23 ਨਵੰਬਰ ਤੋਂ ਸ਼ੁਰੂ ਹੋ ਚੁਕੇ ਵਿਆਹਾਂ ਦੇ ਸੀਜ਼ਨ ਵਿੱਚ 38 ਲੱਖ ਵਿਆਹ ਹੋਣਗੇ
4.74 ਲੱਖ ਕਰੋੜ ਰੁਪਏ ਦਾ ਹੋ ਸਕਦਾ ਹੈ ਕਾਰੋਬਾਰ
ਦਿੱਲੀ ਵਿਚ 1.25 ਲੱਖ ਕਰੋੜ ਦਾ ਕਾਰੋਬਾਰ ਹੋਣ ਦੀ ਸੰਭਾਵਨਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ – 23 ਨਵੰਬਰ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁਕਾ ਹੈ, ਜਿਸ ਦੌਰਾਨ ਲੱਖਾਂ ਕਰੋੜਾਂ ਰੁਪਏ ਦਾ ਕਾਰੋਬਾਰ ਹੋਣ ਦੀ ਆਸ ਹੈ। ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਉਮੀਦ ਪ੍ਰਗਟਾਈ ਕਿ 23 ਨਵੰਬਰ ਤੋਂ ਸ਼ੁਰੂ ਹੋ ਚੁਕੇ ਵਿਆਹਾਂ ਦੇ ਸੀਜ਼ਨ ਵਿੱਚ 38 ਲੱਖ ਵਿਆਹ ਹੋਣਗੇ, ਜਿਸ ਨਾਲ ਵਸਤਾਂ ਅਤੇ ਸੇਵਾਵਾਂ ਨੂੰ ਮਿਲਾ ਕੇ ਦੇਸ਼ ਵਿਚ ਲਗਭਗ 4.74 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ। ਹਿੰਦੂ ਰੀਤ ਮੁਤਾਬਕ ਵਿਆਹਾਂ ਦਾ ਸੀਜ਼ਨ ਦੇਵਉਠਾਨ ਇਕਾਦਸ਼ੀ ਯਾਨੀ 23 ਨਵੰਬਰ ਤੋਂ ਸ਼ੁਰੂ ਹੋ ਚੁਕਾ ਹੈ ਜੋ 15 ਦਸੰਬਰ ਤੱਕ ਚੱਲੇਗਾ .
ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਕੱਲੇ ਦਿੱਲੀ ਵਿਚ ਇਸ ਸੀਜ਼ਨ ਵਿਚ 4 ਲੱਖ ਤੋਂ ਵੱਧ ਵਿਆਹ ਹੋਣ ਦੀ ਉਮੀਦ ਹੈ, ਜਿਸ ਨਾਲ ਲਗਭਗ 1.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਭਰਤੀਆ ਅਤੇ ਖੰਡੇਲਵਾਲ ਨੇ ਦੱਸਿਆ ਕਿ ਇਕ ਵਿਆਹ ’ਚ ਆਮ ਤੌਰ ’ਤੇ 50 ਫ਼ੀਸਦੀ ਖਰਚਾ ਸਾਮਾਨ ਦੀ ਖਰੀਦ ’ਤੇ ਅਤੇ 50 ਫ਼ੀਸਦੀ ਸੇਵਾਵਾਂ ਦੀ ਖਰੀਦ ’ਤੇ ਕੀਤਾ ਜਾਂਦਾ ਹੈ। ਇਕ ਨਜ਼ਰ ਵਿਚ ਮਾਲ ਖੇਤਰ ਵਿਚ ਵਪਾਰ ਦਾ ਅਨੁਮਾਨਿਤ ਫੀਸਦੀ ਕੱਪੜਾ, ਸਾੜ੍ਹੀ, ਲਹਿੰਗਾ ਅਤੇ ਗਾਰਮੈਂਟਸ ਵਿਚ 10 ਫ਼ੀਸਦੀ, ਗਹਿਣਿਆਂ ਵਿਚ 15 ਫ਼ੀਸਦੀ, ਇਲੈਕਟ੍ਰਾਨਿਕਸ, ਇਲੈਕਟ੍ਰੀਕਲਸ ਅਤੇ ਖਪਤਕਾਰ ਵਸਤਾਂ ’ਚ 5 ਫ਼ੀਸਦੀ, ਡਰਾਈ ਫਰੂਟ, ਫਲਾਂ, ਮਿਠਾਈ ਅਤੇ ਨਮਕੀਨ ’ਚ 5 ਫ਼ੀਸਦੀ, ਅਨਾਜ, ਕਰਿਆਨਾ ਅਤੇ ਸਬਜ਼ੀਆਂ ਵਿਚ 5 ਫ਼ੀਸਦੀ, ਗਿਫਟ ਆਈਟਮਸ ਵਿਚ 4 ਅਤੇ ਬਾਕੀ 6 ਫ਼ੀਸਦੀ ਹੋਰ ਵੰਨ-ਸੁਵੰਨੀਆਂ ਵਸਤਾਂ ਵਿਚ ਵਪਾਰ ਦੀ ਸੰਭਾਵਨਾ ਹੈ।
Comments (0)