ਦਹਾਕੇ ਮਗਰੋਂ ਪੰਜਾਬ ਵਿਧਾਨ ਸਭਾ ਦੀ ਬਦਲੀ ਬਦਲੀ ਰਹੀ ਫ਼ਿਜ਼ਾ

ਦਹਾਕੇ ਮਗਰੋਂ ਪੰਜਾਬ ਵਿਧਾਨ ਸਭਾ ਦੀ ਬਦਲੀ ਬਦਲੀ ਰਹੀ ਫ਼ਿਜ਼ਾ
ਕੈਪਸ਼ਨ-ਆਰਜ਼ੀ ਸਪੀਕਰ ਰਾਣਾ ਕੇ.ਪੀ.ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਪੁੱਜਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੁਲਦਸਤੇ ਨਾਲ ਸਵਾਗਤ ਕਰਦੇ ਹੋਏ।

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿੱਚ ਇੱਕ ਦਹਾਕੇ ਮਗਰੋਂ ਹੋਏ ਸੱਤਾ ਪਰਿਵਰਤਨ ਕਾਰਨ ਵਿਧਾਨ ਸਭਾ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ ਹੈ। ਦਸ ਸਾਲ ਵਿਰੋਧੀ ਧਿਰ ਵਿਚ ਬੈਠਣ ਤੋਂ ਬਾਅਦ ਕਾਂਗਰਸੀ ਵਿਧਾਇਕ ਜਿੱਥੇ ਬੁਲੰਦ ਹੌਸਲੇ ਵਿੱਚ ਹਨ, ਉਥੇ ਮੁੱਖ ਵਿਰੋਧੀ ਧਿਰ ਦੇ ਰੁਤਬੇ ਤੋਂ ਵੀ ਖੁੰਝੇ ਅਕਾਲੀਆਂ ਦਾ ਜੋਸ਼ ਮੱਠਾ ਪਿਆ ਹੋਇਆ ਹੈ। ਪੰਜਾਬ ਵਿਧਾਨ ਸਭਾ ਦੀ ਦਹਿਲੀਜ਼ ਪਹਿਲੀ ਵਾਰੀ ਪਾਰ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਦੇ 19 ਵਿਧਾਇਕਾਂ ਨੂੰ ਵਿਧਾਨ ਸਭਾ ਅੰਦਰਲਾ ਦ੍ਰਿਸ਼ ਸਭ ਤੋਂ ਓਪਰਾ ਲੱਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵਿਧਾਇਕ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ 15ਵੀਂ ਵਿਧਾਨ ਸਭਾ ਦੇ ਪਲੇਠੇ ਸਮਾਗਮ ਵਿੱਚ ਹਾਜ਼ਰੀ ਨਹੀਂ ਭਰੀ। ਵੱਡੇ ਬਾਦਲ ਬਾਰੇ ਇਸ ਤੋਂ ਪਹਿਲਾਂ ਇਹੋ ਪ੍ਰਭਾਵ ਸੀ ਕਿ ਬਜ਼ੁਰਗ ਸਿਆਸਤਦਾਨ ਵਿਧਾਨ ਸਭਾ ਦੇ ਸੈਸ਼ਨ ਵਿਚ ਆਮ ਤੌਰ ‘ਤੇ ਬਿਨਾਂ ਕਿਸੇ ਵੱਡੇ ਕਾਰਨ ਦੇ ਗ਼ੈਰਹਾਜ਼ਰ ਨਹੀਂ ਹੁੰਦੇ। ਇੱਕ ਦਹਾਕਾ ਸੱਤਾ ਦਾ ਆਨੰਦ ਮਾਨਣ ਤੋਂ ਬਾਅਦ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦਾ ਰੁਤਬਾ ਨਾ ਮਿਲਣ ਕਰ ਕੇ ਵੀ ਬਾਦਲਾਂ ਲਈ ਸਦਨ ਵਿੱਚ ਬੈਠਣਾ ਚੁਣੌਤੀ ਭਰਿਆ ਕਾਰਜ ਬਣ ਗਿਆ ਹੈ। ਉਂਜ ਅਕਾਲੀ ਦਲ ਦੇ ਬਹੁਗਿਣਤੀ ਮੈਂਬਰ ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਗਰਮਜੋਸ਼ੀ ਨਾਲ ਮਿਲੇ ਜਦਕਿ ‘ਆਪ’ ਦੇ ਜ਼ਿਆਦਾਤਰ ਮੈਂਬਰਾਂ ਨੇ ਹਾਕਮ ਧਿਰ ਨਾਲ ਮਿਲਣ ਤੋਂ ਕੰਨੀ ਹੀ ਵੱਟੀ ਰੱਖੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾ ਕੁ ਤਿੰਨ ਵਜੇ ਜਦੋਂ ਸਦਨ ਵਿੱਚੋਂ ਬਾਹਰ ਚਲੇ ਗਏ ਤਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੀ ਸੀਟ ‘ਤੇ ਬੈਠ ਗਏ ਅਤੇ ਕਾਂਗਰਸੀ ਮੈਂਬਰਾਂ ਨੂੰ ਮੁੱਖ ਮੰਤਰੀ ਵਾਂਗ ਮਿਲੇ। ਸ੍ਰੀ ਸਿੱਧੂ ਦੀ ਇਸ ਕਾਰਵਾਈ ਦਾ ਵਿਧਾਨ ਸਭਾ ਦੇ ਸਟਾਫ਼ ਨੇ ਨੋਟਿਸ ਲੈਂਦਿਆਂ ਮੁੱਖ ਮੰਤਰੀ ਦੀ ਸੀਟ ਤੋਂ ਉੱਠਣ ਦਾ ਇਸ਼ਾਰਾ ਕੀਤਾ। ਉਪਰੰਤ ਸ੍ਰੀ ਸਿੱਧੂ ਆਪਣੀ ਸੀਟ ‘ਤੇ ਬੈਠ ਕੇ ਕਾਂਗਰਸੀ ਮੈਂਬਰਾਂ ਨੂੰ ‘ਅਸ਼ੀਰਵਾਦ’ ਦਿੰਦੇ ਰਹੇ। ਲੋਕ ਹਿੱਤ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਦਨ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਗਲਵੱਕੜੀ ਪਾ ਕੇ ਮਿਲੇ। ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਇਕਲੌਤੇ ਵਿਧਾਇਕ ਸਨ ਜੋ ਸਦਨ ਦੀਆਂ ਪੌੜੀਆਂ ਵਿੱਚ ਨਤਮਸਤਕ ਹੋਏ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਪੌੜੀਆਂ ਚੜ੍ਹਨ ਤੋਂ ਪਹਿਲਾਂ ਜੁੱਤੀ ਲਾਹ ਕੇ ਸਹੁੰ ਚੁੱਕਣ ਗਏ। ਅਕਾਲੀ ਮੈਂਬਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ‘ਆਪ’ ਦੇ ਪ੍ਰਮੁੱਖ ਆਗੂਆਂ ਨੂੰ ਨਿੱਘ ਨਾਲ ਮਿਲੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ, ਅਰੁਣਾ ਚੌਧਰੀ ਨੇ ਅੰਗਰੇਜ਼ੀ ਅਤੇ ਦਿਨੇਸ਼ ਸਿੰਘ ਬੱਬੂ ਨੇ ਹਿੰਦੀ ਭਾਸ਼ਾ ਵਿੱਚ ਹਲਫ਼ ਲਿਆ। ਮਦਨ ਲਾਲ ਜਲਾਲਪੁਰ ਵਿਧਾਇਕੀ ਦੇ ਸਰਟੀਫਿਕੇਟ ਨੂੰ ਫਰੇਮ ਵਿਚ ਮੜ੍ਹਾ ਕੇ ਲਿਆਏ।
