ਵਿਸ਼ਵ ਸ਼ਾਂਤੀ ਲਈ ਪਰਮਾਣੂ ਹਥਿਆਰਾਂ ਦਾ ਖਾਤਮਾ ਜਰੂਰੀ
ਵਿਸ਼ਵ ਚੇਤਨਾ
ਡਾ. ਅਰੁਣ ਮਿੱਤਰਾ
ਜਾਪਾਨ ਦੇ ਨਗਰ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਪਰਮਾਣੂ ਬੰਬ ਸੁੱਟਣ ਨਾਲ ਅਥਾਹ ਤਬਾਹੀ ਹੋਈ ਸੀ। ਨਵੀਂ ਕਿਸਮ ਦੇ ਇਨ੍ਹਾਂ ਬੰਬਾਂ ਬਾਰੇ ਆਮ ਜਨਤਾ ਦੀ ਗੱਲ ਤਾਂ ਕੀ ਕਰਨੀ, ਜਪਾਨ ਦੇ ਫ਼ੌਜੀਆਂ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਹ ਅਤਿ ਦੀ ਤਬਾਹੀ ਕਰਨ ਵਾਲੇ ਬੰਬ ਕੀ ਚੀਜ਼ ਹਨ। ਸੰਸਾਰ ਭਰ ਵਿਚ ਅਮਨ ਦੇ ਹਾਮੀ ਲੋਕ ਇਸ ਘਟਨਾ ਨੂੰ ਹਰ ਸਾਲ ਪੀੜਤਾਂ ਨੂੰ ਸ਼ਰਧਾਂਜਲੀ ਦੇ ਕੇ ਅਤੇ ਪਰਮਾਣੂ ਹਥਿਆਰਾਂ ਦੇ ਮੁਕੰਮਲ ਖਾਤਮੇ ਲਈ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲੈ ਕੇ ਮਨਾਉਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀ ਬਰਬਾਦੀ ਨਾ ਦੇਖਣੀ ਪਵੇ। ਅਮਨ ਪਸੰਦ ਸ਼ਕਤੀਆਂ ਦੀਆਂ ਕੋਸ਼ਿਸ਼ਾਂ ਸਦਕਾ ਪਰਮਾਣੂ ਨਿਸ਼ਸਤਰੀਕਰਨ ਲਈ ਅਨੇਕਾਂ ਸੰਧੀਆਂ ਹੋਈਆਂ ਪਰ ਇੱਕ ਵੱਡੀ ਪ੍ਰਾਪਤੀ ਉਦੋਂ ਹੋਈ ਜਦੋਂ ਸੰਯੁਕਤ ਰਾਸ਼ਟਰ ਨੇ 7 ਜੁਲਾਈ 2017 ਨੂੰ ਪਰਮਾਣੂ ਸੰਧੀ ਯੂਐੱਨਓ ਦੀ ਮਹਾਂ ਸਭਾ ਵਿਚ ਪਾਸ ਕੀਤੀ। ਇਸ ਅਨੁਸਾਰ ਪਰਮਾਣੂ ਸ਼ਸਤਰਾਂ ਨੂੰ ਕਿਸੇ ਵੀ ਰੂਪ ਵਿਚ ਟੈਸਟ ਕਰਨ, ਵਰਤਣ, ਵੇਚਣ, ਵਪਾਰ ਕਰਨ ਆਦਿ ’ਤੇ ਪਾਬੰਦੀ ਲਗਾ ਕੇ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ। ਪਰਮਾਣੂ ਹਥਿਆਰ ਰੱਖਣ ਵਾਲੇ ਮੁਲਕਾਂ ਦੇ ਦਬਾਅ ਦੇ ਬਾਵਜੂਦ ਦੁਨੀਆ ਦੇ ਕਈ ਮੁਲਕਾਂ ਨੇ ਇਸ ਸੰਧੀ ਉਪਰ ਦਸਤਖ਼ਤ ਕੀਤੇ। ਹੁਣ ਇਸ ਨੂੰ ਲਾਗੂ ਕਰਨ ਲਈ ਸਾਰੀਆਂ ਸ਼ਰਤਾਂ ਪੂਰੀਆਂ ਹੋ ਚੁੱਕੀਆਂ ਹਨ। ਇਹ ਇਸ ਲਈ ਸੰਭਵ ਹੋਇਆ ਕਿਉਂਕਿ ਮੈਡੀਕਲ ਡਾਕਟਰਾਂ ਦੀ ਅਮਨ ਜੱਥੇਬੰਦੀ ਇੰਟਰਨੈਸ਼ਨਲ ਫ਼ਿਜ਼ੀਸ਼ੀਅਨਜ਼ ਫ਼ਾਰ ਦਿ ਪ੍ਰੀਵੈਨਸ਼ਨ ਆਫ਼ ਨਿਊਕਲੀਅਰ ਵਾਰ (ਆਈਪੀਪੀਐੱਨਡਬਲਿਊ) ਨੇ ਪਰਮਾਣੂ ਹਥਿਆਰਾਂ ਦੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਦੇ ਬਾਰੇ ਵੇਰਵਾ ਲੋਕਾਂ ਤਕ ਪੁਚਾਇਆ। ਪਰਮਾਣੂ ਅਸਤਰਾਂ ਨੂੰ ਦੁਨੀਆ ਵਿਚੋਂ ਸਮਾਪਤ ਕਰਨ ਲਈ ਵਿਸ਼ਾਲ ਅੰਦੋਲਨ ਆਈਕੈਨ ਨੇ ਇਸ ਬਾਰੇ ਬਹੁਤ ਮਿਹਨਤ ਕੀਤੀ ਅਤੇ ਛੋਟੇ ਮੁਲਕਾਂ ਨੂੰ ਵੀ ਇਸ ਗੱਲ ’ਤੇ ਰਾਜ਼ੀ ਕਰ ਲਿਆ ਕਿ ਇਸ ਸੰਧੀ ਨੂੰ ਅਪਣਾਉਣ।ਉਂਜ, ਇਹ ਬੜੇ ਦੁੱਖ ਦੀ ਗੱਲ ਹੈ ਕਿ ਪਰਮਾਣੂ ਮੁਲਕਾਂ ਨੇ ਦੁਨੀਆ ਦੀ ਆਵਾਜ਼ ਨੂੰ ਮਾਣ ਸਨਮਾਨ ਨਹੀਂ ਦਿੱਤਾ। ਉਹ ਅਜੇ ਵੀ ਪਰਮਾਣੂ ਹਥਿਆਰਾਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਤੇ ਇਹ ਸਮਝਦੇ ਹਨ ਕਿ ਇਨ੍ਹਾਂ ਦੇ ਕਰਕੇ ਲੜਾਈਆਂ ਨਹੀਂ ਹੋ ਰਹੀਆਂ ਪਰ ਉਹ ਇਸ ਗੱਲ ਤੋਂ ਮੂੰਹ ਮੋੜ ਲੈਂਦੇ ਹਨ ਕਿ ਜੇ ਇਹ ਹਥਿਆਰ ਨਾ ਵੀ ਵਰਤੇ ਜਾਣ ਤਾਂ ਵੀ ਇਨ੍ਹਾਂ ਦੇ ਸਾਂਭ-ਸੰਭਾਲ ਤੇ ਜੋ ਅਰਬਾਂ ਰੁਪਏ ਖਰਚ ਹੁੰਦੇ ਹਨ, ਜੇ ਉਨ੍ਹਾਂ ਨੂੰ ਸਿਹਤ, ਸਿੱਖਿਆ ਅਤੇ ਹੋਰ ਭਲਾਈ ਕੰਮਾਂ ਲਈ ਵਰਤਿਆ ਜਾਏ ਤਾਂ ਉਸ ਦਾ ਕਿੰਨਾ ਲਾਭ ਹੋ ਸਕਦਾ ਹੈ। ਦੂਸਰੀ ਗੱਲ ਇਹ ਕਿ ਜੇ ਕੋਈ ਚੀਜ਼ ਪਈ ਹੈ ਤਾਂ ਕਦੇ ਨਾ ਕਦੇ ਵਰਤੀ ਜਾਣ ਦੀ ਸੰਭਾਵਨਾ ਹਮੇਸ਼ਾ ਬਣੀ ਰਹੇਗੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭਾਰਤ ਪਾਕਿਸਤਾਨ ਵਰਗੇ ਗ਼ਰੀਬ ਮੁਲਕ ਵੀ ਇਸ ਦੌੜ ਵਿਚ ਪੈ ਗਏ। ਦੱਖਣੀ ਏਸ਼ੀਆ ਦੁਨੀਆ ਦੇ ਸਭ ਤੋਂ ਵੱਧ ਗਰੀਬ ਹਿੱਸਿਆਂ ਵਿਚੋਂ ਇੱਕ ਹੈ। ਕੋਵਿਡ-19 ਮਹਾਮਾਰੀ ਦੌਰਾਨ ਇਸ ਖਿੱਤੇ ਦੀ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋ ਗਈ ਹੈ। ਖੋਜ ਸੰਸਥਾ ਪਿਊ ਮੁਤਾਬਿਕ ਭਾਰਤ ਵਿਚ ਰੋਜ਼ਾਨਾ 2 ਡਾਲਰ ਤੋਂ ਵੀ ਘੱਟ ਕਮਾਉਣ ਵਾਲਿਆਂ ਦੀ ਗਿਣਤੀ 5.8 ਕਰੋੜ ਤੋਂ ਵਧ ਕੇ 13.4 ਕਰੋੜ ਹੋ ਗਈ ਹੈ। ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਮੁਤਾਬਿਕ 23 ਕਰੋੜ ਲੋਕ 375 ਰੁਪਏ ਤੋਂ ਵੀ ਘੱਟ ਦਿਹਾੜੀ ਕਮਾਉਂਦੇ ਹਨ। ਪਾਕਿਸਤਾਨ ਦੁਨੀਆ ਦੀ ਫ਼ਾਈਨਾਂਸ਼ੀਅਲ ਟਾਸਕ ਫ਼ੋਰਸ ਦੀ ਗ੍ਰੇਅ ਲਿਸਟ ਵਿਚ ਹੈ। ਅਫ਼ਗਾਨਿਸਤਾਨ ਦੀ ਆਰਥਿਕ ਹਾਲਤ ਤਾਂ ਬਹੁਤ ਹੀ ਖਰਾਬ ਹੈ। ਕੰਮ ਨਾ ਹੋਣ ਕਾਰਨ ਵੱਡੀ ਗਿਣਤੀ ਕੁਪੋਸ਼ਣ ਦਾ ਸ਼ਿਕਾਰ ਹੈ।
ਇਸ ਸਭ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਨੇ ਪਰਮਾਣੂ ਹਥਿਆਰ ਬਣਾਏ ਹਨ। ਕੋਈ ਸਮਾਂ ਸੀ, ਪਰਮਾਣੂ ਹਥਿਆਰਾਂ ਵਿਰੁੱਧ ਦੋਹਾਂ ਮੁਲਕਾਂ ਵਿਚ ਆਵਾਜ਼ ਸੀ ਪਰ ਹੁਣ ਇਹ ਆਵਾਜ਼ ਸਰਕਾਰ ਵੱਲੋਂ ਤਾਂ ਉੱਕਾ ਹੀ ਨਹੀਂ ਹੈ। ਗੈਰ ਸਰਕਾਰੀ ਸੰਸਥਾਵਾਂ ਅਤੇ ਲੋਕਾਂ ਵੱਲੋਂ ਵੀ ਇਹ ਚਰਚਾ ਬਹੁਤ ਘਟ ਗਈ ਹੈ। ਦੋਵੇਂ ਮੁਲਕ ਇਕ ਦੂਜੇ ’ਤੇ ਦੋਸ਼ ਲਾ ਕੇ ਹਥਿਆਰਾਂ ਦੀ ਦੌੜ ਵਿਚ ਲੱਗੇ ਹੋਏ ਹਨ। ਭਾਰਤ ਹਥਿਆਰ ਖਰੀਦਣ ਵਾਲੇ ਮੁਲਕਾਂ ਵਿਚੋਂ ਦੂਸਰੇ ਨੰਬਰ ’ਤੇ ਹੈ। ਹੁਣ ਭਾਰਤੀ ਸਰਕਾਰ ਹਥਿਆਰਾਂ ਦੇ ਕਾਰਖਾਨੇ ਲਗਾ ਕੇ ਆਪਣੇ ਹਥਿਆਰ ਬਣਾ ਕੇ ਉਨ੍ਹਾਂ ਨੂੰ ਵੇਚਣ ਦੀ ਦੌੜ ਵਿਚ ਲੱਗੀ ਹੈ।
