ਗਵਰਨਰ ਸਲੀਮਾ ਮਜ਼ਾਰੀ ਆਪਣੀ ਛੋਟੀ ਜਿਹੀ ਫ਼ੌਜ ਨਾਲ ਟਕਰ ਲੈ ਰਹੀ ਏ ਤਾਲਿਬਾਨ ਨਾਲ  

ਗਵਰਨਰ ਸਲੀਮਾ ਮਜ਼ਾਰੀ ਆਪਣੀ ਛੋਟੀ ਜਿਹੀ ਫ਼ੌਜ ਨਾਲ ਟਕਰ ਲੈ ਰਹੀ ਏ ਤਾਲਿਬਾਨ ਨਾਲ  

ਅੰਮ੍ਰਿਤਸਰ ਟਾਈਮਜ਼ ਬਿਉਰੋ

ਕਾਬੁਲ-ਅਫਗਾਨਿਸਤਾਨ 'ਚ 39 ਸਾਲਾ ਸਲੀਮਾ ਮਾਜ਼ਰੀ ਨਾਂਅ ਦੀ ਜ਼ਿਲ੍ਹਾ ਗਵਰਨਰ ਪੂਰੀ ਤਾਕਤ ਨਾਲ ਤਾਲਿਬਾਨ ਵਿਰੁੱਧ ਜੰਗ ਦੀ ਅਗਵਾਈ ਕਰ ਰਹੀ ਹੈ । ਉਸ ਦੀ ਫ਼ੌਜ 'ਚ ਕਈ ਦਰਜਨ ਲੜਾਕੇ ਸ਼ਾਮਿਲ ਹਨ, ਜੋ ਪਹਿਲਾਂ ਮਜ਼ਦੂਰੀ ਕਰਦੇ ਸਨ ਜਾਂ ਚਰਵਾਹੇ ਸਨ । ਉਹ ਲਗਾਤਾਰ ਸਥਿਤੀ ਦਾ ਜਾਇਜ਼ਾ ਲੈਂਦੀ ਹੈ ਅਤੇ ਨਾਲ ਹੀ ਅਗਲੀ ਰਣਨੀਤੀ ਵੀ ਤਿਆਰ ਕਰਦੀ ਹੈ । ਉਹ ਲਗਾਤਾਰ ਤਾਲਿਬਾਨ ਖ਼ਿਲਾਫ਼ ਲੋਕਾਂ ਨੂੰ ਹਥਿਆਰ ਚੁੱਕਣ ਲਈ ਲਾਮਬੰਦ ਕਰ ਰਹੀ ਹੈ ।ਸਲੀਮਾ ਬਲਖ਼ ਪ੍ਰਾਂਤ ਦੇ ਜ਼ਿਲ੍ਹਾ ਚਾਰਕਿੰਟ ਦੀ ਗਵਰਨਰ ਹੈ, ਜੋ ਕਿ ਮਜ਼ਾਰ-ਏ-ਸ਼ਰੀਫ ਤੋਂ ਲਗਭਗ ਇਕ ਘੰਟੇ ਦੀ ਦੂਰੀ 'ਤੇ ਹੈ । ਮਾਜ਼ਰੀ ਦਾ ਕਹਿਣਾ ਹੈ ਕਿ ਤਾਲਿਬਾਨ ਸ਼ਾਸਨ 'ਚ ਮਨੁੱਖੀ ਅਧਿਕਾਰਾਂ ਵਰਗੀ ਕੋਈ ਚੀਜ਼ ਨਹੀਂ ਹੈ, ਸਗੋਂ ਉਹ ਉਸ ਦੀਆਂ ਖੁੱਲ੍ਹ ਕੇ ਧੱਜੀਆਂ ਉਡਾ ਰਹੇ ਹਨ | ਉਹ ਔਰਤਾਂ ਦੀ ਪੜ੍ਹਾਈ-ਲਿਖਾਈ ਕਰਨ ਤੋਂ ਸਖ਼ਤ ਨਫ਼ਰਤ ਕਰਦੇ ਹਨ ਤੇ ਰਾਜਨੀਤੀ 'ਚ ਹਿੱਸਾ ਲੈਣ ਵਾਲੀਆਂ ਔਰਤਾਂ ਦੇ ਉਹ ਪੱਕੇ ਵੈਰੀ ਹਨ । ਉਸ ਨੇ ਕਿਹਾ ਕਿ ਅਫ਼ਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਹੇਠ ਦੇਸ਼ ਦਾ ਵਿਕਾਸ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ । ਹਜ਼ਾਰਾ ਭਾਈਚਾਰੇ ਨਾਲ ਸਬੰਧਿਤ ਸਲੀਮਾ ਮਜ਼ਾਰੀ ਦੇ ਭਾਈਚਾਰੇ ਦੇ ਜ਼ਿਆਦਾਤਰ ਲੋਕ ਸ਼ੀਆ ਮੁਸਲਮਾਨ ਹਨ । ਉਸ ਦੇ ਜ਼ਿਲ੍ਹਾ ਚਾਰਕਿੰਟ ਦੇ ਲਗਪਗ ਅੱਧੇ ਹਿੱਸੇ 'ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ।ਇਸ ਤੋਂ ਬਾਅਦ ਵੀ ਮਾਜ਼ਰੀ ਅਤੇ ਉਸ ਦੀ ਫ਼ੌਜ ਪਿੱਛੇ ਹਟਣ ਲਈ ਤਿਆਰ ਨਹੀਂ, ਸਗੋਂ ਆਪਣੇ ਮੋਰਚਿਆਂ 'ਚ ਤਾਲਿਬਾਨ ਵਿਰੁੱਧ ਮਜ਼ਬੂਤੀ ਨਾਲ ਡਟੀ ਹੋਈ ਹੈ ।ਉਸ ਦੁਆਰਾ ਮਜ਼ਦੂਰਾਂ ਅਤੇ ਭੇਡਾਂ ਦੇ ਚਰਵਾਹਿਆਂ ਦੀ ਬਣਾਈ ਗਈ ਫ਼ੌਜ ਕੋਲ ਪਹਿਲਾਂ ਬੰਦੂਕਾਂ ਨਹੀਂ ਸਨ ।ਉਨ੍ਹਾਂ ਨੇ ਆਪਣੇ ਪਸ਼ੂ ਵੇਚ ਕੇ ਬੰਦੂਕਾਂ ਅਤੇ ਹੋਰ ਹਥਿਆਰ ਖ਼ਰੀਦੇ ਹਨ | ਚਾਰਕਿੰਟ ਜ਼ਿਲ੍ਹੇ ਦੇ ਪੁਲਿਸ ਮੁਖੀ ਸਈਅਦ ਨਜ਼ੀਰ ਅਨੁਸਾਰ ਤਾਲਿਬਾਨ ਦਾ ਇਥੋਂ ਦੇ ਸਥਾਨਕ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਹੈ ।ਇਸ ਕਾਰਨ ਉਹ ਹੁਣ ਤੱਕ ਇਸ ਪੂਰੇ ਜ਼ਿਲ੍ਹੇ 'ਤੇ ਕਬਜ਼ਾ ਨਹੀਂ ਕਰ ਸਕੇ । ਉਨ੍ਹਾਂ ਕਿਹਾ ਕਿ ਮਾਜ਼ਰੀ ਨਾ ਸਿਰਫ਼ ਲੋਕਾਂ ਨੂੰ ਤਾਲਿਬਾਨ ਵਿਰੁੱਧ ਲੜਾਈ 'ਚ ਖੜ੍ਹਾ ਕਰ ਰਹੀ ਹੈ ਬਲਕਿ ਉਨ੍ਹਾਂ ਦੇ ਜ਼ਖ਼ਮੀ ਹੋਣ 'ਤੇ ਉਨ੍ਹਾਂ ਦਾ ਇਲਾਜ ਵੀ ਕਰਵਾ ਰਹੀ ਹੈ ।