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਵਿੱਚ ਐਤਕੀਂ ਵੱਡੀ ਗਿਣਤੀ ਪਹਿਲੀ ਵਾਰੀ ਚੁਣੇ ਵਿਧਾਇਕਾਂ ਦੀ ਹੈ ਅਤੇ ਇਨ੍ਹਾਂ ਵਿੱਚ ਨੌਜਵਾਨਾਂ ਦੀ ਵੀ ਚੋਖੀ ਗਿਣਤੀ ਹੈ। ਆਪਣੇ ਪੁੱਤਾਂ ਨੂੰ ਵਿਧਾਇਕ ਵਜੋਂ ਸਹੁੰ ਚੁੱਕਦਾ ਦੇਖਣ ਲਈ ਮਾਪੇ ਵੀ ਪਹੁੰਚੇ। ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਵਿਧਾਇਕਾ ਗੁਰਕੰਵਲ ਕੌਰ ਬਬਲੀ ਇਨ੍ਹਾਂ ਵਿੱਚ ਪ੍ਰਮੁੱਖ ਸਨ। ਭੀੜ ਜ਼ਿਆਦਾ ਹੋਣ ਕਾਰਨ ਗਵਰਨਰ ਗੈਲਰੀ ਖਚਾਖਚ ਭਰੀ ਹੋਈ ਸੀ ਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਸਮੇਤ ਕਈ ਆਗੂ ਬਿਨਾਂ ਕੁਰਸੀ ਤੋਂ ਹੀ ਦੀਵਾਰ ਦਾ ਆਸਰਾ ਲਾਈ ਬੈਠੇ ਸਨ। ਸਜੇ ਫੱਬੇ ਨੌਜਵਾਨ ਵਿਧਾਇਕ ਇਸ ਮੌਕੇ ਖਿੱਚ ਦਾ ਕੇਂਦਰ ਸਨ।
ਕੈਪਟਨ ਸਮੇਤ ਕਾਂਗਰਸ, ‘ਆਪ’ ਤੇ ਅਕਾਲੀ ਵਿਧਾਇਕਾਂ ਨੇ ਸਹੁੰ ਚੁੱਕੀ 
ਪੰਜਾਬ ਵਿਧਾਨ ਸਭਾ ਦੇ ਪ੍ਰੋਟੈੱਮ ਸਪੀਕਰ ਰਾਣਾ ਕੇ.ਪੀ. ਸਿੰਘ ਨੇ 15ਵੀਂ ਵਿਧਾਨ ਸਭਾ ਦੇ ਪਲੇਠੇ ਸਮਾਗਮ ਦੇ ਪਹਿਲੇ ਦਿਨ ਵਿਧਾਇਕਾਂ ਨੂੰ ਹਲਫ਼ ਦਿਵਾਇਆ। ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਵਜੋਂ ਸਹੁੰ ਚੁੱਕੀ। ਉਸ ਤੋਂ ਬਾਅਦ ਸਾਰੇ ਮੰਤਰੀਆਂ, ਫਿਰ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਤੇ ਅੰਤ ਵਿੱਚ ਸਾਰੀਆਂ ਮਹਿਲਾ ਮੈਂਬਰਾਂ ਨੇ ਸਹੁੰ ਚੁੱਕੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਸਦਨ ਵਿੱਚੋਂ ਗ਼ੈਰਹਾਜ਼ਰ ਹੋਣ ਕਾਰਨ ਸਹੁੰ ਨਹੀਂ ਚੁੱਕ ਸਕੇ। ਦੋਵਾਂ ਆਗੂਆਂ ਵੱਲੋਂ ਸੋਮਵਾਰ ਦੇ ਸਮਾਗਮ ਵਿੱਚ ਹਾਜ਼ਰੀ ਭਰੇ ਜਾਣ ਦੀ ਸੰਭਾਵਨਾ ਹੈ। ਵਿਧਾਨ ਸਭਾ ਸਪੀਕਰ ਦੀ ਚੋਣ 27 ਮਾਰਚ ਨੂੰ ਹੋਵੇਗੀ ਤੇ ਕਾਂਗਰਸ ਕੋਲ ਦੋ ਤਿਹਾਈ ਬਹੁਮਤ ਹੋਣ ਸਦਕਾ ਰਾਣਾ ਕੇ.