ਦੱਖਣੀ ਅਫਰੀਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ‘ਚ ਪੁੱਜਾ

ਦੱਖਣੀ ਅਫਰੀਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ‘ਚ ਪੁੱਜਾ

ਲੰਡਨ/ਬਿਊਰੋ ਨਿਊਜ਼ :
ਸ਼ਿਖਰ ਧਵਨ ਤੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜਿਆਂ ਸਦਕਾ ਚੈਂਪੀਅਨਜ਼ ਟਰਾਫ਼ੀ ਦੇ ਕਰੋ ਜਾਂ ਮਰੋ ਵਾਲੇ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ । ਦੱਖਣੀ ਅਫ਼ਰੀਕਾ ਵਲੋਂ ਮਿਲਿਆ 192 ਦੌੜਾਂ ਦਾ ਟੀਚਾ ਭਾਰਤ ਨੇ 38 ਓਵਰਾਂ ‘ਚ ਸਿਰਫ 2 ਵਿਕਟਾਂ ਗਵਾ ਕੇ ਸਰ ਕਰ ਲਿਆ । ਸ਼ਾਨਦਾਰ ਗੇਂਦਬਾਜ਼ੀ ਲਈ ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ ਦਾ ਮੈਚ’ ਚੁਣਿਆ ਗਿਆ । ਟੀਚੇ ਦਾ ਪਿੱਛਾ ਕਰਦਿਆਂ ਭਾਰਤ ਵਲੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣਾ ਸ਼ਾਨਦਾਰ ਅਰਧ ਸੈਂਕੜਾ ਜੜਿਆ । ਰੋਹਿਤ ਸ਼ਰਮਾ (12) ਦੇ ਸਸਤੇ ‘ਚ ਆਊਟ ਹੋਣ ਮਗਰੋਂ ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਹਮਲੇ ਨੂੰ ਅਸਫ਼ਲ ਬਣਾਉਂਦਿਆਂ ਕਪਤਾਨ ਵਿਰਾਟ ਕੋਹਲੀ ਨੇ ਧਵਨ ਦਾ ਸਾਥ ਦਿੰਦਿਆਂ ਦੂਜੀ ਵਿਕਟ  ਲਈ 138 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਨੂੰ 151 ਦੌੜਾਂ ਤੱਕ ਲਿਆਂਦਾ । ਸ਼ਿਖਰ ਧਵਨ ਨੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਧਵਨ ਨੇ ਆਪਣੀ ਪਾਰੀ ਦੌਰਾਨ 12 ਚੌਕੇ ਅਤੇ 1 ਛੱਕਾ ਮਾਰਿਆ । ਧਵਨ ਦੇ ਆਊਟ ਹੋਣ ਉਪਰੰਤ ਖੇਡਣ ਆਏ ਯੁਵਰਾਜ ਸਿੰਘ (23) ਅਜੇਤੂ ਨੇ ਛੱਕਾ ਮਾਰ ਕੇ ਭਾਰਤ ਨੂੰ ਜਿੱਤ ਦਿਵਾਈ। ਵਿਰਾਟ ਕੋਹਲੀ ਨੇ 76 ਦੌੜਾਂ ਦੀ ਅਰਧ ਸੈਂਕੜੇ ਵਾਲੀ ਅਜੇਤੂ ਪਾਰੀ ਖੇਡੀ। ਕੋਹਲੀ ਨੇ ਆਪਣੀ ਪਾਰੀ ‘ਚ 7 ਚੌਕੇ ਅਤੇ 1 ਛੱਕਾ ਮਾਰਿਆ । ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਗੇਂਦਬਾਜ਼ਾਂ ਅਤੇ ਵਧੀਆ ਫੀਲਡਿੰਗ ਦੇ ਦਮ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਜ਼ ਟਰਾਫ਼ੀ ਦੇ ਕਰੋ ਜਾਂ ਮਰੋ ਵਾਲੇ ਮੈਚ ‘ਚ ਦੱਖਣੀ ਅਫਰੀਕਾ ਦੀ ਟੀਮ ਨੂੰ 191 ਦੌੜਾਂ ‘ਤੇ ਹੀ ਰੋਕ ਦਿੱਤਾ । ਦੱਖਣੀ ਅਫ਼ਰੀਕਾ ਵਲੋਂ ਸਿਰਫ਼ ਸਲਾਮੀ ਬੱਲੇਬਾਜ਼ ਕੁਇੰਟਨ ਡੀ ਕਾਕ ਹੀ ਅਰਧ ਸੈਂਕੜਾ ਬਣਾ ਸਕਿਆ। ਇਸ ਤੋਂ ਪਹਿਲਾਂ ਲੰਡਨ ਦੇ ਓਵਲ ਮੈਦਾਨ ਭਾਰਤੀ ਟੀਮ ਨੇ ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ । ਕੁਇੰਟਨ ਡੀ ਕਾਕ ਅਤੇ ਹਾਸ਼ਿਮ ਅਮਲਾ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 76 ਦੌੜਾਂ ਜੋੜੀਆਂ । ਇਸ ਜੋੜ ‘ਤੇ ਅਮਲਾ (35) ਅਸ਼ਵਿਨ ਦਾ ਸ਼ਿਕਾਰ ਹੋ ਕੇ ਪਵੈਲੀਅਨ ਮੁੜੇ । ਇਸ ਮਘਰੋਂ ਖੇਡਣ ਆਏ ਫਾਫ ਡੂ ਪਲੈਸਿਸ ਨੇ ਡੀ ਕਾਕ ਦਾ ਸਾਥ ਦੇ ਕੇ ਦੂਜੀ ਵਿਕਟ ਲਈ ਲਈ 40 ਦੌੜਾਂ ਜੋੜ ਕੇ ਟੀਮ ਨੂੰ ਮਜ਼ਬੂਤ ਸਕੋਰ ਵੱਲ ਲਿਜਾਣਾ ਸ਼ੁਰੂ ਕੀਤਾ ਤੇ ਡੀ ਕਾਕ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ । ਪਰ ਭਾਰਤੀ ਗੇਂਦਬਾਜ਼ਾਂ ਨੇ ਲੈਅ ‘ਚ ਆਉਂਦਿਆਂ ਖ਼ਤਰਨਾਕ ਬਣਦੇ ਜਾ ਰਹੇ ਡੀ ਕਾਕ (53) ਨੂੰ ਆਊਟ ਕਰ ਦਿੱਤਾ । ਡੀ ਕਾਕ ਜਡੇਜਾ ਦਾ ਸ਼ਿਕਾਰ ਬਣੇ । ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫ਼ਰੀਕਾ ਦੇ ਕਿਸੇ ਵੀ ਬੱਲੇਬਾਜ਼ ਨੂੰ ਕ੍ਰੀਜ਼ ‘ਤੇ ਬਹੁਤ ਦੇਰ ਨਹੀਂ ਟਿਕਣ ਦਿੱਤਾ । ਭਾਰਤੀ ਗੇਂਦਾਬਾਜ਼ਾਂ ਮੂਹਰੇ ਸੰਘਰਸ਼ ਕਰਦਿਆਂ ਫਾਫ ਡੂ ਪਲੈਸਿਸ ਨੇ (36) ਦੌੜਾਂ ਬਣਾਈਆਂ । ਉਸ ਨੂੰ ਹਾਰਦਿਕ ਪਾਂਡਿਆ ਨੇ ਬੋਲਡ ਆਊਟ ਕੀਤਾ । ਇਨ੍ਹਾਂ ਤੋਂ ਬਿਨਾਂ ਕਪਤਾਨ ਏ.ਬੀ. ਡੀਵਿਲੀਅਰਜ਼ (16), ਤੇ ਜੀਨ ਪਾਲ ਡੂਮਿਨੀ (20) ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ । ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 44.3 ਓਵਰਾਂ ‘ਚ ਸਿਰਫ਼ 191 ਦੌੜਾਂ ਹੀ ਬਣਾ ਸਕੀ । ਭਾਰਤ ਵਲੋਂ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਨੇ 2-2 ਵਿਕਟਾਂ ਲਈਆਂ । ਜਦਕਿ ਆਰ. ਅਸ਼ਵਿਨ, ਹਾਰਦਿਕ ਪਾਂਡਿਆ ਤੇ ਰਵਿੰਦਰ ਜਡੇਜਾ ਨੇ 1-1 ਵਿਕਟ ਹਾਸਲ ਕੀਤੀ।