ਦਹਿਸ਼ਤੀ ਹਮਲਿਆਂ ਨਾਲ ਕੰਬਿਆ ਬਾਰਸੀਲੋਨਾ, 13 ਲੋਕਾਂ ਦੀ ਮੌਤ, 100 ਜ਼ਖ਼ਮੀ

ਦਹਿਸ਼ਤੀ ਹਮਲਿਆਂ ਨਾਲ ਕੰਬਿਆ ਬਾਰਸੀਲੋਨਾ, 13 ਲੋਕਾਂ ਦੀ ਮੌਤ, 100 ਜ਼ਖ਼ਮੀ

ਕੈਪਸ਼ਨ-ਅਤਿਵਾਦੀ ਹਮਲੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸੰਭਾਲਦੇ ਹੋਏ ਰਾਹਤ ਕਾਮੇ।

ਬਾਰਸੀਲੋਨਾ/ਬਿਊਰੋ ਨਿਊਜ਼ :
ਇਥੋਂ ਦੇ ਭੀੜ-ਭੜੱਕੇ ਵਾਲੇ ਇੱਕ ਖੇਤਰ ਵਿੱਚ ਇੱਕ ਚਾਲਕ ਨੇ ਆਪਣੀ ਵੈਨ ਰਾਹਗੀਰਾਂ ‘ਤੇ ਚੜ੍ਹਾ ਦਿੱਤੀ। ਪੁਲੀਸ ਅਨੁਸਾਰ ਇਸ ਅਤਿਵਾਦੀ ਹਮਲੇ ਵਿੱਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ 10 ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਦੂਸਰਾ ਹਮਲਾ ਬਾਰਸੀਲੋਨਾ ਤੋਂ 100 ਕਿਲੋਮੀਟਰ ਦੂਰ ਕੈਂਬਰਿਲਜ਼ ਵਿਚ ਹੋਇਆ। ਇਥੇ ਕਾਰ ਨੇ ਪੁਲੀਸ ਬੈਰੀਕੇਡ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਇਕ ਪੁਲੀਸ ਮੁਲਾਜ਼ਮ ਸਮੇਤ 7 ਜਣੇ ਜ਼ਖ਼ਮੀ ਹੋ ਗਏ। ਹਾਲਾਂਕਿ ਪੁਲੀਸ ਨੇ ਜਵਾਬੀ ਕਾਰਵਾਈ ਕਰਦੇ ਹੋਏ 4 ਅਤਿਵਾਦੀਆਂ ਨੂੰ ਮਾਰ ਦਿੱਤਾ। ਇਸ ਦੇ ਨਾਲ ਹੀ ਸ਼ੱਕੀ ਦਹਿਸ਼ਤਗਰਦ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਹਿਸ਼ਤੀ ਸੰਗਠਨ ਆਈ.ਐਸ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।  ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ। ਸਪੈਨਿਸ਼ ਮੀਡੀਆ ਮੁਤਾਬਕ ਹਮਲਾਵਰ ਚਿੱਟੇ ਰੰਗ ਦੀ ਫੀਏਟ ਗੱਡੀ ਵਿੱਚ ਆਇਆ ਸੀ, ਜਿਹੜੀ ਉਸ ਨੇ ਸ਼ਹਿਰ ਵਿਚੋਂ ਕਿਰਾਏ ‘ਤੇ ਲਈ ਸੀ। ਵ੍ਹਾਈਟ ਹਾਊਸ ਦੇ ਬੁਲਾਰੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਅਤੇ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਕੇਂਦਰੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਆਖਿਆ ਕਿ ਇਸ ਹਮਲੇ ਵਿੱਚ ਕੋਈ ਭਾਰਤੀ ਹਲਾਕ ਜਾਂ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਸਪੇਨ ਸਥਿਤ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਨ।