ਟਰੰਪ ਨੂੰ ਮੁਸਲਮਾਨਾਂ ਬਾਰੇ ਜਾਣਕਾਰੀ ਦੇਣ ਤੋਂ ਫੇਸਬੁੱਕ ਨੇ ਕੀਤਾ ਇਨਕਾਰ

ਟਰੰਪ ਨੂੰ ਮੁਸਲਮਾਨਾਂ ਬਾਰੇ ਜਾਣਕਾਰੀ ਦੇਣ ਤੋਂ ਫੇਸਬੁੱਕ ਨੇ ਕੀਤਾ ਇਨਕਾਰ

ਨਿਊ ਯਾਰਕ/ਬਿਊਰੋ ਨਿਊਜ਼ :
ਟਵਿੱਟਰ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਜਾਇੰਟ ਫੇਸਬੁੱਕ ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁਸਲਿਮ ਬਹੁ-ਆਬਾਦੀ ਵਾਲੇ ਮੁਲਕਾਂ ਤੋਂ ਅਮਰੀਕਾ ਆ ਕੇ ਵਸੇ ਪਰਵਾਸੀਆਂ ਸਬੰਧੀ ਡੇਟਾਬੇਸ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੱਕਰਬਰਗ ਨੇ ਕਿਹਾ ਕਿ ਉਹ ਇਸ ਕੰਮ ਵਿੱਚ ਸਰਕਾਰ ਦੀ ਕੋਈ ਮਦਦ ਨਹੀਂ ਕਰਨਗੇ। ਫੇਸਬੁੱਕ, ਐਪਲ ਤੇ ਗੂਗਲ ਸਮੇਤ ਵਿਸ਼ਵ ਦੀਆਂ ਨੌਂ ਪ੍ਰਮੁੱਖ ਕੰਪਨੀਆਂ ਵਿਚੋਂ ਟਵਿੱਟਰ ਨੇ ਸਭ ਤੋਂ ਪਹਿਲਾਂ ਟਰੰਪ ਨੂੰ ਇਨਕਾਰ ਕੀਤਾ ਸੀ। ਸੀਐਨਐਨਮਨੀ ਦੀ ਰਿਪੋਰਟ ਮੁਤਾਬਕ ਸਰਕਾਰੀ ਤੌਰ ‘ਤੇ ਅਜੇ ਤਕ ਕਿਸੇ ਨੇ ਫੇਸਬੁੱਕ ਨਾਲ ਰਾਬਤਾ ਨਹੀਂ ਕੀਤਾ, ਪਰ ਕੰਪਨੀ ਨੇ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਹੈ।
ਸੋਸ਼ਲ ਮੀਡੀਆ ਕੰਪਨੀਆਂ ਦਾ ਹਾਲਾਂਕਿ ਅਜਿਹਾ ਕੋਈ ਡੇਟਾਬੇਸ ਇਕੱਤਰ ਜਾਂ ਬਣਾਉਣ ਦਾ ਕੋਈ ਇਰਾਦਾ ਨਹੀਂ ਹੁੰਦਾ ਜਦਕਿ ਡੇਟਾ ਬ੍ਰੋਕਰਜ਼ ਕੋਲ ਯੂਜ਼ਰਜ਼ (ਲੋਕ) ਇੰਟਰਨੈੱਟ ‘ਤੇ ਕੀ ਵੇਖਦੇ ਹਨ ਇਸ ਦੀ ਜਾਣਕਾਰੀ ਜ਼ਰੂਰ ਹੁੰਦੀ ਹੈ। ਪਰ ਸਾਲ 2014 ਦੀ ਫੈਡਰਲ ਟਰੇਡ ਕਮਿਸ਼ਨ ਦੀ ਰਿਪੋਰਟ ਤੋਂ ਸਾਹਮਣੇ ਆਇਆ ਸੀ ਕਿ ਇਹ ਕੰਪਨੀਆਂ ਯੂਜ਼ਰਜ਼ ਦੀ ਉਨ੍ਹਾਂ ਦੀ ਨਸਲ, ਜਾਤ ਤੇ ਧਾਰਮਿਕ ਸਬੰਧਾਂ ਸਮੇਤ ਹੋਰਨਾਂ ਖੂਬੀਆਂ ਦੇ ਆਧਾਰ ‘ਤੇ ਰੂਪਰੇਖਾ (ਪ੍ਰੋਫਾਈਲ) ਤਿਆਰ ਕਰਦੀਆਂ ਹਨ। ਯਾਦ ਰਹੇ ਕਿ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਪਹਿਲਾਂ ਅਮਰੀਕਾ ਵਿਚ ਰਹਿੰਦੇ ਮੁਸਲਮਾਨਾਂ ਦਾ ਡੇਟਾ ਤਿਆਰ ਕਰਨ ਦੀ ਤਜਵੀਜ਼ ਰੱਖੀ ਤੇ ਮਗਰੋਂ ਇਸ ਅਰਬਾਂਪਤੀ ਕਾਰੋਬਾਰੀ ਨੇ ਲੱਖਾਂ ਮੁਸਲਮਾਨਾਂ ਨੂੰ ਅਮਰੀਕਾ ਵਿਚੋਂ ਬਾਹਰ ਕਰਨ ਦੀ ਗੱਲ ਵੀ ਕਹੀ ਸੀ।
ਰਿਪੋਰਟ ਮੁਤਾਬਕ ਹਜ਼ਾਰਾਂ ਤਕਨੀਕੀ ਕਾਮਿਆਂ ਨੇ ‘ਨੈਵਰਅਗੇਨ.ਟੈੱਕ’ ‘ਤੇ ਸਹੁੰ ਖਾਂਦਿਆਂ ਨਸਲ ਜਾਂ ਧਰਮ ਦੇ ਆਧਾਰ ‘ਤੇ ਕਿਸੇ ਤਰ੍ਹਾਂ ਦਾ ਡੇਟਾ ਨਾ ਬਣਾਉਣ ਦੀ ਪ੍ਰਤਿੱਗਿਆ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪੋ ਆਪਣੀਆਂ ਕੰਪਨੀਆਂ ਵਿਚ ਨੈਤਿਕ ਡੇਟਾ ਇਕੱਤਰ ਕੀਤੇ ਜਾਣ ਦੀ ਵਕਾਲਤ ਕਰਨਗੇ। ਉਧਰ ਡੈਮੋਕਰੈਟਿਕ ਪਾਰਟੀ ਨਾਲ ਸਬੰਧਤ ਕਾਂਗਰਸ ਮੈਂਬਰਾਂ ਤੇ ਸੱਜੇ ਪੱਖੀ ਜਥੇਬੰਦੀ ਨੇ ਟਰੰਪ ਦੇ ਉਪਰੋਕਤ ਡੇਟਾ ਬੇਸ ਬਣਾਉਣ ਦੀ ਨਿਖੇਧੀ ਕੀਤੀ ਹੈ।