ਉਮੀਦਵਾਰ ਦਾ ਦੋਸ਼ : ਦੁਰਗੇਸ਼ ਤੇ ਸੰਜੈ ਨੇ ਕਿਹਾ-1 ਕਰੋੜ ਦਿਓ ਜਾਂ 30 ਲੱਖ ਲੈ ਕੇ ਸੀਟ ਛੱਡੋ

ਉਮੀਦਵਾਰ ਦਾ ਦੋਸ਼ : ਦੁਰਗੇਸ਼ ਤੇ ਸੰਜੈ ਨੇ ਕਿਹਾ-1 ਕਰੋੜ ਦਿਓ ਜਾਂ 30 ਲੱਖ ਲੈ ਕੇ ਸੀਟ ਛੱਡੋ

ਦੋਸ਼ ਸਿੱਧ ਹੋਏ ਤਾਂ ਗੋਲੀ ਮਾਰ ਦੇਣਾ : ਸੰਜੈ ਸਿੰਘ

ਵਿਨੋਦ ਕੁਮਾਰ ਦੀ ਟਿਕਟ ਕੱਟ ਕੇ ਠੇਕੇਦਾਰ ਅਮਰਜੀਤ ਸਿੰਘ ਨੂੰ ਦਿੱਤੀ
ਚੰਡੀਗੜ੍ਹ/ਬਿਊਰੋ ਨਿਊਜ਼ :
ਵਿਧਾਨ ਸਭਾ ਹਲਕਾ ਭੋਆ (ਪਠਾਨਕੋਟ) ਤੋਂ ‘ਆਪ’ ਉਮੀਦਵਾਰ ਵਿਨੋਦ ਕੁਮਾਰ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਕਥਿਤ ਤੌਰ ‘ਤੇ ਇੱਕ ਕਰੋੜ ਰੁਪਏ ਮੰਗਣ ਦੇ ਦੋਸ਼ ਲਾਏ ਹਨ। ਵਿਨੋਦ ਕੁਮਾਰ ਨੇ ਦੱਸਿਆ ਕਿ 12 ਨਵੰਬਰ ਨੂੰ ਉਸ ਨੂੰ ਇੱਥੇ ਸੈਕਟਰ 18 ਸਥਿਤ ਸੁਨਾਮ ਤੋਂ ‘ਆਪ’ ਉਮੀਦਵਾਰ ਅਮਨ ਅਰੋੜਾ ਦੀ ਕੋਠੀ ਵਿਚ ਸੱਦਿਆ ਗਿਆ ਸੀ। ਉਨ੍ਹਾਂ ਦਾ ਮੋਬਾਈਲ ਫੋਨ ਦੂਰ ਰਖਵਾ ਕੇ ‘ਆਪ’ ਪੰਜਾਬ ਦੇ ਇੰਚਾਰਜ ਸੰਜੈ ਸਿੰਘ ਅਤੇ ਪਾਰਟੀ ਦੇ ਕੌਮੀ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਪ੍ਰਚਾਰ ਠੀਕ ਨਹੀਂ ਚੱਲ ਰਿਹਾ, ਜਿਸ ਕਾਰਨ ਉਹ ਹਾਈਟੈੱਕ ਪ੍ਰਚਾਰ ਕਰਨ ਲਈ ਇੱਕ ਕਰੋੜ ਰੁਪਏ ਦੇਣ। ਜਦੋਂ ਉਨ੍ਹਾਂ ਨੇ ਇਸ ਬਾਰੇ ਅਸਮਰੱਥਾ ਪ੍ਰਗਟਾਈ ਤਾਂ ਦੋਵਾਂ ਆਗੂਆਂ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਉਮੀਦਵਾਰੀ ਛੱਡਣ ਲਈ ਕਿਹਾ। ਦੋਵਾਂ ਆਗੂਆਂ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਜੇ ਉਹ ਉਮੀਦਵਾਰੀ ਛੱਡਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ 30 ਲੱਖ ਰੁਪਏ ਦਿੱਤੇ ਜਾਣਗੇ। ਜਦੋਂ ਉਨ੍ਹਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ ਤਾਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਸੰਜੈ ਅਤੇ ਦੁਰਗੇਸ਼ ਕਹਿੰਦੇ ਹਨ, ਉਸੇ ਤਰ੍ਹਾਂ ਕਰੋ। ਵਿਨੋਦ ਕੁਮਾਰ ਨੇ ਕਿਹਾ ਕਿ ਉਹ ਹਰ ਹਾਲ ਚੋਣ ਲੜਨਗੇ ਅਤੇ ਬਾਹਰੋਂ ਪੰਜਾਬ ਵਿੱਚ ਆਏ ‘ਭ੍ਰਿਸ਼ਟਾਚਾਰੀਆਂ’ ਦਾ ਨਕਾਬ ਉਤਾਰਨਗੇ। ਵਿਨੋਦ ਕੁਮਾਰ ਨੇ ਪੱਤਰਕਾਰੀ ਛੱਡ ਕੇ ‘ਆਪ’ ਦਾ ਝਾੜੂ ਫੜਿਆ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਤੀਜੀ ਸੂਚੀ ਵਿੱਚ ਉਮੀਦਵਾਰ ਐਲਾਨਿਆ ਸੀ।
ਸੰਜੈ ਸਿੰਘ ਨੇ ਦੋਸ਼ ਨਕਾਰੇ :
ਪੰਜਾਬ ਦੇ ਇੰਚਾਰਜ ਸੰਜੈ ਸਿੰਘ ਨੇ ਕਿਹਾ ਕਿ ਭੋਆ ਦੇ ਉਮੀਦਵਾਰ ਵਿਨੋਦ ਕੁਮਾਰ ਵੱਲੋਂ ਲਾਏ ਸਾਰੇ ਦੋਸ਼ ਝੂਠੇ ਹਨ ਅਤੇ ਇੱਕ ਸਾਜ਼ਿਸ਼ ਤਹਿਤ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ।
ਹੁਣ ਠੇਕੇਦਾਰ ਅਮਰਜੀਤ ਸਿੰਘ ਬਣੇ ਉਮੀਦਵਾਰ :
‘ਆਪ’ ਆਗੂ ਸੰਜੈ ਸਿੰਘ ਨੇ ਵਿਨੋਦ ਕੁਮਾਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਿਆਸੀ ਮਾਮਲੇ ਕਮੇਟੀ ਵਿੱਚ ਵਿਨੋਦ ਕੁਮਾਰ ਦੀਆਂ ਸਰਗਰਮੀਆਂ ਬਾਰੇ ਵਿਚਾਰਾਂ ਹੋਈਆਂ ਸਨ। ਕਮੇਟੀ ਦੀ ਰਾਇ ਮੁਤਾਬਕ ਉਹ ਠੀਕ ਢੰਗ ਨਾਲ ਪ੍ਰਚਾਰ ਨਹੀਂ ਕਰ ਰਹੇ ਸਨ। ਇਸੇ ਕਰ ਕੇ ਉਨ੍ਹਾਂ ਦੀ ਟਿਕਟ ਕੱਟੀ ਗਈ ਹੈ ਤੇ ਉਹ ਬੁਖ਼ਲਾਹਟ ਵਿੱਚ ਆ ਕੇ ਦੋਸ਼ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਭੋਆ ਤੋਂ ਹੁਣ ਠੇਕੇਦਾਰ ਅਮਰਜੀਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ।