਐੱਸ ਅਸ਼ੋਕ ਭੌਰਾ ਵਲੋਂ ਫਰੀਮੌਂਟ ਦੇ ਪੈਰਾਡਾਈਜ਼ ਬਾਲਰੂਮ ਵਿਖੇ 8 ਜਨਵਰੀ ਦਿਨ ਐਤਵਾਰ ਨੂੰ ਚੌਥਾ ‘ਛਣਕਾਟਾ ਵੰਗਾਂ ਦਾ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਵਿਚ ਕਲਾਕਾਰ ਜੁਟੇ ਹੋਏ ਹਨ। ਗਲੋਬਲ ਪੰਜਾਬ ਟੀ.ਵੀ. ਅਤੇ ਚੈਨਲ ਪੰਜਾਬੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਰੰਗਾ-ਰੰਗ ਪ੍ਰੋਗਰਾਮ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਅਤੇ ਅਕਾਲ ਚੈਨਲ ਲੰਡਨ ਵਲੋਂ ਵੀ ਪ੍ਰਸਾਰਤ ਕੀਤਾ ਜਾਵੇਗਾ। ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਨੂੰ ਸਮਰਪਿਤ ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਪੰਜਾਬ ਦੀ ਲੋਕ ਗਾਇਕਾ ਰਣਜੀਤ ਕੌਰ ਅਤੇ ਬਿੰਦਰਖੀਆ ਦਾ ਬੇਟਾ ਗੀਤਾਜ ਬਿੰਦਰਖੀਆ ਤਾਂ ਹਾਜ਼ਰ ਹੋਣਗੇ ਹੀ, ਸਗੋਂ ਪੰਜਾਬ ਦੀ ਯੁਵਾ ਗਾਇਕੀ ‘ਚ ਅਮਰੀਕਾ ਵਸਦੇ ਧਰਮਵੀਰ ਥਾਂਦੀ ਅਤੇ ਆਪਣਾ ਸੰਗੀਤ ਦੇ ਅਨੂਪ ਚੀਮਾ ਤੇ ਤਰਲੋਕ ਸਿੰਘ ਪੰਜਾਬ ਦੀ ਸੰਗੀਤਕ ਲੋਕ ਲਹਿਰ ਦੇ ਪੁਰਾਤਨ ਰੰਗ ਵਿਖਾਉਣਗੇ। ਮੰਗਜੀਤ ਮੰਗਾ, ਤਰਸੇਮ ਅਟਵਾਲ ਅਤੇ ਅਰਚਨਾ ਸਿੰਘ ਦੋਗਾਣਾ ਗਾਇਕੀ ਦਾ ਰੰਗ ਵਿਖਾਉਣਗੇ। ਜੋਤ ਰਣਜੀਤ, ਸੱਤੀ ਪਾਬਲਾ ਦੇ ਨਿਵੇਕਲੇ ਅੰਦਾਜ਼ ਵੀ ਸਮਾਰੋਹ ਦੀ ਖਾਸੀਅਤ ਰਹਿਣਗੇ। ਡਾਂਸ ਕ੍ਰਿਸ਼ਮਾ ਅਕੈਡਮੀ ਦੀ ਜਯਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਦੀਆਂ ਮੁਟਿਆਰਾਂ ਵਲੋਂ ਤਿਆਰ ਕੀਤੀ ਕੋਰੀਓਗ੍ਰਾਫੀ, ਗਿੱਧਾ ਆਪਣੇ ਆਪ ਵਿਚ ਖਾਸ ਹੋਵੇਗਾ। ਖਾਸ ਗੱਲ ਇਹ ਵੀ ਹੋਵੇਗੀ ਕਿ ਪੰਜਾਬ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਕਰਨ ਵਾਲੀਆਂ ਇਹ ਕੁੜੀਆਂ ਭਾਰਤ ਦੇ ਦੱਖਣੀ ਖਿੱਤੇ ਨਾਲ ਸਬੰਧਤ ਹਨ। ਜਯਾ ਸ਼ਰਮਾ ਨੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਅਪੀਲ ਕੀਤੀ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐੱਸ ਅਸ਼ੋਕ ਭੌਰਾ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਸਭਿਆਚਾਰਕ ਅਤੇ ਇਖਲਾਕੀ ਪੱਖ ਪੰਜਾਬ ਦੀ ਗਾਇਕੀ ਦੇ ਵਰਤਮਾਨ ਯੁੱਗ ਵਿਚ ਨਵੀਂ ਰੂਹ ਫੂਕਣਾ ਹੋਵੇਗਾ। ਇਹ ਪ੍ਰੋਗਰਾਮ ਕਰੀਬ ਪੰਜ ਘੰਟੇ ਚੱਲੇਗਾ। ਮੇਲੇ ਦੇ ਮੁੱਖ ਮਹਿਮਾਨ ਸਰਬੱਤ ਭਲਾ ਟਰੱਸਟ ਦੇ ਮੁਖੀ ਐਸ.ਪੀ. ਸਿੰਘ ਓਬਰਾਏ ਦੁਬਈ ਤੋਂ ਉਚੇਚੇ ਤੌਰ ‘ਤੇ ਪਹੁੰਣਗੇ ਅਤੇ ਉਨ੍ਹਾਂ ਦੇ ਨਾਲ ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਜੀ.ਕੇ. ਸਿੰਘ ਵੀ ਸ਼ਿਰਕਤ ਕਰਨਗੇ। ਅਕਾਲ ਚੈਨਲ ਦੀ ਐਂਕਰ ਰੂਪ ਦਵਿੰਦਰ ਕੌਰ ਅਤੇ ਕੁਲਦੀਪ ਮਾਣਕ ਦੀ ਬੇਟੀ ਸ਼ਕਤੀ ਮਾਣਕ ਇਸ ਪ੍ਰੋਗਰਾਮ ਦੀ ਸੰਚਾਲਨਾ ਲਈ ਰੂਹੇ ਰਵਾਂ ਹੋਣਗੀਆਂ। ਗਾਇਕਾ ਰਣਜੀਤ ਕੌਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ 510-695 -4836 ਜਾਂ 510-512-3401 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।