ਇਤਿਹਾਸ ਗਵਾਹ ਹੈ ਕਿ ਜਦੋਂ ਆਰਥਿਕ ਤੰਗੀ ਆਉਂਦੀ ਹੈ ਤਾਂ ਕੌਮਵਾਦੀ ਸ਼ਕਤੀਆਂ ਲਾਭ ਉਠਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿਉਂਕਿ ਸਰਕਾਰਾਂ ਕੋਲੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ, ਇਸ ਲਈ ਉਹ ਚਰਚਾ ਬਦਲਦੀਆਂ ਰਹਿੰਦੀਆਂ ਹਨ ਅਤੇ ਮੁੱਦਿਆਂ ਤੋਂ ਭੱਜਦੀਆਂ ਹਨ। ਅਜਿਹੇ ਹਾਲਾਤ ਵਿਚ ਜਰਮਨੀ ਵਿਖੇ ਨਾਜ਼ੀਆਂ ਨੇ ਕੌਮਪ੍ਰਸਤੀ ਦੇ ਨਾਅਰੇ ਦੇ ਕੇ ਸੱਤਾ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੇ ਮੁਲਕ ਦੀ ਕਮਜ਼ੋਰੀਆਂ ਨੂੰ ਦੂਜਿਆਂ ਦੇ ਮੱਥੇ ਮੜ੍ਹ ਕੇ ਦੁਨੀਆ ’ਤੇ ਕਬਜ਼ਾ ਕਰਨ ਦੇ ਨਾਅਰੇ ਦਿੱਤੇ। ਸਾਡੇ ਦੇਸ਼ ਵਿਚ ਵੀ ਇਸ ਕਿਸਮ ਦੇ ਹਾਲਾਤ ਬਣਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਲਵ ਜਹਾਦ ਦੇ ਨਾਮ ਤੇ ਲੋਕਾਂ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ। ਸਮਾਜੀ ਮੇਲਜੋਲ ਅਤੇ ਇਕਸੁਰਤਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਘੱਟ ਗਿਣਤੀਆਂ, ਦਲਿਤਾਂ ਤੇ ਇਸਤਰੀਆਂ ਸਮੇਤ ਕਮਜ਼ੋਰ ਵਰਗਾਂ ’ਤੇ ਹਮਲੇ ਵਧਾਏ ਜਾ ਗਏ ਹਨ। ਇਸ ਤਰ੍ਹਾਂ ਡਰ, ਭੈਅ ਦਾ ਮਾਹੌਲ ਪੈਦਾ ਕਰਕੇ ਫਾਸ਼ੀਵਾਦੀ ਸ਼ਕਤੀਆਂ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀਆਂ ਹਨ। ਦੱਖਣੀ ਏਸ਼ੀਆ ਦੇ ਖਿੱਤੇ ਵਿਚ ਧਾਰਮਿਕ ਕੱਟੜਵਾਦ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਅਫ਼ਗਾਨਿਸਤਾਨ ਵਿਚ ਤਾਲਿਬਾਨ ਸੱਤਾ ਵਿਚ ਆਉਣ ਲਈ ਜ਼ੋਰ ਲਾ ਰਹੇ ਹਨ। ਪਿਛਾਂਹਖਿੱਚੂ ਤਾਲਿਬਾਨ ਖਿੱਤੇ ਲਈ ਖ਼ਤਰਾ ਹਨ। ਇਸ ਦਾ ਸਭ ਤੋਂ ਮਾੜਾ ਪ੍ਰਭਾਵ ਪਾਕਿਸਤਾਨ ਦੇ ਉੱਪਰ ਪੈਣਾ ਹੈ। ਪਾਕਿਸਤਾਨੀ ਸਰਕਾਰ ਜੋ ਬਹੁਤ ਹੱਦ ਤਕ ਫੌਜ ’ਤੇ ਨਿਰਭਰ ਹੈ, ਇਸ ਵੇਲੇ ਭੰਬਲਭੂਸੇ ਵਿਚ ਫਸ ਗਈ ਹੈ। ਇੱਕ ਪਾਸੇ ਤਾਂ ਉਹ ਆਧੁਨਿਕ ਸਮਾਜ ਦੀ ਸਿਰਜਣਾ ਚਾਹੁੰਦੇ ਹਨ, ਦੂਜੇ ਪਾਸੇ ਕੱਟੜਪੰਥੀਆਂ ਨਾਲ ਨਜਿੱਠਣਾ ਜ਼ਰੂਰੀ ਹੈ। ਪਾਕਿਸਤਾਨੀ ਔਰਤਾਂ ਨੇ ਬਹੁਤ ਹਦ ਤਕ ਪਿਛਾਂਹਖਿੱਚੂ ਵਿਚਾਰਾਂ ਨੂੰ ਤੱਜਿਆ ਹੈ। ਜੇਕਰ ਤਾਲਿਬਾਨ ਸੋਚ ਵਧਦੀ ਹੈ ਤਾਂ ਉਨ੍ਹਾਂ ਦੀ ਹਾਲਤ ’ਤੇ ਮਾੜਾ ਪ੍ਰਭਾਵ ਪਏਗਾ।
ਭਾਰਤ ਜੋ ਧਰਮ ਨਿਰਪੱਖ ਮੁਲਕ ਦੇ ਤੌਰ ਤੇ ਉੱਭਰਿਆ ਅਤੇ ਧਰਮ ਨਿਰਪੱਖਤਾ ਲੋਕਾਂ ਦੇ ਮਨਾਂ ਵਿਚ ਬੈਠ ਗਈ ਪਰ ਹੁਣ ਕੱਟੜਵਾਦੀ ਸ਼ਕਤੀਆਂ ਧਰਮ ਨਿਰਪੱਖਤਾ ਨੂੰ ਖਤਮ ਕਰ ਕੇ ਧਾਰਮਿਕ ਕੱਟੜਵਾਦੀ ਰਾਜ ਕਾਇਮ ਕਰਨ ਲਈ ਤੁਲੀਆਂ ਹੋਈਆਂ ਹਨ। ਉਹ ਘੱਟ ਗਿਣਤੀਆਂ ਪ੍ਰਤੀ ਨਫ਼ਰਤ ਫੈਲਾ ਰਹੀਆਂ ਹਨ। ਭੀੜਾਂ ਦੁਆਰਾ ਘੱਟ ਗਿਣਤੀਆਂ ਨੂੰ ਗਾਂ ਦੇ ਮਾਸ ਖਾਣ ਵਰਗੀਆਂ ਮਨਘੜਤ ਗੱਲਾਂ ਬਣਾ ਕੇ ਜਾਨੋਂ ਮਾਰਨ ਦੀਆਂ ਅਨੇਕਾਂ ਘਟਨਾਵਾਂ ਹੋਈਆਂ। ਨਾਗਰਿਕਤਾ ਕਾਨੂੰਨ ਦੇ ਵਿਰੋਧੀਆਂ ’ਤੇ ਹਮਲੇ ਕੀਤੇ ਗਏ ਅਤੇ ਫਰਵਰੀ 2020 ਵਿਚ ਉੱਤਰ ਪੂਰਬੀ ਦਿੱਲੀ ਵਿਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਕੀਤੀ ਗਈ।ਬੰਗਲਾਦੇਸ਼ ਵਿਚ ਵੀ ਕੱਟੜਵਾਦੀ ਸ਼ਕਤੀਆਂ ਸਿਰ ਚੁੱਕ ਰਹੀਆਂ ਹਨ, ਭਾਵੇਂ ਉੱਥੋਂ ਦੀ ਸਰਕਾਰ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠ ਰਹੀ ਹੈ। ਮਿਆਂਮਾਰ ਤੋਂ ਲੱਖਾਂ ਰੋਹਿੰਗੀਆ ਸ਼ਰਨਾਰਥੀ ਬੰਗਲਾਦੇਸ਼ ਵਿਚ ਵਸ ਗਏ ਹਨ ਜਿਸ ਕਾਰਨ ਉਥੇ ਮੁਸ਼ਕਿਲ ਹਾਲਤ ਬਣ ਗਈ ਹੈ। ਨੇਪਾਲ ਵਿਚ ਸਿਆਸੀ ਅਸਥਿਰਤਾ ਹੈ। ਸ੍ਰੀਲੰਕਾ ਵਿਚ ਤਾਮਿਲਾਂ ਨਾਲ ਸਬੰਧਤ ਮਸਲੇ ਅਜੇ ਵੀ ਹੱਲ ਨਹੀਂ ਹੋਏ।
ਮੁਲਕ ਵਿਚ ਕੱਟੜਪੰਥੀ ਸ਼ਕਤੀਆਂ ਭਾਰਤ ਨੂੰ ਅਖੰਡ ਭਾਰਤ ਬਣਾਉਣਾ ਚਾਹੁੰਦੀਆਂ ਹਨ ਜਿਸ ਵਿਚ ਪਾਕਿਸਤਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਬੰਗਲਾਦੇਸ਼, ਮਿਆਂਮਾਰ, ਫ਼ਿਲਿਪੀਨਜ਼ ਆਦਿ ਸ਼ਾਮਿਲ ਹੋਣਗੇ। ਆਰੰਭ ਤੋਂ ਹੀ ਇਹ ਇਨ੍ਹਾਂ ਦੀ ਸੋਚ ਦਾ ਹਿੱਸਾ ਹੈ। ਵਧ ਰਹੀਆਂ ਅਸਫ਼ਲਤਾਵਾਂ ਦੇ ਕਾਰਨ ਲੋਕਾਂ ਚੋਂ ਕੱਟੇ ਜਾਣ ਤੇ ਇਹ ਲੋਕ ਵਿਦੇਸ਼ੀ ਸ਼ਕਤੀਆਂ ਤੇ ਦੋਸ਼ ਪਾ ਕੇ ਸੀਮਾਵਾਂ ਤੇ ਹਾਲਾਤ ਵਿਗਾੜਨ ਤੋਂ ਗੁਰੇਜ਼ ਨਹੀਂ ਕਰਦੇ। ਦੋਨੋ ਭਾਰਤ ਤੇ ਪਾਕਿਸਤਾਨ ਪਰਮਾਣੂ ਹਥਿਆਰਾਂ ਤੇ ਖਰਚ ਘਟਾਉਣ ਦੀ ਗੱਲ ਵੀ ਨਹੀਂ ਕਰਦੇ ਇਨ੍ਹਾਂ ਨੂੰ ਖਤਮ ਕਰਨਾ ਤਾਂ ਦੂਰ ਦੀ ਗੱਲ। ਦੋਨੋ ਹੀ ਹਥਿਆਰ ਖਰੀਦਣ ਤੇ ਲੱਗੇ ਹਨ। ਭਾਰਤ ਹੁਣ ਹਥਿਆਰ ਬਣਾ ਕੇ ਭਾਰਤੀ ਮਹਾਂਸਾਗਰ ਦੇ ਦੇਸ਼ਾਂ ਨੂੰ ਚੀਨ ਦੇ ਮੁਕਾਬਲੇ ਸੰਤੁਲਨ ਬਣਾਉਣ ਲਈ ਹਥਿਆਰ ਦੇਣ ਤੇ ਲੱਗਿਆ ਹੈ।ਇੱਕ ਸਮਾਂ ਸੀ ਜਦੋਂ ਕਿ ਪਰਮਾਣੂ ਸੰਪਨ ਹੋਣ ਦੇ ਬਾਵਜੂਦ ਵੀ ਭਾਰਤ ਤੇ ਪਾਕਿਸਤਾਨ ਪਰਮਾਣੂ ਹਥਿਆਰਾਂ ਦੇ ਖਾਤਮੇ ਦੀ ਗਲ ਕਰਦੇ ਸਨ। ਪਰ ਹੁਣ ਤਾਂ ਉੱਕਾ ਹੀ ਚਰਚਾ ਨਹੀਂ ਹੁੰਦੀ। ਲੋਕਾਂ ਵਲੋਂ ਵੀ ਇਹ ਚਰਚਾ ਲਗਭਗ ਮੁੱਕ ਗਈ ਹੈ।ਕੋਵਿਡ-19 ਮਹਾਮਾਰੀ ਨੇ ਸਾਡੀਆਂ ਸਿਹਤ ਸੇਵਾਵਾਂ ਦੇ ਖੋਖਲੇਪਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਰਮਾਣੂ ਯੁੱਧ ਦੇ ਨਤੀਜੇ ਤਾਂ ਕੋਵਿਡ-19 ਮਹਾਮਾਰੀ ਤੋਂ ਵੀ ਘਾਤਕ ਹੋਣਗੇ। ਡਾਕਟਰਾਂ ਨੇ ਤਾਂ ਉਸ ਹਾਲਤ ਵਿਚ ਕੋਈ ਰਾਹਤ ਦੇਣ ਦੀ ਸਮਰੱਥਾ ਤੋਂ ਇਨਕਾਰ ਕਰ ਦਿੱਤਾ ਹੈ। ਆਈਕੈਨ ਦੇ ਅਧਿਅਨ ਮੁਤਾਬਕ ਪਰਮਾਣੂ ਯੁੱਧ ਦੀ ਹਾਲਤ ਵਿਚ ਭਾਰਤ ਵਿਚ ਹਰ ਡਾਕਟਰ ਨੂੰ ਇੱਕੋ ਵੇਲੇ 102 ਅਤੇ ਪਾਕਿਸਤਾਨ ਵਿਚ 363 ਮੀਰਜ਼ਾਂ ਦਾ ਇਲਾਜ ਕਰਨਾ ਪਏਗਾ ਜੋ ਸੰਭਵ ਨਹੀਂ ਹੈ। ਕਰੋਨਾ ਲਈ ਤਾਂ ਅਸੀਂ ਟੀਕਾਕਰਨ ਕਰ ਲਿਆ ਹੈ ਪਰ ਪਰਮਾਣੂ ਯੁਧ ਦੀ ਸਥਿਤੀ ਵਿਚ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਸਕਦਾ। ਅੱਜ ਸਾਨੂੰ ਪਤਾ ਹੈ ਕਿ ਕੀ ਕੀਤਾ ਜਾ ਸਕਦਾ ਹੈ; ਉਹ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਸਮਾਪਤ ਕੀਤਾ ਜਾਵੇ। ਇਸ ਕਾਰਜ ਲਈ ਅਮਨ ਲਹਿਰ ਨੂੰ ਬਹੁਤ ਮਿਹਨਤ ਕਰਨੀ ਪਏਗੀ ਅਤੇ ਸ਼ਾਂਤੀ ਤੇ ਪਰਮਾਣੂ ਹਥਿਆਰਾਂ ਦੇ ਪੂਰਨ ਖਾਤਮੇ ਲਈ ਜੁੜੀਆਂ ਤਾਕਤਾਂ ਦਾ ਵਿਸ਼ਾਲ ਏਕਾ ਉਸਾਰਨਾ ਪਏਗਾ; ਨਹੀਂ ਤਾਂ ਸਾਡੇ ਕੋਲ ਅਗਲੀ ਪੀੜ੍ਹੀਆਂ ਨੂੰ ਜਵਾਬ ਦੇਣ ਲਈ ਕੁਝ ਨਹੀਂ ਬਚੇਗਾ। ਦੱਖਣੀ ਏਸ਼ੀਆ ਵਿਚ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਇਸ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
Comments (0)