ਪੰਜਾਬ ਦੇ ਰਈਆ ਨੇੜੇ ਭਿਆਨਕ ਸੜਕ ਹਾਦਸੇ ‘ਚ 7 ਮੌਤਾਂ

ਪੰਜਾਬ ਦੇ ਰਈਆ ਨੇੜੇ ਭਿਆਨਕ ਸੜਕ ਹਾਦਸੇ ‘ਚ 7 ਮੌਤਾਂ
ਰਈਆ ਨੇੜੇ ਫੱਤੂਵਾਲ ਪਿੰਡ ਕੋਲ ਸੜਕ ਹਾਦਸੇ ‘ਚ ਨੁਕਸਾਨੀ ਸਕਾਰਪੀਓ।

ਰਈਆ/ਬਿਊਰੋ ਨਿਊਜ਼ :
ਜਲੰਧਰ-ਅੰਮ੍ਰਿਤਸਰ ਜੀਟੀ ਰੋਡ ‘ਤੇ ਪਿੰਡ ਫੱਤੂਵਾਲ ਸਾਹਮਣੇ ਸਵੇਰੇ ਕਰੀਬ 5:45 ਵਜੇ ਪੱਥਰਾਂ ਨਾਲ ਭਰੇ ਟਰਾਲੇ ਪਿੱਛੇ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਟਕਰਾਉਣ ਕਾਰਨ ਦੋ ਪਰਿਵਾਰਾਂ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਗੰਭੀਰ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਪੌਣੇ ਛੇ ਵਜੇ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਪਿੰਡ ਫੱਤੂਵਾਲ ਸਾਹਮਣੇ ਖੜ੍ਹੇ ਪੱਥਰ ਨਾਲ ਭਰੇ ਖੜ੍ਹੇ ਟਰਾਲੇ (ਪੀਬੀ 06 ਐੱਮ 2299) ਦੇ ਪਿਛਲੇ ਪਾਸੇ ਅੰਮ੍ਰਿਤਸਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਗੱਡੀ (ਐਚਆਰ 19 ਜੇ 6831) ਟਕਰਾ ਗਈ। ਇਸ ਹਾਦਸੇ ‘ਚ ਸਕਾਰਪੀਓ ‘ਚ ਸਵਾਰ 7 ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇੱਕ ਬੱਚੀ ਗੰਭੀਰ ਜ਼ਖਮੀ ਹੋ ਗਈ। ਇਹ ਸਾਰੇ ਦਿੱਲੀ ਅਤੇ ਹਰਿਆਣਾ ਨਾਲ ਸਬੰਧਤ ਹਨ ਅਤੇ ਆਪਸ ‘ਚ ਰਿਸ਼ਤੇਦਾਰ ਸਨ। ਇਹ ਪਰਿਵਾਰ ਵੈਸ਼ਨੋ ਦੇਵੀ ਮੰਦਿਰ ਤੋਂ ਬਾਅਦ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਵਾਪਸ ਆ ਰਹੇ ਸਨ।
ਇਸ ਹਾਦਸੇ ਦੇ ਮ੍ਰਿਤਕਾਂ ਦੀ ਸ਼ਨਾਖ਼ਤ ਅਰਵਿੰਦ ਸ਼ਰਮਾ, ਉਸ ਦੀ ਪਤਨੀ ਸਵਿਤਾ ਸ਼ਰਮਾ, ਲੜਕਾ ਮਨੀ ਸ਼ਰਮਾ, ਲੜਕੀ ਸਿਵਾਸ਼ ਸ਼ਰਮਾ ਸਾਰੇ ਵਾਸੀ ਗਲੀ ਨੰਬਰ 281 ਵਿਪਨ ਗਾਰਡਨ ਉੱਤਮ ਨਗਰ ਨਵੀਂ ਦਿੱਲੀ, ਸੁਨੀਲ, ਉਸ ਦੀ ਪਤਨੀ ਪੂਨਮ ਅਤੇ ਲੜਕੀ ਲਕਸ਼ਮੀ ਵਾਸੀ ਜਰਕਾਰਪੁਰ, ਝੱਜਰ, ਹਰਿਆਣਾ ਵਜੋਂ ਹੋਈ ਹੈ। ਜ਼ਖ਼ਮੀ ਬੱਚੀ ਦੇ ਨਾਮ ਸਬੰਧੀ ਅਜੇ ਤੱਕ ਕੋਈ ਪਤਾ ਨਹੀਂ ਚੱਲ ਸਕਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਕਾਰਪੀਓ ਗੱਡੀ ਟਰਾਲੇ ਦੇ ਪਿਛਲੇ ਪਾਸੇ ਬੁਰੀ ਤਰ੍ਹਾਂ ਧਸ ਗਈ ਅਤੇ ਮ੍ਰਿਤਕਾਂ ਨੂੰ ਕਰੇਨ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ। ਹਾਦਸੇ ਸਮੇਂ ਸਕਾਰਪੀਓ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਉੱਪਰ ਦੱਸੀ ਜਾਂਦੀ ਹੈ ਕਿਉਂਕਿ ਗੱਡੀ ਦੇ ਸਪੀਡੋਮੀਟਰ ਦੀ ਸੂਈ 100 ‘ਤੇ ਰੁਕੀ ਹੋਈ ਹੈ।
ਥਾਣਾ ਖਲਚੀਆਂ ਦੀ ਪੁਲੀਸ ਨੇ ਮੌਕੇ ‘ਤੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਤੇ ਜ਼ਖ਼ਮੀ ਬੱਚੀ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਤੋਂ ਬਾਅਦ ਦਿੱਲੀ ਪਰਤਣ ਮੌਕੇ ਵਾਪਰੇ ਸੜਕ ਹਾਦਸੇ ਵਿਚ 7 ਵਿਅਕਤੀਆਂ ਦੀ ਮੌਤ ਹੋ ਜਾਣ ‘ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਤੇ ਹਾਦਸੇ ਦੇ ਜ਼ਖ਼ਮੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।