ਲੰਡਨ : ਮਸਜਿਦ ‘ਚੋਂ ਨਿੱਕਲ ਰਹੇ ਨਮਾਜ਼ੀਆਂ ‘ਤੇ ਚੜ੍ਹਾਈ ਵੈਨ, ਇੱਕ ਹਲਾਕ, 10 ਜ਼ਖ਼ਮੀ

ਲੰਡਨ : ਮਸਜਿਦ ‘ਚੋਂ ਨਿੱਕਲ ਰਹੇ ਨਮਾਜ਼ੀਆਂ ‘ਤੇ ਚੜ੍ਹਾਈ ਵੈਨ, ਇੱਕ ਹਲਾਕ, 10 ਜ਼ਖ਼ਮੀ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੀ ਰਾਜਧਾਨੀ ਲੰਡਨ ‘ਚ ਇੱਕ ਮਸਜਿਦ ‘ਚੋਂ ਨਮਾਜ਼ ਪੜ੍ਹ ਕੇ ਬਾਹਰ ਨਿਕਲ ਰਹੇ ਨਮਾਜ਼ੀਆਂ ‘ਤੇ ਇੱਕ ਵਿਅਕਤੀ ਨੇ ਆਪਣੀ ਵੈਨ ਚੜ੍ਹਾ ਦਿੱਤੀ ਜਿਸ ਨਾਲ ਇੱਕ ਨਮਾਜ਼ੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਸਲਮਾਨਾਂ ‘ਤੇ ਇਹ ਘਿਨਾਉਣਾ ਦਹਿਸ਼ਤੀ ਹਮਲਾ ਕਰਾਰ ਦਿੱਤਾ ਹੈ। ਪਿਛਲੇ ਚਾਰ ਮਹੀਨਿਆਂ ‘ਚ ਬਰਤਾਨੀਆ ‘ਚ ਇਹ ਚੌਥਾ ਦਹਿਸ਼ਤੀ ਹਮਲਾ ਹੈ। ਸੈਵਨ ਸਿਸਟਰਜ਼ ਰੋਡ ‘ਤੇ ਪੈਂਦੇ ਮੁਸਲਿਮ ਵੈਲਫੇਅਰ ਹਾਊਸ, ਜਿਥੇ ਮਸਜਿਦ ਵੀ ਹੈ, ਦੇ ਬਾਹਰ ਅੱਧੀ ਰਾਤ ਤੋਂ ਬਾਅਦ ਇਹ ਹਮਲਾ ਹੋਇਆ ਜਦੋਂ ਕੁਝ ਵਿਅਕਤੀ ਉਥੇ ਡਿੱਗੇ ਪਏ ਬੰਦੇ ਦੀ ਸਹਾਇਤਾ ਕਰ ਰਹੇ ਸਨ। ਘਟਨਾ ਵਾਲੀ ਥਾਂ ਦੇ ਨੇੜੇ ਹੀ ਫਿਨਸਬਰੀ ਪਾਰਕ ਹੈ ਅਤੇ ਉਥੇ ਵੀ ਇੱਕ ਮਸਜਿਦ ਹੈ। ਲੋਕਾਂ ਨੇ ਵੈਨ ਦੇ ਡਰਾਈਵਰ (48) ਨੂੰ ਥਾਂ ‘ਤੇ ਹੀ ਫੜ ਲਿਆ ਅਤੇ ਫਿਰ ਪੁਲੀਸ ਨੇ ਹੱਤਿਆ ਦੀ ਕੋਸ਼ਿਸ਼ ਦੇ ਸ਼ੱਕ ‘ਚ ਉਸ ਨੂੰ ਹਿਰਾਸਤ ‘ਚ ਲੈ ਲਿਆ। ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸ ਦੀ ਮਾਨਸਿਕ ਹਾਲਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਮੈਟਰੋਪੋਲਿਟਨ ਪੁਲੀਸ ਡਿਪਟੀ ਅਸਿਸਟੈਂਟ ਕਮਿਸ਼ਨਰ ਨੀਲ ਬਾਸੂ ਨੇ ਕਿਹਾ ਕਿ ਜਿਹੜੇ ਵਿਅਕਤੀ ਦੀ ਮੌਤ ਹੋਈ ਹੈ, ਉਸ ਨੂੰ ਲੋਕਾਂ ਵਲੋਂ ਪਹਿਲਾਂ ਹੀ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਸੀ ਅਤੇ ਇਹ ਨਹੀਂ ਪਤਾ ਲੱਗ ਸਕਿਆ ਕਿ ਉਸ ਦੀ ਮੌਤ ਹਮਲੇ ਨਾਲ ਹੋਈ ਹੈ। ਬਾਸੂ ਨੇ ਕਿਹਾ ਕਿ ਇਸ ਨੂੰ ਦਹਿਸ਼ਤੀ ਹਮਲੇ ਵਜੋਂ ਲਿਆ ਜਾ ਰਿਹਾ ਹੈ ਅਤੇ ਦਹਿਸ਼ਤਗਰਦੀ ਵਿਰੋਧੀ ਕਮਾਂਡ ਵਲੋਂ ਜਾਂਚ ਕੀਤੀ ਜਾ ਰਹੀ ਹੈ। ਪ੍ਰਤੱਖਦਰਸ਼ੀ ਅਬਦੁੱਲ ਰਹਿਮਾਨ ਨੇ ਕਿਹਾ ਕਿ ਡਰਾਈਵਰ ਆਖ ਰਿਹਾ ਸੀ ਕਿ ਉਹ ਸਾਰੇ ਮੁਸਲਮਾਨਾਂ ਨੂੰ ਮਾਰਨਾ ਚਾਹੁੰਦਾ ਹੈ। ਪੁਲੀਸ ਕਮਿਸ਼ਨਰ ਕਰੇਸਿਡਾ ਡਿਕ ਨੇ ਕਿਹਾ ਕਿ ਲੰਡਨ ਕਈ ਧਰਮਾਂ ਅਤੇ ਕਈ ਕੌਮਾਂ ਦਾ ਸ਼ਹਿਰ ਹੈ ਅਤੇ ਇੱਕ ਭਾਈਚਾਰੇ ‘ਤੇ ਹਮਲੇ ਦਾ ਮਤਲਬ ਸਾਰਿਆਂ ‘ਤੇ ਹਮਲਾ ਹੈ। ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਕਿਹਾ ਕਿ ਜ਼ਖ਼ਮੀਆਂ, ਉਨ੍ਹਾਂ ਦੇ ਨਜ਼ਦੀਕੀਆਂ ਅਤੇ ਹੰਗਾਮੀ ਸੇਵਾਵਾਂ ‘ਚ ਜੁੜੇ ਵਿਅਕਤੀਆਂ ਨਾਲ ਉਨ੍ਹਾਂ ਦੀਆਂ ਦੁਆਵਾਂ ਹਨ। ਉਨ੍ਹਾਂ ਕਿਹਾ ਕਿ ਈਦ ਮੌਕੇ ਭਾਈਚਾਰੇ ‘ਚ ਭਰੋਸਾ ਪੈਦਾ ਕਰਨ ਲਈ ਸਾਰੀਆਂ ਮਸਜਿਦਾਂ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਬਾਹਰ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।