ਪੀ.ਸਿੰਘ ਦੀ ਇਸ ਅਹੁਦੇ ਲਈ ਚੋਣ ਲਗਭਗ ਯਕੀਨੀ ਹੈ। ਰਾਜਪਾਲ ਵੀ.ਪੀ. ਸਿੰਘ ਬਦਨੌਰ 28 ਮਾਰਚ ਨੂੰ ਸਦਨ ਨੂੰ ਸੰਬੋਧਨ ਕਰਨਗੇ ਜਦਕਿ ਅਗਲੇ ਦਿਨ 29 ਮਾਰਚ ਨੂੰ ਰਾਜਪਾਲ ਦੇ ਭਾਸ਼ਨ ‘ਤੇ ਬਹਿਸ ਤੇ ਲੇਖਾ ਅਨੁਦਾਨ ਪੇਸ਼ ਕੀਤਾ ਜਾਵੇਗਾ।
ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਲਈ ਤਿਆਰੀ ਕੱਸੀ :
ਪੰਜਾਬ ਸਰਕਾਰ ਨੇ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਲਈ ਵਿਧਾਨ ਸਭਾ ਦੇ ਚਾਰ ਰੋਜ਼ਾ ਸੈਸ਼ਨ ਦੇ ਆਖਰੀ ਦਿਨ 28 ਮਾਰਚ ਨੂੰ ਨਵਾਂ ਬਿਲ ਪਾਸ ਕਰਵਾਉਣ ਦੀ ਤਿਆਰੀ ਕਰ ਲਈ ਹੈ। ਬਿੱਲ ਪਾਸ ਹੋਣ ਨਾਲ ਹਰੇਕ ਮੰਤਰੀ ਨਾਲ ਇਕ ਇਕ ਮੁੱਖ ਸੰਸਦੀ ਸਕੱਤਰ ਲਾਉਣ ਦੀ ਵਿਵਸਥਾ ਹੋ ਜਾਵੇਗੀ।
ਪੰਜਾਬ ਵਜ਼ਾਰਤ ਵਿੱਚ ਇਸ ਵੇਲੇ ਮੁੱਖ ਮੰਤਰੀ ਸਮੇਤ 10 ਮੰਤਰੀ ਹਨ ਅਤੇ ਵਜ਼ਾਰਤ ਵਿੱਚ ਵਾਧਾ ਕਰਨ ਨਾਲ 18 ਮੰਤਰੀ ਬਣ ਸਕਦੇ  ਹਨ। ਨਵਾਂ ਐਕਟ ਪਾਸ ਕਰਕੇ ਹਰੇਕ ਮੰਤਰੀ ਨਾਲ ਇਕ ਇਕ ਮੁੱਖ ਸੰਸਦੀ ਸਕੱਤਰ ਲਾਇਆ ਜਾ ਸਕਦਾ ਹੈ ਤੇ ਇਸ ਤਰ੍ਹਾਂ 18 ਮੁੱਖ ਸੰਸਦੀ ਸਕੱਤਰ ਬਣਾਏ ਜਾ ਸਕਦੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ‘ਵੋਟ ਔਨ ਅਕਾਊਂਟ’ ਪਾਸ ਕਰਵਾਉਣ ਵਾਲੇ ਦਿਨ ਹੀ ਹਾਕਮ ਧਿਰ ਮੁੱਖ ਸੰਸਦੀ ਸਕੱਤਰ ਲਾਉਣ ਲਈ ਬਿਲ ਪਾਸ ਕਰਵਾਏਗੀ ਤੇ ਬਿਲ ਪਾਸ ਹੋਣ ਮਗਰੋਂ ਮੁੱਖ ਸੰਸਦੀ ਸਕੱਤਰ ਲਾਉਣ ਦਾ ਰਾਹ ਪੱਧਰਾ ਹੋ ਜਾਵੇਗਾ। ਮੌਜੂਦਾ ਕਾਨੂੰਨ ਅਨੁਸਾਰ 15 ਫ਼ੀਸਦੀ ਤੋਂ ਵੱਧ ਮੰਤਰੀ ਨਹੀਂ ਬਣਾਏ ਜਾ ਸਕਦੇ, ਪਰ ਨਵਾਂ ਕਾਨੂੰਨ ਬਣਾ ਕੇ ਹਰੇਕ ਮੰਤਰੀ ਨਾਲ ਵਿਭਾਗ ਦਾ ਕੰਮਕਾਜ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਇਕ ਸੰਸਦੀ ਸਕੱਤਰ ਲਾਇਆ  ਸਕਦਾ ਹੈ। ਨਵੇਂ ਕਾਨੂੰਨ ਮਗਰੋਂ 18 ਸੰਸਦੀ ਸਕੱਤਰ ਬਣਨ ਨਾਲ ਹਾਕਮ ਧਿਰ ਕਾਂਗਰਸ ਦੇ 77 ਵਿਧਾਇਕਾਂ ਵਿੱਚੋਂ 36 ਨੂੰ ਐਡਸਜਟ ਕੀਤਾ ਜਾ ਸਕੇਗਾ। ਸਪੀਕਰ ਤੇ ਡਿਪਟੀ ਸਪੀਕਰ ਬਣਨ ਨਾਲ ਦੋ ਹੋਰ ਵਿਧਾਇਕਾਂ ਨੂੰ ਐਡਜਸਟ ਕੀਤਾ ਜਾ ਸਕੇਗਾ। ਇਸ ਤਰ੍ਹਾਂ ਕੁਲ 38 ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਅਤੇ ਹੋਰ ਸਹੂਲਤਾਂ ਮਿਲ ਜਾਣਗੀਆਂ।
ਉਂਜ ਸੰਸਦੀ ਸਕੱਤਰਾਂ ਦੀ ਨਿਯੁਕਤੀ ਨਾਲ ਕਾਂਗਰਸ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਕ ਪਾਸੇ ਸਰਕਾਰ ਖਰਚੇ ਘਟਾਉਣ ਦੀ ਗੱਲ ਕਰ ਰਹੀ ਹੈ ਜਦਕਿ ਦੂਜੇ ਪਾਸੇ ਮੁੱਖ ਸੰਸਦੀ ਸਕੱਤਰ ਲਾਉਣ ਨਾਲ ਖਰਚੇ ਵਧਣਗੇ। ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਹਰਦੇਵ ਅਰਸ਼ੀ ਨੇ ਸਰਕਾਰ ਦੀ ਇਸ ਤਜਵੀਜ਼ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਸੰਸਦੀ ਸਕੱਤਰ ਬਣਾਉਣ ਤੋਂ ਗੁਰੇਜ਼ ਕਰੇ। ਚੰਡੀਗੜ੍ਹ ਦੇ ਉੱਘੇ ਵਕੀਲ ਐਚ.ਸੀ.ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਸੰਸਦੀ ਸਕੱਤਰ ਲਾਉਂਦੀ ਹੈ ਤਾਂ ਉਹ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣਗੇ। ਯਾਦ ਰਹੇ ਕਿ ਸ੍ਰੀ ਅਰੋੜਾ ਨੇ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 23 ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਇਹ ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ। ਸੁਪਰੀਮ ਕੋਰਟ ਨੇ ਵੀ ਮਗਰੋਂ ਇਸ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਸੀ। ਲਿਹਾਜ਼ਾ ਪੰਜਾਬ ਸਰਕਾਰ ਨੇ ਅਦਾਲਤੀ ਕਾਰਵਾਈ ਤੋਂ ਬਚਣ ਲਈ ਨਵਾਂ ਕਾਨੂੰਨ ਬਣਾਉਣ ਨੂੰ ਤਰਜੀਹ ਦਿੱਤੀ ਹੈ।