ਓਰੀਗਨ ਜੇਲ੍ਹ ‘ਚ ਬੰਦ ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਕੋਸ਼ਿਸ਼ਾਂ

ਓਰੀਗਨ ਜੇਲ੍ਹ ‘ਚ ਬੰਦ ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਕੋਸ਼ਿਸ਼ਾਂ

ਸਾਊਥ ਵੈਸਟ ਸਿੱਖ ਕਮਿਊਨਿਟੀ ਓਰੀਗਨ (ਇਨਸੈੱਟ : ਪਵਨੀਤ ਸਿੰਘ)
ਸਿਆਟਲ/ਬਿਊਰੋ ਨਿਊਜ਼ :
ਓਰੀਗਨ (ਅਮਰੀਕਾ) ਦੀ ਜੇਲ੍ਹ ਵਿਚ ਬੰਦ ਪੰਜਾਬੀ ਨੌਜਵਾਨਾਂ ਦੀ ਰਿਹਾਈ ਲਈ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਸਿਆਟਲ ਦੇ ਨਾਲ ਲਗਦੀ ਓਰੀਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਵਿਖੇ ‘ਸ਼ੈਰੀਡਨ ਫੈੱਡਰਲ ਜੇਲ੍ਹ’ ਵਿਚ ਇਹ 52 ਪੰਜਾਬੀ ਨੌਜਵਾਨ ਬੰਦ ਹਨ। ਇਸ ਜੇਲ੍ਹ ਦਾ ਨਾਂਅ ‘ਸ਼ੈਰੀਡਨ ਫੈੱਡਰਲ ਕੁਰੈਕਸ਼ਨਲ ਇੰਸਟੀਚਿਊਟ’ ਹੈ। ਇਸ ਸਬੰਧੀ ਸਾਊਥ ਵੈਸਟ ਸਿੱਖ ਕਮਿਊਨਿਟੀ ਓਰੀਗਨ ਦੇ ਮੁੱਖ ਬੁਲਾਰੇ ਪਵਨੀਤ ਸਿੰਘ ਨੇ ਦੱਸਿਆ ਕਿ ਉਹ ਸ਼ੈਰੀਡਨ ਜੇਲ੍ਹ ਗਏ ਸਨ ਤੇ ਜੇਲ੍ਹ ਦੇ ਬਾਹਰ ਤਕਰੀਬਨ 500 ਵਿਅਕਤੀ ਜੇਲ੍ਹ ‘ਚ ਬੰਦ ਪੰਜਾਬੀਆਂ ਦੀ ਮਦਦ ਕਰਨ ਲਈ ਇਕੱਠੇ ਹੋਏ ਸਨ ਜਿਨ੍ਹਾਂ ਵਿਚ 100 ਤੋਂ ਵਧੇਰੇ ਸਿੱਖ ਭਾਈਚਾਰੇ ਦੇ ਵਿਅਕਤੀ ਵੀ ਸ਼ਾਮਿਲ ਸਨ।
ਇਸ ਮੌਕੇ ਸਿੱਖ ਭਾਈਚਾਰੇ ਦੀ ਮਦਦ ਲਈ ਪੁੱਜੇ ਓਰੀਗਨ ਦੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਜੇਲ੍ਹ ਦੇ ਬਾਹਰ ਪ੍ਰਾਰਥਨਾ ਕੀਤੀ ਤੇ ਜੇਲ੍ਹ ‘ਚ ਬੰਦ ਵੱਖ-ਵੱਖ ਵਿਅਕਤੀਆਂ ਦੀ ਤੰਦਰੁਸਤੀ ਤੇ ਜਲਦੀ ਜੇਲ੍ਹ ਤੋਂ ਬਾਹਰ ਆਉਣ ਦੀ ਕਾਮਨਾ ਕੀਤੀ। ਇਸ ਮੌਕੇ ਇਕੱਠੇ ਹੋਏ ਸਾਰੇ ਵਿਅਕਤੀਆਂ ਲਈ ਓਰੀਗਨ ਦੇ ਗੁਰੂ ਘਰਾਂ ਵਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪਵਨੀਤ ਸਿੰਘ ਨੇ ਦੱਸਿਆ ਕਿ 100 ਦੇ ਕਰੀਬ ਵਿਅਕਤੀ ਜਿਨ੍ਹਾਂ ‘ਚ ਜ਼ਿਆਦਾ ਨੌਜਵਾਨ ਐਰੀਜੋਨਾ ਤੇ ਕੈਲੀਫੋਰਨੀਆ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਦੇ ਫੜੇ ਗਏ ਸਨ ਤੇ ਇਨ੍ਹਾਂ ਨੂੰ ਇਥੋਂ ਦੀ ਜੇਲ੍ਹ ‘ਚ ਲਿਆਂਦਾ ਗਿਆ ਹੈ, ‘ਚ 52 ਪੰਜਾਬੀ ਨੌਜਵਾਨ ਹਨ। ਉਨ੍ਹਾਂ ਦੱਸਿਆ ਕਿ ਓਰੀਗਨ ਦੇ ਗੁਰੂ ਘਰ ਗੁਰਦੁਆਰਾ ਗੁਰੂ ਰਾਮਦਾਸ ਜੀ ਵੈਨਕੂਵਰ, ਗੁਰਦੁਆਰਾ ਦਸਮੇਸ਼ ਦਰਬਾਰ ਆਫ਼ ਸੈਲਮ, ਗੁਰਦੁਆਰਾ ਸਿੱਖ ਸੈਂਟਰ ਓਟ ਓਰੀਗਨ ਵਲੋਂ ਸਾਂਝੇ ਤੌਰ ‘ਤੇ ਜੇਲ੍ਹ ‘ਚ ਬੰਦ ਪੰਜਾਬੀ ਨੌਜਵਾਨਾਂ ਨਾਲ ਮਿਲਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਅਜੇ ਤਕ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਓਰੀਗਨ ਸਟੇਟ ਦੇ ਗਵਰਨਰ ਨਾਲ ਕੈਂਟ ਬਰਾਊਨ ਅਤੇ ਸੈਨੇਟਰ ਜੈਫ ਮਾਰਕਲੀ ਤੇ ਸੈਨੇਟਰ ਰੋਨ ਵਾਈਡਨ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਅਸੀਂ ਜਲਦੀ ਇਕ ਵੱਡਾ ਵਫ਼ਦ ਲੈ ਕੇ ਪੰਜਾਬੀ ਨੌਜਵਾਨਾਂ ਨਾਲ ਮੁਲਾਕਾਤ ਕਰਾਂਗੇ।
ਪਵਨੀਤ ਸਿੰਘ ਨੇ ਕਿਹਾ ਕਿ ਜੇਲ੍ਹ ਅਥਾਰਿਟੀ ਦਾ ‘ਪੇਪਰ ਵਰਕ’ ਕਰਨ ਨੂੰ ਕੁਝ ਸਮਾਂ ਲੱਗ ਰਿਹਾ ਹੈ। ਉਨ੍ਹਾਂ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਜੇਲ੍ਹ ‘ਚ ਬੰਦ ਨੌਜਵਾਨਾਂ ‘ਤੇ ਕੋਈ ਅਣਮਨੁੱਖੀ ਤਸ਼ੱਦਦ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਧਿਆਨ ‘ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇਹ ਜ਼ਰੂਰ ਪਤਾ ਲੱਗਾ ਹੈ ਕਿ ਇਨ੍ਹਾਂ ਕੈਦੀਆਂ ਨੂੰ 24 ਘੰਟੇ ‘ਚੋਂ ਸਿਰਫ਼ 2 ਘੰਟੇ ਹੀ ਬੈਰਕਾਂ ਤੋਂ ਬਾਹਰ ਕੱਢਿਆ ਜਾਂਦਾ ਹੈ ਤੇ ਇਨ੍ਹਾਂ ਨੌਜਵਾਨਾਂ ਨੂੰ ਪੱਗਾਂ ਦੀ ਜਗ੍ਹਾ ਸਿਰਾਂ ‘ਤੇ ਬੰਨ੍ਹਣ ਲਈ ਪਟਕੇ ਵੀ ਨਹੀਂ ਮਿਲੇ, ਜੋ ਅਸੀਂ ਜੇਲ੍ਹ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਹੈ। ਜੇਲ੍ਹ ‘ਚ ਬੰਦ ਨੌਜਵਾਨਾਂ ਨੂੰ ਦੋ ਭਾਸ਼ੀਏ ਦੀ ਸਹੂਲਤ ਵੀ ਜਲਦੀ ਮਿਲ ਜਾਵੇਗੀ।
ਪਵਨੀਤ ਸਿੰਘ ਨੇ ਕਿਹਾ ਕਿ ਸਾਨੂੰ ਜੇਲ੍ਹ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਜੇਲ੍ਹ ‘ਚ ਸਜ਼ਾ ਕੱਟ ਰਹੇ ਅਪਰਾਧੀਆਂ ਨਾਲ ਰੱਖਿਆ ਗਿਆ ਹੈ ਪਰ ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ ਹੈ। ਸਰਹੱਦਾਂ ਤੋਂ ਫੜੇ ਵਿਅਕਤੀਆਂ  ਨੂੰ ਹਮੇਸ਼ਾ ਵੱਖਰਾ ਰੱਖਿਆ ਜਾਂਦਾ ਹੈ। ਇਹ ਮਾਮਲਾ ਵੀ ਅਸੀਂ ਗਵਰਨਰ ਹਾਊਸ ਕੋਲ ਉਠਾਵਾਂਗੇ। ਉਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਹੌਂਸਲਾ ਦਿੰਦਿਆ ਕਿਹਾ ਕਿ ਪੂਰੇ ਸਾਊਥ ਵੈਸਟ ਦੇ ਗੁਰੂ ਘਰ ਤੇ ਬਾਕੀ ਭਾਈਚਾਰਿਆਂ ਦੇ ਲੋਕ ਵੀ ਇਨ੍ਹਾਂ ਨੌਜਵਾਨਾਂ ਦੀ ਮਦਦ ‘ਤੇ ਹਨ।
ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਦੂਤਘਰ ਸਾਨਫਰਾਂਸਿਸਕੋ ਦਾ ਅਧਿਕਾਰੀ ਵੀ ‘ਸ਼ੈਰੀਡਨ ਫੈੱਡਰਲ ਜੇਲ੍ਹ’ ‘ਚ ਇਨ੍ਹਾਂ ਨੌਜਵਾਨਾਂ ਨਾਲ ਮੁਲਾਕਾਤ ਕਰਨ ਲਈ ਪੁੱਜਾ ਸੀ ਪਰ ਉਸ ਨੂੰ ਬਗ਼ੈਰ ਮੁਲਾਕਾਤ ਦੇ ਹੀ ਵਾਪਸ ਪਰਤਣਾ ਪਿਆ। ਹੁਣ ਕਾਗਜ਼ਾਤ ਪੂਰੇ ਕਰਨ ਤੋਂ ਬਾਅਦ ਅਧਿਕਾਰੀ ਦੁਬਾਰਾ ਇਸੇ ਹਫ਼ਤੇ ਆ ਸਕਦੇ ਹਨ।
ਇਸੇ ਦੌਰਾਨ ਸਿਆਟਲ ਦੀ ਸਮਾਜਸੇਵੀ ਜਥੇਬੰਦੀ ‘ਸੋਚ ਡਾਟ ਸੈਂਟਰ’ ਦੇ ਮੁੱਖ ਬੁਲਾਰੇ ਬਲਵੰਤ ਸਿੰਘ ਔਲਖ ਨੇ ਦੱਸਿਆ ਕਿ ਅਮਰੀਕਾ ਦੀ ਸਰਹੱਦ ਪਾਰ ਕਰਕੇ ਆਏ ਤਕਰੀਬਨ 150 ਭਾਰਤੀ ਜਿਨ੍ਹਾਂ ‘ਚ ਜ਼ਿਆਦਾ ਪੰਜਾਬੀ ਹਨ, ਸਿਆਟਲ ਦੇ ਨਾਲ ਲਗਦੇ ਸ਼ਹਿਰ ਟਕੋਮਾ ਦੀ ਜੇਲ੍ਹ (ਟਕੋਮਾ ਨਾਰਥ ਵੈਸਟ ਡਿਟੈਨਸ਼ਨ ਸੈਂਟਰ) ‘ਚ ਪਿਛਲੇ 6 ਮਹੀਨੇ ਤੋਂ ਬੰਦ ਹਨ। ਉਨ੍ਹਾਂ ਦੀ ਸੰਸਥਾ ਦੇ ਨੁਮਾਇੰਦੇ ਹਰ ਹਫ਼ਤੇ ਜੇਲ੍ਹ ‘ਚ ਜਾ ਕੇ ਇਨ੍ਹਾਂ ਵਿਅਕਤੀਆਂ ਨਾਲ ਕੌਂਸਲਿੰਗ ਕਰਦੇ ਹਨ, ਪਾਠ ਕਰਦੇ ਹਨ, ਅਰਦਾਸ ਹੁੰਦੀ ਹੈ ਤੇ ਹਰ ਹਫ਼ਤੇ ਇਨ੍ਹਾਂ ਨਾਲ ਮੁਲਾਕਾਤ ਕਰ ਕੇ ਇਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣਦੇ ਹਨ। ਇਨ੍ਹਾਂ ਨੂੰ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਵਾਉਂਦੇ ਹਨ। ਕਾਫ਼ੀ ਨੌਜਵਾਨ ਜੇਲ੍ਹ ਦੇ ਜੱਜ ਦੇ ਹੁਕਮਾਂ ਮੁਤਾਬਿਕ ਬਾਂਡ ਭਰ ਕੇ ਬਾਹਰ ਆ ਜਾਂਦੇ ਹਨ। ਇਹ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ ਪਰ ਅੱਜ ਤਕ ਜੇਲ੍ਹ ਵਿਚ ਕਿਸੇ ਨਾਲ ਅਣਮਨੁੱਖੀ ਤਸ਼ੱਦਦ ਜਾਂ ਹੋਰ ਕੋਈ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿਚ ਨਹੀਂ ਆਈ। ਉਨ੍ਹਾਂ ਕਿਹਾ ਕਿ ‘ਸ਼ੈਰੀਡਨ ਜੇਲ੍ਹ’ ਓਰੀਗਨ ‘ਚ ਬੰਦ ਨੌਜਵਾਨਾਂ ਦੀ ਮਦਦ ਲਈ ਉਨ੍ਹਾਂ ਦੀ ਸੰਸਥਾ ਲਗਾਤਾਰ ਸਾਊਥ ਵੈੱਸਟ ਦੇ ਸਿੱਖਾਂ ਦੇ ਸੰਪਰਕ ਵਿਚ ਹੈ ਤੇ ਇਨ੍ਹਾਂ ਨੌਜਵਾਨਾਂ ਤਕ ਪਹੁੰਚਣ ਦੇ ਤੇਜ਼ੀ ਨਾਲ ਯਤਨ ਕੀਤੇ ਜਾ ਰਹੇ ਹਨ।
ਨੌਜਵਾਨਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵਾਸ਼ਿੰਗਟਨ ਸਟੇਟ ਵੀ ਸਰਗਰਮ ਹੈ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੀ ਹੰਗਾਮੀ ਮੀਟਿੰਗ ਪ੍ਰਧਾਨ ਚੇਤ ਸਿੰਘ ਸਿੱਧੂ ਦੀ ਪ੍ਰਧਾਨਗੀ ‘ਚ ਹੋਈ। ਇਸ ਦੌਰਾਨ ‘ਸ਼ੈਰੀਡਨ ਜੇਲ੍ਹ’ ਓਰੀਗਨ ਵਿਖੇ ਬੰਦ 52 ਪੰਜਾਬੀਆਂ ਦੀ ਮਦਦ ਕਰ ਰਹੇ ਸਾਊਥ ਵੈਸਟ ਦੇ ਗੁਰੂ ਘਰਾਂ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਕੀਤੀ ਜਾ ਕਾਰਵਾਈ ‘ਤੇ ਤਸੱਲੀ ਪ੍ਰਗਟ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਹਰ ਤਰ੍ਹਾਂ ਦੀ ਮਦਦ ਇਨ੍ਹਾਂ ਜਥੇਬੰਦੀਆਂ ਦੀ ਕਰੇਗਾ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸਰਪ੍ਰਸਤ ਸੁਖਮਿੰਦਰ ਸਿੰਘ (ਸੁੱਖੀ ਰੱਖੜਾ), ਯੂਥ ਅਕਾਲੀ ਦਲ ਦੇ ਸਟੇਟ ਪ੍ਰਧਾਨ ਗੁਰਵਿੰਦਰ ਸਿੰਘ ਮੁੱਲਾਂਪੁਰ, ਸੀਨੀਅਰ ਮੀਤ ਪ੍ਰਧਾਨ ਗੁਰਲਾਲ ਸਿੰਘ ਬਰਾੜ, ਗੁਰਮੇਲ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਸਿੰਘ ਢਿੱਲੋਂ ਮੀਤ ਪ੍ਰਧਾਨ, ਪਰਮਿੰਦਰ ਸਿੰਘ ਰੁੜਕਾ ਸਰਪੰਚ ਸਕੱਤਰ ਆਦਿ ਹੋਰ ਮੈਂਬਰ ਵੀ ਹਾਜ਼ਰ ਸਨ।