ਰਾਹੁਲ ਗਾਂਧੀ ਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ 16 ਦਸੰਬਰ ਨੂੰ ਕਾਂਗਰਸ ਦੀ ਵਾਗਡੋਰ ਸੰਭਾਲਣ ਦੀ ਸੰਭਾਵਨਾ

ਰਾਹੁਲ ਗਾਂਧੀ ਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ 16 ਦਸੰਬਰ ਨੂੰ ਕਾਂਗਰਸ ਦੀ ਵਾਗਡੋਰ ਸੰਭਾਲਣ ਦੀ ਸੰਭਾਵਨਾ

ਨਵੀਂ ਦਿੱਲੀ/ਬਿਊਰੋ ਨਿਊਜ਼:
ਰਾਹੁਲ ਗਾਂਧੀ ਵੱਲੋਂ 16 ਦਸੰਬਰ ਨੂੰ ਕਾਂਗਰਸ ਦੀ ਵਾਗਡੋਰ ਸੰਭਾਲਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਦੀ ਮਾਂ ਅਤੇ ਪਾਰਟੀ ਦੀ ਸਭ ਤੋਂ ਵੱਧ ਸਮਾਂ ਪ੍ਰਧਾਨ ਰਹਿਣ ਵਾਲੀ ਸ੍ਰੀਮਤੀ ਸੋਨੀਆ ਗਾਂਧੀ ਰਸਮੀ ਤੌਰ ‘ਤੇ ਰਾਹੁਲ ਗਾਂਧੀ ਨੂੰ ਅਹਿਮ ਜ਼ਿੰਮੇਵਾਰੀ ਸੌਂਪਣਗੇ। ਇਸ ਨਾਲ ਜਿੱਥੇ ਕਰੀਬ ਅੱਧੀ ਸਦੀ ਤਕ ਦੇਸ਼ ‘ਤੇ ਸ਼ਾਸਨ ਕਰਨ ਵਾਲੀ ਕਾਂਗਰਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਉੱਥੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਦੇ ਮੋਢਿਆਂ ‘ਤੇ ਪਾਰਟੀ ਦਾ ਰੁਤਬਾ ਮੁੜ ਬਹਾਲ ਕਰਨ ਦੀ ਕਠਿਨ ਜ਼ਿੰਮੇਵਾਰੀ ਵੀ ਪੈ ਜਾਵੇਗੀ। ਰਾਹੁਲ ਗਾਂਧੀ ਦੀ ਤਾਜਪੋਸ਼ੀ ਦਾ ਐਲਾਨ ਕੱਲ੍ਹ ਹੋਣ ਦੀ ਸੰਭਾਵਨਾ ਹੈ, ਜੋ ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦਾ ਆਖ਼ਰੀ ਦਿਨ ਹੈ। ਪੜਤਾਲ ਦੌਰਾਨ 89 ਨਾਮਜ਼ਦਗੀਆਂ ਰਾਹੁਲ ਗਾਂਧੀ ਦੇ ਪੱਖ ‘ਚ ਹੀ ਮਿਲੀਆਂ ਹਨ। ਕਾਂਗਰਸ ਦੀ ਸੈਂਟਰਲ ਇਲੈਕਸ਼ਨ ਅਥਾਰਟੀ ਦੇ ਚੇਅਰਮੈਨ ਮੁੱਲਾਪੁਲੀ ਰਾਮਾਚੰਦਰਨ ਅਤੇ ਮੈਂਬਰਾਂ ਮਧੂਸੂਦਨ ਮਿਸਤਰੀ ਅਤੇ ਭੁਵਨੇਸ਼ਵਰ ਕਲੀਤਾ ਕੱਲ੍ਹ ਇਹ ਐਲਾਨ ਕਰਨਗੇ ਕਿ ਇਸ ਅਹੁਦੇ ਲਈ ਸਿਰਫ਼ ਰਾਹੁਲ ਗਾਂਧੀ ਹੀ ਮੈਦਾਨ ‘ਚ ਹਨ। ਸ੍ਰੀ ਰਾਮਚੰਦਰਨ ਮੁਤਾਬਕ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ  ਨਿਯੁਕਤ ਕਰਨ ਸਬੰਧੀ ਸਰਟੀਫਿਕੇਟ 16 ਦਸੰਬਰ ਨੂੰ ਸੋਨੀਆ ਗਾਂਧੀ ਤੇ ਸੀਨੀਅਰ ਆਗੂਆਂ ਦੀ ਮੌਜੂਦਗੀ ‘ਚ ਦਿੱਤਾ ਜਾਵੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਮਹਿਜ ਦੋ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਤਾਜਪੋਸ਼ੀ ਹੋਵੇਗੀ।