ਬਰਤਾਨਵੀ ਫੌਜ ਦੇ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਮੁਲਾਕਾਤ ਕੀਤੀ

ਬਰਤਾਨਵੀ ਫੌਜ ਦੇ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਾਲ ਮੁਲਾਕਾਤ ਕੀਤੀ

ਅੰਮ੍ਰਿਤਸਰ: ਬਰਤਾਨਵੀ ਫੌਜ ਦੇ ਇੱਕ ਵਫਦ ਨੇ ਬੀਤੇ ਕੱਲ੍ਹ ਦਰਬਾਰ ਸਾਹਿਬ ਪਹੁੰਚ ਕੇ ਸਿਜਦਾ ਕੀਤਾ ਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦੱਸਿਆ ਕਿ ਬਰਤਾਨਵੀ ਫੌਜ ਵੱਲੋਂ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਬਰਤਾਨੀਆ ਦੇ ਵਿਦਿਅਕ ਅਦਾਰਿਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਸਿੱਖ ਕੌਮ ਦੇ ਇਸ ਘਟਨਾ ਸਬੰਧੀ ਇਤਿਹਾਸ ਤੋਂ ਸਮੁੱਚਾ ਬਰਤਾਨੀਆ ਜਾਣੂ ਹੋ ਸਕੇ। 

ਇਹ ਵਫ਼ਦ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਇਕ ਰੋਜ਼ਾ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਆਇਆ ਸੀ। ਬਰਤਾਨਵੀ ਫੌਜ ਦੇ ਇਸ ਵਫ਼ਦ ਵਿਚ ਬ੍ਰਿਗੇਡੀਅਰ ਸੇਲੀਆ ਜੇਨ ਹਾਰਵੇ, ਕਰਨਲ ਜੌਹਨ ਕੈਂਡਲ, ਕੈਪਟਨ ਕਰੇਜ ਬਿਕੇਰਟਨ, ਕੈਪਟਨ ਜਗਜੀਤ ਸਿੰਘ ਤੇ ਵਾਰੰਟ ਅਫ਼ਸਰ ਅਸ਼ੋਕ ਚੌਹਾਨ ਸ਼ਾਮਲ ਹਨ। ਇਨ੍ਹਾਂ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸ਼ਨ, ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਤਰੁਣਬੀਰ ਸਿੰਘ ਬੈਨੀਪਾਲ, ਕਮਲਜੀਤ ਕੌਰ ਪੰਨੂ ਸ਼ਾਮਲ ਸਨ। 
ਕੈਪਟਨ ਜਗਜੀਤ ਸਿੰਘ ਨੇ ਦੱਸਿਆ ਕਿ ਬਰਤਾਨਵੀ ਫੌਜ ਵਿਚ ਅੱਜ ਵੀ ਸਿੱਖ ਸ਼ਾਮਲ ਹਨ। ਬਰਤਾਨਵੀ ਫੌਜ ਸਿੱਖਾਂ ਦੀ ਬਹਾਦਰੀ ਦੇ ਕਾਰਨਾਮਿਆਂ ਤੋਂ ਪ੍ਰਭਾਵਿਤ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਚਾਹੁੰਦੇ ਹਨ ਕਿ ਉਥੇ ਵਸਦੇ ਸਿੱਖਾਂ ਦੇ ਬੱਚੇ ਵੱਡੀ ਗਿਣਤੀ ਵਿਚ ਫੌਜ ਵਿਚ ਭਰਤੀ ਹੋਣ। ਇਸ ਮੌਕੇ ਵਫਦ ਦੇ ਮੈਂਬਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਬਰਤਾਨਵੀ ਫੌਜ ਦੇ ਵਫਦ ਨੇ ਵੀ ਜਥੇਦਾਰ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਅਵਤਾਰ ਸਿੰਘ ਸੈਂਪਲਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਮੌਜੂਦ ਸਨ।

21 ਸਿੱਖ ਯੋਧਿਆਂ ਦੀ ਯਾਦ ’ਚ ਅੱਜ ਖਾਲਸਾ ਕਾਲਜ ਕੈਂਪਸ ਸਥਿਤ ਸਿੱਖ ਇਤਿਹਾਸ ਖੋਜ ਸੈਂਟਰ ਵਿਚ ਸਾਰਾਗੜ੍ਹੀ ਤੋਂ ਲਿਆਂਦੇ ਪੱਥਰ ਨੂੰ ਸਥਾਪਿਤ ਕੀਤਾ ਗਿਆ। ਬਰਤਾਨਵੀ ਫੌਜ ਦੇ ਵਫ਼ਦ ਨੇ ਕਾਲਜ ਦਾ ਦੌਰਾ ਕੀਤਾ, ਜਿਨ੍ਹਾਂ ਨੂੰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਾਲਜ ਦੀ ਇਮਾਰਤ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਸਾਰਾਗੜ੍ਹੀ ਯੁੱਧ ’ਤੇ ਸਬੰਧਤ ਸੈਮੀਨਾਰ ਵੀ ਕਰਵਾਇਆ ਗਿਆ, ਜਿਸ ’ਚ ਉਕਤ ਵਫ਼ਦ ਨੇ ਸ਼ਿਰਕਤ ਕੀਤੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।