ਪੰਜਾਬ ਵਿਚ ਆਮ ਆਦਮੀ ਪਾਰਟੀ ਪਈ ‘ਮੜ੍ਹੀਆਂ ਦੇ ਰਾਹ’

ਪੰਜਾਬ ਵਿਚ ਆਮ ਆਦਮੀ ਪਾਰਟੀ ਪਈ ‘ਮੜ੍ਹੀਆਂ ਦੇ ਰਾਹ’

ਕੇਜਰੀਵਾਲ ਨੇ ਭਗਵੰਤ ਮਾਨ ਨੂੰ ਅਸਤੀਫਾ ਵਾਪਸ ਲੈਣ ਲਈ ਕੀਤਾ ਰਾਜ਼ੀ
ਪੰਥਕ ਜਥੇਬੰਦੀਆਂ ਤੇ ਪ੍ਰਵਾਸੀ ਪੰਜਾਬੀ ਭਾਈਚਾਰਾ ਖਹਿਰੇ ਵੱਲ ਝੁਕਿਆ
ਔਰਤ ਵਿੰਗ ਨੇ ਖਹਿਰਾ ਵਿਰੁੱਧ ਕੱਢੀ ਭੜਾਸ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਵਲੋਂ ਭੁਲੱਥ ਦੇ ਵਿਧਾਇਕ ਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਕੀਤੀ ਗਈ ਬਠਿੰਡਾ ਵਿਖੇ ਕਾਨਫ਼ਰੰਸ ਤੋਂ  ਬਾਅਦ ‘ਆਪ’ ਪਾਰਟੀ ਦਾ ਅੰਦਰੂਨੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ।
ਚਾਹੇ ਬਠਿੰਡਾ ਦੀ ਕਾਨਫਰੰਸ ਗਿਣਤੀ ਦੇ ਪੱਖੋਂ ਪ੍ਰਭਾਵਸ਼ਾਲੀ ਸੀ ਪਰ ਇਸ ਵਿਚ ਜਿੰਨੇ ਵਿਧਾਇਕਾਂ ਦੇ ਪੁੱਜਣ ਦੀ ਉਮੀਦ ਕੀਤੀ ਜਾ ਰਹੀ ਸੀ, ਓਨੇ ਨਹੀਂ ਪਹੁੰਚੇ। ਇਸ ਵਿਚ ਖਹਿਰਾ ਸਮੇਤ ਸਿਰਫ਼ 7 ਵਿਧਾਇਕਾਂ ਨੇ ਹੀ ਸ਼ਮੂਲੀਅਤ ਕੀਤੀ। ਇਸੇ ਹੀ ਦਿਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਸੀ। ਉਥੇ 12 ਵਿਧਾਇਕ ਪੁੱਜੇ, ਜਦੋਂ ਕਿ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਇਸ ਸਿਆਸਤ ਤੋਂ ਦੂਰ ਹੀ ਰਹੇ। ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ 20 ਵਿਧਾਇਕ ਹਨ ਪਰ ਖਹਿਰਾ ਵਲੋਂ ਬੁਲਾਈ ਕਾਨਫਰੰਸ ਦਾ ਭਰਵਾਂ ਇਕੱਠ ‘ਆਪ’ ਅਤੇ ਕੇਜਰੀਵਾਲ ਲਈ ਵੱਡਾ ਚੈਲਿੰਜ ਬਣਿਆ ਹੋਇਆ ਹੈ। ਗੜ੍ਹਸ਼ੰਕਰ ਤੋਂ ਐਮਐਲਏ ਜੈ ਸਿੰਘ ਰੌੜੀ ਵੀ ਦੋਬਾਰਾ ਖਹਿਰੇ ਦੀ ਹਮਾਇਤ ਵਿਚ ਡਟ ਗਏ ਹਨ।
ਪੰਥਕ ਜਥੇਬੰਦੀਆਂ ਦਾ ਵੀ ਝੁਕਾਅ ਖਹਿਰੇ ਵਲ ਹੁੰਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਖਹਿਰੇ ਦਾ ਸਟੈਂਡ ਸਪੱਸ਼ਟ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਨਵੀਆਂ ਸੰਭਾਵਨਾਵਾਂ ਤੇ ਗੱਠਜੋੜ ਪ੍ਰਗਟ ਹੋ ਸਕਦੇ ਹਨ ਤੇ ਪੰਥਕ ਧਿਰਾਂ ਇਸ ਗੱਠਜੋੜ ਦਾ ਹਿੱਸਾ ਬਣ ਸਕਦੀਆਂ ਹਨ। ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜਿੰਨਾ ਚਿਰ ਤੱਕ ਖਹਿਰਾ ਆਪਣਾ ਪੰਥ ਤੇ ਪੰਜਾਬ ਬਾਰੇ ਸਟੈਂਡ ਕਲੀਅਰ ਨਹੀਂ ਕਰਦੇ, ਓਨਾ ਚਿਰ ਤੱਕ ਉਨ੍ਹਾਂ ਨੂੰ ਸਹਿਯੋਗ ਦੇਣ ਬਾਰੇ ਨਹੀਂ ਸੋਚਿਆ ਜਾ ਸਕਦਾ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਪੰਥਕ ਜਥੇਬੰਦੀਆਂ ਦੀ ਖਹਿਰਾ ਗਰੁੱਪ ਨਾਲ ਨੇੜਤਾ ਦਾ ਆਧਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਬਣ ਸਕਦੀਆਂ ਹਨ।
ਯਾਦ ਰਹੇ ਕਿ  ਖਹਿਰਾ ਨੇ ਬਰਗਾੜੀ ਇਨਸਾਫ ਮੋਰਚੇ ਦੇ ਧਰਨੇ ਵਿਚ ਜਾ ਕੇ ਉਨ੍ਹਾਂ ਨੂੰ ਸਮਰਥਨ ਦਿੱਤਾ ਸੀ ਅਤੇ ਹੁਣ ਰੈਲੀ ਦੌਰਾਨ ਉਨ੍ਹਾਂ ਨੇ ਬਹਿਬਲ ਗੋਲੀ ਕਾਂਡ ਵਿਚ ਵੀ ਸਖਤ ਸਟੈਂਡ ਲੈਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਖਹਿਰਾ ਦਾ ਰੈਫਰੰਡਮ 2020 ਨੂੰ ਲੈ ਕੇ ਆਇਆ ਬਿਆਨ ਵੀ ਸੁਰਖੀਆਂ ਵਿਚ ਰਿਹਾ ਸੀ। ਹਾਲਾਂਕਿ ਖਹਿਰਾ ਨੇ ਇਸ ‘ਤੇ ਸਫਾਈ ਦਿੱਤੀ ਸੀ। ਸਰਬੱਤ ਖਾਲਸਾ ਦੇ ਇਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਵੀ ਖਹਿਰਾ ਦੇ ਸਟੈਂਡ ਦਾ ਦੱਬੀ ਆਵਾਜ਼ ਵਿਚ ਸਮਰਥਨ ਕੀਤਾ ਗਿਆ ਹੈ।
ਯਾਦ ਰਹੇ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਲੋਕ ਰਵਾਇਤੀ ਪਾਰਟੀਆਂ ਤੋਂ ਬਦਜ਼ਨ ਹੋ ਕੇ ਇਕ ਤੀਸਰੇ ਬਦਲ ਦੀ ਭਾਲ ਵਿਚ ਸਨ। ਇਸ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਕਾਫ਼ੀ ਹੁੰਗਾਰਾ ਮਿਲਿਆ ਸੀ। ਇਹ ਵੀ ਉਮੀਦ ਕੀਤੀ ਜਾਣ ਲੱਗੀ ਸੀ ਕਿ ਇਹ ਪਾਰਟੀ ਚੋਣ ਮੈਦਾਨ ਵਿਚੋਂ ਸਫ਼ਲ ਹੋ ਕੇ ਉੱਭਰੇਗੀ ਪਰ ਹਾਈਕਮਾਂਡ ਲੀਡਰਾਂ ਦੀਆਂ ਅਨੇਕਾਂ ਅੰਦਰੂਨੀ ਖਾਮੀਆਂ ਤੇ ਲੱਗੇ ਦੋਸ਼ਾਂ ਕਾਰਨ ਚੋਣਾਂ ਦੌਰਾਨ ਹੀ ਪੰਜਾਬੀਆਂ ਦਾ ਇਸ ਪਾਰਟੀ ਤੋਂ ਮੋਹ ਭੰਗ ਹੋ ਗਿਆ ਸੀ ਤੇ ਬਹੁਗਿਣਤੀ ਸਿੱਖ ਤੇ ਪੰਜਾਬੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਵਲ ਝੁਕ ਗਏ ਸਨ। ਪੰਜਾਬ ਵਿਚ ਕਾਂਗਰਸ ਨੂੰ ਜ਼ਿਆਦਾ ਸੀਟਾਂ ਪ੍ਰਾਪਤ ਹੋਣ ਕਾਰਨ ਸਰਕਾਰ ਬਣਾਉਣ ਦਾ ਮੌਕਾ ਮਿਲਿਆ। ‘ਆਪ’ ਸਿਰਫ਼ 20 ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ।
ਸੁਖਪਾਲ ਸਿੰਘ ਖਹਿਰਾ ਦਾ ਰੈਫਰੰਡਮ 2020 ਦੇ ਹੱਕ ਵਿੱਚ ਬੋਲਣਾ, ਬਰਗਾੜੀ ਮੋਰਚੇ ਵਿੱਚ ਹਾਜ਼ਰੀ ਲਵਾਉਣੀ, ਅਹੁਦਾ ਬਦਲਣ ਦੇ ਮੌਜੂਦਾ ਵਿਵਾਦ ਨੂੰ ਦਿੱਲੀ ਬਨਾਮ ਪੰਜਾਬ ਦਾ ਰੂਪ ਦੇ ਕੇ ਪੇਸ਼ ਕਰਨਾ, ਬਠਿੰਡਾ ਰੈਲੀ ਵਿੱਚ ਇਨਕਲਾਬ ਦੇ ਨਾਅਰੇ ਨੂੰ ਰੱਦ ਕਰਕੇ ਪੰਜਾਬੀ ਏਕਤਾ ਦਾ ਨਾਅਰਾ ਲੁਆਉਣਾ ਆਦਿ ਤੋਂ ਸਪੱਸ਼ਟ ਹੈ ਕਿ ਹਾਈਕਮਾਂਡ ਤੇ ਖਹਿਰਾ ਵਿਚਾਲੇ ਏਕੇ ਦੀ ਸੰਭਾਵਨਾ ਘੱਟ ਹੀ ਹੈ।

ਭਗਵੰਤ ਮਾਨ ਮੁੜ ਸੰਭਾਲਣਗੇ ‘ਆਪ’ ਪੰਜਾਬ ਦੀ ਕਮਾਨ :
ਆਮ ਆਦਮੀ ਪਾਰਟੀ ਵੱਲੋਂ ਖਹਿਰਾ ਧੜੇ ਦੀਆਂ ਬਗਾਵਤੀ ਸੁਰਾਂ ਨੂੰ ਮੋੜਵਾਂ ਜਵਾਬ ਦੇਣ ਲਈ ਇਕ ਵਾਰ ਫਿਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਮਾਨ ਨੇ ਵੀ ਪਾਰਟੀ ਉੱਤੇ ਪੈਦਾ ਹੋਏ ਸੰਕਟ ਦੇ ਚੱਲਦਿਆਂ ਪੰਜਾਬ ਇਕਾਈ ਦੀ ਕਮਾਨ ਸੰਭਾਲਣ ਦਾ ਮਨ ਬਣਾ ਲਿਆ ਹੈ।
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਦਿੱਲੀ ਦੇ ਰਾਮ ਮਨੋਹਰ ਹਸਪਤਾਲ ਵਿੱਚ ਦਾਖ਼ਲ ਮਾਨ ਦਾ ਹਾਲ-ਚਾਲ ਪੁੱਛਣ ਗਏ ਕੇਜਰੀਵਾਲ, ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਮੁੱਦੇ ਉੱਤੇ ਉਨ੍ਹਾਂ ਨਾਲ ਚਰਚਾ ਕਰਕੇ ਪੰਜਾਬ ਇਕਾਈ ਦੀ ਅਗਵਾਈ ਕਰਨ ਲਈ ਕਿਹਾ ਜਿਸ ਲਈ ਮਾਨ ਨੇ ਹਾਮੀ ਭਰ ਦਿੱਤੀ ਹੈ। ਮਾਨ ਨੇ ਵੀ ਫੋਨ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੰਜਾਬ ਇਕਾਈ ਨੂੰ ਪੈਰਾਂ ਸਿਰ ਕਰਨ ਲਈ ਉਨ੍ਹਾਂ ਨੇ ਮੁੜ ਪੰਜਾਬ ਵਿੱਚ ਸਰਗਰਮ ਹੋਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਦਾ ਕੰਮ ਨਿਪਟਾ ਕੇ ਜਲਦੀ ਹੀ ਪੰਜਾਬ ਆ ਰਹੇ ਹਨ ਅਤੇ ਫਿਰ ਲੋਕ ਸਭਾ ਚੋਣਾਂ ਤੱਕ ਉਹ ਆਪਣਾ ਸਾਰਾ ਸਮਾਂ ਪੰਜਾਬ ਵਿੱਚ ਹੀ ਪਾਰਟੀ ਲਈ ਦੇਣਗੇ।

ਖਹਿਰਾ ਵਲੋਂ ਹਾਈਕਮਾਂਡ ਨੂੰ ਚੈਲਿੰਜ :
ਸੁਖਪਾਲ ਸਿੰਘ ਖਹਿਰਾ ਉਤੇ ਔਰਤ ਤੇ ਦਲਿਤ ਵਿਰੋਧੀ ਹੋਣ ਦੇ ਦੋਸ਼ ਵਿਰੋਧੀ ਦਲ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਸਰਬਜੀਤ ਕੌਰ ਮਾਣੂੰਕੇ ਨੇ ਲਗਾਏ ਹਨ, ਇਸ ਦੇ ਜਵਾਬ ਵਿਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਕਦੇ ਵੀ ਔਰਤ ਤੇ ਦਲਿਤ ਵਿਰੋਧੀ ਨਹੀਂ ਹੋ ਸਕਦੇ। ਖਹਿਰਾ ਨੇ ਕਿਹਾ ਹੈ ਕਿ ਉਹ ਗੁਰੂ ਸਾਹਿਬਾਨ ਦੀ ਹਦਾਇਤ ਅਨੁਸਾਰ ਔਰਤਾਂ ਦਾ ਸਦਾ ਸਤਿਕਾਰ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਨਾਲ ਤਾਂ ਉਨ੍ਹਾਂ ਦਾ ਅਟੁੱਟ ਰਿਸ਼ਤਾ ਹੈ ਤੇ ਉਹ ਉਨ੍ਹਾਂ ਨਾਲ ਮਿਲਦੇ ਬੈਠਦੇ ਤੇ ਇਕੱਠੇ ਖਾਂਦੇ-ਪੀਂਦੇ ਹਨ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਦਲ ਦੇ ਨੇਤਾ ਦਾ ਕੋਈ ਲਾਲਚ ਨਹੀਂ, ਉਹ ਇਸ ਨੂੰ ਛੱਡ ਚੁੱਕੇ ਹਨ ਪਰ ਜੇਕਰ ਪਾਰਟੀ ਹਾਈਕਮਾਂਡ ਕਿਸੇ ਦਲਿਤ ਨੂੰ ਹੀ ਇਹ ਅਹੁਦਾ ਦੇਣਾ ਚਾਹੁੰਦੀ ਹੈ, ਉਹ ਪਾਰਟੀ ਵਿਚ ਕਾਬਲੀਅਤ ਵਾਲੇ ਤਿੰਨ ਦਲਿਤ ਐਮਐਲਏ ਹਨ ਜਿਨ੍ਹਾਂ ਨੂੰ ਇਹ ਅਹੁਦਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਵਿਚ ਜੈਤੋ ਤੋਂ ਮਾਸਟਰ ਬਲਦੇਵ ਸਿੰਘ, ਭਦੌੜ ਤੋਂ ਪਿਰਮਲ ਸਿੰਘ ਖਾਲਸਾ ਤੇ ਰਾਏਕੋਟ ਤੋਂ ਜਗਤਾਰ ਸਿੰਘ ਜੱਗਾ ਸ਼ਾਮਲ ਹਨ। ਜੇਕਰ ਹਾਈਕਮਾਂਡ ਅਜਿਹਾ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਖਹਿਰਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਉਨ੍ਹਾਂ ਦਾ ਭਰਵਾਂ ਇਕੱਠ ਦੇਖ ਕੇ ਬੌਖਲਾਅ ਚੁੱਕੀ ਹੈ ਤੇ ਇਸ ਲਈ ਉਨ੍ਹਾਂ ‘ਤੇ ਦਲਿਤ ਅਤੇ ਇਸਤਰੀ ਵਿਰੋਧੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਹਾਈਕਮਾਂਡ ਦਲਿਤ ਹਿਤੇਸ਼ੀ ਹੈ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ‘ਤੇ ਕਿਸੇ ਦਲਿਤ ਨੂੰ ਬਿਠਾ ਦੇਵੇ ਤਾਂ ਮੰਨ ਲਿਆ ਜਾਵੇਗਾ ਕਿ ‘ਆਪ’ ਹਾਈਕਮਾਂਡ ਦਲਿਤਾਂ ਦਾ ਸਤਿਕਾਰ ਕਰਦੀ ਹੈ। ਉਨ੍ਹਾਂ ਵਿਧਾਨ ਸਭਾ ਵਿਚ  ਵਿਰੋਧੀ ਦਲ ਦੀ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਅੱਜ ਉਹ ਕਹਿ ਰਹੀ ਹੈ ਕਿ ਖਹਿਰਾ ਮਹਿਲਾ ਵਿਰੋਧੀ ਹੈ, ਅਸਲ ਵਿਚ ਜਦ ਉਹ ਵਿਰੋਧੀ ਦਲ ਦੀ ਡਿਪਟੀ ਲੀਡਰ ਬਣੀ ਸੀ ਤਾਂ ਉਸ ਦਾ ਨਾਮ ਹਾਈਕਮਾਂਡ ਕੋਲ ਮੈਂ ਹੀ ਪੇਸ਼ ਕੀਤਾ ਸੀ ਤੇ ਹੁਣ ਉਹ ਮੇਰੇ ‘ਤੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ 500 ਲੋਕ ਇਕੱਠੇ ਨਹੀਂ ਕਰ ਸਕਦੇ, ਉਹ ਲੋਕ ਮੇਰੇ ਉੱਪਰ ਦੋਸ਼ ਲਗਾ ਰਹੇ ਹਨ।

ਖਹਿਰਾ ਪਾਰਟੀ ਤੋੜ ਰਹੇ ਨੇ-ਚੀਮਾ :
ਆਮ ਆਦਮੀ ਪਾਰਟੀ ਦੇ ਨਵੇਂ ਬਣਾਏ ਗਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜਿੱਥੇ ਇਹ ਕਿਹਾ ਕਿ ਆਪਣੀ ਕੁਰਸੀ ਖੁੱਸਣ ‘ਤੇ ਖਹਿਰਾ ਪਾਰਟੀ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਨਾਲ ਗੱਲਬਾਤ ਚੱਲ ਰਹੀ ਹੈ, ਉਨ੍ਹਾਂ ਨੂੰ ਮਨਾ ਲਵਾਂਗੇ। ਚੀਮਾ ਨੇ ਕਿਹਾ ਕਿ ਖਹਿਰਾ ਤੇ ਸਹਿਯੋਗੀਆਂ ਵਲੋਂ ਬਠਿੰਡਾ ਵਿਚ ਕੀਤੀ ਕਨਵੈੱਨਸ਼ਨ ਭਾਵੇਂ ਪਾਰਟੀ ਵਿਰੋਧੀ ਸਰਗਰਮੀ ਸੀ ਪਰ ਫਿਰ ਵੀ ਖਹਿਰਾ ਖ਼ਿਲਾਫ਼ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਕਿਉਂ ਜੋ ਖਹਿਰਾ ਅਤੇ ਦੂਜੇ ਵਿਧਾਇਕਾਂ ਨੇ ਅਜੇ ਪਾਰਟੀ ਨਹੀਂ ਛੱਡੀ ਅਤੇ ਨਾ ਹੀ ਛੱਡਣ ਦਾ ਕੋਈ ਐਲਾਨ ਨਹੀਂ ਕੀਤਾ ਹੈ।

ਕੇਜਰੀਵਾਲ ਦੀ ਸੋਚ ਕਾਰਨ ‘ਆਪ’ ਖ਼ਤਮ ਹੋਣ ਕਿਨਾਰੇ-ਚੰਦੂਮਾਜਰਾ :
ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦੀਆਂ ਗੱਲਾਂ ਕਰਨ ਵਾਲੇ ਕੇਜਰੀਵਾਲ ਦੀ ਤਾਨਾਸ਼ਾਹੀ ਸੋਚ ਸਦਕਾ ਹੀ ‘ਆਪ’ ਪਾਰਟੀ ਖਤਮ ਹੋਣ ਦੀਆਂ ਬਰੂਹਾਂ ‘ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਚਾਹੇ ਉਹ ਧਰਮਵੀਰ ਗਾਂਧੀ ਹੋਵੇ ਚਾਹੇ ਸੁੱਚਾ ਸਿੰਘ ਛੋਟੇਪੁਰ ਜਾਂ ਹੁਣ ਸੁਖਪਾਲ ਸਿੰਘ ਖਹਿਰਾ ਪਾਰਟੀ ਤੋਂ ਕਿਨਾਰਾ ਕਰ ਰਹੇ ਹੋਣ ਪਰ ਇਸ ਸਭ ਦੇ ਪਿੱਛੇ ਕੇਜਰੀਵਾਲ ਦੀ ਤਾਨਾਸ਼ਾਹੀ ਸੋਚ ਹੀ ਹੈ।