ਫਿਲਪੀਨਜ਼ ਦੀ ਸ਼ਾਪਿੰਗ ਮਾਲ ‘ਚ ਅੱਗ ਨਾਲ 37 ਮੌਤਾਂ

ਫਿਲਪੀਨਜ਼ ਦੀ ਸ਼ਾਪਿੰਗ ਮਾਲ ‘ਚ ਅੱਗ ਨਾਲ 37 ਮੌਤਾਂ
ਫ਼ਿਲਪੀਨਜ਼ ਦੇ ਦੱਖਣੀ ਸ਼ਹਿਰ ਦਾਵਾਓ ਵਿੱਚ ਇਕ ਮਾਲ ਨੂੰ ਲੱਗੀ ਅੱਗ ਮਗਰੋਂ ਉੱਠਦਾ ਧੂੰਆਂ

ਦਾਵਾਓ/ਬਿਊਰੋ ਨਿਊਜ਼:
ਫਿਲਪੀਨਜ਼ ਦੇ ਦੱਖਣੀ ਸ਼ਹਿਰ ਦਾਵਾਓ ਵਿੱਚ ਇਕ ਸ਼ਾਪਿੰਗ ਮਾਲ ਵਿੱਚ ਅੱਗ ਲੱਗਣ ਕਾਰਨ 37 ਵਿਅਕਤੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਹ ਜਾਣਕਾਰੀ ਸ਼ਹਿਰ ਦੇ ਵਾਈਸ ਮੇਅਰ ਨੇ ਅੱਜ ਦਿੱਤੀ। ਵਾਈਸ ਮੇਅਰ ਪਾਓਲੋ ਡਿਊਟਰੇਟ, ਜੋ ਰਾਸ਼ਟਰਪਤੀ ਦੇ ਪੁੱਤਰ ਵੀ ਹਨ, ਨੇ ਫੇਸਬੁੱਕ ‘ਤੇ ਪੋਸਟ ਪਾਈ ਕਿ ਘਟਨਾ ਸਥਾਨ ਉਤੇ ਮੌਜੂਦ ਬਿਊਰੋ ਆਫ ਫਾਇਰ ਪ੍ਰੋਟੈਕਸ਼ਨ ਕਮਾਂਡਰ ਨੇ ਦੱਸਿਆ ਕਿ ਅੱਗ ਵਿੱਚ ਘਿਰੇ 37 ਵਿਅਕਤੀਆਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚਾਰ ਮੰਜ਼ਿਲਾ ਐਨਸੀਸੀਸੀ ਮਾਲ ਵਿੱਚ ਕੱਲ੍ਹ ਸਵੇਰੇ ਅੱਗ ਲੱਗੀ ਸੀ। ਸਿਖਰਲੀ ਮੰਜ਼ਿਲ ਉਤੇ ਕਾਲ ਸਟੈਂਰ ਦੇ ਮੁਲਾਜ਼ਮਾਂ ਸਮੇਤ ਹੋਰ ਲੋਕ ਅੰਦਰ ਘਿਰ ਗਏ ਸਨ। ਅੱਜ ਸਵੇਰ ਤਕ ਅੱਗ ਉਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਅਧਿਕਾਰੀ ਨੇ ਦੱਸਿਆ, ‘ਅੱਗ ਤੀਜੀ ਮੰਜ਼ਿਲ ਉਤੇ ਲੱਗੀ ਸੀ, ਜਿਥੇ ਫੈਬਰਿਕ, ਲੱਕੜ ਦੇ ਫਰਨੀਚਰ ਅਤੇ ਪਲਾਸਟਿਕ ਦੇ ਸਾਮਾਨ ਦੀਆਂ ਦੁਕਾਨਾਂ ਸਨ।
ਇਸ ਕਾਰਨ ਅੱਗ ਦੇਖਦਿਆਂ ਦੇਖਦਿਆਂ ਫੈਲ ਗਈ। ਉਨ੍ਹਾਂ ਦੱਸਿਆ ਕਿ ਜਾਂਚਕਾਰਾਂ ਦਾ ਮੰਨਣਾ ਹੈ ਕਿ ਕਾਲ ਸੈਂਟਰ ਦੇ ਮੁਲਾਜ਼ਮ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਕਾਲ ਸੈਂਟਰ ਮੁਲਾਜ਼ਮਾਂ ਦੇ ਕੰਮ ਵਿੱਚ ਮਸਰੂਫ ਹੋਣ ਕਾਰਨ ਹੋ ਸਕਦਾ ਹੈ ਉਨ੍ਹਾਂ ਨੂੰ ਅੱਗ ਬਾਰੇ ਸਮਾਂ ਰਹਿੰਦੇ ਪਤਾ ਨਾ ਲੱਗਾ ਹੋਵੇ।
ਰਾਸ਼ਟਰਪਤੀ ਰੌਡਰਿਗੋ ਡਿਊਟਰੇਟ, ਜੋ ਇਸ ਸ਼ਹਿਰ ਦੇ ਤਕਰੀਬਨ ਦੋ ਦਹਾਕੇ ਮੇਅਰ ਰਹੇ ਹਨ ਤੇ ਇਥੇ ਹੀ ਰਹਿੰਦੇ ਹਨ, ਨੇ ਰਾਤ ਵੇਲੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੱਤਾ।