ਨਾਗਰਿਕਤਾ ਸੋਧ ਬਿੱਲ ਖਿਲਾਫ ਉੱਤਰ ਪੂਰਬ ਵਿੱਚ ਰੋਕਾਂ ਦੇ ਬਾਵਜੂਦ ਸੜਕਾਂ 'ਤੇ ਆਏ ਹਜ਼ਾਰਾਂ ਲੋਕ, ਫੌਜ ਲਾਈ

ਨਾਗਰਿਕਤਾ ਸੋਧ ਬਿੱਲ ਖਿਲਾਫ ਉੱਤਰ ਪੂਰਬ ਵਿੱਚ ਰੋਕਾਂ ਦੇ ਬਾਵਜੂਦ ਸੜਕਾਂ 'ਤੇ ਆਏ ਹਜ਼ਾਰਾਂ ਲੋਕ, ਫੌਜ ਲਾਈ

ਗੁਆਹਟੀ: ਭਾਰਤ ਦੀ ਪਾਰਲੀਮੈਂਟ ਵੱਲੋਂ ਪਾ ਕੀਤੇ ਗਏ ਵਿਵਾਦਿਤ ਨਾਗਰਿਕਤਾ ਸੋਧ ਬਿੱਲ, 2019 ਖਿਲਾਫ ਭਾਰਤ ਦੇ ਉੱਤਰ ਪੂਰਬੀ ਸੂਬਿਆਂ ਵਿੱਚ ਜ਼ਬਰਦਸਤ ਵਿਰੋਧ ਹੋ ਰਹੇ ਹਨ। ਇਹਨਾਂ ਵਿਰੋਧਾਂ ਦਾ ਕੇਂਦਰ ਅਸਾਮ ਸੂਬਾ ਬਣ ਗਿਆ ਹੈ। ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਭਾਰਤੀ ਫੌਜ ਵੱਲੋਂ ਅਸਾਮ ਦੀ ਰਾਜਧਾਨੀ ਗੁਆਹਟੀ 'ਚ ਫਲੈਗ ਮਾਰਚ ਕੀਤਾ ਗਿਆ। ਪਰ ਸਰਕਾਰ ਵੱਲੋਂ ਅਣਮਿੱਥੇ ਸਮੇਂ ਲਈ ਲਾਏ ਕਰਫਿਊ ਨੂੰ ਤੋੜਦਿਆਂ ਹਜ਼ਾਰਾਂ ਲੋਕ ਗੁਆਹਟੀ ਦੀਆਂ ਸੜਕਾਂ 'ਤੇ ਇਸ ਬਿੱਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ।

ਅਸਾਮ ਤੋਂ ਬਾਅਦ ਵੱਡੇ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣੇ ਤ੍ਰਿਪੁਰਾ ਸੂਬੇ ਵਿੱਚ ਵੀ ਅਸਾਮ ਰਾਈਫਲਜ਼ ਦੇ ਫੌਜੀਆਂ ਨੂੰ ਤੈਨਾਤ ਕੀਤਾ ਗਿਆ ਹੈ। 

ਅਸਾਮ ਵਿੱਚ ਕ੍ਰਿਸ਼ਕ ਮੁੱਕਤੀ ਸੰਗਰਾਮ ਕਮੇਟੀ, ਵਿਦਿਆਰਥੀ ਜਥੇਬੰਦੀਆਂ ਵੱਲੋਂ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ।

ਤ੍ਰਿਪੁਰਾ ਅਤੇ ਅਸਾਮ ਨੂੰ ਜਾਣ ਵਾਲੀਆਂ ਤੇ ਆਉਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਸਾਮ ਨੂੰ ਜਾਣ ਵਾਲੀਆਂ ਕਈ ਹਵਾਈ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। 

ਅਸਾਮ ਵਿੱਚ ਭਾਜਪਾ ਅਤੇ ਏਜੀਪੀ ਪਾਰਟੀਆਂ ਦੇ ਕਈ ਆਗੂਆਂ ਦੇ ਘਰਾਂ 'ਤੇ ਹਮਲਾ ਹੋਣ ਦੀਆਂ ਵੀ ਖਬਰਾਂ ਹਨ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਆਰਐਸਐਸ ਦੇ ਦਫਤਰਾਂ 'ਤੇ ਹਮਲੇ ਦੀਆਂ ਵੀ ਖਬਰਾਂ ਹਨ। 

ਅਸਾਮ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਅਸਾਮ ਦੇ ਲੋਕਾਂ ਨੂੰ ਇਸ ਬਿੱਲ ਦੇ ਪਾਸ ਹੋਣ 'ਤੇ ਡਰਨਾ ਨਹੀਂ ਚਾਹੀਦਾ। ਮੋਦੀ ਨੇ ਅਸਾਮ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਉਹਨਾਂ ਦੇ ਹੱਕ, ਪਛਾਣ ਅਤੇ ਸੋਹਣੇ ਸੱਭਿਆਚਾਰ ਨੂੰ ਉਹਨਾਂ ਤੋਂ ਖੋਹ ਨਹੀਂ ਸਕਦਾ। 

ਮੋਦੀ ਦੇ ਇਸ ਟਵੀਟ 'ਤੇ ਜਵਾਬ ਦਿੰਦਿਆਂ ਕਾਂਗਰਸ ਨੇ ਮੋਦੀ ਨੂੰ ਯਾਦ ਕਰਾਇਆ ਕਿ ਅਸਾਮ ਵਿੱਚ ਇੰਟਰਨੈਟ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਤੇ ਲੋਕ ਉਹਨਾਂ ਦੇ ਇਸ ਭਰੋਸੇ ਨੂੰ ਪੜ੍ਹ ਵੀ ਨਹੀਂ ਸਕਦੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।