ਯੁਗ ਪੁਰਸ਼ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ

ਯੁਗ ਪੁਰਸ਼ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ   ਪ੍ਰਕਾਸ਼ ਪੁਰਬ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ

ਮਿਲਪੀਟਸ/ਬਿਊਰੋ ਨਿਊਜ਼:
ਕਲਿਯੁਗ ਦੇ ਅਵਤਾਰ ਅਤੇ ਸਿਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰੂ ਦਰਬਾਰ ਬੇ ਏਰੀਆ ਮਿਲਪੀਟਸ ਵਿਖੇ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਮਨਾਇਆ ਗਿਆ । ਸੰਗਤਾਂ ਬੜੇ ਚਾਅ ਅਤੇ ਸ਼ਰਧਾ ਨਾਲ ਬਾਬੇ ਨਾਨਕ ਦੀ ਸੋਚ ਅਤੇ ਫਲਸਫੇ ਦੇ ਪਹਿਰਾ ਦਿੰਦਿਆ ਹੋਈਆਂ ਗੁਰੂ ਘਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ । ਸਵੇਰ ਤੋਂ ਹੀ ਸੰਗਤਾਂ ਨੇ ਗੁਰੂ ਘਰ ਵਿਖੇ ਹਾਜਰੀ ਲਗਵਾਈ । ਇਸ ਖਾਸ ਮੌਕੇ ਤੇ ਸ. ਮਨਪ੍ਰੀਤ ਸਿੰਘ ਬਦੇਸ਼ਾ, ਸ. ਬਲਿਹਾਰ ਸਿੰਘ , ਸ. ਰਜਿੰਦਰ ਸਿੰਘ ਰਣੀਆ ਅਤੇ ਸ. ਗੁਰਵਿੰਦਰ ਸਿੰਘ  ਵਲੋਂ  ਅਰੰਭੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ।
ਕੀਰਤਨ ਦਰਬਾਰ ਦੀ ਆਰੰਭਤਾ ਗੁਰੂ ਘਰ ਵਿਖੇ ਚਲ ਰਹੇ ਖਾਲਸਾ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਕਰਕੇ ਕੀਤੀ । ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸੁਖਦੇਵ ਸਿੰਘ ਜੀ ਅਤੇ ਭਾਈ ਡਾ ਰਵਿੰਦਰ ਸਿੰਘ ਵਲੋਂ ਭਾਈ ਗੁਰਦਾਸ ਜੀ ਦੁਆਰਾ  ਗੁਰੂ ਨਾਨਕ ਦੇਵ ਜੀ ਬਾਰੇ ਉਚਾਰੀਆਂ ਵਾਰਾਂ ਅਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ।
ਗੁਰੂ ਘਰ ਦੇ ਗ੍ਰੰਥੀ ਭਾਈ ਕਮਲਜੀਤ ਸਿੰਘ ਨੇ ਗੁਰੂ ਸਾਹਿਬ ਦੇ ਦਿੱਤੇ ਇਕ ਪ੍ਰਮਾਤਮਾ ਦੇ  ਸਿਧਾਂਤ ”ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਤੇ ਪਹਿਰਾ ਦੇਣ  ਦੀ ਤਾਕੀਦ ਸੰਗਤਾਂ ਨੂ ਕੀਤੀ ।
ਇਸ ਮੋਕੇ ਗੁਰੂ ਘਰ ਦੇ ਅਦਦ ਸੇਵਕ ਭਾਈ ਜਸਵੰਤ ਸਿੰਘ ਹੋਠੀ ਨੇ ਸਿਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮੇਂ ਰਹਿੰਦਿਆਂ ਸਾਨੂੰ ਜਾਗ ਜਾਣਾ ਚਾਹੀਦਾ ਹੈ ਨਹੀ ਤਾਂ ਸੰਸਾਰ ਨਾਲੋ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ ਤੇ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮੁਆਫ ਨਹੀ ਕਰਨਗੀਆਂ । ਉਨ੍ਹਾਂ ਮੌਜੂਦਾ ਦੇ ਹਾਲਾਤ ਬਾਰੇ ਕਿਹਾ ਕਿ ਪੰਜਾਬ ਦੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਗਏ ਸ਼ਬਦ ਗੁਰੂ ਦੇ ਸਿਧਾਂਤ ਤੇ ਬੜੀ ਚਲਾਕੀ ਨਾਲ ਹਮਲਾ ਹੋ ਰਿਹਾ ਹੈ ਤੇ ਸਮੇ ਦੀਆਂ ਸਰਕਾਰਾਂ ਅਜਿਹੀਆਂ ਪੰਥ ਵਿਰੋਧੀ ਸ਼ਕਤੀਆਂ ਦਾ ਡਟ ਕੇ ਸਾਥ ਦੇ ਰਹੀਆਂ ਹਨ । ਆਓ ਅਸੀਂ ਭੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਕਰਕੇ ਸਮੇ ਦੇ ਚੈਲੰਜ ਨੂੰ ਸਵੀਕਾਰ ਕਰਨ ਦਾ ਹੌਂਸਲਾ ਦਿਖਾਈਏ।
ਇਸ ਮੌਕੇ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ।