ਦੋ ਚੋਣ ਸਰਵੇਖਣਾਂ ਵੱਲੋਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਹਾਰ ਦੀ ਭਵਿੱਖਬਾਣੀ

ਦੋ ਚੋਣ ਸਰਵੇਖਣਾਂ ਵੱਲੋਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਹਾਰ ਦੀ ਭਵਿੱਖਬਾਣੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਦੇ ਪੰਜ ਰਾਜਾਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਦੋ ਚੋਣ ਸਰਵੇਖਣਾਂ ‘ਚ ਤਿੰਨ ਅਹਿਮ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਹਾਰ ਦੀ ਭਵਿੱਖਬਾਣੀ ਕੀਤੀ ਗਈ ਹੈ। ਸਰਵੇਖਣ ਮੁਤਾਬਕ ਰਾਜਸਥਾਨ ‘ਚ ਕਾਂਗਰਸ ਸਰਕਾਰ ਬਣਾ ਸਕਦੀ ਹੈ। ਸੀ-ਵੋਟਰ ਅਤੇ ਸੀ-ਫੋਰ ਨੇ ਕਾਂਗਰਸ ਪਾਰਟੀ ਨੂੰ ਕਰੀਬ-ਕਰੀਬ 50 ਫ਼ੀਸਦੀ ਵੋਟ ਸ਼ੇਅਰ ਦਿੰਦਿਆਂ ਰਾਜਸਥਾਨ (200 ਸੀਟਾਂ) ‘ਚੋਂ ਕ੍ਰਮਵਾਰ 142 ਅਤੇ 124-138 ਸੀਟਾਂ ਦਿੱਤੀਆਂ ਹਨ। ਸੀਵੋਟਰ ਨੇ ਭਾਜਪਾ ਨੂੰ ਰਾਜਸਥਾਨ ਵਿਚ ਸਿਰਫ 56 ਸੀਟਾਂ ਦਿੱਤੀਆਂ ਹਨ। ਮੁੱਖ ਮੰਤਰੀ ਅਹੁਦੇ ਲਈ ਸੂਬਾ ਪ੍ਰਧਾਨ ਸਚਿਨ ਪਾਇਲਟ ਨੂੰ ਭਾਜਪਾ ਦੀ ਵਸੁੰਧਰਾ ਰਾਜੇ ਨਾਲੋਂ ਵੱਧ ਤਰਜੀਹ ਦਿੱਤੀ ਗਈ ਹੈ। ਸੀ-ਫੋਰ ਨੇ ਸਿਰਫ਼ ਰਾਜਸਥਾਨ ਦਾ ਸਰਵੇਖਣ ਕੀਤਾ ਹੈ ਪਰ ਸੀਵੋਟਰ ਨੇ ਭਾਜਪਾ ਸ਼ਾਸਿਤ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾਵਾਂ ਦਾ ਚੋਣ ਸਰਵੇਖਣ ਵੀ ਕੀਤਾ ਹੈ ਜਿਸ ‘ਚ ਕਾਂਗਰਸ ਨੂੰ ਅੱਗੇ ਦਰਸਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਪਿਛਲੇ 15 ਸਾਲਾਂ ਤੋਂ ਸੱਤਾ ‘ਚ ਹੈ। ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ‘ਚ ਕਿਹਾ ਗਿਆ ਹੈ ਕਿ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਹੇਰ-ਫੇਰ ਨਾਲ ਦੋਵੇਂ ਮੁੱਖ ਪਾਰਟੀਆਂ ‘ਚੋਂ ਕੋਈ ਵੀ ਅੱਗੇ ਨਿਕਲ ਸਕਦੀ ਹੈ ਕਿਉਂਕਿ ਦੋਵੇਂ ਪ੍ਰਮੁੱਖ ਪਾਰਟੀਆਂ ਦੇ ਵੋਟ ਸ਼ੇਅਰ ‘ਚ ਮਾਮੂਲੀ ਫਰਕ ਦਿਖਾਇਆ ਗਿਆ ਹੈ। ਮੱਧ ਪ੍ਰਦੇਸ਼ ਦੀਆਂ 230 ਸੀਟਾਂ ‘ਚੋਂ ਕਾਂਗਰਸ ਨੂੰ 122 ਸੀਟਾਂ ‘ਤੇ ਅੱਗੇ ਦਿਖਾਇਆ ਗਿਆ ਹੈ ਜਦਕਿ ਛੱਤੀਸਗੜ੍ਹ (90) ‘ਚ ਉਨ੍ਹਾਂ ਨੂੰ 47 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਭਾਜਪਾ ਨੂੰ ਦੋਵੇਂ ਸੂਬਿਆਂ ‘ਚ ਕ੍ਰਮਵਾਰ 108 ਅਤੇ 40 ਸੀਟਾਂ ‘ਤੇ ਸਿਮਟਦਿਆਂ ਦੱਸਿਆ ਗਿਆ ਹੈ। ਸੀ ਫੋਰ ਸਰਵੇਖਣ ‘ਚ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ‘ਚੋਂ ਪਾਇਲਟ, ਗਹਿਲੋਤ ਅਤੇ ਰਾਜੇ ਨੂੰ ਵੋਟਰਾਂ ਨੇ ਕ੍ਰਮਵਾਰ ਤਰਜੀਹ ਦਿੱਤੀ ਹੈ। ਸੀਵੋਟਰ ਦੇ ਸਰਵੇਖਣ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਛੱਤੀਸਗੜ੍ਹ ਦੇ ਰਮਨ ਸਿੰਘ ਵੋਟਰਾਂ ਦੀ ਪਸੰਦ ਦੱਸੇ ਗਏ ਹਨ। ਸੀ ਫੋਰ ਨੇ ਰਾਜਸਥਾਨ ‘ਚ 5788 ਵੋਟਰਾਂ ਜਦਕਿ ਸੀਵੋਟਰ ਨੇ ਤਿੰਨ ਸੂਬਿਆਂ ‘ਚ 26196 ਵੋਟਰਾਂ ਦੀ ਰਾਏ ਨਾਲ ਸਰਵੇਖਣ ਤਿਆਰ ਕੀਤਾ ਹੈ।