ਟਰੰਪ ਨੇ ਉੱਤਰੀ ਕੋਰੀਆ ਉੱਤੇ ਵੀ ਯਾਤਰਾ ਪਾਬੰਦੀਆਂ ਲਾਈਆਂ

ਟਰੰਪ ਨੇ ਉੱਤਰੀ ਕੋਰੀਆ ਉੱਤੇ ਵੀ ਯਾਤਰਾ ਪਾਬੰਦੀਆਂ ਲਾਈਆਂ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰੀਆ ਸਣੇ ਅੱਠ ਮੁਲਕਾਂ ਦੇ ਨਾਗਰਿਕਾਂ ਉਤੇ ਯਾਤਰਾ ਪਾਬੰਦੀ ਬਾਰੇ ਨਵੇਂ ਹੁਕਮ ਜਾਰੀ ਕੀਤੇ ਹਨ। ਆਲੋਚਕਾਂ ਵੱਲੋਂ ‘ਮੁਸਲਿਮ ਪਾਬੰਦੀ’ ਗਰਦਾਨੀ ਜਾ ਰਹੀ ਇਸ ਯਾਤਰਾ ਪਾਬੰਦੀ ਵਾਲੀ ਸੂਚੀ ਵਿੱਚ ਵਾਧਾ ਕੀਤਾ ਗਿਆ ਹੈ।
ਸ਼ੁਰੂ ਵਿੱਚ ਮੁਸਲਿਮ ਬਹੁਗਿਣਤੀ ਵਾਲੇ ਛੇ ਮੁਲਕਾਂ ਤੋਂ ਯਾਤਰਾ ਉਤੇ ਪਾਬੰਦੀ ਸੀ। ਹੁਣ ਇਨ੍ਹਾਂ ਹੁਕਮਾਂ ਦੀ ਮਿਆਦ ਮੁੱਕਣ ਉਤੇ ਟਰੰਪ ਨੇ ਨਵੇਂ ਹੁਕਮ ਜਾਰੀ ਕੀਤੇ ਹਨ। 18 ਅਕਤੂਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਵਿੱਚ ਸੋਮਾਲੀਆ, ਯਮਨ, ਸੀਰੀਆ, ਲਿਬੀਆ ਤੇ ਇਰਾਨ ਤੋਂ ਇਲਾਵਾ ਉੱਤਰੀ ਕੋਰੀਆ, ਚਾਡ ਅਤੇ ਵੈਨੇਜ਼ੁਏਲਾ ਨੂੰ ਸ਼ਾਮਲ ਕੀਤਾ ਗਿਆ ਹੈ। ਟਰੰਪ ਦੇ ਅਸਲ ਯਾਤਰਾ ਪਾਬੰਦੀ ਵਾਲੇ ਹੁਕਮ ਉਤੇ ਉਨ੍ਹਾਂ ਦੇ ਰਾਸ਼ਟਰਪਤੀ ਵਜੋਂ ਮੁੱਢਲੇ ਦਿਨਾਂ ਵਿੱਚ ਐਕਜ਼ੀਕਿਊਟਿਵ ਹੁਕਮ ਵਜੋਂ ਦਸਤਖ਼ਤ ਕੀਤੇ ਗਏ ਸਨ। ਨਵੀਂ ਸੂਚੀ ਵਿੱਚ ਸੂਡਾਨ ਨੂੰ ਛੱਡ ਦਿੱਤਾ ਗਿਆ ਅਤੇ ਇਰਾਕੀ ਨਾਗਰਿਕਾਂ ਨੂੰ ਵਾਧੂ ਨਿਗਰਾਨੀ ਵਿੱਚੋਂ ਲੰਘਣਾ ਪਵੇਗਾ ਪਰ ਉਨ੍ਹਾਂ ਉਤੇ ਪੂਰੀ ਤਰ੍ਹਾਂ ਮਨਾਹੀ ਨਹੀਂ ਹੋਵੇਗੀ।
ਰਾਸ਼ਟਰਪਤੀ ਨੇ ਕਿਹਾ, ”ਹੋਮਲੈਂਡ ਸੁਰੱਖਿਆ ਵਿਭਾਗ ਵੱਲੋਂ ਕੀਤੀ ਵਿਸਤ੍ਰਿਤ ਸਮੀਖਿਆ ਮਗਰੋਂ ਅਸੀਂ ਅਮਰੀਕੀਆਂ ਦੀ ਸੁਰੱਖਿਆ ਲਈ ਕਦਮ ਚੁੱਕ ਰਹੇ ਹਾਂ। ਅਸੀਂ ਪਿਛਲੀਆਂ ਨਾਕਾਮ ਨੀਤੀਆਂ ਨੂੰ ਜਾਰੀ ਨਹੀਂ ਰੱਖ ਸਕਦੇ।”