ਧੀ ਗੁਆਉਣ ਵਾਲੀ ਮਾਂ ਦੀ ਟਰੰਪ ਨੂੰ ਫਰਿਆਦ : ‘ਬੰਦੂਕ ਸਭਿਆਚਾਰ ਨੂੰ ਪਾਈ ਜਾਵੇ ਠੱਲ’

ਧੀ ਗੁਆਉਣ ਵਾਲੀ ਮਾਂ ਦੀ ਟਰੰਪ ਨੂੰ ਫਰਿਆਦ : ‘ਬੰਦੂਕ ਸਭਿਆਚਾਰ ਨੂੰ ਪਾਈ ਜਾਵੇ ਠੱਲ’

ਫਲੋਰਿਡਾ ਗੋਲੀਬਾਰੀ ਕਾਂਡ
ਵਾਸ਼ਿੰਗਟਨ/ਬਿਊਰੋ ਨਿਊਜ਼:
ਪਾਰਕਲੈਂਡ ਦੇ ਸਕੂਲ ‘ਚ ਬੁੱਧਵਾਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ‘ਚ ਆਪਣੀ ਧੀ ਗੁਆਉਣ ਵਾਲੀ ਲੋਰੀ ਅਲਹਾਦੇਫ ਨੇ ਹੰਝੂ ਕੇਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਮੰਗ ਕੀਤੀ ਹੈ ਕਿ ਉਹ ਬੰਦੂਕ ਸੱਭਿਆਚਾਰ ਬਾਰੇ ਕੋਈ ਕਦਮ ਚੁੱਕੇ। ‘ਰਾਸ਼ਟਰਪਤੀ ਟਰੰਪ, ਕ੍ਰਿਪਾ ਕਰਕੇ ਕੁਝ ਕਰੋ। ਹੁਣੇ ਐਕਸ਼ਨ ਲੈਣ ਦੀ ਲੋੜ ਹੈ। ਇਨ੍ਹਾਂ ਬੱਚਿਆਂ ਨੂੰ ਹੁਣੇ ਸੁਰੱਖਿਆ ਦੀ ਲੋੜ ਹੈ।’ ਕੌਮ ਦੇ ਨਾਮ ਆਪਣੇ ਸੰਬੋਧਨ ‘ਚ ਟਰੰਪ ਨੇ ਬੰਦੂਕ ਹਿੰਸਾ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਅਜਿਹੀਆਂ ਘਟਨਾਵਾਂ ਲਈ ਮਾਨਸਿਕ ਸਿਹਤ ਨਾਲ ਜੁੜੇ ਮੁੱਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਇਕ ਵਾਰ ਵੀ ‘ਬੰਦੂਕ’ ਜਾਂ ‘ਹਥਿਆਰਾਂ’ ਜਿਹੇ ਸ਼ਬਦਾਂ ਦੀ ਵਰਤੋਂ ਤਕ ਨਹੀਂ ਕੀਤੀ। ਹੰਝੂ ਕੇਰਦੀ ਲੋਰੀ ਨੇ ਚੀਕ ਕੇ ਮਾਈਕ ‘ਚ ਰਾਸ਼ਟਰਪਤੀ ਨੂੰ ਕਿਹਾ ਕਿ ਉਹ ਮੁਲਕ ‘ਚੋਂ ਘਾਤਕ ਬੰਦੂਕ ਦੀ ਫੈਲੀ ਮਹਾਮਾਰੀ ਦਾ ਕੋਈ ਹੱਲ ਕੱਢਣ ਜਿਸ ਨੇ ਉਸ ਦੀ ਧੀ ਦੀ ਜ਼ਿੰਦਗੀ ਲੈ ਲਈ ਹੈ। ਸਕੂਲ ‘ਚ ਮਾਰੇ ਗਏ 17 ਵਿਅਕਤੀਆਂ ‘ਚ ਲੋਰੀ ਦੀ ਧੀ ਅਲੀਸਾ (14) ਵੀ ਸ਼ਾਮਲ ਸੀ। ਉਸ ਨੇ ਸਵਾਲ ਦਾਗੇ ਕਿ ਬੰਦੂਕਧਾਰੀ ਨੂੰ ਬੱਚਿਆਂ ਦੇ ਸਕੂਲ ‘ਚ ਕਿਵੇਂ ਆਉਣ ਦਿੱਤਾ ਗਿਆ? ਉਹ ਸੁਰੱਖਿਆ ਤੋਂ ਬੱਚ ਕੇ ਕਿਵੇਂ ਜਾਂਦੇ ਹਨ? ਇਹ ਕਿਹੋ ਜਿਹੀ ਸੁਰੱਖਿਆ ਹੈ? ਉਸ ਨੇ ਦੱਸਿਆ ਕਿ ਪਾਗਲ ਬੰਦੂਕਧਾਰੀ ਸਕੂਲ ‘ਚ ਦਾਖ਼ਲ ਹੋਇਆ ਅਤੇ ਉਸ ਦੀ ਧੀ ਦੇ ਦਰਵਾਜ਼ੇ ਦੇ ਸ਼ੀਸ਼ੇ ਨੂੰ ਤੋੜ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਥਾਂ ‘ਤੇ ਹੀ ਮਾਰ ਦਿੱਤਾ। ਉਧਰ ਟਰੰਪ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਕੂਲ ਭਿਆਨਕ ਹਿੰਸਾ ਤੇ ਨਫ਼ਰਤ ਦਾ ਅਖਾੜਾ ਬਣ ਗਿਆ ਜੋ ਬੇਕਸੂਰ ਬੱਚਿਆਂ ਅਤੇ ਦੇਖਭਾਲ ਕਰਨ ਵਾਲੇ ਅਧਿਆਪਕਾਂ ਨਾਲ ਭਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਅਮਰੀਕੀ ਸਕੂਲ ‘ਚ ਕੋਈ ਵੀ ਬੱਚਾ ਅਤੇ ਅਧਿਆਪਕ ਖਤਰੇ ‘ਚ ਨਹੀਂ ਪੈਣਾ ਚਾਹੀਦਾ।

ਮੁਲਜ਼ਮ ਵਿਦਿਆਰਥੀ ਨੇ ਗੁਨਾਹ ਕਬੂਲਿਆ
ਪਾਰਕਲੈਂਡ: ਫਲੋਰਿਡਾ ਹਾਈ ਸਕੂਲ ਦੇ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ ਨੇ ਸਕੂਲ ‘ਚ ਕੀਤੀ ਗਈ ਗੋਲੀਬਾਰੀ ਦਾ ਗੁਨਾਹ ਕਬੂਲ ਲਿਆ ਹੈ। ਉਧਰ ਐਫਬੀਆਈ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ 19 ਵਰ੍ਹਿਆਂ ਦੇ ਬੰਦੂਕਧਾਰੀ ਬਾਰੇ ਸੂਹ ਮਿਲ ਗਈ ਸੀ ਪਰ ਉਹ ਉਸ ਨੂੰ ਰੋਕਣ ‘ਚ ਨਾਕਾਮ ਰਹੇ। ਜੱਜ ਮੂਹਰੇ ਵੀਡਿਓ ਲਿੰਕ ਰਾਹੀਂ ਪੇਸ਼ ਹੋਏ ਕਰੂਜ਼ ਨੂੰ 17 ਹੱਤਿਆਵਾਂ ਲਈ ਦੋਸ਼ੀ ਠਹਿਰਾਇਆ ਹੈ। ਦਸਤਾਵੇਜ਼ਾਂ ਮੁਤਾਬਕ ਕਰੂਜ਼ ਦੁਪਹਿਰ 2 ਵੱਜ ਕੇ 19 ਮਿੰਟ ‘ਤੇ ਸਕੂਲ ਅੰਦਰ ਦਾਖ਼ਲ ਹੋਇਆ ਅਤੇ ਤਿੰਨ ਮਿੰਟ ਤੋਂ ਘੱਟ ਸਮੇਂ ਅੰਦਰ ਉਸ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ 2 ਵਜ ਕੇ 28 ਮਿੰਟ ‘ਤੇ ਉਹ ਕੈਂਪਸ ‘ਚੋਂ ਚਲਾ ਗਿਆ। ਕਰੂਜ਼ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਰਾਈਫਲ ਨੂੰ ਸੁੱਟ ਦਿੱਤਾ ਸੀ ਤਾਂ ਜੋ ਉਹ ਭੀੜ ‘ਚ ਸ਼ਾਮਲ ਹੋ ਕੇ ਮੌਕੇ ਤੋਂ ਫ਼ਰਾਰ ਹੋ ਸਕੇ। ਗੋਲੀਬਾਰੀ ਮਗਰੋਂ ਉਹ ਵਾਲ-ਮਾਰਟ ਅਤੇ ਫਿਰ ਮੈਕਡੋਨਲਡਜ਼ ‘ਚ ਰੁਕਿਆ ਪਰ 40 ਮਿੰਟਾਂ ਮਗਰੋਂ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ।